Punjabi Moral Story 'ਮਹਿਮਾਨ ਸੇਵਾ' 'Mehman Seva' for Kids and Students of class 6, 7, 8, 9, 10.

 ਮਹਿਮਾਨ ਸੇਵਾ

ਅਚਾਨਕ ਹੀ ਅਸਮਾਨ 'ਤੇ ਬੱਦਲ ਮੰਡਰਾਉਣ ਲੱਗੇ। ਬਿਜਲੀ ਚਮਕਣ ਲੱਗੀ। ਬੱਦਲ ਗਰਜਣ ਲੱਗੇ, ਨਾਲ ਹੀ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ। ਤੂਫ਼ਾਨੀ ਵਰਖਾ ਨੇ ਪੂਰੇ ਜੰਗਲ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੂਫ਼ਾਨੀ ਵਰਖਾ ਤੋਂ ਬਚਣ ਲਈ ਮੰਗਲੂ ਸ਼ਿਕਾਰੀ ਇਕ ਸੰਘਣੇ ਰੁੱਖ ਹੇਠਾਂ ਜਾ ਕੇ ਖੜ੍ਹਾ ਹੋ ਗਿਆ ਤੇ ਤੂਫ਼ਾਨ ਦੇ ਰੁਕਣ ਦਾ ਇੰਤਜ਼ਾਰ ਕਰਨ ਲੱਗਾ । ਜਦ ਕਾਫ਼ੀ ਦੇਰ ਤਕ ਮੀਂਹ ਨਾ ਰੁਕਿਆ ਤਾਂ ਉਹ ਰੁੱਖ ਦੀ ਜੜ੍ਹ ਕੋਲ ਬਹਿ ਗਿਆ ਤਾਂ ਕਿ ਮੀਂਹ ਤੋਂ ਬਚ ਸਕੇ। ਲੰਬੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਭੁੱਖ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਭੁੱਖ ਕਰਕੇ ਉਹਨੂੰ ਬੈਠਣਾ ਵੀ ਔਖਾ ਲੱਗ ਰਿਹਾ ਸੀ। ਉਹ ਪਰਮਾਤਮਾ ਤੋਂ ਇਹੋ ਪ੍ਰਾਥਨਾ ਕਰ ਰਿਹਾ ਸੀ ਕਿ ਇਸ ਔਖੀ ਘੜੀ ਵੇਲੇ ਉਹਦੇ ਖਾਣ ਦਾ ਕੋਈ ਪ੍ਰਬੰਧ ਕਰ ਦੇਵੇ।

ਉਸੇ ਦਰਖ਼ਤ ਉਪਰ ਇਕ ਕਬੂਤਰ ਰਹਿੰਦਾ ਸੀ। ਉਹ ਇਕੱਲਾ ਹੀ ਬੈਠਾ ਰੋ ਰਿਹਾ ਸੀ ਕਿਉਂਕਿ ਅਜੇ ਤਕ ਉਹਦੀ ਘਰਵਾਲੀ (ਕਬੂਤਰੀ) ਨਹੀਂ ਸੀ ਆਈ। ਇਸ ਭਿਆਨਕ ਤੂਫ਼ਾਨ ਵਿਚ ਉਸਦੀ ਕਬੂਤਰੀ ਪਤਾ ਨਹੀਂ ਕਿਥੇ ਤੇ ਕਿਹੜੇ ਹਾਲਾਤਾਂ ਵਿਚ ਹੋਵੇਗੀ ? ਉਸਦੇ ਬਿਨਾਂ ਤਾਂ ਉਹਦਾ ਘਰ ਹੀ ਸੁੰਨਾ ਪਿਆ ਸੀ। ਉਸ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਉਸਦੀ ਪਤਨੀ ਮੰਗਲੂ ਦੇ ਪਿੰਜਰੇ ਵਿਚ ਬੰਦ ਸੀ। ਮੰਗਲੂ ਨੇ ਹੀ ਉਸਨੂੰ ਜਾਲ ਵਿਚ ਫਸਾ ਕੇ ਫੜ ਲਿਆ ਸੀ।

