Punjabi Moral Story 'ਕਿਸਮਤ ਅਤੇ ਕਰਮਫਲ' 'Kismat ate Karamphal' for Kids and Students of class 6, 7, 8, 9, 10.

 ਕਿਸਮਤ ਅਤੇ ਕਰਮਫਲ

ਰਾਮਦੀਨ ਕਾਫ਼ੀ ਗ਼ਰੀਬ ਸੀ। ਬਚਪਨ ਤੋਂ ਅੱਜ ਤਕ ਉਸਦਾ ਜੀਵਨ ਥੁੜਾਂ ਵਿਚ ਹੀ ਬੀਤਿਆ ਸੀ। ਸਮੇਂ ਦੇ ਨਾਲ ਮਾਂ ਪਿਉ ਸਾਥ ਛੱਡ ਗਏ ਸਨ। ਪਰ ਗਰੀਬੀ ਨੇ ਸਾਥ ਨਹੀਂ ਛੱਡਿਆ। ਵਿਆਹ ਹੋ ਗਿਆ, ਬੱਚੇ ਹੋ ਗਏ। ਸਭ ਆਏ, ਪਰ ਕਿਸਮਤ ਲਛਮੀ ਨਾ ਆਈ।

ਰਾਮਦੀਨ ਬੇਹੱਦ ਦੁਖੀ ਰਹਿੰਦਾ। ਕਈ ਵਾਰ ਸੋਚਦਾ ਆਤਮਹੱਤਿਆ ਕਰ ਲਵਾਂ। ਪਰ ਘਰਵਾਲੀ ਤੇ ਬੱਚਿਆਂ ਦਾ ਖ਼ਿਆਲ ਇੰਜ ਨਾ ਕਰਨ ਦੇਂਦਾ। ਅਜਿਹਾ ਨਹੀਂ ਸੀ ਕਿ ਉਹ ਨਿਕੰਮਾ ਜਾਂ ਕੰਮਚੋਰ ਸੀ। ਉਹ ਵਾਹਵਾ ਮਿਹਨਤ ਕਰਦਾ ਸੀ ਪਰ ਮਿਹਨਤ ਦਾ ਫ਼ਲ ਨਹੀਂ ਸੀ ਮਿਲਦਾ।

ਇਕ ਦਿਨ ਉਸਦਾ ਇਕ ਪੁਰਾਣਾ ਮਿੱਤਰ ਸ਼ੰਕਰ ਸ਼ਹਿਰੋਂ ਆਇਆ ਤਾਂ ਉਸਦੇ ਸ਼ਾਹੀ ਠਾਠ-ਬਾਠ ਵੇਖ ਕੇ ਰਾਮਦੀਨ ਨੂੰ ਬੜੀ ਹੈਰਾਨੀ ਹੋਈ । ਸ਼ੰਕਰ ਕੁਝ ਸਾਲ ਪਹਿਲਾਂ ਤਕ ਪਿੰਡ ਵਿਚ ਪਾਟੇ ਪੁਰਾਣੇ ਕੱਪੜੇ ਪਾ ਕੇ ਫਿਰਦਾ ਹੁੰਦਾ ਸੀ। ਉਹਦੇ ਘਰ ਖਾਣ ਲਈ ਰੋਟੀ ਵੀ ਨਹੀਂ ਸੀ। ਅੱਜ ਉਹੀ ਸ਼ੰਕਰ ਕਿੰਨਾ ਅਮੀਰ ਹੋ ਗਿਆ ਸੀ।

ਸ਼ੰਕਰ ਰਾਮ ਦੀਨ ਦੇ ਘਰ ਆਇਆ ਤਾਂ ਬੱਚਿਆਂ ਨੂੰ ਰੋਂਦਿਆਂ ਵੇਖ ਕੇ ਬੋਲਿਆ—“ਰਾਮਦੀਨ, ਤੇਰੀ ਜ਼ਿੰਦਗੀ ਨਹੀਂ ਬਦਲੀ...ਵੇਖੋ ਤੁਸੀਂ ਘਰ ਦੀ ਕੀ ਹਾਲਤ ਬਣਾ ਰੱਖੀ ਹੈ, ਬੱਚੇ ਭੁੱਖ ਨਾਲ ਤੜਪ ਰਹੇ ਹਨ।

