Punjabi Moral Story 'ਗਿੱਦੜ ਦੀ ਕੂਟਨੀਤੀ' 'Giddad di Kutniti' for Kids and Students of class 6, 7, 8, 9, 10.

 ਗਿੱਦੜ ਦੀ ਕੂਟਨੀਤੀ

ਮਾਧਵਪੁਰ ਨਾਂ ਦੇ ਜੰਗਲ ਵਿਚ ਇਕ ਸ਼ੇਰ ਰਹਿੰਦਾ ਸੀ। ਉਸਦੇ ਤਿੰਨ ਮਿੱਤਰ ਸਨ ਤੇ ਤਿੰਨੋਂ ਹੀ ਬੜੇ ਸਵਾਰਥੀ ਸਨ। ਇਨ੍ਹਾਂ ਵਿਚ ਗਿਦੱੜ, ਭੇੜੀਆ ਤੇ ਕਾਂ ਸੀ। ਇਨ੍ਹਾਂ ਤਿੰਨਾਂ ਨੇ ਸ਼ੇਰ ਨਾਲ ਇਸ ਕਰਕੇ ਦੋਸਤੀ ਕੀਤੀ ਸੀ ਕਿ ਸ਼ੇਰ ਜੰਗਲ ਦਾ ਰਾਜਾ ਸੀ ਤੇ ਉਹਦੀ ਦੋਸਤੀ ਕਰਕੇ ਕੋਈ ਦੁਸ਼ਮਣ ਉਨ੍ਹਾਂ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖ ਸਕਦਾ। ਇਹੋ ਕਾਰਨ ਸੀ ਕਿ ਉਹ ਸ਼ੇਰ ਦੀ ਜੀ-ਹਜ਼ੂਰੀ ਤੇ ਚਾਪਲੂਸੀ ਕਰਿਆ ਕਰਦੇ ਸਨ।

ਇਕ ਵਾਰ ਇਕ ਊਠ ਆਪਣੇ ਸਾਥੀਆਂ ਤੋਂ ਵਿਛੜ ਕੇ ਇਸ ਜੰਗਲ ਵਿਚ ਆ ਗਿਆ।ਸੰਘਣੇ ਜੰਗਲ ਵਿਚ ਉਹਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਲੱਭ ਰਿਹਾ। ਪਿਆਸ ਤੇ ਭੁੱਖ ਕਰਕੇ ਉਹਦਾ ਬੁਰਾ ਹਾਲ ਹੋ ਰਿਹਾ ਸੀ। ਦੂਰ-ਦੂਰ ਤਕ ਉਹਨੂੰ ਕੋਈ ਆਪਣਾ ਨਜ਼ਰ ਨਹੀਂ ਸੀ ਆ ਰਿਹਾ।

