Punjabi Moral Story 'ਢੋਲ ਦਾ ਪੋਲ' 'Dhol da Pol' for Kids and Students of class 6, 7, 8, 9, 10.

 ਢੋਲ ਦਾ ਪੋਲ

ਇਕ ਵਾਰ ਭੁੱਖ ਤੋਂ ਦੁਖੀ ਇਕ ਗਿੱਦੜ ਜੰਗਲ 'ਚੋਂ ਨਿਕਲ ਕੇ ਪਿੰਡ ਦੇ ਵੱਲ ਆ ਗਿਆ। ਉਹਨੇ ਸੋਚਿਆ ਕਿ ਪਿੰਡ ਵਿਚ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲ ਜਾਵੇਗਾ।

ਜੰਗਲ ਵਿਚ ਰਹਿ ਕੇ ਭੁੱਖਿਆਂ ਮਰਨ ਵਾਲੀ ਗੱਲ ਹੈ। ਪਿੰਡ ਤੋਂ ਬਾਹਰ ਚੌਕ 'ਚ ਥੋੜ੍ਹਾ ਬਹੁਤ ਖਾਣ ਨੂੰ ਤਾਂ ਮਿਲ ਗਿਆ ਪਰ ਉਹਦੀ ਭੁੱਖ ਏਨੀ ਪ੍ਰਬਲ ਸੀ ਕਿ ਉਹਦਾ ਪੇਟ ਨਾ ਭਰ ਸਕਿਆ, ਹੁਣ ਉਹ ਫਿਰ ਪਿੰਡ ਵੱਲ ਤੁਰ ਪਿਆ।

ਉਥੇ ਬੈਠੇ ਕੁੱਤਿਆਂ ਨੇ ਜਦ ਗਿੱਦੜ ਨੂੰ ਪਿੰਡ ਵੱਲ ਆਉਂਦੇ ਵੇਖਿਆ ਤਾਂ ਸਾਰੇ ਉਸਦੇ ਵੱਲ ਝਪਟੇ।

ਏਨੇ ਸਾਰੇ ਕੁੱਤਿਆਂ ਨੂੰ ਆਪਣੇ 'ਤੇ ਹਮਲਾ ਕਰਨ ਆਉਂਦੇ ਵੇਖਿਆ ਤਾਂ ਗਿੱਦੜ ਘਬਰਾ ਗਿਆ ਤੇ ਸੋਚਣ ਲੱਗਾ ਕਿ ਜਾਵਾਂ ਤਾਂ ਕਿਥੇ ਜਾਵਾਂ ? ਚਾਰੇ ਪਾਸੇ ਮੌਤ ਨੱਚਦੀ ਫਿਰਦੀ ਵਿਖਾਈ ਦੇਣ ਲੱਗੀ। ਭੁੱਖ ਦੀ ਗੱਲ ਤਾਂ ਉਹ ਭੁੱਲ ਗਿਆ...ਹੁਣ ਤਾਂ ਮੌਤ ਤੋਂ ਬਚਣ ਦੀ ਗੱਲ ਉਹਦੇ ਸਾਹਮਣੇ ਸੀ। ਕੁੱਤੇ ਉਹਦੇ ਪਿੱਛੇ ਭੱਜੇ ਆ ਰਹੇ ਸੀ। ਉਹ ਮੌਤ ਤੋਂ ਬਚਣ ਲਈ ਅੰਧਾਧੁੰਦ ਭੱਜ ਰਿਹਾ ਸੀ ਤੇ ਲੁਕ ਕੇ ਜਾਨ ਬਚਾਉਣ ਲਈ ਕੋਈ ਸਥਾਨ ਤਲਾਸ਼ ਕਰ ਰਿਹਾ ਸੀ।

ਅੱਗੇ ਇਕ ਰੰਗਸਾਜ ਦਾ ਘਰ ਸੀ। ਉਹਨੇ ਕੱਪੜੇ ਰੰਗਣ ਲਈ ਬਹੁਤ ਵੱਡੇ ਟੱਬ ਵਿਚ ਨੀਲਾ ਰੰਗ ਤਿਆਰ ਕੀਤਾ ਹੋਇਆ ਸੀ ਤਾਂ ਕਿ ਸਵੇਰੇ ਉੱਠ ਕੇ ਕੱਪੜੇ ਰੰਗ ਸਕੇ।

