Punjabi Moral Story 'ਬੁੱਧੀਹੀਣ ਦੀ ਸਲਾਹ'' 'Budhiheen di Salah' for Kids and Students of class 6, 7, 8, 9, 10.

 ਬੁੱਧੀਹੀਣ ਦੀ ਸਲਾਹ

ਰਾਮੂ ਜੁਲਾਹਾ ਉਸ ਸਮੇਂ ਬਹੁਤ ਨਿਰਾਸ਼ ਹੋ ਗਿਆ ਸੀ ਜਦੋਂ ਉਸਦਾ ਸਾਰਾ ਤਾਣਾ ਉਲਝ ਗਿਆ। ਸਿਰਫ਼ ਏਨਾ ਹੀ ਨਹੀਂ, ਉਸ ਦੀ ਖੱਡੀ ਦੀਆਂ ਲੱਕੜਾਂ ਤਕ ਟੁੱਟ ਗਈਆਂ ਅਤੇ ਸਾਰਾ ਕਾਰੋਬਾਰ ਚੌਪਟ ਹੋ ਗਿਆ। ਦੁਖੀ ਹੋ ਕੇ ਉਹਨੇ ਆਪਣੀ ਕੁਹਾੜੀ ਚੁੱਕੀ ਤੇ ਸਿੱਧਾ ਜੰਗਲ ਵੱਲ ਚਲਾ ਗਿਆ। ਹੁਣ ਉਹ ਲੱਕੜਾਂ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦਾ ਸੀ। ਪਰ ਜੰਗਲ ਵਿਚ ਜਾ ਕੇ ਜਿਵੇਂ ਹੀ ਉਹਨੇ ਇਕ ਦਰਖ਼ਤ ਨੂੰ ਕੱਟਣਾ ਚਾਹਿਆ ਤਾਂ ਅੱਗੋਂ ਆਵਾਜ਼ ਆਈ–‘ਰਾਮੂ ! ਇਸ ਦਰਖ਼ਤ ਨੂੰ ਨਾ ਕੱਟਣਾ, ਇਹਦੇ 'ਤੇ ਮੇਰਾ ਘਰ ਹੈ।”

ਜੁਲਾਹਾ ਭੂਤ ਦੀ ਆਵਾਜ਼ ਸੁਣ ਕੇ ਰੁਕ ਗਿਆ ਤੇ ਕਹਿਣ ਲੱਗਾ- “ਠੀਕ ਏ, ਮੈਂ ਕੋਈ ਹੋਰ ਦਰਖ਼ਤ ਕੱਟ ਲੈਂਦਾ ਹਾਂ।”

ਭੂਤ ਨੇ ਜੁਲਾਹੇ ਦਾ ਸਿੱਧਾ-ਸਾਦਾ ਉਤਰ ਸੁਣਿਆ ਤਾਂ ਉਹ ਬਹੁਤ ਖ਼ੁਸ਼ ਹੋਇਆ ਕਿ ਇਸ ਭਲੇ ਆਦਮੀ ਨੇ ਸਹਿਜੇ ਹੀ ਉਹਦੀ ਗੱਲ ਮੰਨ ਲਈ ਹੈ। ਉਸਨੇ ਜੁਲਾਹੇ ਨੂੰ ਕਿਹਾ—“ਮੈਂ ਤੇਰੇ ਤੋਂ ਬਹੁਤ ਖ਼ੁਸ਼ ਹੋਇਆ ਹਾਂ, ਹੁਣ ਤੂੰ ਜੋ ਚਾਹੇਂ, ਵਰਦਾਨ ਲੈ ਸਕਦਾ ਏਂ।”

“ਭਰਾ ਭੂਤ...ਮੈਨੂੰ ਤੁਹਾਡੇ ਕੋਲੋਂ ਕੀ ਮੰਗਣਾ ਚਾਹੀਦਾ, ਇਹ ਮੈਂ ਆਪਣੇ ਦੋਸਤਾਂ ਤੇ ਭਰਾਵਾਂ ਨੂੰ ਪੁੱਛ ਕੇ ਆਉਂਦਾ ਹਾਂ।’

“ਠੀਕ ਏ, ਮੈਂ ਤੇਰਾ ਇੰਤਜ਼ਾਰ ਕਰਾਂਗਾ। ਜਦੋਂ ਵਾਪਸ ਆਵੇਂ ਤਾਂ ਮੈਨੂੰ ਆਵਾਜ਼ ਦੇ ਦੇਵੀਂ।”

“ਠੀਕ ਏ।” ਕਹਿ ਕੇ ਜੁਲਾਹਾ ਵਾਪਸ ਤੁਰ ਪਿਆ। ਰਸਤੇ ਵਿਚ ਉਹਨੂੰ ਕਈ ਦੋਸਤ ਮਿਲੇ। ਉਸਨੇ ਸਾਰਿਆਂ ਤੋਂ ਇਹੋ ਸਵਾਲ ਪੁੱਛਿਆ ਕਿ ਉ ਨੂੰ ਕੀ ਵਰਦਾਨ ਲੈਣਾ ਚਾਹੀਦਾ ਹੈ। ਸਾਰਿਆਂ ਦੀ ਵੱਖੋ-ਵੱਖਰੀ ਰਾਏ ਸੀ। ਇਕ ਨੇ ਕਿਹਾ–ਪੈਸੇ ਮੰਗ ਲੈ।” ਦੂਸਰਾ ਬੋਲਿਆ—“ਰਾਜ-ਭਾਗ ਮੰਗ ਲੈ।”