ਇਤਫ਼ਾਕ ਨਾਲ ਉਸ ਊਠ 'ਤੇ ਸ਼ੇਰ ਦੇ ਇਨ੍ਹਾਂ ਤਿੰਨਾਂ ਮਿੱਤਰਾਂ ਦੀ ਨਜ਼ਰ ਪੈ ਗਈ। ਗਿੱਦੜ ਤਾਂ ਵੈਸੇ ਵੀ ਆਪਣੀ ਚਲਾਕੀ ਤੇ ਕੂਟਨੀਤੀ ਕਰਕੇ ਮਸ਼ਹੂਰ ਸੀ। ਉਸਨੇ ਇਸ ਅਜਨਬੀ ਮੋਟੇ ਤਾਜ਼ੇ ਊਠ ਨੂੰ ਜੰਗਲ ਵਿਚ ਇਕੱਲਾ ਭਟਕਦਿਆਂ ਵੇਖਿਆ ਤਾਂ ਉਹਦੇ ਮੂੰਹ ਵਿਚ ਪਾਣੀ ਆ ਗਿਆ। ਉਹਨੇ ਭੇੜੀਏ ਤੇ ਕਾਂ ਨੂੰ ਆਖਿਆ-“ਦੋਸਤੋ ! ਜੇਕਰ ਸ਼ੇਰ ਇਸ ਊਠ ਨੂੰ ਮਾਰ ਦੇਵੇ ਤਾਂ ਅਸੀਂ ਕਈ ਦਿਨ ਬਹਿ ਕੇ ਅਨੰਦ ਨਾਲ ਆਪਣਾ ਢਿੱਡ ਭਰ ਸਕਦੇ ਹਾਂ। ਕਿੰਨੇ ਦਿਨ ਆਰਾਮ ਨਾਲ ਨਿਕਲ ਜਾਣਗੇ। ਸਾਨੂੰ ਸ਼ਿਕਾਰ ਦੀ ਭਾਲ ਵਿਚ ਭਟਕਣਾ ਨਹੀਂ ਪਵੇਗਾ।” ਨਾਮਕ ਠੱਪੂ ਨੂੰ ਨਾਲ ਭੇੜੀਏ ਤੇ ਕਾਂ ਨੇ ਮਿਲ ਕੇ ਗਿੱਦੜ ਦੀ ਹਾਂ ਵਿਚ ਹਾਂ ਮਿਲਾਈ ਤੇ ਉਹਦੀ ਬੁੱਧੀ ਦੀ ਪ੍ਰਸੰਸਾ ਕਰਦਿਆਂ ਬੋਲੇ—“ਵਾਹ...ਵਾਹ...ਦੋਸਤ ਕੀ ਵਿਚਾਰ ਸੁੱਝਿਆ ਹੈ। ਇਸ ਪਰਦੇਸੀ ਊਠ ਨੂੰ ਤਾਂ ਸ਼ੇਰ ਦੋ ਮਿੰਟਾਂ ਵਿਚ ਮਾਰ ਸੁੱਟੇਗਾ। ਉਹਨੇ ਇਹਦਾ ਸਾਰਾ ਮਾਸ ਨਹੀਂ ਖਾ ਸਕਣਾ। ਬਚਿਆ ਖੁਚਿਆ ਸਾਰਾ ਮਾਲ ਆਪਣਾ ਹੀ ਹੋਵੇਗਾ।”

ਗਿੱਦੜ, ਭੇੜੀਆ ਤੇ ਕਾਂ ਹੱਸਣ ਲੱਗ ਪਏ। ਉਨ੍ਹਾਂ ਤਿੰਨਾਂ ਦੇ ਮਨ ਵਿਚ ਪਾਪ ਭਰਿਆ ਹੋਇਆ ਸੀ। ਤਿੰਨੇ ਮਿਲ ਕੇ ਆਪਣੇ ਮਿੱਤਰ ਸ਼ੇਰ ਕੋਲ ਪਹੁੰਚੇ ਤੇ ਬੋਲੇ—“ਅੱਜ ਅਸੀਂ ਤੁਹਾਡੇ ਲਈ ਇਕ ਖ਼ੁਸ਼ਖ਼ਬਰੀ ਲਿਆਏ ਹਾਂ।”

“ਕਿਹੜੀ ਖ਼ੁਸ਼ਖ਼ਬਰੀ ਏ ਮਿੱਤਰੋ, ਛੇਤੀ ਦੱਸੋ।” ਸ਼ੇਰ ਨੇ ਆਖਿਆ। “ਮਹਾਰਾਜ ! ਸਾਡੇ ਜੰਗਲ ਵਿਚ ਇਕ ਮੋਟਾ ਤਾਜ਼ਾ ਊਠ ਆਇਆ ਹੈ। ਸ਼ਾਇਦ ਉਹ ਕਾਫ਼ਲੇ ਨਾਲੋਂ ਵਿਛੜ ਗਿਆ ਹੈ ਤੇ ਆਪਣੇ ਸਾਥੀਆਂ ਬਿਨਾਂ ਭਟਕਦਾ ਫਿਰ ਰਿਹਾ ਹੈ। ਜੇਕਰ ਤੁਸੀਂ ਉਹਦਾ ਸ਼ਿਕਾਰ ਕਰ ਲਉ ਤਾਂ ਮਜ਼ਾ ਆ ਜਾਵੇ। ਉਹਦਾ ਸਰੀਰ ਮੋਟੇ ਮਾਸ ਨਾਲ ਭਰਿਆ ਪਿਆ ਹੈ। ਵੇਖਿਆ ਜਾਵੇ ਤਾਂ ਆਪਣੇ ਜੰਗਲ ਵਿਚ ਮਾਸ ਨਾਲ ਭਰੇ ਸਰੀਰ ਵਾਲੇ ਜਾਨਵਰ ਹੈ ਹੀ ਕਿੰਨੇ ਕੁ ਨੇ ? ਸਿਰਫ਼ ਹਾਥੀਆਂ ਦੇ ਸਰੀਰ ਹੀ ਮਾਸ ਨਾਲ ਭਰੇ ਹੁੰਦੇ ਹਨ ਪਰ ਹਾਥੀ ਇਕੱਲੇ ਆਉਂਦੇ ਹੀ ਕਦੋਂ ਨੇ। ਜਦੋਂ ਵੀ ਆਉਂਦੇ ਨੇ, ਝੁੰਡਾਂ ਦੇ ਝੁੰਡ ਆਉਂਦੇ ਨੇ ਤੇ ਉਨ੍ਹਾਂ ਨੂੰ ਮਾਰਨਾ ਸੌਖੀ ਗੱਲ ਨਹੀਂ।”