ਦੁਖੀ ਕਬੂਤਰ ਉੱਚੀ ਆਵਾਜ਼ ਵਿਚ ਰੋਣ ਲੱਗਾ। ਪਿੰਜਰੇ ਵਿਚ ਬੰਦ ਕਬੂਤਰੀ ਨੇ ਜਦੋਂ ਆਪਣੇ ਪਤੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਉੱਚੀ ਆਵਾਜ਼ ਵਿਚ ਬੋਲੀ—“ਮੇਰੇ ਚੰਗੇ ਪਤੀ...ਮੈਂ ਤੁਹਾਡੇ ਦੁੱਖ ਨੂੰ ਸਮਝ ਸਕਦੀ ਹਾਂ, ਪਰ ਮੈਂ ਕੀ ਕਰਾਂ ? ਮੈਂ ਤਾਂ ਇਸ ਵੇਲੇ ਪਿੰਜਰੇ ਵਿਚ ਬੰਦ ਹਾਂ। ਇਹ ਸ਼ਿਕਾਰੀ ਇਸ ਵੇਲੇ ਮੇਰਾ ਦੁਸ਼ਮਣ ਹੈ, ਪਰ ਉਹ ਸਾਡੇ ਘਰ ਆਇਆ ਮਹਿਮਾਨ ਵੀ ਹੈ। ਉਹ ਖ਼ੁਦ ਠੰਡ ਨਾਲ ਕੰਬ ਰਿਹਾ ਹੈ, ਪਰ ਮੈਨੂੰ ਬਚਾ ਕੇ ਰੱਖਿਆ ਹੋਇਆ ਹੈ। ਅਜਿਹੇ ਮਹਿਮਾਨ ਦੀ ਤਾਂ ਸੇਵਾ ਕਰਨੀ ਪਵੇਗੀ। ਸਾਨੂੰ ਇਸ ਵੇਲੇ ਦੁਸ਼ਮਣੀ ਦੇ ਭਾਵ ਨੂੰ ਮਨ 'ਚੋਂ ਕੱਢ ਦੇਣਾ ਹੋਵੇਗਾ।”

ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਕਬੂਤਰ ਮਨ ਹੀ ਮਨ ਬੜਾ ਖ਼ੁਸ਼ ਹੋਇਆ। ਉਹ ਉਸੇ ਵੇਲੇ ਦਰਖ਼ਤ ਤੋਂ ਹੇਠਾਂ ਉਤਰ ਆਇਆ ਤੇ ਸ਼ਿਕਾਰੀ ਨੂੰ ਕਹਿਣ ਲੱਗਾ-“ਹੇ ਪਰਦੇਸੀ ! ਭਾਵੇਂ ਤੁਸੀਂ ਸ਼ਿਕਾਰੀ ਹੋ ਤੇ ਸਾਡੇ ਦੁਸ਼ਮਣ ਹੋ। ਪਰ ਇਸ ਵੇਲੇ ਤੁਸੀਂ ਸਾਡੇ ਮਹਿਮਾਨ ਹੋ। ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਅਸੀਂ ਤਿਆਰ ਹਾਂ। ਮੈਂ ਆਪਣੇ ਸਾਰੇ ਸਾਥੀਆਂ ਸਮੇਤ ਤੁਹਾਡਾ ਸਵਾਗਤ ਕਰਦਾ ਹਾਂ।” ਇੰਨਾ ਕਹਿੰਦਾ ਹੋਇਆ ਕਬੂਤਰ ਉਥੋਂ ਉੱਡ ਗਿਆ ਤੇ ਪਤਾ ਨਹੀਂ ਕਿਥੋਂ ਕੁਝ ਸੁੱਕੇ ਤਿਣਕੇ ਤੇ ਪੱਤੇ ਲਿਆ ਕੇ ਇਕੱਠੇ ਕੀਤੇ, ਫਿਰ ਪਤਾ ਨਹੀਂ ਕਿਥੋਂ ਅੱਗ ਲਿਆ ਕੇ ਉਨ੍ਹਾਂ ਨੂੰ ਬਾਲਿਆ।

ਅੱਗ ਭਖਦਿਆਂ ਹੀ ਸ਼ਿਕਾਰੀ ਦੀ ਠੰਡ ਦੂਰ ਹੋ ਗਈ ਸੀ ਅਤੇ ਸ਼ਿਕਾਰੀ ਬਹੁਤ ਖ਼ੁਸ਼ ਹੋਇਆ। ਉਸਨੇ ਕਬੂਤਰ ਵੱਲ ਵੇਖ ਕੇ ਆਖਿਆ-“ਮਿੱਤਰ ! ਅਸਲ 'ਚ ਤੁਸੀਂ ਬੜੇ ਚੰਗੇ ਹੋ। ਅੱਜ ਤੁਸੀਂ ਇਹ ਸਿੱਧ ਕਰਕੇ ਦਿਖਾ ਦਿੱਤਾ ਹੈ ਕਿ ਇਸ ਸੰਸਾਰ ਵਿਚ ਧਰਮ ਬਹੁਤ ਉੱਚਾ ਹੈ। ਤੁਸੀਂ ਤਾਂ ਮੇਰੇ ਵਰਗੇ ਪਾਪੀ ਤੇ ਅਧਰਮੀ ਬੰਦੇ ਨਾਲ ਵੀ ਭਲਾ ਕਮਾਇਆ ਜੋ ਅੱਜ ਤਕ ਪਸ਼ੂ ਪੰਛੀਆਂ ਦੀ ਹੱਤਿਆ ਕਰਦਾ ਰਿਹਾ। ਜਿਸ ਨੇ ਕਦੇ ਕਿਸੇ ਨੂੰ ਸੁਖ ਨਹੀਂ ਦਿੱਤਾ। ਮੈਂ ਤੁਹਾਡੇ 'ਤੇ ਅੱਤਿਆਚਾਰ ਕਰਦਾ ਰਿਹਾ ਤੇ ਤੁਸੀਂ ਪੰਛੀ ਹੋ ਕੇ ਵੀ ਇਸ ਸੰਕਟ ਵਿਚ ਮੈਨੂੰ ਸਹਾਰਾ ਦੇ ਰਹੇ ਹੋ। ਤੁਸੀਂ ਮਹਾਨ ਹੋ ਕਬੂਤਰ ਭਰਾ।”