ਅੰਤ ਵਿਚ ਉਹ ਆਪਣੇ ਘਰ ਗਿਆ ਤੇ ਆਪਣੀ ਪਤਨੀ ਤੋਂ ਪੁੱਛਿਆ।

ਉਹ ਕਹਿਣ ਲੱਗੀ—‘ਸੁਣੋ ਜੀ, ਸਾਨੂੰ ਤਾਂ ਮਿਹਨਤ ਕਰਕੇ ਰੋਟੀ ਚਾਹੀਦੀ ਹੈ। ਉਸ ਤੋਂ ਤੁਸੀਂ ਇਹੋ ਮੰਗੋਂ ਕਿ ਸਾਡੇ ਘਰ ਵਿਚ ਦੋ ਨਵੀਆਂ ਖੱਡੀਆਂ ਲਾ ਦੇਵੇ ਤੇ ਤੁਹਾਨੂੰ ਦੋ ਦੀ ਜਗ੍ਹਾ ਚਾਰ ਹੱਥ ਦੇ ਦੇਵੇ। ਇਕ ਦੀ ਜਗ੍ਹਾ ਦੋ ਸਿਰ ਲਾ ਦੇਵੇ। ਇੰਜ ਤੁਸੀਂ ਹਰ ਰੋਜ਼ ਦੁਗਣਾ ਕੰਮ ਕਰ ਲਵੋਗੇ ਤੇ ਸਾਡੀ ਆਮਦਨੀ ਵੀ ਵਧ ਜਾਵੇਗੀ।”

ਰਾਮੂ ਨੇ ਪਤਨੀ ਦੀ ਗੱਲ ਨੂੰ ਉਚਿਤ ਸਮਝਿਆ। ਉਸ ਨੇ ਤਾਂ ਖੰਡੀ ਦਾ ਧੰਦਾ ਹੀ ਕਰਨਾ ਹੈ।

ਉਹ ਵਾਪਸ ਭੂਤ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਾ-‘ਵੇਖੋ ਭੂਤ ਜੀ, ਮੈਂ ਇਕ ਗ਼ਰੀਬ ਜੁਲਾਹਾ ਹਾਂ। ਇਕੱਲਿਆਂ ਹੋਣ ਕਰਕੇ ਜ਼ਿਆਦਾ ਕੰਮ ਨਹੀਂ ਕਰ ਸਕਦਾ। ਮੇਰੀ ਇਹੋ ਇੱਛਾ ਹੈ ਕਿ ਤੁਸੀਂ ਮੈਨੂੰ ਇਕ ਸਿਰ ਤੇ ਦੋ ਬਾਹਵਾਂ ਹੋਰ ਦੇ ਦਿਉ ਤਾਂ ਜੋ ਮੈਂ ਦੋ ਆਦਮੀਆਂ ਦਾ ਕੰਮ ਇਕੱਲਾ ਕਰ ਸਕਾਂ। ਨਾਲ ਹੀ ਦੋ ਨਵੀਆਂ ਖੱਡੀਆਂ ਮੇਰੇ ਘਰ ਲਾ ਦਿਉ।”

“ਠੀਕ ਏ...ਮੈਂ ਤੁਹਾਨੂੰ ਇਹ ਸਭ ਕੁਝ ਦੇ ਦੇਂਦਾ ਹਾਂ।”

ਜੁਲਾਹੇ ਨੇ ਵੇਖਿਆ ਕਿ ਉਹਦੇ ਉਥੇ ਖਲੋਤਿਆਂ ਹੀ ਉਹਦੇ ਚਾਰ ਹੱਥ ਹੋ ਗਏ, ਸਿਰ ਵੀ ਦੋ ਹੋ ਗਏ। ਉਹ ਖ਼ੁਸ਼ੀ 'ਚ ਨੱਚ ਉੱਠਿਆ।

ਖ਼ੁਸ਼ੀ 'ਚ ਝੂਮਦਾ ਹੋਇਆ ਵਚਿੱਤਰ ਸ਼ਕਲ ਵਾਲਾ ਰਾਮੂ ਆਪਣੇ ਘਰ ਵੱਲ ਭੱਜਾ ਜਾ ਰਿਹਾ ਸੀ।

ਪਿੰਡ ਤੋਂ ਬਾਹਰ ਕੁਝ ਲੋਕਾਂ ਨੇ ਜਿਵੇਂ ਹੀ ਦੋ ਸਿਰ ਵਾਲੇ ਆਦਮੀ ਨੂੰ ਵੇਖਿਆ ਤਾਂ ਹੈਰਾਨ ਹੋ ਕੇ ਇਕ ਦੂਜੇ ਨੂੰ ਕਹਿਣ ਲੱਗੇ—“ਓਏ ਇਹ ਤਾਂ ਕੋਈ ਭੂਤ ਲੱਗਦਾ ਏ-ਦੋ ਮੂੰਹ...ਚਾਰ ਹੱਥ। ਭੂਤ ਆ ਗਿਆ...ਭੂਤ।”

ਪਲ ਭਰ ਵਿਚ ਚਾਰੇ ਪਾਸੇ ਰੌਲਾ ਪੈ ਗਿਆ। ਪਿੰਡ ਦੇ ਲੋਕ ਲਾਠੀਆਂ ਲੈ ਕੇ ਘਰਾਂ 'ਚੋਂ ਨਿਕਲ ਪਏ।ਸਾਰਿਆਂ ਨੇ ਰਲ ਕੇ ਜੁਲਾਹੇ ਨੂੰ ਏਨਾ ਕੁੱਟਿਆ ਕਿ ਉਹ ਵਿਚਾਰਾ ਮਰ ਹੀ ਗਿਆ।



Post a Comment

0 Comments