ਕੀ ਕਰਾਂ ਸ਼ੰਕਰ ਭਰਾ, ਮੈਂ ਤਾਂ ਖ਼ੁਦ ਇਸ ਜੀਵਨ ਤੋਂ ਤੰਗ ਆ ਗਿਆ ਹਾਂ । ਇਹ ਗ਼ਰੀਬੀ ਮੇਰਾ ਪਿੱਛਾ ਹੀ ਨਹੀਂ ਛੱਡਦੀ।

“ਰਾਮਦੀਨ ! ਤੂੰ ਮੇਰੇ ਨਾਲ ਸ਼ਹਿਰ ਚੱਲੇਂਗਾ।”

“ਹਾਂ, ਮੈਂ ਤੇਰੇ ਨਾਲ ਸ਼ਹਿਰ ਜਾਣ ਲਈ ਤਿਆਰ ਹਾਂ।” “ਤਾਂ ਠੀਕ ਏ, ਤੂੰ ਕੱਲ੍ਹ ਹੀ ਮੇਰੇ ਨਾਲ ਚੱਲ। ਉਥੇ ਜਾਂਦਿਆਂ ਹੀ ਤੇਰੀ ਕਿਸਮਤ ਬਦਲ ਜਾਵੇਗੀ।”

ਸ਼ੰਕਰ ਦੀ ਗੱਲ ਮੰਨ ਕੇ ਰਾਮਦੀਨ ਉਹਦੇ ਨਾਲ ਸ਼ਹਿਰ ਚਲਾ ਗਿਆ। ਉਹਨੇ ਉਸ ਨੂੰ ਇਕ ਦੁਕਾਨਦਾਰ ਕੋਲ ਕੰਮ ਵੀ ਦਿਵਾ ਦਿੱਤਾ। ਇਕ ਸਾਲ ਤਕ ਰਾਮ ਦੀਨ ਕਾਫ਼ੀ ਮਨ ਲਾ ਕੇ ਕੰਮ ਕਰਦਾ ਰਿਹਾ। ਉਸ ਦਾ ਨਤੀਜਾ ਇਹ ਨਿਕਲਿਆ ਕਿ ਉਹਨੇ ਕਾਫ਼ੀ ਪੈਸਾ ਇਕੱਠਾ ਕਰ ਲਿਆ। ਇਕ ਸਾਲ ਬਾਅਦ ਰਾਮਦੀਨ ਨੇ ਘਰ ਵਾਪਸ ਆਉਣ ਦੀ ਤਿਆਰੀ ਕਰ ਲਈ। ਉਹਨੇ ਆਪਣੇ ਪੈਸੇ ਇਕ ਗੁਥਲੀ ਵਿਚ ਬੰਨੇ ਤੇ ਪਿੰਡ ਵੱਲ ਚੱਲ ਪਿਆ। ਰਸਤੇ ਵਿਚ ਇਕ ਸੰਘਣਾ ਜੰਗਲ ਆਉਂਦਾ ਸੀ। ਘਰ ਪਹੁੰਚਦਿਆਂ ਤਕ ਉਹਨੂੰ ਕਾਫ਼ੀ ਰਾਤ ਪੈ ਜਾਣੀ ਸੀ। ਇਸ ਲਈ ਰਾਤ ਕੱਟਣ ਲਈ ਉਹਨੇ ਇਕ ਸੰਘਣੇ ਦਰਖ਼ਤ ਦਾ ਸਹਾਰਾ ਲਿਆ। ਥੱਕੇ ਹੋਏ ਇਨਸਾਨ ਨੂੰ ਨੀਂਦ ਛੇਤੀ ਆਉਂਦੀ ਹੈ।

