Punjabi Moral Story 'ਬੇਵਕਤ ਦਾ ਰਾਗ'' 'Bewaqt da Raag' for Kids and Students of class 6, 7, 8, 9, 10.

 ਬੇਵਕਤ ਦਾ ਰਾਗ

ਰਾਮੂ ਧੋਬੀ ਕੋਲ ਇਕ ਗਧਾ ਸੀ। ਸਾਰਾ ਦਿਨ ਉਹ ਉਹਦੇ ਕੋਲੋਂ ਕੰਮ ਕਰਾਉਂਦਾ ਤੇ ਸ਼ਾਮ ਨੂੰ ਖੁੱਲ੍ਹਾ ਛੱਡ ਦੇਂਦਾ ਤਾਂ ਜੋ ਜੰਗਲ ਤੇ ਖੇਤਾਂ ਵਿਚ ਜਾ ਕੇ ਹਰਾ ਘਾਹ ਖਾ ਕੇ ਆਪਣਾ ਢਿੱਡ ਭਰ ਸਕੇ।

ਗਧਾ ਸ਼ਾਮ ਵੇਲੇ ਆਜ਼ਾਦੀ ਨਾਲ ਖਾਂਦਾ ਪੀਂਦਾ ਤੇ ਘੁੰਮਦਾ। ਉਹ ਵਿਚਾਰਾ ਇਸ ਖੇਤਰ ਵਿਚ ਇਕੱਲਾ ਹੀ ਸੀ, ਕੋਈ ਸੰਗੀ-ਸਾਥੀ ਵੀ ਨਹੀਂ ਸੀ ਜੀਹਦੇ ਨਾਲ ਗੱਲ ਕਰ ਲੈਂਦਾ। ਕਦੇ ਕਦੇ ਉਹਦੇ ਮਨ ਵਿਚ ਆਵਾਜ਼ ਉੱਠਦੀ-‘ਕਾਸ਼ ! ਮੇਰਾ ਵੀ ਕੋਈ ਦੋਸਤ ਹੁੰਦਾ।

ਅਚਾਨਕ ਇਕ ਦਿਨ ਜੰਗਲ ਵਿਚ ਇਕ ਗਿੱਦੜ ਨਿਕਲ ਕੇ ਇਨ੍ਹਾਂ ਖੇਤਾਂ ਵੱਲ ਆ ਗਿਆ। ਉਹਨੇ ਸਾਹਮਣੇ ਇਕ ਗਧੇ ਨੂੰ ਘਾਹ ਚਰਦਿਆਂ ਵੇਖਿਆ ਤਾਂ ਮਨ ਵਿਚ ਬਹੁਤ ਖ਼ੁਸ਼ ਹੋਇਆ ਕਿਉਂਕਿ ਉਹ ਵੀ ਇਕੱਲਾ ਘੁੰਮਦਾ-ਘੁੰਮਦਾ ਤੰਗ ਆ ਗਿਆ ਸੀ। ਉਸ ਨੂੰ ਵੀ ਇਕ ਦੋਸਤ ਦੀ ਤਲਾਸ਼ ਸੀ।

ਗਿੱਦੜ ਨੇ ਅੱਗੇ ਵਧ ਕੇ ਗਧੇ ਨੂੰ ਆਖਿਆ-‘ਵੱਡੇ ਭਰਾ ਪ੍ਰਣਾਮ !” “ਪ੍ਰਣਾਮ !’” ਗਧੇ ਨੇ ਉਸ ਗਿੱਦੜ ਵੱਲ ਬੜੇ ਧਿਆਨ ਨਾਲ ਵੇਖਿਆ ਤੇ ਸੋਚੀਂ ਪੈ ਗਿਆ ਕਿ ਮੇਰੇ ਵਰਗੇ ਬਦਨਸੀਬ ਨੂੰ ਪ੍ਰਣਾਮ ਕਰਨ ਵਾਲਾ ਕੌਣ ਹੋ ਸਕਦਾ ਹੈ।

“ਵੱਡੇ ਭਰਾ..ਕੀ ਸੋਚ ਰਹੇ ਓ। ਕੀ ਮੇਰੇ ਨਾਲ ਦੋਸਤੀ ਨਹੀਂ ਕਰੋਗੇ ?”

“ਕਿਉਂ ਨਹੀਂ...ਕਿਉਂ ਨਹੀਂ ਭਰਾ। ਮੈਂ ਤਾਂ ਅੱਜ ਬਹੁਤ ਹੀ ਖ਼ੁਸ਼ ਹਾਂ ਕਿ ਇਸ ਖੇਤਰ ਵਿਚ ਮੈਨੂੰ ਰਾਮ-ਰਾਮ ਕਹਿਣ ਵਾਲਾ ਕੋਈ ਤਾਂ ਮਿਲਿਆ, ਨਹੀਂ ਤਾਂ ਮੇਰਾ ਹਾਲ ਇਹ ਸੀ ਕਿ ਇਸ ਘਾਹ ਤੇ ਖੇਤ ਨਾਲ ਹੀ ਰਾਮ ਰਾਮ ਕਰ ਲੈਂਦੇ ਸਾਂ।”

ਗਧੇ ਦੀ ਗੱਲ ਸੁਣ ਕੇ ਗਿੱਦੜ ਨੂੰ ਹਾਸਾ ਆ ਗਿਆ। ਉਸ ਨੂੰ ਹੱਸਦਾ ਵੇਖ ਕੇ ਗਧਾ ਵੀ ਹੱਸਣ ਲੱਗਾ ਤੇ ਇਸੇ ਗੱਲ ਤੋਂ ਉਨ੍ਹਾਂ ਦੋਵਾਂ ਦੀ ਮਿੱਤਰਤਾ ਸ਼ੁਰੂ ਹੋ ਗਈ।

