Punjabi Moral Story 'ਜਿਹੜਾ ਸਮੇਂ ਦੇ ਨਾਲ ਨਾ ਬਦਲੇ' 'Jihda same de naal na badle' for Kids and Students of class 6, 7, 8, 9, 10.

 ਜਿਹੜਾ ਸਮੇਂ ਦੇ ਨਾਲ ਨਾ ਬਦਲੇ

ਦੋ ਸ਼ਿਕਾਰੀ ਜਦੋਂ ਸਾਰਾ ਦਿਨ ਜੰਗਲ ਵਿਚ ਘੁੰਮ-ਫਿਰ ਕੇ ਥੱਕ ਗਏ ਤਾਂ ਇਕ ਪੁਰਾਣੇ ਤਲਾਬ ਦੇ ਕੰਢੇ ਆ ਕੇ ਸੁਸਤਾਉਣ ਲੱਗ ਪਏ। ਇਕ ਸ਼ਿਕਾਰੀ ਤਲਾਬ 'ਚੋਂ ਪਾਣੀ ਭਰਨ ਗਿਆ ਤਾਂ ਉਹਨੇ ਤਲਾਬ 'ਚ ਤਰ ਰਹੀਆਂ ਮੱਛੀਆਂ ਨੂੰ ਵੇਖਿਆ। ਰਿਸ਼ਟ-ਪੁਸ਼ਟ ਤੇ ਰੰਗ-ਬਰੰਗੀਆਂ ਮੱਛੀਆਂ ਨੂੰ ਵੇਖ ਕੇ ਉਹਦੇ ਦਿਮਾਗ਼ 'ਚ ਤੁਰੰਤ ਇਕ ਵਿਚਾਰ ਆਇਆ।

ਉਹ ਪਾਣੀ ਲੈ ਕੇ ਆਪਣੇ ਮਿੱਤਰ ਕੋਲ ਗਿਆ। ਉਸਦਾ ਮਿੱਤਰ ਕੂਹਣੀ 'ਤੇ ਸਿਰ ਟਿਕਾਅ ਕੇ ਲੇਟਿਆ ਹੋਇਆ ਸੀ। ਉਹ ਵੀ ਇਕ ਪੱਥਰ 'ਤੇ ਸਿਰ ਰੱਖ ਕੇ ਉਹਦੇ ਕੋਲ ਲੇਟ ਗਿਆ।

ਉਹਨੂੰ ਖ਼ੁਸ਼ ਵੇਖ ਕੇ ਉਹਦੇ ਮਿੱਤਰ ਨੇ ਪੁੱਛਿਆ—“ਕੀ ਗੱਲ ਏ ਬਿਹਾਰੀ ਲਾਲ। ਤਲਾਬ 'ਚੋਂ ਹੀਰੇ ਮੋਤੀ ਚੁੱਕ ਲਿਆਇਆ ਏਂ। ਕੀ ਗੱਲ, ਏਨਾ ਖ਼ੁਸ਼ ਨਜ਼ਰ ਆ ਰਿਹਾ ਏਂ। ਅੱਜ ਤਾਂ ਸਵੇਰ ਸਮੇਂ ਕੋਈ ਸ਼ਿਕਾਰ ਵੀ ਹੱਥ ਨਹੀਂ ਲੱਗਾ। ਫਿਰ ਏਨਾ ਖੁਸ਼ ਕਿਉਂ ਹੈ ?”

“ਭਰਾ ਚੰਦੂ ! ਪਸ਼ੂ ਪੰਛੀਆਂ ਦਾ ਸ਼ਿਕਾਰ ਨਹੀਂ ਮਿਲਿਆ ਤਾਂ ਕੀ ਹੋਇਆ। ਜੀਵ ਜੰਤੂਆਂ ਦਾ ਸ਼ਿਕਾਰ ਹੀ ਸਹੀ। ਆਪਣਾ ਕੰਮ ਬਣਨਾ ਚਾਹੀਦਾ ਹੈ।”

