Punjabi Moral Story 'ਲਾਲਚ ਦਾ ਫਲ' 'Lalach Da Phal' for Kids and Students of class 6, 7, 8, 9, 10.

 ਲਾਲਚ ਦਾ ਫਲ

ਇਕ ਸ਼ਿਕਾਰੀ ਸਾਰਾ ਦਿਨ ਸ਼ਿਕਾਰ ਨਾ ਲੱਭਣ ਕਾਰਨ ਨਿਰਾਸ਼ ਹੋ ਕੇ ਜਦੋਂ ਜੰਗਲ ਵਿਚ ਭਟਕਣ ਤੋਂ ਬਾਅਦ ਵਾਪਸ ਜਾ ਰਿਹਾ ਸੀ ਤਾਂ ਉਸਨੇ ਸਾਹਮਣਿਓਂ ਇਕ ਜੰਗਲੀ ਸੂਰ ਨੂੰ ਆਉਂਦਿਆਂ ਵੇਖਿਆ। ਉਹਦਾ ਮਨ ਖ਼ੁਸ਼ੀ ਨਾਲ ਨੱਚ ਉੱਠਿਆ ਕਿ ਚਲੋ ਕੁਝ ਤਾਂ ਮਿਲਿਆ। ਪਰ ਉਹ ਸੂਰ ਵੀ ਅੱਗੋਂ ਘੱਟ ਨਹੀ ਸੀ। ਉਹਨੇ ਵੀ ਆਪਣੇ ਦੁਸ਼ਮਣ ਨੂੰ ਪਛਾਣ ਲਿਆ ਸੀ। ਇਸ ਤੋਂ ਪਹਿਲਾਂ ਕਿ ਸ਼ਿਕਾਰੀ ਵਾਰ ਕਰਦਾ, ਸੂਰ ਨੇ ਉਹਦੇ ’ਤੇ ਹਮਲਾ ਕਰ ਦਿੱਤਾ।

ਸੂਰ ਦਾ ਹਮਲਾ ਏਨਾ ਖ਼ਤਰਨਾਕ ਸੀ ਕਿ ਸ਼ਿਕਾਰੀ ਸੰਭਲ ਨਾ ਸਕਿਆ। ਉਹ ਵੇਖਦਿਆਂ ਵੇਖਦਿਆਂ ਸੂਰ ਦੇ ਹਮਲੇ ਨਾਲ ਜ਼ਖ਼ਮੀ ਹੋ ਕੇ ਖ਼ੂਨ ਨਾਲ ਲਥਪਥ ਹੋ ਗਿਆ ਤੇ ਧਰਤੀ 'ਤੇ ਢੇਰੀ ਹੋ ਗਿਆ।

ਸ਼ਿਕਾਰੀ ਨੇ ਮਰਦਿਆਂ ਵਕਤ ਆਪਣੇ ਲੋਕ ਨਾਲ ਲਟਕਦਾ ਖੰਜਰ ਕੱਢ ਕੇ ਸੂਰ ਦੇ ਢਿੱਡ ਵਿਚ ਖੋਭ ਦਿੱਤਾ। ਸੂਰ ਦੇ ਮੂੰਹ ਵਿਚੋਂ ਇਕ ਭਿਆਨਕ ਆਵਾਜ਼ ਨਿਕਲੀ ਤੇ ਉਹ ਵੀ ਸ਼ਿਕਾਰੀ ਦੇ ਨਾਲ ਹੀ ਢੇਰ ਹੋ ਗਿਆ।

ਸ਼ਿਕਾਰੀ ਤੇ ਸੂਰ ਦੋਵੇਂ ਮਰੇ ਪਏ ਸਨ। ਸ਼ਿਕਾਰੀ..ਜਿਹੜਾ ਜੰਗਲੀ ਜਾਨਵਰਾਂ ਨੂੰ ਮਾਰਨ ਨਿਕਲਿਆ ਸੀ ਉਹ ਖ਼ੁਦ ਵੀ ਮਰਿਆ ਪਿਆ ਸੀ। ਉਸਦੇ ਕੋਲ ਹੀ ਉਸਦੇ ਤੀਰ ਖਿਲਰੇ ਪਏ ਸਨ ਤੇ ਕਮਾਨ ਵੀ ਪਿਆ ਸੀ।

