Punjabi Moral Story 'ਬਗਲਾ ਭਗਤ' 'Bagula Bhagat' for Kids and Students of class 6, 7, 8, 9, 10.

ਬਗਲਾ ਭਗਤ

ਬੁਢਾਪਾ ਸੌ ਬਿਮਾਰੀਆਂ ਦੀ ਜੜ੍ਹ ਹੈ। ਜਵਾਨੀ ਲੰਘ ਜਾਂਦੀ ਹੈ ਤਾਂ ਬੁਢਾਪੇ ਦਾ ਦੁਖ ਕੁਝ ਜ਼ਿਆਦਾ ਹੀ ਮਹਿਸੂਸ ਹੋਣ ਲੱਗਦਾ ਹੈ। ਜਵਾਨੀ ਵਿਚ ਜਿਹੜੇ ਮਿੱਤਰ ਭਰਾ ਅੱਗੇ ਪਿੱਛੇ ਘੁੰਮਦੇ ਹਨ, ਹੱਥ ਜੋੜ ਕੇ ਸਲਾਮ ਕਰਦੇ ਹਨ...ਬੁਢਾਪੇ ਵਿਚ ਉਹੀ ਦੂਰ ਭੱਜਦੇ ਨਜ਼ਰ ਆਉਂਦੇ ਹਨ।

ਇਹੋ ਹਾਲ ਉਸ ਬਗਲੇ ਦਾ ਸੀ ਜਿਹੜਾ ਸਾਰੀ ਉਮਰ ਤਲਾਬਾਂ ਵਿਚੋਂ ਮਛਲੀਆਂ, ਕੇਂਕੜੇ ਆਦਿ ਕੱਢ ਕੇ ਖਾਂਦਾ ਰਿਹਾ। ਪਰ ਜਦੋਂ ਉਹ ਬੁੱਢਾ ਹੋ ਗਿਆ ਤਾਂ ਸ਼ਿਕਾਰ ਕਰਨ ਜੋਗਾ ਨਾ ਰਿਹਾ ਅਤੇ ਤਲਾਬ ਦੇ ਇਕ ਕੋਨੇ ਵਿਚ ਬੈਠਾ ਆਪਣੀ ਕਿਸਮਤ ਨੂੰ ਰੋਂਦਾ ਰਿਹਾ।

ਇਕ ਦਿਨ ਇਕ ਕੇਂਕੜੇ ਨੇ ਉਸ ਬੁੱਢੇ ਬਗਲੇ ਨੂੰ ਰੋਂਦੇ ਵੇਖਿਆ ਤਾਂ ਉਹਦੇ ਮਨ ਨੂੰ ਬਹੁਤ ਦੁੱਖ ਹੋਇਆ। ਉਹਨੇ ਉਹਦੇ ਕੋਲ ਜਾ ਕੇ ਪੁੱਛਿਆ- ਬਗਲੇ ਦਾਦਾ ਕੀ ਗੱਲ ਏ, ਇਕੱਲੇ ਬੈਠੇ ਰੋ ਕਿਉਂ ਰੋ ਰਹੇ ਹੋ ?”

“ਮੇਰੇ ਬੱਚੇ ਮੇਰੇ ਦੁਖ ਨੂੰ ਕਿਸੇ ਨੇ ਸਮਝਿਆ ਹੀ ਨਹੀਂ। ਬਸ ਇਕ ਤੂੰ ਏਂ ਜੀਹਨੇ ਮੇਰਾ ਦੁਖ ਸਮਝਿਆ ਏ। ਹੁਣ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਂ ਇਸ ਤਲਾਬ ਦੇ ਅੰਦਰ ਰਹਿਣ ਵਾਲੇ ਜੀਵਾਂ ਉੱਤੇ ਆਉਣ ਵਾਲੇ ਸੰਕਟ ਬਾਰੇ ਸੋਚ ਕੇ ਰਿਹਾ ਹਾਂ।”

ਕਿਹੋ ਜਿਹਾ ਸੰਕਟ ?”