ਰਾਮਦੀਨ ਕਾਫ਼ੀ ਥੱਕਿਆ ਹੋਇਆ ਸੀ, ਇਸ ਲਈ ਉਹਨੂੰ ਲੰਮੇ ਪੈਂਦਿਆਂ ਹੀ ਨੀਂਦ ਆ ਗਈ। ਨੀਂਦ ਵਿਚ ਹੀ ਉਹਨੇ ਦੋ ਇਨਸਾਨਾਂ ਨੂੰ ਆਪਣੇ ਉਪਰ ਝੁਕੇ ਹੋਏ ਵੇਖਿਆ। ਉਨ੍ਹਾਂ 'ਚੋਂ ਇਕ ਬੋਲਿਆ—“ਇਸ ਆਦਮੀ ਦੀ ਕਿਸਮਤ 'ਚ ਕੱਪੜੇ ਤੇ ਰੋਟੀ ਤੋਂ ਇਲਾਵਾ ਕੁਝ ਨਹੀਂ ਲਿਖਿਆ। ਫਿਰ ਇਹਦੇ ਕੋਲ ਏਨਾ ਪੈਸਾ ਕਿਥੋਂ ਤੇ ਕਿਵੇਂ ਆਇਆ ?”

“ਮੈਂ ਦਿੱਤਾ ਹੈ।” ਦੂਸਰਾ ਬੋਲਿਆ—“ਇਹ ਆਦਮੀ ਬਹੁਤ ਇਮਾਨਦਾਰ ਤੇ ਮਿਹਨਤੀ ਹੈ। ਇਹਨੇ ਮਿਹਨਤ ਕੀਤੀ ਹੈ ਤੇ ਮੈਂ ਧਨ ਦਿੱਤਾ ਹੈ।” “ਪਰ ਉਹਦੀ ਕਿਸਮਤ ਵਿਚ ਇਹ ਧਨ ਲਿਖਿਆ ਕਿਥੇ ਹੈ ?” ਕਹਿ ਕੇ ਉਹ ਹੱਸਿਆ, ਫਿਰ ਦੋਵੇਂ ਚਲੇ ਗਏ।

ਸਵੇਰੇ ਉੱਠ ਕੇ ਰਾਮਦੀਨ ਨੇ ਆਪਣੇ ਧਨ ਦੀ ਥੈਲੀ ਟੋਹੀ ਤਾਂ ਉਹ ਗ਼ਾਇਬ ਸੀ। ਉਹ ਵਿਚਾਰਾ ਆਪਣਾ ਸਿਰ ਪਿੱਟ ਕੇ ਰਹਿ ਗਿਆ। ਸਾਰੇ ਸਾਲ ਦੀ ਕਮਾਈ ਕੋਈ ਲੈ ਕੇ ਚਲਦਾ ਬਣਿਆ ਸੀ। ਹੁਣ ਉਹ ਆਪਣੇ ਘਰ ਜਿਵੇਂ ਜਾਵੇਗਾ ? ਆਪਣੀ ਘਰਵਾਲੀ ਤੇ ਨਿਆਣਿਆਂ ਨੂੰ ਕੀ ਮੂੰਹ ਵਿਖਾਵੇਗਾ ? ਰਾਮਦੀਨ ਕਿੰਨਾ ਚਿਰ ਇਕੱਲਾ ਬੈਠਾ ਰੋਂਦਾ ਰਿਹਾ ਪਰ ਉਸ ਜੰਗਲ ਵਿਚ ਉਸਦਾ ਦੁਖ ਵੇਖਣ ਵਾਲਾ ਕੋਈ ਨਹੀਂ ਸੀ। ਆਖ਼ਰਕਾਰ ਉਹਨੇ ਇਕ ਵਾਰ ਫਿਰ ਸ਼ਹਿਰ ਜਾਣ ਦਾ ਫ਼ੈਸਲਾ ਕਰ ਲਿਆ। ਸ਼ਹਿਰ ਜਾ ਕੇ ਉਹ ਮੁੜ ਤੋਂ ਮਿਹਨਤ ਮਜ਼ਦੂਰੀ ਕਰਨ ਲੱਗਾ।