“ਤੂੰ ਕਹਿਣਾ ਕੀ ਚਾਹੁੰਨਾ ਏਂ ?” ਚੰਦੂ ਨੇ ਪੁੱਛਿਆ।

“ਕਹਿਣਾ ਇਹ ਹੈ ਕਿ ਜਿਸ ਤਲਾਬ ਦੇ ਕਿਨਾਰੇ ਅਸੀਂ ਲੇਟੇ ਹਾਂ, ਉਹ ਮੱਛੀਆਂ ਨਾਲ ਭਰਿਆ ਪਿਆ ਹੈ। ਜਾਲ ਪਾਓ ਤੇ ਮੱਛੀਆਂ ਫੜ ਕੇ ਸ਼ਹਿਰ ਜਾ ਕੇ ਵੇਚੀਏ, ਪਸ਼ੂਆਂ ਪਿੱਛੇ ਭੱਜਣ ਦਾ ਕੀ ਲਾਭ ?”

“ਗੱਲ ਤਾਂ ਤੂੰ ਲੱਖ ਰੁਪਏ ਦੀ ਕੀਤੀ ਹੈ ਬਿਹਾਰੀ ਲਾਲ। ਪਰ ਹੁਣ ਤਾਂ ਦਿਨ ਢਲ ਰਿਹਾ ਹੈ...ਕੱਲ੍ਹ ਸਵੇਰ ਤੋਂ ਮੱਛੀਆਂ ਫੜਾਂਗੇ। ਅੱਜ ਦੀ ਰਾਤ ਇਨ੍ਹਾਂ ਨੂੰ ਵੀ ਸੌਂ ਲੈਣ ਦੇ।”

“ਠੀਕ ਏ ਭਰਾ, ਕੱਲ੍ਹ ਹੀ ਸਹੀ।”

ਤਲਾਬ ਵਿਚ ਤੈਰ ਰਹੀਆਂ ਕੁਝ ਮੱਛੀਆਂ ਇਨ੍ਹਾਂ ਦੋਹਾਂ ਸ਼ਿਕਾਰੀਆਂ ਦੀਆਂ ਗੱਲਾਂ ਸੁਣ ਰਹੀਆਂ ਸਨ।

ਜੀਵਨ ਕਿਸ ਨੂੰ ਪਿਆਰਾ ਨਹੀਂ ਤੇ ਮੌਤ ਤੋਂ ਕੌਣ ਨਹੀਂ ਡਰਦਾ। ਇਨ੍ਹਾਂ ਮੱਛੀਆਂ ਨੂੰ ਜਦ ਇਹ ਪਤਾ ਲੱਗਾ ਕਿ ਇਹ ਦੋਵੇਂ ਸ਼ਿਕਾਰੀ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ ਤਾਂ ਉਹ ਆਪਣੇ ਰਾਜਾ ਮਗਰਮੱਛ ਕੋਲ ਗਈਆਂ ਤੇ ਉਸਨੂੰ ਆਖਿਆ—ਹੇ ਰਾਜਨ ! ਮੌਤ ਸਾਡੇ ਲੋਕਾਂ ਦੇ ਸਿਰ 'ਤੇ ਮੰਡਰਾ ਰਹੀ ਹੈ। ਇਸ ਲਈ ਰਾਤੋ ਰਾਤ ਇਸ ਤਲਾਅ 'ਚੋਂ ਨਿਕਲ ਕੇ ਕਿਸੇ ਦੂਸਰੇ ਤਲਾਅ `ਤੇ ਜਾਣ ਦਾ ਪ੍ਰਬੰਧ ਕਰੋ। ਹੁਣੇ-ਹੁਣੇ ਅਸੀਂ ਦੋ ਸ਼ਿਕਾਰੀਆਂ ਦੀਆਂ ਗੱਲਾਂ ਸੁਣੀਆਂ ਹਨ, ਜਿਹੜੇ ਸਵੇਰ ਤੋਂ ਸਾਡਾ ਸ਼ਿਕਾਰ ਕਰਨਾ ਆਰੰਭ ਕਰ ਦੇਣਗੇ।”