ਕੇਂਕੜੇ ਨੇ ਹੈਰਾਨ ਹੋ ਕੇ ਪੁੱਛਿਆ—“ਸਾਨੂੰ ਤਾਂ ਕੋਈ ਸੰਕਟ ਆਉਂਦਾ ਨਜ਼ਰ ਨਹੀਂ ਆ ਰਿਹਾ।”

 “ਮੇਰੇ ਪਿਆਰੇ ਬੱਚੇ...ਤੂੰ ਇਹ ਤਾਂ ਜਾਣਦਾ ਹੀ ਏਂ ਕਿ ਅੱਜ ਕੱਲ੍ਹ ਮੈਂ ਇਕ ਲੱਤ ’ਤੇ ਖਲੋ ਕੇ ਪਰਮਾਤਮਾ ਦੀ ਪੂਜਾ ਕਰਦਾ ਰਹਿੰਦਾ ਹਾਂ।”

“ਹਾਂ, ਜਾਣਦਾ ਹਾਂ ਮਾਮਾ। ਸਗੋਂ ਰੋਜ਼ ਤੁਹਾਨੂੰ ਦੇਖਦਾ ਵੀ ਹਾਂ।”

“ਬਸ ਭਾਣਜੇ, ਕੱਲ੍ਹ ਹੀ ਭਗਵਾਨ ਨੇ ਮੈਨੂੰ ਦੱਸਿਆ ਕਿ ਕੁਝ ਹੀ ਦਿਨਾਂ ਵਿਚ ਇਸ ਤਲਾਬ ਦਾ ਪਾਣੀ ਸੁੱਕਣ ਵਾਲਾ ਹੈ। ਤੂੰ ਤਾਂ ਜਾਣਦਾ ਏਂ ਕਿ ਪ੍ਰਾਣੀਆਂ ਲਈ ਪਾਣੀ ਕਿੰਨਾ ਜ਼ਰੂਰੀ ਹੈ। ਪਾਣੀ ਬਿਨਾਂ ਤਾਂ ਅਸੀਂ ਇਕ ਪਲ ਵੀ ਜੀਊਂਦੇ ਨਹੀਂ ਰਹਿ ਸਕਦੇ। ਹੁਣ ਤੁਸੀਂ ਹੀ ਸੋਚੋ ਕਿ ਇਸ ਬੁਢਾਪੇ ਵਿਚ ਜਦੋਂ ਮੈਂ ਆਪਣੀ ਸਾਥੀਆਂ ਨੂੰ ਮਰਦਿਆਂ ਵੇਖਾਂਗਾ ਤਾਂ ਕੀ ਹਾਲ ਹੋਵੇਗਾ?”

ਇਹ ਕਹਿ ਕੇ ਬਗਲਾ ਹੋਰ ਵੀ ਉੱਚੀ-ਉੱਚੀ ਰੋਣ ਲੱਗ ਪਿਆ। ਕੇਂਕੜੇ ਨੇ ਇਹ ਗੱਲ ਸੁਣੀ ਤਾਂ ਉਹਦੇ ਚਿਹਰੇ ਦਾ ਰੰਗ ਉੱਡ ਗਿਆ।

ਉਹ ਉਸੇ ਸਮੇਂ ਪਾਣੀ ਦੇ ਅੰਦਰ ਆਪਣੇ ਸਾਥੀਆਂ ਕੋਲ ਗਿਆ ਤੇ ਬੋਲਿਆ-‘ਦੋਸਤੋ, ਕੰਨ੍ਹ ਖੋਲ੍ਹ ਕੇ ਸੁਣੋ । ਇਸ ਤਲਾਬ ਦੇ ਕੰਢੇ ਬੈਠੇ ਬੁੱਢੇ ਬਗਲੇ ਨੂੰ ਪਰਮਾਤਮਾ ਨੇ ਦਰਸ਼ਨ ਦੇ ਕੇ ਕਿਹਾ ਹੈ ਕਿ ਕੁਝ ਹੀ ਦਿਨਾਂ ਵਿਚ ਇਸ ਤਲਾਬ ਦਾ ਪਾਣੀ ਸੁੱਕਣ ਵਾਲਾ ਹੈ। ਜੇਕਰ ਅਸੀਂ ਵੇਲੇ ਸਿਰ ਨਾ ਸੰਭਲੇ ਤਾਂ ਅਸੀਂ ਸਾਰੇ ਦੇ ਸਾਰੇ ਬੇਮੌਤ ਮਰ ਜਾਵਾਂਗੇ।”