ਮੌਤ ਤੋਂ ਡਰਦਾ ਗਿੱਦੜ ਏਨੀ ਤੇਜ਼ ਭੱਜਿਆ ਆ ਰਿਹਾ ਸੀ ਕਿ ਉਹ ਸਿੱਧਾ ਜਾ ਕੇ ਉਸ ਨੀਲੇ ਰੰਗ ਨਾਲ ਭਰੇ ਟੱਬ ਵਿਚ ਜਾ ਡਿੱਗਾ।ਕੁੱਤਿਆਂ ਨੇ ਸਮਝਿਆ ਕਿ ਗਿੱਦੜ ਭੱਠੀ ਵਿਚ ਡਿੱਗ ਕੇ ਮਰ ਗਿਆ ਹੈ। ਇਸ ਲਈ ਉਹ ਕੁੱਤੇ ਪਿਛਾਂਹ ਮੁੜ ਗਏ।ਕੁੱਤਿਆਂ ਨੂੰ ਵਾਪਸ ਜਾਂਦਿਆਂ ਵੇਖ ਕੇ ਗਿੱਦੜ ਦੇ ਮਨ ਨੂੰ ਸ਼ਾਂਤੀ ਮਿਲ ਗਈ ਕਿ ਉਹ ਮੌਤ ਤੇ ਮੂੰਹ ਤੋਂ ਬਚ ਗਿਆ ਹੈ।

ਕੁੱਤਿਆਂ ਦੇ ਜਾਂਦਿਆਂ ਹੀ ਉਹ ਟੱਬ ਵਿਚੋਂ ਨਿਕਲਿਆ ਤੇ ਰੰਗਸਾਜ ਦੇ ਘਰ ਵਿਚ ਖਾਣੇ ਦੀ ਭਾਲ ਕਰਨ ਲੱਗਾ। ਉਸ ਵੇਲੇ ਉਸਨੂੰ ਜੋ ਵੀ ਮਿਲਿਆ, ਉਹਨੇ ਖਾ ਲਿਆ। ਢਿੱਡ ਭਰਨ ਤੋਂ ਬਾਅਦ ਉਹ ਫਿਰ ਵਾਪਸ ਜੰਗਲ ਵੱਲ ਭੱਜ ਗਿਆ।

ਨੀਲੇ ਰੰਗ ਦੇ ਪਾਣੀ ਵਿਚ ਡੁੱਬ ਕੇ ਉਹ ਪੂਰਾ ਨੀਲਾ ਹੋ ਚੁੱਕਿਆ ਸੀ। ਇਸ ਹਾਲਤ ਵਿਚ ਉਸ ਨੂੰ ਵੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਸੀ ਕਿ ਇਹ ਕੋਈ ਗਿੱਦੜ ਹੈ ।

ਜਿਵੇਂ ਹੀ ਉਹ ਪਿੰਡ ਤੋਂ ਵਾਪਸ ਜੰਗਲ ਵਿਚ ਆਇਆ ਤਾਂ ਜੰਗਲੀ ਜਾਨਵਰਾਂ ਨੇ ਉਹਦਾ ਗਹਿਰਾ ਨੀਲਾ ਰੰਗ ਵੇਖ ਕੇ ਬੜੀ ਹੈਰਾਨੀ ਨਾਲ ਉਸਦੇ ਵੱਲ ਵੇਖਿਆ, ਉਨ੍ਹਾਂ ਦੀ ਸਮਝ ਵਿਚ ਇਹ ਗੱਲ ਨਾ ਆਈ ਕਿ ਨੀਲੇ ਰੰਗ ਦਾ ਇਹ ਵਚਿੱਤਰ ਜਾਨਵਰ ਕੋਈ ਗਿਦੱੜ ਵੀ ਹੋ ਸਕਦਾ ਹੈ।

ਸਾਰੇ ਜੰਗਲ ਵਿਚ ਇਸ ਵਚਿੱਤਰ ਜਾਨਵਰ ਨੂੰ ਵੇਖ ਕੇ ਹਲਚਲ ਜਿਹੀ ਮਚ ਗਈ ਸੀ। ਸਭ ਜਾਨਵਰ ਉਸ ਤੋਂ ਡਰਨ ਲੱਗੇ ਤੇ ਡਰ ਕਰਕੇ ਏਧਰ- ਉਧਰ ਭੱਜਣ ਲੱਗੇ। ਗਿੱਦੜ ਸਮਝ ਗਿਆ ਕਿ ਇਹ ਸਭ ਦੇ ਸਭ ਉਸ ਤੋਂ ਡਰ ਰਹੇ ਹਨ, ਹੁਣ ਤਾਂ ਉਸ ਵਿਚ ਇਕ ਨਵਾਂ ਜੋਸ਼ ਆ ਗਿਆ।