ਮਗਰਮੱਛ ਮੱਛੀਆਂ ਦੀਆਂ ਗੱਲਾਂ ਸੁਣ ਕੇ ਗੰਭੀਰ ਹੋ ਗਿਆ ਤੇ ਬੋਲਿਆ–‘ਲੱਗਦਾ ਹੈ ਤੁਸੀਂ ਪਾਗਲ ਹੋ ਗਈਆਂ ਹੋ। ਕੀ ਤਲਾਅ ਛੱਡ ਕੇ ਜਾਣਾ ਇੰਨਾ ਆਸਾਨ ਹੈ ? ਸਦੀਆਂ ਤੋਂ ਸਾਡੇ ਪੂਰਵਜ ਇਸ ਤਲਾਅ ਵਿਚ ਰਹਿੰਦੇ ਆਏ ਹਨ। ਅਸੀਂ ਇਸ ਨੂੰ ਰਾਤੋ ਰਾਤ ਚੋਰਾਂ ਦੀ ਤਰ੍ਹਾਂ ਛੱਡ ਕੇ ਕਿਸ ਤਰ੍ਹਾਂ ਭੱਜ ਸਕਦੇ ਹਾਂ ?”

ਉਸੇ ਸਮੇਂ ਮਗਰਮੱਛ ਦੇ ਮੰਤਰੀ ਨੇ ਉੱਠ ਕੇ ਕਿਹਾ—“ਮਹਾਰਾਜ ! ਇਹ ਸਮਾਂ ਸੋਚਣ ਦਾ ਨਹੀਂ, ਸਾਡੇ ਪੂਰਵਜਾਂ ਦੇ ਸਮੇਂ ਅਜਿਹੇ ਲੋਕ ਹੀ ਕਿਥੇ ਸਨ ਜਿਹੜੇ ਸਾਨੂੰ ਫੜ ਕੇ ਲੈ ਜਾਂਦੇ ਤੇ ਸਾਡਾ ਵਪਾਰ ਕਰਕੇ ਪੇਟ ਭਰਦੇ। ਅੱਜ ਮੌਤ ਸਾਡੇ ਸਾਹਮਣੇ ਹੈ, ਜੇਕਰ ਅਸੀਂ ਆਪਣਾ ਬਚਾਵ ਨਾ ਕੀਤਾ ਤਾਂ ਇਹ ਸ਼ਿਕਾਰੀ ਕੁਝ ਦਿਨਾਂ ਵਿਚ ਸਾਰਾ ਤਲਾਅ ਖ਼ਾਲੀ ਕਰ ਦੇਣਗੇ।”

“ਮੰਤਰੀ ਜੀ ! ਅਸੀਂ ਬੁਜ਼ਦਿਲੀ ਤੇ ਕਾਇਰਤਾ ਵਾਲੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ। ਅਸੀਂ ਇਸ ਤਲਾਅ ਨੂੰ ਛੱਡ ਕੇ ਨਹੀਂ ਜਾਵਾਂਗੇ।” ਰਾਜੇ ਗੁੱਸੇ 'ਚ ਆਖਿਆ। ਪੀਰਾਈ

ਮੰਤਰੀ ਨੇ ਬੜੇ ਹੌਸਲੇ ਨਾਲ ਰਾਜੇ ਨੂੰ ਸਮਝਾਉਂਦੇ ਹੋਏ ਆਖਿਆ— “ਵੇਖੋ ਮਹਾਰਾਜ ! ਇਹ ਸਮਾਂ ਜ਼ਿਦ ਕਰਨ ਦਾ ਨਹੀਂ, ਮੌਤ ਨੂੰ ਆਪਣੇ ਸਾਹਮਣੇ ਵੇਖ ਕੇ ਉਹਦੇ ਤੋਂ ਨਾ ਬਚਣਾ ਪਾਗਲਪਨ ਹੀ ਕਿਹਾ ਜਾਂਦਾ ਹੈ। ਅਸੀਂ ਲੋਕ ਕੱਛੂਕੰਮੇ ਦੀ ਸਹਾਇਤਾ ਨਾਲ ਦੂਸਰੇ ਤਲਾਬ ਵਿਚ ਜਾ ਕੇ ਫਿਰ ਤੋਂ ਨਵਾਂ ਸੰਸਾਰ ਵਸਾ ਲਵਾਂਗੇ।”