ਸ਼ੇਰ ਨੇ ਉਨ੍ਹਾਂ ਤਿੰਨਾਂ ਦੀ ਗੱਲ ਸੁਣੀ ਤੇ ਫਿਰ ਆਪਣੀਆਂ ਮੁੱਛਾਂ ਨੂੰ ਤਾਅ ਦੇਂਦਿਆਂ ਆਖਿਆ-“ਓ ਮੂਰਖੋ ! ਕੀ ਤੁਸੀਂ ਇਹ ਨਹੀਂ ਜਾਣਦੇ ਕਿ ਅਸੀਂ ਇਸ ਜੰਗਲ ਦੇ ਰਾਜਾ ਹਾਂ। ਰਾਜੇ ਦਾ ਧਰਮ ਹੈ ਨਿਆਂ ਕਰਨਾ।ਪਾਪ ਤੇ ਪੁੰਨ ਦੇ ਦੋਸ਼ਾਂ ਤੇ ਗੁਣਾਂ ਦਾ ਮੁਲਾਂਕਣ ਕਰਕੇ ਪਾਪੀ ਨੂੰ ਸਜ਼ਾ ਦੇਣਾ। ਪੂਰੀ ਪਰਜਾ ਨੂੰ ਇਕੋ ਨਜ਼ਰ ਨਾਲ ਵੇਖਣਾ।ਮੈਂ ਭਲਾ ਆਪਣੇ ਰਾਜ ਵਿਚ ਆਏ ਉਸ ਊਠ ਦੀ ਹੱਤਿਆ ਕਿਵੇਂ ਕਰ ਸਕਦਾ ਹਾਂ ? ਘਰ ਆਏ ਕਿਸੇ ਵੀ ਮਹਿਮਾਨ ਦੀ ਹੱਤਿਆ ਕਰਨਾ ਪਾਪ ਹੈ। ਇਸ ਲਈ ਤੁਸੀਂ ਜਾ ਕੇ ਇਸ ਮਹਿਮਾਨ ਨੂੰ ਪੂਰੇ ਸਨਮਾਨ ਦੇ ਨਾਲ ਮੇਰੇ ਕੋਲ ਲਿਆਉ।”

ਸ਼ੇਰ ਦੀ ਗੱਲ ਸੁਣ ਕੇ ਉਨ੍ਹਾਂ ਤਿੰਨਾਂ ਨੂੰ ਬੜਾ ਦੁਖ ਹੋਇਆ। ਉਨ੍ਹਾਂ ਤਿੰਨਾਂ ਨੇ ਭਵਿੱਖ ਬਾਰੇ ਕਿੰਨੇ ਸੁਪਨੇ ਵੇਖੇ ਸਨ, ਕਈ ਦਿਨਾਂ ਦਾ ਖਾਣ ਦਾ ਪ੍ਰਬੰਧ, ਊਠ ਦਾ ਮਾਸ, ਸਭ ਕੁਝ ਇਸ ਸ਼ੇਰ ਨੇ ਬਰਬਾਦ ਕਰ ਦਿੱਤਾ ਸੀ। ਇਹ ਕਿਹੋ ਜਿਹਾ ਦੋਸਤ ਸੀ ਜਿਹੜਾ ਪਾਪ ਤੇ ਪੁੰਨ ਦੇ ਚੱਕਰ ਵਿਚ ਪੈ ਕੇ ਆਪਣਾ ਸੁਭਾਅ ਭੁੱਲ ਗਿਆ। ਉਹ ਮਜਬੂਰ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸ਼ੇਰ ਦੀ ਦੋਸਤੀ ਛੱਡਦਿਆਂ ਹੀ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ‘ਮਰਦਾ ਕੀ ਨਾ ਕਰਦਾ’ ਵਾਲੀ ਗੱਲ ਸੀ।