ਜਿਹੜੀ ਅੱਗ ਕਬੂਤਰ ਨੇ ਸ਼ਿਕਾਰੀ ਨੂੰ ਠੰਡ ਤੋਂ ਬਚਾਉਣ ਲਈ ਬਾਲੀ ਸੀ, ਉਹ ਹੌਲੀ-ਹੌਲੀ ਵਧਦੀ ਗਈ। ਸ਼ਿਕਾਰੀ ਤੇ ਕਬੂਤਰ ਗੱਲਾਂ ਕਰਨ 'ਚ ਮਗਨ ਸਨ। ਉਨ੍ਹਾਂ ਨੇ ਅੱਗ ਵੱਲ ਵੇਖਿਆ ਹੀ ਨਾ। ਅੱਗ ਵਧਦੀ- ਵਧਦੀ ਕਬੂਤਰ ਤਕ ਪਹੁੰਚ ਗਈ ਸੀ। ਸ਼ਿਕਾਰੀ ਨੇ ਆਪਣਾ ਤੀਰ ਕਮਾਨ ਉਸ ਅੱਗ 'ਚ ਸੁੱਟਦਿਆਂ ਕਿਹਾ—“ਅੱਜ ਤੋਂ ਬਾਅਦ ਮੈਂ ਕਦੇ ਕਿਸੇ ਦਾ ਸ਼ਿਕਾਰ ਨਹੀਂ ਕਰਾਂਗਾ...ਇਹ ਫ਼ੈਸਲਾ ਮੈਂ ਅੱਗ ਨੂੰ ਗਵਾਹ ਮੰਨ ਕੇ ਕਰ ਰਿਹਾ ਹਾਂ।”

ਪਰ ਇਸ ਅੱਗ ਦੇ ਸੇਕ ਨੇ ਕਬੂਤਰ ਨੂੰ ਸਾੜ ਦਿੱਤਾ। ਕਬੂਤਰ ਸੜਦਾ ਵੇਖ ਕੇ ਸ਼ਿਕਾਰੀ ਬਹੁਤ ਦੁਖੀ ਹੋਇਆ।

ਦੁਖੀ ਸ਼ਿਕਾਰੀ ਨੇ ਪਿੰਜਰੇ ਦਾ ਮੂੰਹ ਖੋਲ੍ਹ ਕੇ ਕਬੂਤਰੀ ਨੂੰ ਆਖਿਆ–‘ਹੁਣ ਤੁਸੀਂ ਵੀ ਜਾਓ, ਤੁਸੀਂ ਮੇਰੇ ਵੱਲੋਂ ਆਜ਼ਾਦ ਹੋ।”

ਕਬੂਤਰੀ ਪਿੰਜਰੇ 'ਚੋਂ ਬਾਹਰ ਆ ਕੇ ਕਹਿਣ ਲੱਗੀ—“ਹੇ ਮਾਨਵ ! ਹੁਣ ਇਨ੍ਹਾਂ ਗੱਲਾਂ ਦਾ ਸਮਾਂ ਬੀਤ ਗਿਆ। ਇਹ ਕਬੂਤਰ, ਜਿਹੜਾ ਅੱਗ ਵਿਚ ਸੜ ਕੇ ਮਰ ਗਿਆ ਇਹ ਮੇਰਾ ਪਤੀ ਸੀ। ਹੁਣ ਮੈਂ ਇਕੱਲੀ ਜੀ ਕੇ ਕੀ ਕਰਾਂਗੀ ?”

ਇੰਨਾ ਆਖ ਕੇ ਕਬੂਤਰੀ ਵੀ ਉਸ ਅੱਗ ਵਿਚ ਡਿੱਗ ਪਈ।



Post a Comment

0 Comments