ਮੌਤ ਦਾ ਨਾਂ ਸੁਣਦਿਆਂ ਹੀ ਸਾਰੇ ਜੀਵ-ਜੰਤੂ ਕੰਬਣ ਲੱਗ ਪਏ।

ਸਾਰਿਆਂ ਨੇ ਮਿਲ ਕੇ ਉਸ ਬੁੱਢੇ ਬਗਲੇ ਦੇ ਕੋਲ ਜਾਣ ਦਾ ਫ਼ੈਸਲਾ ਕਰ ਲਿਆ ਤਾਂ ਕਿ ਮੌਤ ਤੋਂ ਬਚਣ ਦਾ ਕੋਈ ਰਸਤਾ ਕੱਢਿਆ ਜਾ ਸਕੇ। ਉਨ੍ਹਾਂ ਵਿਚਾਰੇ ਸਿੱਧੇ-ਸਾਦੇ ਪ੍ਰਾਣੀਆਂ ਨੂੰ ਕੀ ਪਤਾ ਸੀ ਕਿ ਬਗਲਾ ਬੜਾ ਚਲਾਕ ਤੇ ਕੰਜੂਸ ਹੈ।

ਕਛੂਏ, ਕੇਂਕੜੇ ਤੇ ਮੱਛੀਆਂ ਸਾਰੇ ਇਕੱਠੇ ਹੋ ਕੇ ਬਗਲੇ ਕੋਲ ਆਏ ਤੇ ਬੁੱਢੇ ਬਗਲੇ ਦੇ ਅੱਗੇ ਹੱਥ ਜੋੜ ਕੇ ਆਖਿਆ—“ਦਾਦਾ! ਸਾਨੂੰ ਬਚਣ ਦਾ ਕੋਈ ਰਾਹ ਦੱਸੋ।”

“ਵੇਖੋ ਮਿੱਤਰੋ, ਤੁਸੀਂ ਸਾਰੇ ਮੇਰੇ ਪਿਆਰੇ ਹੋ। ਮੈਂ ਆਪਣੇ ਪਿਆਰਿਆਂ ਨੂੰ ਬਚਾਉਣ ਲਈ ਆਪਣੀ ਜਾਨ ਤਕ ਕੁਰਬਾਨ ਕਰ ਦੇਵਾਂਗਾ। ਬੁੱਢਾ ਹੋ ਗਿਆ ਹਾਂ ਤਾਂ ਕੀ ਹੋਇਆ। ਹਾਲੇ ਵੀ ਇਨ੍ਹਾਂ ਬੁੱਢੀਆਂ ਹੱਡੀਆਂ ਵਿਚ ਏਨੀ ਤਾਕਤ ਹੈ ਕਿ ਤੁਸਾਂ ਲੋਕਾਂ ਨੂੰ ਬਚਾਉਣ ਦਾ ਕੰਮ ਬਾਖੂਬੀ ਕਰ ਸਕਦਾ ਹਾਂ।” “ਪਰ ਇਹ ਸਭ ਕਿਵੇਂ ਸੰਭਵ ਹੋਵੇਗਾ ਦਾਦਾ ?”