“ਇੰਜ ਨਹੀਂ ਹੋਵੇਗਾ। ਅਸੀਂ ਆਪਣੇ ਪੂਰਵਜਾਂ ਨਾਲ ਧੋਖਾ ਨਹੀਂ ਕਰ ਸਕਦੇ। ਜੇਕਰ ਅਸੀਂ ਜਿਊਣਾ ਹੈ ਤਾਂ ਇਸੇ ਤਲਾਅ ਵਿਚ ਹੀ ਜੀਵਾਂਗੇ।

ਮੌਤ ਵੀ ਜੇਕਰ ਆਉਣੀ ਹੈ ਤਾਂ ਆਪਣੇ ਹੀ ਦੇਸ਼ ਦੀ ਧਰਤੀ 'ਤੇ ਚੰਗੀ ਲੱਗਦੀ ਹੈ। ਮੈਂ ਤੁਹਾਡੇ 'ਚੋਂ ਕਿਸੇ ਨੂੰ ਜਾਣ ਤੋਂ ਨਹੀਂ ਰੋਕਦਾ ਪਰ ਮੈਂ ਨਹੀਂ ਜਾਣਾ ਚਾਹੁੰਦਾ ਤੇ ਨਾ ਹੀ ਜਾਵਾਂਗਾ। ਕਿਉਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੱਲ੍ਹ ਤੋਂ ਕੋਈ ਮਛੇਰਾ ਉਸ ਤਲਾਬ 'ਤੇ ਧਾਵਾ ਨਹੀਂ ਬੋਲੇਗਾ।”

“ਮਹਾਰਾਜ ! ਕੱਲ੍ਹ ਦੀ ਗੱਲ ਕੱਲ੍ਹ ਸੋਚੀ ਜਾਵੇਗੀ। ਸਮੱਸਿਆ ਤਾਂ ਅੱਜ ਦੀ ਹੈ।”

“ਤੁਸੀਂ ਜੋ ਮਰਜ਼ੀ ਕਹੋ। ਮੈਂ ਆਪਣੇ ਪੂਰਵਜਾਂ ਦਾ ਤਲਾਅ ਨਹੀਂ ਛੱਡਾਂਗਾ।”

ਰਾਜੇ ਦਾ ਦੋ ਟੁਕ ਫ਼ੈਸਲਾ ਸੁਣ ਕੇ ਮੱਛੀਆਂ ਨੂੰ ਨਿਰਾਸ਼ਾ ਹੋਈ। ਉਹ ਸਾਰੀਆਂ ਆਸ਼ਾ ਭਰੀ ਨਜ਼ਰਾਂ ਨਾਲ ਮੰਤਰੀ ਵੱਲ ਵੇਖਣ ਲੱਗੀਆਂ। ਉਨ੍ਹਾਂ ਨੂੰ ਪਤਾ ਸੀ ਕਿ ਮੰਤਰੀ ਬਹੁਤ ਬੁੱਧੀਮਾਨ ਹੈ। ਉਹ ਬਚਣ ਦਾ ਕੋਈ ਨਾ ਕੋਈ ਰਾਹ ਜ਼ਰੂਰ ਲੱਭੇਗਾ।