ਇਕ ਸਾਲ ਫਿਰ ਬੀਤ ਗਿਆ। ਉਹਨੇ ਆਪਣੀ ਕਮਾਈ ਦਾ ਪੈਸਾ ਫਿਰ ਇਕ ਥੈਲੀ ਵਿਚ ਬੰਨ੍ਹਿਆ ਤੇ ਪਿੰਡ ਵੱਲ ਤੁਰ ਪਿਆ। ਪਹਿਲਾਂ ਵਾਂਗ ਹੀ ਉਹਨੇ ਉਸ ਜੰਗਲ ਦੇ ਸੰਘਣੇ ਦਰਖ਼ਤ ਹੇਠਾਂ ਰਾਤ ਬਿਤਾਉਣ ਦਾ ਫ਼ੈਸਲਾ ਕੀਤਾ ਤੇ ਹਰੇ-ਹਰੇ ਘਾਹ 'ਤੇ ਬੜੇ ਮਜ਼ੇ ਨਾਲ ਸੌਂ ਗਿਆ। ਇਸ ਵਾਰ ਵੀ ਨੀਂਦ ਵਿਚ ਉਹਨੂੰ ਪਹਿਲਾਂ ਵਾਂਗ ਦੋ ਪ੍ਰਾਣੀ ਨਜ਼ਰ ਆਏ। ਦੋਵੇਂ ਉਹਦੇ ਉਪਰ ਝੁਕੇ ਹੋਏ ਸਨ। ਇਕ ਨੇ ਆਖਿਆ–‘ਭਰਾ ਕਰਮ, ਇਸ ਵਾਰ ਫਿਰ ਇਹ ਢੇਰ ਪੈਸਾ ਕਮਾ ਲਿਆਇਆ ਹੈ, ਕੁਝ ਸਮਝ ਨਹੀਂ ਆਉਂਦੀ।ਜਿਹੜੀ ਚੀਜ਼ ਇਹਦੇ ਨਸੀਬਾਂ 'ਚ ਨਹੀਂ, ਉਹ ਤੁਸੀਂ ਇਹਨੂੰ ਦੇਂਦੇ ਕਿਉਂ ਹੋ।

“ਭਰਾ, ਜਿਹੜਾ ਮਿਹਨਤ ਕਰੂਗਾ ਉਹ ਪੈਸਾ ਤਾਂ ਕਮਾਵੇਗਾ ਹੀ। ਇਹ ਵਿਚਾਰਾ ਗ਼ਰੀਬ ਦਿਨ ਰਾਤ ਮਿਹਨਤ ਕਰਦਾ ਹੈ, ਫਿਰ ਪੈਸਾ ਕਿਵੇਂ ਨਾ ਕਮਾਵੇ। ਤੂੰ ਜਾਣਦਾ ਏ ਕਿ ਮੈਂ ਮਿਹਨਤੀ ਆਦਮੀ ਨੂੰ ਉਹਦਾ ਫ਼ਲ ਦਿੰਦਾ ਹਾਂ ਤੇ ਤੁਸੀਂ...।”

“ਮੈਂ ਤਾਂ ਕਿਸਮਤ ਹਾਂ...ਜਦ ਤੁਸੀਂ ਆਪਣਾ ਕੰਮ ਪੂਰਾ ਕਰ ਲੈਂਦੇ ਹੋ ਤਾਂ ਮੇਰਾ ਕੰਮ ਸ਼ੁਰੂ ਹੁੰਦਾ ਹੈ। ਤੁਸੀਂ ਇਹਨੂੰ ਇਹਦੀ ਮਿਹਨਤ ਦਾ ਫਲ ਦੇ ਦਿੱਤਾ ਪਰ ਜਦੋਂ ਮੈਂ ਇਹਦੀ ਕਿਸਮਤ ਵਿਚ ਇਹ ਲਿਖਿਆ ਹੀ ਨਹੀਂ ਤਾਂ...।” ਕਹਿੰਦਿਆਂ ਉਸ ਆਦਮੀ ਨੇ ਉਹਦੇ ਸਿਰ ਥੱਲੇ ਰੱਖੀ ਰੁਪਿਆਂ ਵਾਲੀ ਥੈਲੀ ਕੱਢ ਲਈ ਤੇ ਦੋਵੇਂ ਤੁਰ ਪਏ।