ਤਿੰਨੇ ਭਟਕਦੇ ਹੋਏ ਊਠ ਕੋਲ ਪਹੁੰਚੇ ਤੇ ਉਸ ਨੂੰ ਸ਼ੇਰ ਦਾ ਸੱਦਾ ਦਿੱਤਾ। ਊਠ ਹਾਲਾਂਕਿ ਜੰਗਲ ਵਿਚ ਭਟਕਦਿਆਂ ਭਟਕਦਿਆਂ ਦੁਖੀ ਹੋ ਗਿਆ ਸੀ, ਥਕਾਵਟ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ। ਫਿਰ ਵੀ ਜਦ ਉਹਨੇ ਸੁਣਿਆ ਕਿ ਸ਼ੇਰ ਨੇ ਉਹਨੂੰ ਘਰ ਬੁਲਾਇਆ ਹੈ ਤਾਂ ਉਹ ਡਰ ਕਰਕੇ ਕੰਬ ਉੱਠਿਆ।ਕਿਉਂਕਿ ਉਹਨੂੰ ਪਤਾ ਸੀ ਕਿ ਸ਼ੇਰ ਮਾਸਾਹਾਰੀ ਜਾਨਵਰ ਹੈ ਤੇ ਜੰਗਲ ਦਾ ਰਾਜਾ ਵੀ ਹੈ। ਉਹਦੇ ਸਾਹਮਣੇ ਜਾ ਕੇ ਭਲਾ ਕਿਵੇਂ ਬਚਿਆ ਜਾ ਸਕਦਾ ਹੈ ? ਉਸ ਦੀਆਂ ਅੱਖਾਂ ਵਿਚ ਮੌਤ ਦੇ ਸਾਏ ਥਿਰਕਣ ਲੱਗੇ।

ਉਸਨੇ ਸੋਚਿਆ ਕਿ ਸ਼ੇਰ ਦੀ ਆਗਿਆ ਨਾ ਮੰਨ ਕੇ ਜੇਕਰ ਮੈਂ ਨਾ ਗਿਆ ਤਾਂ ਵੀ ਜੀਵਨ ਖ਼ਤਰੇ ਵਿਚ ਹੈ। ਸਗੋਂ ਦੂਸਰੇ ਜਾਨਵਰ ਮੈਨੂੰ ਖਾ ਜਾਣਗੇ। ਇਹਦੇ ਨਾਲੋਂ ਤਾਂ ਚੰਗਾ ਹੈ ਕਿ ਸ਼ੇਰ ਦੇ ਕੋਲ ਹੀ ਚਲਿਆ ਜਾਵਾਂ। ਕੀ ਪਤਾ ਉਹ ਸੱਚਮੁੱਚ ਦੋਸਤੀ ਕਰਕੇ ਅਭਿਨੰਦਨ ਦੇ ਦੇਵੇ। ਇਹੋ ਸੋਚ ਕੇ ਉਹ ਉਹਦੇ ਕੋਲ ਤੁਰ ਪਿਆ।

ਸ਼ੇਰ ਨੇ ਘਰ ਆਏ ਮਹਿਮਾਨ ਦਾ ਮਿੱਤਰਾਂ ਵਾਂਗ ਸੁਆਗਤ ਕੀਤਾ ਤਾਂ ਊਠ ਦਾ ਡਰ ਵੀ ਦੂਰ ਹੋ ਗਿਆ। ਉਹਨੇ ਆਪਣੀ ਸ਼ਰਨ ਵਿਚ ਪਨਾਹ ਦੇਣ ਦਾ ਉਸ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਸ਼ੇਰ ਨੇ ਆਖਿਆ-“ਦੋਸਤ, ਤੁਸੀਂ ਬਹੁਤ ਦੇਰ ਤੋਂ ਭਟਕਦੇ ਰਹੇ ਹੋਣ ਕਰਕੇ ਕਾਫ਼ੀ ਥੱਕ ਗਏ ਹੋ। ਤੁਸੀਂ ਮੇਰੀ ਗੁਫ਼ਾ ਵਿਚ ਹੀ ਆਰਾਮ ਕਰੋ। ਮੈਂ ਤੇ ਮੇਰੇ ਦੋਸਤ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਰਕੇ ਲਿਆਉਂਦੇ ਹਾਂ।

ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦਿਨ ਸ਼ੇਰ ਤੇ ਹਾਥੀ ਵਿਚ ਇਕ ਦਰਖ਼ਤ ਦੀਆਂ ਪੱਤੀਆਂ ਨੂੰ ਲੈ ਕੇ ਝਗੜਾ ਹੋ ਗਿਆ। ਦੋਹਾਂ ਵਿਚ ਭਿਆਨਕ ਯੁੱਧ ਹੋਇਆ ਜਿਸ ਕਰਕੇ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਖ਼ੀਰ ਵਿਚ ਦੋਵੇਂ ਆਪੋ-ਆਪਣੇ ਰਾਹੇ ਪੈ ਗਏ। ਸ਼ੇਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਾ ਸੀ। ਉਹਦੇ ਦੰਦ ਵੀ ਹਿੱਲਣ ਲੱਗ ਪਏ ਸਨ। ਜ਼ਖ਼ਮੀ ਸ਼ੇਰ ਹੁਣ ਕਿਥੇ ਸ਼ਿਕਾਰ ਕਰ ਸਕਦਾ ਸੀ। ਕਈ ਦਿਨ ਲੰਘ ਗਏ। ਸ਼ੇਰ ਦੇ ਸੇਵਕ ਕੋਈ ਸ਼ਿਕਾਰ ਨਾ ਲਿਆ ਸਕੇ । ਉਨ੍ਹਾਂ ਦੁਸ਼ਟਾਂ ਦੀ ਨਜ਼ਰ ਤਾਂ ਊਠ ਦੇ ਮਾਸ 'ਤੇ ਸੀ। ਉਹ ਕਿਸੇ ਤਰ੍ਹਾਂ ਸ਼ੇਰ ਦੇ ਹੱਥੋਂ ਉਹਦਾ ਖ਼ਾਤਮਾ ਕਰਵਾ ਕੇ ਦਾਅਵਤ ਉਡਾਉਣਾ ਚਾਹੁੰਦੇ ਸਨ। ਸ਼ੇਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਹੀ ਯੋਜਨਾ ਬਣਾ ਲਈ ਸੀ।

ਇਕ ਦਿਨ ਉਹ ਸ਼ੇਰ ਕੋਲ ਜਾ ਕੇ ਬੋਲੇ—“ਹੇ ਜੰਗਲ ਦੇ ਰਾਜ ! ਤੁਸੀਂ ਭੁੱਖੇ ਕਿਉਂ ਮਰਦੇ ਹੋ। ਵੇਖੋ, ਸਾਡੇ ਕੋਲ ਇਹ ਊਠ ਹੈ, ਇਹਨੂੰ ਮਾਰ ਕੇ ਖਾ ਲਈਏ। ਜਦ ਤਕ ਅਸੀਂ ਇਹਦੇ ਨਾਲ ਢਿੱਡ ਭਰਾਂਗੇ, ਤਦ ਤਕ ਤੁਸੀਂ ਵੀ ਠੀਕ ਹੋ ਜਾਓਗੇ।”

“ਨਹੀਂ...ਨਹੀਂ...ਮੈਂ ਸ਼ਰਨ ਵਿਚ ਆਏ ਮਹਿਮਾਨ ਦੀ ਹੱਤਿਆ ਨਹੀਂ ਕਰ ਸਕਦਾ।” ਉਨ੍ਹਾਂ ਨੂੰ ਤਾਂ ਪਹਿਲਾਂ ਹੀ ਉਮੀਦ ਸੀ ਕਿ ਸ਼ੇਰ ਨੇ ਉਨ੍ਹਾਂ ਦੀ ਗੱਲ ਨਹੀਂ ਮੰਨਣੀ। ਭਾਵ ਉਹ ਤਿੰਨੇ ਆਪਣੀ ਨਵੀਂ ਯੋਜਨਾ ਦੇ ਅੰਤਰਗਤ ਊਠ ਕੋਲ ਗਏ।

ਊਠ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤਾਂ ਗਿੱਦੜ ਬੋਲਿਆ- “ਭਰਾਵਾ, ਸਾਡਾ ਹਾਲ ਨਾ ਪੁੱਛ। ਅਸੀਂ ਬੜੀ ਮੁਸੀਬਤ ਵਿਚ ਫਸੇ ਹੋਏ ਹਾਂ। ਸਾਡਾ ਤਾਂ ਜੀਣਾ ਵੀ ਮੁਸ਼ਕਿਲ ਹੋ ਰਿਹਾ ਹੈ। ਸ਼ਾਇਦ ਇਕ ਦੋ ਦਿਨਂ ਬਾਅਦ ਅਸੀਂ ਤੇ ਸਾਡਾ ਰਾਜਾ ਸ਼ੇਰ ਭੁੱਖ ਨਾਲ ਤੜਪ-ਤੜਪ ਕੇ ਮਰ ਜਾਈਏ।”