ਉਸੇ ਸਮੇਂ ਮੰਤਰੀ ਨੇ ਆਖਿਆ—ਹੇ ਮੇਰੀ ਪਿਆਰੀ ਪਰਜਾ, ਅਸੀਂ ਲੋਕ ਇਸ ਵੇਲੇ ਘੋਰ ਸੰਕਟ 'ਚ ਫਸ ਗਏ ਹਾਂ। ਮੌਤ ਸਾਡੇ ਸਿਰਾਂ 'ਤੇ ਮੰਡਰਾ ਰਹੀ ਹੈ। ਜੇਕਰ ਅਸੀਂ ਆਪਣੇ ਬਚਾਅ ਲਈ ਕੋਈ ਯਤਨ ਨਾ ਕੀਤਾ ਤਾਂ ਸਾਰਾ ਹੱਸਦਾ ਖੇਡਦਾ ਸੰਸਾਰ ਮੌਤ ਦੀ ਵਾਦੀ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾਂ ਕਿ ਸਾਡੇ 'ਤੇ ਸ਼ਿਕਾਰੀਆਂ ਦਾ ਕਹਿਰ ਟੁੱਟ ਪਵੇ ਤੇ ਅਸੀਂ ਆਪਣੇ ਪਿਆਰਿਆਂ ਤੋਂ ਵਿਛੜ ਕੇ ਤੜਪ-ਤੜਪ ਕੇ ਮਰੀਏ, ਸਾਨੂੰ ਖ਼ੁਦ ਹੀ ਕੋਈ ਫ਼ੈਸਲਾ ਕਰਨਾ ਪਵੇਗਾ। ਸਾਸ਼ਤਰਾਂ ਵਿਚ ਕਿਹਾ ਗਿਆ ਹੈ ਕਿ ਜ਼ਿੱਦੀ ਦਾ ਸੰਗ ਚੰਗਾ ਨਹੀਂ ਹੁੰਦਾ। ਤੁਸੀਂ ਸਭ ਮਿਲ ਕੇ ਫ਼ੈਸਲਾ ਕਰ ਲਉ ਕਿ ਤੁਹਾਨੂੰ ਜੀਵਨ ਦੀ ਜ਼ਰੂਰਤ ਹੈ ਕਿ ਮੌਤ ਦੀ। ਤੁਹਾਡੇ ਵਿਚੋਂ ਜਿਹੜੇ ਲੋਕ ਜੀਊਣਾ ਚਾਹੁੰਦੇ ਹਨ, ਉਹ ਮੇਰੇ ਨਾਲ ਦੂਸਰੇ ਤਲਾਅ 'ਚ ਚੱਲੋ। ਮੈਂ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਦੇਵਾਂਗਾ।”

ਮੰਤਰੀ ਦੀ ਗੱਲ ਸੁਣ ਕੇ ਸਾਰੀਆਂ ਮੱਛੀਆਂ ਦੋ ਦਲਾਂ 'ਚ ਵੰਡੀਆਂ ਗਈਆਂ। ਇਕ ਦਲ ਰਾਜੇ ਦੇ ਪੱਖ ਵਿਚ ਸੀ। ਦੂਜਾ ਮੰਤਰੀ ਦੇ ਪੱਖ ਵਿਚ। ਮੰਤਰੀ ਨੇ ਉਸੇ ਸਮੇਂ ਕੁਝ ਵੱਡੇ ਵੱਡੇ ਕੱਛੂਆਂ ਨੂੰ ਬੁਲਾਇਆ ਅਤੇ ਉਨ੍ਹਾਂ ਤੋਂ ਸਹਾਇਤਾ ਦੀ ਪ੍ਰਾਥਨਾ ਕੀਤੀ।