ਰਾਮਦੀਨ ਇਕਦਮ ਘਬਰਾ ਕੇ ਉੱਠਿਆ।ਉਹਨੇ ਉੱਠ ਕੇ ਜਿਵੇਂ ਹੀ ਆਪਣੀ ਰੁਪਿਆਂ ਵਾਲੀ ਥੈਲੀ ਨੂੰ ਵੇਖਣਾ ਚਾਹਿਆ ਤਾਂ ਉਹਦਾ ਦਿਲ ਡੁੱਬਣ ਲੱਗ ਪਿਆ। ਰੁਪਿਆਂ ਵਾਲੀ ਥੈਲੀ ਉਥੇ ਨਹੀਂ ਸੀ। ਹੇ ਪਰਮਾਤਮਾ ਇਹ ਮੇਰੇ ਨਾਲ ਕੀ ਅਨਿਆਂ ਹੋ ਰਿਹਾ ਹੈ। ਮੇਰੀ ਸਾਰੇ ਸਾਲ ਦੀ ਕਮਾਈ ਇਕੋ ਰਾਤ ਵਿਚ ਹੀ ਕਿਉਂ ਹਵਾ ਬਣ ਕੇ ਉੱਡ ਜਾਂਦੀ ਹੈ। ਹੁਣ ਤਾਂ ਮੈਂ ਕਮਾ ਕਮਾ ਕੇ ਬਹੁਤ ਥੱਕ ਗਿਆ ਹਾਂ। ਹੁਣ ਮੇਰੇ ਸਰੀਰ ਵਿਚ ਏਨੀ ਤਾਕਤ ਵੀ ਨਹੀਂ ਕਿ ਮੈਂ ਏਨੀ ਸਖ਼ਤ ਮਿਹਨਤ ਦੁਬਾਰਾ ਕਰ ਸਕਾਂ...ਹੁਣ ਤਾਂ ਇਸ ਜ਼ਿੰਦਗੀ ਨਾਲੋਂ ਮਰਨਾ ਹੀ ਬਿਹਤਰ ਹੈ। ਮੌਤ...ਮੌਤ...।” ਇਹ ਕਹਿੰਦਿਆਂ ਰਾਮਦੀਨ ਨੇ ਆਪਣੀ ਧੋਤੀ ਨੂੰ ਕੱਸ ਕੇ ਗਲੇ ਵਿਚ ਬੰਨ੍ਹਿਆ ਤੇ ਉਸੇ ਦਰਖ਼ਤ ਵਿਚ ਬੰਨ੍ਹ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗਾ।

ਉਸੇ ਸਮੇਂ ਭਵਿੱਖਬਾਣੀ ਹੋਈ—“ਹੇ ਭਲੇ ਮਾਨਵ ! ਇਹ ਨਾ ਭੁੱਲ ਕਿ ਮੈਂ ਧਰਤੀ 'ਤੇ ਤੈਨੂੰ ਜੀਣ ਲਈ ਭੇਜਿਆ ਹੈ ਤੇ ਤੈਨੂੰ ਇਹ ਵੀ ਦੱਸ ਦੇਵਾਂ ਕਿ ਜਨਮ ਤੋਂ ਪਹਿਲਾਂ ਹੀ ਮੈਂ ਤੇਰੀ ਕਿਸਮਤ ਵੀ ਲਿਖ ਦਿੱਤੀ ਸੀ। ਪਰ ਇਕ ਤੂੰ ਏ ਕਿ ਪੈਸਾ ਮਿਲਦਿਆਂ ਹੀ ਮੈਨੂੰ ਭੁੱਲ ਗਿਆ। ਇਹ ਵੀ ਭੁੱਲ ਗਿਆ ਕਿ ਤੈਨੂੰ ਕੋਈ ਜਨਮ ਦੇਣ ਵਾਲਾ ਵੀ ਹੈ। ਪੈਸਾ ਕਮਾਉਂਦਿਆਂ ਹੀ ਤੂੰ ਪਰਮਾਤਮਾ ਨੂੰ ਭੁੱਲ ਗਿਆ, ਮੂਰਖ ਪ੍ਰਾਣੀ। ਸਿਰਫ਼ ਪੈਸਾ ਹੀ ਤਾਂ ਜੀਵਨ ਨਹੀਂ ਹੈ। ਫਿਰ ਤੈਨੂੰ ਆਤਮਹੱਤਿਆ ਕਰਨ ਦਾ ਕੀ ਅਧਿਕਾਰ ਹੈ। ਇਹ ਜੀਵਨ ਸਿਰਫ਼ ਤੇਰਾ ਆਪਣਾ ਹੀ ਨਹੀਂ, ਮੇਰਾ ਵੀ ਹੈ। ਮੈਂ ਹੀ ਜੀਵਨ ਦਿੰਦਾ ਹਾਂ...ਮੈਂ ਹੀ ਲੈਂਦਾ ਹਾਂ। ਹੁਣ ਸਿੱਧੀ ਤਰ੍ਹਾਂ ਆਪਣੇ ਘਰ ਜਾ...ਚਿੰਤਾ ਛੱਡ ਦੇ। ਪੈਸਾ ਜੋੜਨ ਨਾਲ ਆਦਮੀ ਨੂੰ ਸ਼ਾਂਤੀ ਨਹੀਂ ਮਿਲਦੀ। ਹੁਣ ਤੂੰ ਘਰ ਜਾ...ਮੈਂ ਤੇਰੇ ਖਾਣ-ਪੀਣ ਦੀ ਜ਼ਿੰਮੇਵਾਰੀ ਲੈ ਰੱਖੀ ਹੈ। ਫਿਰ ਤੂੰ ਚਿੰਤਾ ਵਿਚ ਕਿਉਂ ਮਰਦਾ ਜਾ ਰਿਹਾਂ। ਜਾ ਘਰ ਜਾਚਿੰਤਾ ਛੱਡ ਦੇ। ਤੂੰ ਜਿਥੇ ਵੀ ਜਾਵੇਂਗਾ ਤੇਰੀ ਕਿਸਮਤ ਤੇਰੇ ਨਾਲ ਜਾਵੇਗੀ। ਰੋਣ ਧੋਣ ਤੇ ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ।”