“ਕਿਉਂ...ਅਜਿਹੀ ਕਿਹੜੀ ਗੱਲ ਹੋ ਗਈ ਏ ? ਮੈਨੂੰ ਦੱਸੋ ਮਿੱਤਰੋ ! ਮੈਂ ਰਾਜੇ ਦਾ ਲੂਣ ਖਾਧਾ ਏ, ਮੈਂ ਉਹਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।”

“ਵੇਖ ਮਿੱਤਰ, ਸ਼ੇਰ ਜ਼ਖ਼ਮੀ ਵੀ ਹੈ ਤੇ ਭੁੱਖਾ ਵੀ। ਮਾਸ ਬਿਨਾਂ ਉਹਦਾ ਢਿੱਡ ਨਹੀਂ ਭਰਨਾ ਤੇ ਓਨਾ ਮਾਸ ਅਸੀਂ ਇਕੱਠਾ ਨਹੀਂ ਕਰ ਪਾ ਰਹੇ। ਇਸ ਲਈ ਅਸੀਂ ਫ਼ੈਸਲਾ ਕੀਤਾ ਤੇ ਅਸੀਂ ਰਾਜੇ ਕੋਲ ਜਾ ਰਹੇ ਹਾਂ ਕਿ ਉਹ ਸਾਨੂੰ ਖਾ ਕੇ ਆਪਣਾ ਢਿੱਡ ਭਰ ਲਵੇ। ਇਸ ਸੰਦਰਭ ਵਿਚ ਤੇਰੇ ਅੱਗੇ ਇਕ ਪ੍ਰਾਰਥਨਾ ਹੈ।”

"ਕੀ?"

“ਜੇਕਰ ਅਸੀਂ ਏਨੇ ਭਾਗਸ਼ਾਲੀ ਹੋਏ ਤੇ ਆਪਣੇ ਦੇਵਤਾ ਦੇ ਸਮਾਨ ਰਾਜੇ ਦੇ ਕੰਮ ਆ ਗਏ ਤਾਂ ਸਾਡੇ ਬਾਅਦ ਤੁਹਾਨੂੰ ਸਾਡੇ ਸਵਾਮੀ ਦਾ ਪੂਰਾ ਧਿਆਨ ਰੱਖਣਾ ਪਵੇਗਾ।”

“ਮਿੱਤਰੋ ! ਤੁਹਾਡੇ ਲੋਕਾਂ ਨਾਲ ਭਲਾ ਸ਼ੇਰ ਦੀ ਕੀ ਭੁੱਖ ਮਿਟੇਗੀ। ਚੰਗਾ ਇਹੋ ਹੋਵੇਗਾ ਕਿ ਉਹ ਮੈਨੂੰ ਖਾ ਲਵੇ।

“ਇਹ ਤਾਂ ਤੇਰੀ ਇੱਛਾ ਹੈ ਮਿੱਤਰ, ਪਰ ਪਹਿਲਾਂ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਾਂਗੇ। ਜੇਕਰ ਉਹਨੇ ਸਾਨੂੰ ਸਵੀਕਾਰ ਨਾ ਕੀਤਾ ਤਾਂ ਤੂੰ ਵੀ ਕੋਸ਼ਿਸ਼ ਕਰ ਲਵੀਂ।”

“ਮੈਨੂੰ ਮਨਜ਼ੂਰ ਹੈ। ਮੈਂ ਤੁਹਾਡੇ ਨਾਲ ਹਾਂ। ਮਹਾਰਾਜ ਨੇ ਹੀ ਤਾਂ ਮੈਨੂੰ ਸਹਾਰਾ ਦੇ ਕੇ ਮੇਰੀ ਜਾਨ ਦੀ ਰੱਖਿਆ ਕੀਤੀ ਹੈ। ਜੇ ਮੈਂ ਇਨ੍ਹਾਂ ਪ੍ਰਾਣਾਂ ਨੂੰ ਆਪਣੇ ਮਿੱਤਰ ’ਤੇ ਕੁਰਬਾਨ ਕਰ ਦੇਵਾਂ ਤਾਂ ਮੈਨੂੰ ਇਸਦਾ ਕੋਈ ਦੁੱਖ ਨਹੀਂ ਹੋਵੇਗਾ।”