“ਇਕ ਉਪਾਅ ਹੈ.ਜੇਕਰ ਤੁਹਾਨੂੰ ਮਨਜ਼ੂਰ ਹੋਵੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਾਰੀ-ਵਾਰੀ ਆਪਣੀ ਪਿੱਠ 'ਤੇ ਬਿਠਾ ਕੇ ਨਾਲ ਵਾਲੇ ਜੰਗਲ ਦੇ ਵੱਡੇ ਤਲਾਅ ਵਿਚ ਛੱਡ ਆਉਂਦਾ ਹਾਂ। ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਕੇ ਆਖ਼ਰੀ ਘੜੀ ਮੈਂ ਵੀ ਪੁੰਨ ਦਾ ਭਾਗੀ ਬਣ ਜਾਵਾਂਗਾ।”

ਇਹ ਉਪਾਅ ਸਭ ਨੂੰ ਪਸੰਦ ਆਇਆ ਤੇ ਸਾਰੇ ਬਗਲੇ ਦਾਦਾ ਦੀ ਪ੍ਰਸੰਸਾ ਕਰਨ ਲੱਗੇ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਬੁੱਢੇ ਬਗਲੇ ਨੇ

ਆਪਣੇ ਜੀਊਣ ਦਾ ਸਾਧਨ ਲੱਭ ਲਿਆ ਹੈ। ਉਹ ਏਨਾ ਸਿੱਧਾ ਥੋੜ੍ਹਾ ਸੀ ਜੋ ਬੁਢਾਪੇ ਵਿਚ ਉਨ੍ਹਾਂ ਨੂੰ ਆਪਣੀ ਪਿੱਠ 'ਤੇ ਲੱਦਦਾ ਫਿਰਦਾ। ਉਹ ਸਿੱਧੇ ਸਾਦੇ ਅਤੇ ਨਿਸ਼ਕਪਟ ਜੀਵ ਉਸ ਦੁਸ਼ਟ ਦੀ ਚਾਲ ਨੂੰ ਸਮਝ ਨਹੀਂ ਰਹੇ ਸਨ।

ਅਗਲੇ ਦਿਨ ਬਗਲੇ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਹਨੇ ਮਛਲੀਆਂ ਨੂੰ ਆਪਣੀ ਪਿੱਠ 'ਤੇ ਲੱਦਿਆ ਤੇ ਉਨ੍ਹਾਂ ਨੂੰ ਨਾਲ ਵਾਲੇ ਜੰਗਲ ਵਿਚ ਇਕ ਪਹਾੜੀ 'ਤੇ ਜਾ ਕੇ ਖਾ ਲਿਆ। ਤਿੰਨ ਚਾਰ ਦਿਨ ਉਹ ਮਛਲੀਆਂ ਖਾ ਕੇ ਅਨੰਦ ਨਾਲ ਆਪਣਾ ਢਿੱਡ ਭਰਦਾ ਰਿਹਾ।

ਮਛਲੀਆਂ ਖਾ ਖਾ ਕੇ ਜਦੋਂ ਬਗਲੇ ਦਾ ਮਨ ਭਰ ਗਿਆ ਤਾਂ ਉਹਨੇ ਕੇਂਕੜਿਆਂ ਦਾ ਨੰਬਰ ਲਾਇਆ ਤੇ ਸਭ ਤੋਂ ਪਹਿਲਾਂ ਇਕ ਮੋਟੇ ਜਿਹੇ ਕੇਂਕੜੇ ਨੂੰ ਲੈ ਕੇ ਤੁਰ ਪਿਆ। ਉੱਡਦਾ ਹੋਇਆ ਉਹ ਉਸ ਪਹਾੜੀ ਕੋਲ ਪਹੁੰਚ ਗਿਆ, ਜਿਥੇ ਪਹਿਲਾਂ ਹੀ ਮੱਛੀਆਂ ਦੀਆਂ ਹੱਡੀਆਂ ਦਾ ਢੇਰ ਲੱਗਾ ਹੋਇਆ ਸੀ।