ਉਸ ਨੂੰ ਅਜਿਹਾ ਲੱਗਾ ਕਿ ਉਹ ਕਾਫ਼ੀ ਸ਼ਕਤੀਸ਼ਾਲੀ ਹੋ ਗਿਆ ਹੈ। ਤਦ ਉਹਨੇ ਭੱਜਦੇ ਹੋਏ ਜਾਨਵਰਾਂ ਨੂੰ ਆਵਾਜ਼ ਮਾਰੀ—“ਭਰਾਵੋ, ਮੇਰੇ ਤੋਂ ਡਰੋ ਨਾ। ਮੈਨੂੰ ਤਾਂ ਬ੍ਰਹਮਾ ਜੀ ਨੇ ਤੁਹਾਨੂੰ ਸਾਰਿਆਂ ਦੀ ਰੱਖਿਆ ਕਰਨ ਵਾਸਤੇ ਭੇਜਿਆ ਹੈ।ਅੱਜ ਤੋਂ ਮੈਂ ਇਸ ਜੰਗਲ ਦਾ ਰਾਜਾ ਬਣ ਕੇ ਤੁਹਾਡੀ ਸਾਰਿਆਂ ਦੀ ਰੱਖਿਆ ਕਰਾਂਗੇ। ਤੁਸੀਂ ਮੇਰੀ ਪਰਜਾ ਹੋ। ਅੱਜ ਤੋਂ ਮੈਂ ਇਸ ਜੰਗਲ ਦਾ ਰਾਜ ਸੰਭਾਲਾਂਗਾ।” ਗਿੱਦੜ ਦੇ ਕਹਿਣ 'ਤੇ ਸਾਰੇ ਜਾਨਵਰ ਵਾਪਸ ਆ ਗਏ। ਉਨ੍ਹਾਂ ਸਾਰਿਆਂ ਨੇ ਮਿਲ ਕੇ ਆਪਣੇ ਨਵੇਂ ਰਾਜੇ ਦਾ ਸਨਮਾਨ ਕਰਦਿਆਂ ਹੋਇਆਂ ਉਸ ਨੂੰ ਮੰਚ 'ਤੇ ਬਿਠਾਇਆ ਤੇ ਗਿੱਦੜ ਨੇ ਆਪਣੇ ਮੰਤਰੀ ਮੰਡਲ ਦੀ ਘੋਸ਼ਣਾ ਕੀਤੀ।

ਸ਼ੇਰ ਨੂੰ ਸੈਨਾਪਤੀ ਅਤੇ ਮਹਾਂਮੰਤਰੀ ਬਣਾਇਆ ਗਿਆ। ਭੇੜੀਏ ਨੂ ਰੱਖਿਆ ਮੰਤਰੀ, ਹਾਥੀ ਨੂੰ ਗ੍ਰਹਿ ਮੰਤਰੀ ਬਣਾ ਕੇ ਇਸ ਰੂਪਧਾਰੀ ਗਿੱਦੜ ਨੇ ਆਪਣੇ ਆਪ ਨੂੰ ਜੰਗਲ ਦਾ ਰਾਜਾ ਘੋਸ਼ਿਤ ਕਰ ਦਿੱਤਾ।

ਗਿੱਦੜ ਕੱਲ੍ਹ ਤਕ ਭੁੱਖਾ ਮਰਦਾ ਸੀ। ਅੱਜ ਉਸਦੀ ਸੇਵਾ ਵਿਚ ਸਾਰੇ ਜਾਨਵਰ ਤਿਆਰ ਖੜ੍ਹੇ ਸਨ। ਸ਼ੇਰ ਅਤੇ ਚੀਤਾ ਉਹਦੇ ਲਈ ਹਰ ਰੋਜ਼ ਨਵੇਂ ਨਵੇਂ ਸ਼ਿਕਾਰ ਲਿਆਉਂਦੇ ਸਨ। ਜਿਸ ਨੂੰ ਉਹ ਬੜੇ ਮਜ਼ੇ ਨਾਲ ਖਾਂਦਾ, ਛੋਟੇ- ਮੋਟੇ ਜਾਨਵਰ ਉਹਦੀ ਸੇਵਾ ਲਈ ਤਿਆਰ ਰਹਿੰਦੇ।

ਕੁਝ ਦਿਨਾਂ ਵਿਚ ਹੀ ਉਸ ਗਿੱਦੜ ਦਾ ਜੀਵਨ ਹੀ ਬਦਲ ਗਿਆ। ਉਹ ਵਾਹਵਾ ਮੋਟਾ-ਤਾਜ਼ਾ ਹੋ ਗਿਆ। ਉਸਦੇ ਜੀਵਨ ਵਿਚ ਆਨੰਦ ਹੀ ਆਨੰਦ ਸੀ। ਖ਼ੂਬ ਖੁੱਲ੍ਹਾ ਖਾਣਾ, ਆਰਾਮ ਦੀ ਨੀਂਦ ਸੌਣਾ। ਉਸਨੇ ਤਾਂ ਕਦੇ ਸੁਪਨੇ ਵਿਚ ਵੀ ਕਲਪਨਾ ਨਹੀਂ ਸੀ ਕੀਤੀ ਕਿ ਉਹ ਕਦੇ ਜੰਗਲ ਦਾ ਰਾਜਾ ਵੀ ਬਣੇਗਾ।