ਕੁਝ ਸਮੇਂ ਬਾਅਦ ਇਕ ਗਿੱਦੜ ਘੁੰਮਦਾ ਹੋਇਆ ਉਥੇ ਆ ਗਿਆ। ਜਦ ਉਹਨੇ ਉਥੇ ਸੂਰ ਤੇ ਸ਼ਿਕਾਰੀ ਦੀਆਂ ਲਾਸ਼ਾਂ ਤੱਕੀਆਂ ਤਾਂ ਉਹ ਖ਼ੁਸ਼ੀ ਨਾਲ ਨੱਚਣ ਲੱਗ ਪਿਆ ਤੇ ਆਪਣੇ ਆਪ ਨੂੰ ਕਹਿਣ ਲੱਗਾ-‘ਆਹਾ ! ਅੱਜ ਪਤਾ ਨਹੀਂ ਸਵੇਰੇ ਸਵੇਰੇ ਕਿਸ ਭਲੇ-ਮਾਨਸ ਦਾ ਮੂੰਹ ਵੇਖਿਆ ਸੀ। ਇਕ ਨਹੀਂ ਦੋ-ਦੋ ਸ਼ਿਕਾਰ ਮਿਲ ਗਏ। ਹੁਣ ਤਾਂ ਕਈ ਦਿਨ ਲੰਘ ਜਾਣਗੇ... ਚੰਗੀ ਤਰ੍ਹਾਂ ਢਿੱਡ ਭਰ ਕੇ ਖਾਵਾਂਗੇ ਤੇ ਆਰਾਮ ਨਾਲ ਸੌਵਾਂਗੇ।”

ਗਿੱਦੜ ਉਹਨਾਂ ਕੋਲ ਹੀ ਬਹਿ ਗਿਆ। ਉਹ ਕਦੀ ਸੂਰ ਦੀ ਲਾਸ਼ ਨੂੰ ਵੇਖਦਾ, ਜੀਹਦੇ ਸਰੀਰ `ਤੇ ਮੋਟਾ ਮੋਟਾ ਮਾਸ ਸੀ ਤੇ ਕਦੀ ਸ਼ਿਕਾਰੀ ਦੀ ਲਾਸ਼ ਵੱਲ ਵੇਖਦਾ, ਜਿਹੜਾ ਸੂਰ ਸਾਹਮਣੇ ਬੱਚਾ ਜਾਪ ਰਿਹਾ ਸੀ...ਦੁਬਲਾ- ਪਤਲਾ। ਨੇੜੇ ਹੀ ਸ਼ਿਕਾਰੀ ਦੇ ਤੀਰ ਖਿਲਰੇ ਪਏ ਸਨ ਤੇ ਲਾਗੇ ਹੀ ਕਮਾਨ ਪਈ ਸੀ। ਇਸ ਕਮਾਨ ਦੀ ਤੰਦ ਵੀ ਚਮੜੇ ਦੀ ਸੀ।

ਤਿੰਨ ਤਰ੍ਹਾਂ ਦਾ ਮਾਸ ਸੀ। ਉਹ ਸੋਚ ਰਿਹਾ ਸੀ ਕਿ ਪਹਿਲਾਂ ਕਿਹੜੀ ਚੀਜ਼ ਖਾਧੀ ਜਾਵੇ।

ਜਦੋਂ ਕਿਸੇ ਦੇ ਸਾਹਮਣੇ ਜ਼ਿਆਦਾ ਭੋਜਨ ਪਿਆ ਹੋਵੇ ਤਾਂ ਉਹਦਾ ਮਨ ਵੀ ਸ਼ਾਂਤ ਹੋ ਜਾਂਦਾ ਹੈ। ਉਸ ਨੂੰ ਖਾਣ ਦੀ ਵੀ ਕੋਈ ਕਾਹਲੀ ਨਹੀਂ ਹੁੰਦੀ। ਉਹ ਇਹੋ ਸੋਚਦਾ ਹੈ ਕਿ ਖਾਣਾ ਹੀ ਹੈ, ਜਦੋਂ ਦਿਲ ਕਰੂ, ਖਾ ਲਵਾਂਗੇ।