ਕੇਂਕੜੇ ਨੇ ਜਿਵੇਂ ਹੀ ਮੱਛੀਆਂ ਦੀਆਂ ਹੱਡੀਆਂ ਦਾ ਢੇਰ ਵੇਖਿਆ ਉਵੇਂ ਹੀ ਉਹਦੇ ਮੱਥੇ 'ਤੇ ਖ਼ਤਰੇ ਦੀ ਘੰਟੀ ਵੱਜ ਗਈ। ਉਸ ਨੂੰ ਬਿਨਾਂ ਪੁੱਛੇ ਕਹੇ ਹੀ ਸਭ ਕੁਝ ਸਮਝ ਵਿਚ ਆ ਗਿਆ। ਪਰ ਉਨ੍ਹਾਂ ਨੇ ਬਿਲਕੁਲ ਅਜਿਹਾ ਜ਼ਾਹਰ ਨਾ ਹੋਣ ਦਿੱਤਾ, ਜਿਸ ਨਾਲ ਬਗਲੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੁੰਦਾ ਸਗੋਂ ਭੋਲੇਪਨ ਨਾਲ ਉਹਨੂੰ ਪੁੱਛਿਆ-‘ਦਾਦਾ ! ਇਹ ਤਲਾਅ ਹੁਣ ਕਿੰਨੀ ਕੁ ਦੂਰ ਹੈ ?”

ਉਹ ਆਕੜ ਕੇ ਬੋਲਿਆ-‘ਕੇਂਕੜੇ ਤੂੰ ਕੀ ਸਮਝਦਾ ਏਂ ਕਿ ਮੈਂ ਤੇਰੇ ਪਿਉ ਦਾ ਨੌਕਰ ਹਾਂ, ਤੁਹਾਨੂੰ ਸਾਰਿਆਂ ਨੂੰ ਆਪਣੀ ਪਿੱਠ 'ਤੇ ਲੱਦ ਕੇ ਇਕ ਤੋਂ ਦੂਜੇ ਤਲਾਅ ਤਕ ਪਹੁੰਚਾਉਂਦਾ ਰਹਾਂ । ਮੈਂ ਇਹ ਸਾਰਾ ਨਾਟਕ ਢਿੱਡ ਭਰਨ ਲਈ ਕੀਤਾ ਸੀ। ਇਸ ਉਮਰ ਵਿਚ ਮੈਂ ਹੁਣ ਕਿਸੇ ਜੀਵ ਦਾ ਸ਼ਿਕਾਰ ਨਹੀਂ ਸਾਂ ਕਰ ਸਕਦਾ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਪਾਗਲ ਬਣਾ ਕੇ ਆਪਣਾ ਉੱਲੂ ਸਿੱਧਾ ਕੀਤਾ ਹੈ ਤੇ ਕਰਦਾ ਰਹਾਂਗਾ। ਅੱਜ ਕੱਲ੍ਹ ਚਲਾਕੀ ਤੇ ਹੇਰਾਫੇਰੀ ਨਾਲ ਹੀ ਕੰਮ ਚੱਲਦਾ ਹੈ ਬੱਚੇ।

ਕੇਂਕੜੇ ਨੂੰ ਸਪੱਸ਼ਟ ਹੋ ਗਿਆ ਕਿ ਇਹ ਬਗਲਾ ਹਤਿਆਰਾ ਹੈ। ਇਸ ਤੋਂ ਜਾਨ ਬਚਾਉਣੀ ਆਸਾਨ ਨਹੀਂ। ਪਰ ਫਿਰ ਵੀ ਉਹਨੇ ਹੌਸਲੇ ਤੋਂ ਕੰਮ ਲੈਂਦਿਆਂ ਆਪਣੀ ਜਾਨ ਦੀ ਬਾਜੀ ਲਾਉਣ ਦਾ ਫ਼ੈਸਲਾ ਕਰ ਲਿਆ।