ਇਸ ਅਕਾਸ਼ਵਾਣੀ ਨੂੰ ਸੁਣ ਕੇ ਰਾਮਦੀਨ ਵਾਪਸ ਆਪਣੇ ਘਰ ਵੱਲ ਚੱਲ ਪਿਆ। ਘਰ ਜਾ ਕੇ ਉਹਨੇ ਵੇਖਿਆ ਕਿ ਉਹਦੇ ਬੱਚੇ ਤੇ ਪਤਨੀ ਤਾਂ ਬੜੀਆਂ ਮੌਜਾਂ 'ਚ ਹਨ। ਘਰ ਵਿਚ ਵਾਹਵਾ ਰੌਣਕ ਹੈ। ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਹਨ। ਰਾਮਦੀਨ ਨੂੰ ਵੇਖਦਿਆਂ ਹੀ ਸਾਰੇ ਖ਼ੁਸ਼ੀ ਨਾਲ ਨੱਚਣ ਲੱਗ ਪਏ।ਉਹਨੇ ਘਰਵਾਲੀ ਨੂੰ ਪੁੱਛਿਆ—“ਭਾਗਵਾਨੇ, ਇਹ ਸਭ ਮੈਂ ਕੀ ਵੇਖ ਰਿਹਾ ਹਾਂ ? ਜੇਕਰ ਤੁਸੀਂ ਸਾਰੇ ਜਣੇ ਇਸ ਲਈ ਖ਼ੁਸ਼ ਹੋ ਕਿ ਮੈਂ ਸ਼ਹਿਰੋਂ ਤੁਹਾਡੇ ਲਈ ਵਾਹਵਾ ਪੈਸੇ ਲਿਆਇਆ ਹਾਂ ਤਾਂ ਭੁੱਲ ਜਾਓ ਕਿਉਂਕਿ ਮੇਰਾ ਤਾਂ ਸਾਰਾ ਪੈਸਾ ਚੋਰ ਲੈ ਗਏ ਸਨ।

ਉਹਦੀਆਂ ਗੱਲਾਂ ਸੁਣ ਕੇ ਪਤਨੀ ਤੇ ਬੱਚੇ ਹੱਸਣ ਲੱਗੇ।

“ਪਰ ਤੁਹਾਡੇ ਕੋਲ ਏਨਾ ਪੈਸਾ ਕਿਵੇਂ ਆਇਆ ?”

“ਇਕ ਸਾਧੂ ਬਾਬਾ ਦੋ ਥੈਲੀਆਂ ਦੇ ਗਿਆ ਸੀ, ਪੈਸਿਆਂ ਨਾਲ ਭਰੀਆਂ ਹੋਈਆਂ।”

“ਵਾਹ ਉਏ ਨਸੀਬ...ਮੈਂ ਕਿੰਨਾ ਬਦਨਸੀਬ ਸਾਂ...ਤੇ ਏਹ ਬੱਚੇ।”



Post a Comment

0 Comments