ਗਿੱਦੜ ਕੁਝ ਦੇਰ ਤਾਂ ਇਧਰ ਉਧਰ ਘੁੰਮ ਕੇ ਵੇਖਦਾ ਰਿਹਾ ਕਿ ਕੋਈ ਉਹਦਾ ਦੁਸ਼ਮਣ ਤਾਂ ਨਹੀਂ ਆ ਰਿਹਾ ਤਾਂ ਜੋ ਉਹਦਾ ਸ਼ਿਕਾਰ ਨਾ ਖਾ ਜਾਵੇ। ਫਿਰ ਉਹ ਸ਼ਿਕਾਰੀ ਤੇ ਬੂਰ ਦੀਆਂ ਲਾਸ਼ਾਂ ਦੇ ਨੇੜੇ ਆਇਆ। ਉਹਨੇ ਸੂਰ ਦੇ ਢਿੱਡ 'ਚ ਖੁਭੇ ਖੰਜਰ ਨੂੰ ਬਾਹਰ ਕੱਢਿਆ।

ਲਾਲਚੀ ਗਿੱਦੜ ਨੇ ਜਿਉਂ ਹੀ ਉਸ ਖੰਜਰ ’ਤੇ ਲੱਗੇ ਖ਼ੂਨ ਤੇ ਮਾਸ ਦੇ ਟੁਕੜਿਆਂ ਨੂੰ ਤੱਕਿਆ ਤਾਂ ਉਹਦੇ ਮੂੰਹ ਵਿਚ ਪਾਣੀ ਆ ਗਿਆ।

ਉਹਨੇ ਸੋਚਿਆ—ਪਹਿਲਾਂ ਇਹਨੂੰ ਹੀ ਖਾਂਦੇ ਹਾਂ। ਗਿੱਦੜ ਨੇ ਤੇਜ਼ ਖੰਜਰ ਮੂੰਹ ਵਿਚ ਪਾ ਕੇ ਮਾਸ ਦੇ ਟੁਕੜਿਆਂ ਨੂੰ ਖਾਣਾ ਸ਼ੁਰੂ ਕੀਤਾ ਤਾਂ ਖੰਜਰ ਦੀ ਨੋਕ ਟੁੱਟ ਕੇ ਉਹਦੇ ਸਾਹ ਦੇ ਨਾਲ ਅੰਦਰ ਚਲੀ ਗਈ।

ਲਾਲਚੀ ਗਿੱਦੜ ਨੇ ਉਸ ਨੂੰ ਮਾਸ ਸਮਝ ਕੇ ਖਾਣਾ ਚਾਹਿਆ ਤਾਂ ਲੋਹੇ ਦਾ ਉਹ ਟੁਕੜਾ ਜਲਦਬਾਜ਼ੀ 'ਚ ਉਹਦੇ ਗਲੇ ਵਿਚ ਫਸ ਗਿਆ ਤੇ ਨਤੀਜਾ ਇਹ ਹੋਇਆ ਕਿ ਉਹਦੀ ਸਾਹ ਵਾਲੀ ਨਾਲੀ ਰੁਕ ਗਈ। ਉਹ ਤੜਫਣ ਲੱਗ ਪਿਆ। ਕੁਝ ਦੇਰ ਤੜਫਣ ਤੋਂ ਬਾਅਦ ਉਹਦੀ ਵੀ ਮੌਤ ਹੋ ਗਈ। ਸਭ ਕੁਝ ਧਰਿਆ ਧਰਾਇਆ ਰਹਿ ਗਿਆ।



Post a Comment

0 Comments