ਇਕ ਵਾਰ ਸਾਥ ਵਾਲੇ ਜੰਗਲ ਤੋਂ ਗਿੱਦੜਾਂ ਦਾ ਇਕ ਬਹੁਤ ਵੱਡਾ ਦਲ ਰੌਲਾ ਪਾਉਂਦਾ ਹੋਇਆ ਉਸ ਜੰਗਲ ਵਿਚ ਆ ਗਿਆ। ਸਾਰੇ ਮਸਤ ਹੋ ਕੇ ਨੱਚ ਰਹੇ ਸਨ, ਗਾ ਰਹੇ ਸਨ। ਨਕਲੀ ਰਾਜਾ ਗਿੱਦੜ, ਜੋ ਬ੍ਰਹਮਾ ਜੀ ਦਾ ਨਾਮ ਲੈ ਕੇ ਸਾਰਿਆਂ ਨੂੰ ਧੋਖਾ ਦੇ ਕੇ ਰਾਜ ਕਰਦਾ ਰਿਹਾ ਸੀ, ਆਪਣੇ ਗਿੱਦੜ ਸਾਥੀਆਂ ਨੂੰ ਨੱਚਦਾ ਗਾਉਂਦਾ ਵੇਖ ਕੇ ਆਪਣੇ ਤਖ਼ਤ ਤੋਂ ਛਾਲ ਮਾਰ ਕੇ ਹੇਠਾਂ ਉਤਰ ਆਇਆ ਅਤੇ ਆਪਣੇ ਭਾਈਆਂ ਨਾਲ ਮਿਲ ਕੇ ਉਨ੍ਹਾਂ ਦੀ ਭਾਸ਼ਾ ਵਿਚ ਹੀ ਗਾਉਣ ਤੇ ਨੱਚਣ ਲੱਗਾ। ਦਰਬਾਰ ਵਿਚ ਬੈਠੇ ਸ਼ੇਰ, ਚੀਤੇ, ਬਘਿਆੜ, ਭੇੜੀਏ ਅਤੇ ਹਾਥੀ ਆਦਿ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਜਾਨਵਰ ਤਾਂ ਅਸਲ ਵਿਚ ਗਿੱਦੜ ਹੈ ਜੋ ਸਾਨੂੰ ਸਾਰਿਆਂ ਨੂੰ ਬ੍ਰਹਮਾ ਜੀ ਦਾ ਨਾਮ ਲੈ ਕੇ ਧੋਖਾ ਦੇ ਕੇ ਸਾਡੇ 'ਤੇ ਰਾਜ ਕਰਦਾ ਆ ਰਿਹਾ ਹੈ। ਅਸੀਂ ਲੋਕ ਅੱਜ ਤਕ ਇਸ ਨੀਚ ਗਿੱਦੜ ਦੀ ਜੀ ਹਜ਼ੂਰੀ ਕਰਦੇ ਰਹੇ ਤੇ ਇਹ ਦੁਸ਼ਟ ਧੋਖੇਬਾਜ਼ ਗਿੱਦੜ ਸਾਡੇ 'ਤੇ ਹੁਕਮ ਚਲਾਉਂਦਾ ਰਿਹਾ। ਕਿੰਨੇ ਸ਼ਰਮ ਦੀ ਗੱਲ ਹੈ ਸਾਡੇ ਲਈ। ਉਸ ਸਮੇਂ ਗ਼ੁੱਸੇ ਨਾਲ ਭਰਿਆ ਸ਼ੇਰ ਦਹਾੜ ਮਾਰ वे ਉੱਠਿਆ ਤੇ ਉਸ ਧੋਖੇਬਾਜ਼ ਗਿੱਦੜ 'ਤੇ ਟੁੱਟ ਪਿਆ। ਗਿੱਦੜ ਨੇ ਆਪਣੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ੇਰ ਦੇ ਅੱਗੇ ਉਸਦੀ ਇਕ ਨਾ ਚੱਲੀ। ਦੂਸਰਿਆਂ ਨੂੰ ਧੋਖਾ ਦੇਣ ਵਾਲਾ ਇਹ ਬਹੁਰੂਪੀਆ ਗਿੱਦੜ ਪਲ ਭਰ ਵਿਚ ਹੀ ਆਪਣੀ ਜਾਨ ਗਵਾ ਬੈਠਾ। ਢੋਲ ਦਾ ਪੋਲ ਖੁੱਲ੍ਹ ਗਿਆ।



Post a Comment

0 Comments