ਕੱਛੂਆਂ ਨੇ ਰਾਤੋ ਰਾਤ ਮੱਛੀਆਂ ਨੂੰ ਆਪਣੀ ਪਿੱਠ 'ਤੇ ਲੱਦ ਕੇ ਨਾਲ ਵਾਲੇ ਤਲਾਅ ਵਿਚ ਪਹੁੰਚਾਉਣਾ ਸ਼ੁਰੂ ਕੀਤਾ ਤਾਂ ਰਾਜਾ ਮਗਰਮੱਛ ਨੇ ਮੰਤਰੀ ਨੂੰ ਫਿਰ ਆਖਿਆ—ਹੇ ਮੰਤਰੀ ! ਮੈਂ ਆਖ਼ਰੀ ਵਾਰ ਤੁਹਾਨੂੰ ਇਹੋ ਕਹਾਂਗਾ ਕਿ ਆਪਣੇ ਦੇਸ਼ ਤੇ ਆਪਣੀ ਪਰਜਾ ਨੂੰ ਛੱਡ ਕੇ ਜਾਣਾ ਦੇਸ਼ ਨਾਲ ਗੱਦਾਰੀ ਕਰਨੀ ਹੈ, ਪਾਪ ਹੈ। ਤੁਸੀਂ ਅਜਿਹੀ ਭੁੱਲ ਨਾ ਕਰੋ ਕਿ ਬਾਅਦ ਵਿਚ ਪਛਤਾਉਣਾ ਪਵੇ।”

“ਮਹਾਰਾਜ ! ਆਪਣੀ ਪਰਜਾ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਵਾਉਣਾ ਤਾਂ ਸਭ ਤੋਂ ਵੱਡਾ ਪਾਪ ਹੈ। ਇਸ ਲਈ ਮੈਂ ਉਸ ਪਾਪ ਦਾ ਭਾਗੀ ਨਹੀਂ ਬਣਨਾ ਚਾਹੁੰਦਾ। ਹੁਣ ਮੈਂ ਜਾ ਰਿਹਾ ਹਾਂ। ਮੇਰਾ ਆਖ਼ਰੀ ਸਲਾਮ ਕਬੂਲ ਕਰਨਾ।”

ਰਾਜੇ ਨੇ ਆਪਣੇ ਮੰਤਰੀ ਤੇ ਪਰਜਾ ਨੂੰ ਜਾਂਦਿਆਂ ਵੇਖਿਆ ਤਾਂ ਉਸਦੇ ਮਨ ਨੂੰ ਬਹੁਤ ਦੁੱਖ ਹੋਇਆ। ਅਸਲ ਵਿਚ ਮੌਤ ਦਾ ਡਰ ਤਾਂ ਉਸ ਨੂੰ ਵੀ ਸਤਾ ਰਿਹਾ ਸੀ ਪਰ ਉਹ ਆਪਣੇ ਪੁਸ਼ਤੈਨੀ ਤਲਾਅ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ।

ਸਵੇਰੇ ਉੱਠ ਕੇ ਉਨ੍ਹਾਂ ਦੋਹਾਂ ਸ਼ਿਕਾਰੀਆਂ ਨੇ ਤਲਾਅ ਵਿਚ ਆਪਣਾ ਜਾਲ ਫੈਲਾਅ ਕੇ ਮੱਛੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਇਕ-ਇਕ ਕਰਕੇ ਮੱਛੀਆਂ ਜਾਲ ਵਿਚ ਫਸਦੀਆਂ ਗਈਆਂ।

ਆਪਣੇ ਸ਼ਿਕਾਰ ਨੂੰ ਵੇਖ ਕੇ ਦੋਵੇਂ ਸ਼ਿਕਾਰੀ ਬਹੁਤ ਖ਼ੁਸ਼ ਹੋ ਰਹੇ ਸਨ। ਉਨ੍ਹਾਂ ਨੂੰ ਅੱਜ ਏਨਾ ਪੈਸਾ ਜ਼ਰੂਰ ਮਿਲ ਜਾਣਾ ਸੀ ਕਿ ਉਨ੍ਹਾਂ ਨੂੰ ਅਗਲੇ ਕਈ ਦਿਨਾਂ ਤਕ ਕੰਮ ਕਰਨ ਦੀ ਲੋੜ ਨਹੀਂ ਸੀ ਪੈਣੀ।

ਇਕ ਰਾਜਾ ਦੇ ਹਠ ਕਾਰਨ ਤਲਾਅ ਦੀਆਂ ਬਚੀਆਂ ਸਾਰੀਆਂ ਮੱਛੀਆਂ ਆਪਣੀ ਜਾਨ ਗੁਆ ਬੈਠੀਆਂ ਸਨ।



Post a Comment

0 Comments