ਊਠ ਦੀ ਇਹ ਗੱਲ ਸੁਣ ਕੇ ਤਿੰਨੇ ਬਹੁਤ ਖ਼ੁਸ਼ ਹੋਏ। ਗਿੱਦੜ ਨੇ ਭੇੜੀਏ ਨੂੰ ਅੱਖਾਂ ਨਾਲ ਇਸ਼ਾਰਾ ਕਰਕੇ ਹੌਲੀ ਜਿਹੀ ਆਖਿਆ-ਫਸ ਗਿਆ ਮੂਰਖ।”

ਚਾਰੇ ਇਕੱਠੇ ਹੋ ਕੇ ਜ਼ਖ਼ਮੀ ਸ਼ੇਰ ਕੋਲ ਗਏ। ਸ਼ੇਰ ਗੁਫ਼ਾ ਅੰਦਰ ਭੁੱਖਾ ਪਿਆਸਾ ਬੈਠਾ ਸੀ। ਸਰੀਰ 'ਤੇ ਬਹੁਤ ਜ਼ਖ਼ਮ ਸਨ। ਦਰਦ ਕਾਰਨ ਉਹਦਾ ਬੁਰਾ ਹਾਲ ਸੀ।

“ਆਓ ਮੇਰੇ ਮਿੱਤਰੋ ਆਓ, ਪਹਿਲਾਂ ਇਹ ਦੱਸੋ ਕਿ ਸਾਡੇ ਭੋਜਨ ਦਾ ਕੋਈ ਪ੍ਰਬੰਧ ਹੋਇਆ ਜਾਂ ਨਹੀਂ।”ਤੇ ਹਨ ਓਹ ਬਹ “ਨਹੀਂ ਮਹਾਰਾਜ, ਸਾਨੂੰ ਇਸ ਗੱਲ ਦਾ ਬਹੁਤ ਦੁਖ ਹੈ ਕਿ ਅਸੀਂ ਸਾਰੇ ਮਿਲ ਕੇ ਵੀ ਤੁਹਾਡੇ ਭੋਜਨ ਦਾ ਪ੍ਰਬੰਧ ਨਹੀਂ ਕਰ ਸਕੇ। ਪਰ ਹੁਣ ਅਸੀਂ ਤੁਹਾਨੂੰ ਭੁੱਖਾ ਵੀ ਨਹੀਂ ਰਹਿਣ ਦੇਵਾਂਗੇ।” ਕਾਂ ਨੇ ਅੱਗੇ ਵਧ ਕੇ ਆਖਿਆ- “ਮਹਾਰਾਜ ! ਤੁਸੀਂ ਮੈਨੂੰ ਖਾ ਕੇ ਆਪਣੀ ਭੁੱਖ ਮਿਟਾ ਲਓ।”

“ਓਏ ਕਾਂ, ਪਰ੍ਹਾਂ ਹਟ। ਤੈਨੂੰ ਖਾਣ ਨਾਲ ਕੀ ਮਹਾਰਾਜ ਦਾ ਢਿੱਡ ਭਰ ਜਾਵੇਗਾ। ਚੰਗਾ ਹੋਵੇਗਾ ਕਿ ਮਹਾਰਾਜ ਮੈਨੂੰ ਖਾ ਕੇ ਆਪਣਾ ਢਿੱਡ ਭਰ ਲੈਣ। 

ਮੇਰਾ ਕੀ ਏ...।” ਗਿੱਦੜ ਬੋਲਿਆ।

ਗਿੱਦੜ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਭੇੜੀਆ ਆਪਣੀ ਜਗ੍ਹਾ ਤੋਂ ਉੱਠ ਕੇ ਅੱਗੇ ਆਇਆ ਤੇ ਬੋਲਿਆ–ਭਰਾ ਗਿੱਦੜ, ਤੇਰੇ ਸਰੀਰ 'ਤੇ ਵੀ ਏਨਾ ਮਾਸ ਕਿਥੇ ਏ ਕਿ ਮਹਾਰਾਜ ਦਾ ਢਿੱਡ ਭਰ ਸਕੇ । ਉਹ ਚਾਹੁਣ ਤਾਂ ਮੈਨੂੰ ਪਹਿਲਾਂ ਖਾ ਸਕਦੇ ਹਨ। ਸਾਡੇ ਲਈ ਉਨ੍ਹਾਂ ਨੇ ਹਮੇਸ਼ਾ ਸ਼ਿਕਾਰ ਕੀਤਾ ਹੈ, ਅੱਜ ਪਹਿਲੀ ਵਾਰ।”