ਉਹਨੇ ਸੋਚਿਆ ਕਿ ਜੇਕਰ ਮੈਂ ਮਰਾਂਗਾ ਤਾਂ ਇਸ ਬਗਲੇ ਨੂੰ ਵੀ ਨਾਲ ਲੈ ਕੇ ਮਰਾਂਗਾ। ਇਸ ਤਰ੍ਹਾਂ ਕਰਨ ਨਾਲ ਮੇਰੇ ਬਾਕੀ ਦੇ ਭੈਣ ਭਰਾ ਤਾਂ ਬਚ ਜਾਣਗੇ। ਇਹ ਸੋਚ ਕੇ ਉਹਨੇ ਬਗਲੇ ਦੀ ਗਰਦਨ 'ਤੇ ਜ਼ੋਰ ਦੀ ਚੱਕ ਵੱਢਿਆ ਤੇ ਉਹਦੀ ਸਾਹ ਨਾਲੀ ਨੂੰ ਪੰਜਿਆਂ ਨਾਲ ਲਹੂ ਲੁਹਾਨ ਕਰ ਦਿੱਤਾ। ਦਰਦ ਕਰਕੇ ਬਗਲੇ ਦੇ ਗਲੇ 'ਚੋਂ ਚੀਕ ਨਿਕਲੀ ਤੇ ਉਹ ਚੀਕਦਾ ਹੋਇਆ ਬੋਲਿਆ- “ਓਏ...ਓਏ...ਇਹ ਕੀ ਕਰ ਰਿਹਾ ਹੈਂ...ਛੱਡੋ।”

ਉਹੋ ਕਰ ਰਿਹਾਂ ਜੋ ਤੇਰੇ ਵਰਗੇ ਧੋਖੇਬਾਜ਼ ਤੇ ਪਖੰਡੀ ਨਾਲ ਕਰਨਾ ਚਾਹੀਦਾ ਹੈ। ਜੇਕਰ ਆਪਣੀ ਜਾਨ ਬਚਾਉਣਾ ਚਾਹੁੰਦਾ ਏਂ ਤਾਂ ਮੈਨੂੰ ਇਸੇ ਵੇਲੇ ਮੇਰੇ ਤਲਾਅ 'ਤੇ ਵਾਪਸ ਲੈ ਕੇ ਚੱਲ। ਨਹੀਂ ਤਾਂ ਤੈਨੂੰ ਜਾਨ ਤੋਂ ਮਾਰ ਕੇ ਹੀ ਸਾਹ ਲਵਾਂਗਾ।”

ਉ ਹੁਣ ਬਗਲੇ ਸਾਹਮਣੇ ਹੋਰ ਕੋਈ ਚਾਰਾ ਨਹੀਂ ਸੀ। ਉਹ ਕੇਂਕੜੇ ਨੂੰ ਵਾਪਸ ਉਸੇ ਤਲਾਅ 'ਤੇ ਲੈ ਆਇਆ।

ਕੇਂਕੜੇ ਨੇ ਆਪਣੇ ਸਾਥੀਆਂ ਨੂੰ ਇਸ ਬਗਲੇ ਦੀ ਕਾਲੀ ਕਰਤੂਤ ਬਾਰੇ ਦੱਸਿਆ ਤਾਂ ਇਕ ਭਾਰੇ ਕੱਛੂਕੰਮੇ ਨੇ ਉਸ ਨੂੰ ਪਾਣੀ ਵਿਚ ਘਸੀਟ ਲਿਆ ਤੇ ਸਾਰੇ ਜੰਤੂ ਰਲ ਕੇ ਉਸ ਬਗਲੇ ’ਤੇ ਟੁੱਟ ਪਏ।

ਧੋਖੇਬਾਜ ਤੇ ਪਾਪੀ ਬਗਲੇ ਨੂੰ ਮਾਰ ਕੇ ਹੀ ਸਾਰਿਆਂ ਨੇ ਸੁਖ ਦਾ ਸਾਹ ਲਿਆ।



Post a Comment

0 Comments