ਇਹ ਸਭ ਵੇਖ ਕੇ ਊਠ ਨੇ ਵੀ ਸੋਚਿਆ ਕਿ ਮੈਨੂੰ ਵੀ ਆਪਣੇ ਕਰਤੱਵ ਦਾ ਪਾਲਣ ਕਰਨਾ ਚਾਹੀਦਾ ਹੈ। ਸ਼ੇਰ ਨੇਕ ਦਿਲ ਹੈ। ਉਹ ਭਲਾ ਘਰ ਆਏ ਮਹਿਮਾਨ ਦੀ ਹੱਤਿਆ ਕਿਉਂ ਕਰੇਗਾ ਤੇ ਜੇਕਰ ਉਹਦੇ ਉਪਕਾਰ ਬਦਲੇ ਮੈਂ ਉਹਦੇ ਕਿਸੇ ਕੰਮ ਆ ਵੀ ਗਿਆ ਤਾਂ ਮੈਨੂੰ ਖ਼ੁਸ਼ੀ ਹੋਵੇਗੀ।

ਇਹੋ ਸੋਚ ਕੇ ਊਠ ਨੇ ਉਨ੍ਹਾਂ ਸਾਰਿਆਂ ਨੂੰ ਆਖਿਆ–“ਤੁਹਾਡੇ ਮਾਸ ਨਾਲ ਮਹਾਰਾਜ ਦਾ ਢਿੱਡ ਨਹੀਂ ਭਰਨਾ। ਆਖ਼ਿਰ ਮਹਾਰਾਜ ਨੇ ਮੇਰੇ 'ਤੇ ਵੀ ਤਾਂ ਅਹਿਸਾਨ ਕੀਤਾ ਹੈ। ਜੇਕਰ ਤੁਸੀਂ ਆਪਣੇ ਇਸ ਮਿੱਤਰ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਤਾਂ ਮੈਂ ਵੀ ਤੁਹਾਡੇ ਤੋਂ ਪਹਿਲਾਂ ਇਨ੍ਹਾਂ ਨੂੰ ਇਹ ਪ੍ਰਾਰਥਨਾ ਕਰਾਂਗਾ ਕਿ ਇਹ ਮੇਰੇ ਸਰੀਰ ਦੇ ਮਾਸ ਨਾਲ ਆਪਣਾ ਢਿੱਡ ਭਰ ਲੈਣ।” 

“ਵਾਹ...ਵਾਹ...ਮਿੱਤਰ ਹੋਵੇ ਤਾਂ ਇਹੋ ਜਿਹਾ। ਸੱਚਾ ਮਿੱਤਰ ਉਸੇ ਨੂੰ ਕਹਿੰਦੇ ਹਨ ਜਿਹੜਾ ਮੁਸੀਬਤ ਵਿਚ ਮਿੱਤਰ ਦੇ ਕੰਮ ਆਵੇ। ਮਹਾਰਾਜਾ... ਹੁਣ ਤੁਸੀਂ ਦੇਰ ਨਾ ਕਰੋ। ਜੇਕਰ ਤੁਸਾਂ ਆਪਣੇ ਸੇਵਕਾਂ ਦੀ ਪ੍ਰਾਥਨਾ ਸਵੀਕਾਰ ਨਾ ਕੀਤੀ ਤਾਂ...” ਗਿੱਦੜ ਨੇ ਆਖਿਆ।

ਸ਼ੇਰ ਨੇ ਬੜੀ ਕਠਿਨਾਈ ਨਾਲ ਉਠਦਿਆਂ ਊਠ ਦੀ ਹੱਤਿਆ ਕਰਕੇ ਪਹਿਲਾਂ ਆਪਣਾ ਢਿੱਡ ਭਰਿਆ ਤੇ ਬਚਿਆ ਹੋਇਆ ਮਾਸ ਕਈ ਦਿਨ ਉਹ ਤਿੰਨੇ ਚਾਲਬਾਜ਼ ਖਾ ਕੇ ਆਪਣਾ ਢਿੱਡ ਭਰਦੇ ਰਹੇ।



Post a Comment

0 Comments