ਦੂਜੇ ਦਿਨ ਦੋਵੇਂ ਮਿੱਤਰ ਫਿਰ ਉਥੇ ਹੀ ਮਿਲੇ, ਉਸ ਸਮੇਂ ਵੀ ਗਧਾ ਘਾਹ ਖਾ ਰਿਹਾ ਸੀ। ਗਿੱਦੜ ਨੇ ਆਪਣੇ ਮਿੱਤਰ ਨੂੰ ਆਖਿਆ-‘ਵੱਡੇ ਭਰਾ ! ਇਹ ਕੀ, ਤੁਸੀਂ ਹਰ ਰੋਜ਼ ਘਾਹ ਹੀ ਖਾਂਦੇ ਰਹਿੰਦੇ ਹੋ ?”

“ਭਰਾ ਢਿੱਡ ਹੀ ਭਰਨਾ ਏ। ਇਹ ਘਾਹ ਹੀ ਤਾਂ ਆਪਣਾ ਸਾਥੀ ਹੈ।” “ਭਰਾ ! ਤੁਸੀਂ ਮੇਰੇ ਸਾਥੀ ਹੋ। ਅੱਜ ਮੈਂ ਤੁਹਾਨੂੰ ਵਧੀਆ ਖਾਣਾ ਖਵਾਵਾਂਗਾ | ਵੇਖੋ...ਕੁਝ ਹੀ ਦੂਰ ਇਕ ਖੇਤ ਵਿਚ ਵਧੀਆ ਖਰਬੂਜੇ ਹਨ। ਉਹ ਖ਼ਰਬੂਜ਼ੇ ਖਾ ਕੇ ਅਸੀਂ ਦੋਵੇਂ ਭਰਾ ਆਨੰਦ ਮਾਣਾਂਗੇ।”

“ਖ਼ਰਬੂਜ਼ੇ...ਵਾਹ...।” ਗਧੇ ਦੇ ਮੂੰਹ ਵਿਚ ਪਾਣੀ ਭਰ ਆਇਆ । ਗਧਾ ਉਸੇ ਵੇਲੇ ਆਪਣੇ ਦੋਸਤ ਗਿੱਦੜ ਦੇ ਨਾਲ ਖ਼ਰਬੂਜ਼ੇ ਦੇ ਖੇਤ ਵਿਚ ਚਲਾ ਗਿਆ। ਦੋਵੇਂ ਮਿੱਤਰਾਂ ਨੇ ਬੜੇ ਮਜ਼ੇ ਨਾਲ ਖ਼ਰਬੂਜ਼ੇ ਖਾਧੇ। ਨਾਲ- ਨਾਲ ਗੱਲਾਂ ਵੀ ਕਰਦੇ ਰਹੇ।

ਗਧਾ ਕੁਝ ਜ਼ਿਆਦਾ ਹੀ ਖ਼ੁਸ਼ ਹੋ ਗਿਆ ਸੀ। ਵੈਸੇ ਵੀ ਪ੍ਰਾਣੀ ਦੀ ਇਹ ਆਦਤ ਹੈ ਕਿ ਉਹ ਖ਼ੁਸ਼ ਹੋ ਕੇ ਖ਼ੂਬ ਨੱਚਦਾ ਹੈ, ਝੂਮਦਾ ਹੈ। ਕਦੇ-ਕਦੇ ਗਾਣੇ ਵੀ ਗਾਉਣ ਲੱਗ ਜਾਂਦਾ ਹੈ। ਇਹੀ ਹਾਲ ਉਸ ਗਧੇ ਦਾ ਹੋਇਆ। ਜਦ ਉਹਦਾ ਢਿੱਡ ਜ਼ਿਆਦਾ ਭਰ ਗਿਆ ਤਾਂ ਉਹ ਵੀ ਨੱਚਦਾ ਹੋਇਆ ਗਾਣਾ ਗਾਉਣ ਲੱਗਾ।

ਗਿੱਦੜ ਨੇ ਗਧੇ ਦੀ ਢਾਂਚੂ-ਢਾਂਚੂ ਦੀ ਆਵਾਜ਼ ਸੁਣੀ ਤਾਂ ਉਸ ਨੂੰ ਬੋਲਿਆ-ਭਰਾ ਇੰਜ ਰੌਲਾ ਨਾ ਪਾਓ...ਖੇਤ ਦਾ ਮਾਲਕ ਆ ਗਿਆ ਤਾਂ ਅਨਰਥ ਹੋ ਜਾਵੇਗਾ।”

“ਮੈਂ ਰੌਲਾ ਨਹੀਂ ਪਾ ਰਿਹਾ। ਰਾਗ ਗਾ ਰਿਹਾ ਹਾਂ ਰਾਗ। ਤੁਸੀਂ ਜੰਗਲ ਦੇ ਰਹਿਣ ਵਾਲੇ ਲੋਕ ਰਾਗ ਵਿਦਿਆ ਕੀ ਜਾਣੋ...ਗੀਤ ਤਾਂ ਜੀਵਨ ਦਾ ਅੰਗ ਹੈ।” ਕਹਿ ਕੇ ਗਧੇ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ।

“ਭਰਾ...ਜੇਕਰ ਤੁਸੀਂ ਆਪਣੀ ਜ਼ਿਦ 'ਤੇ ਅੜੇ ਰਹੋਗੇ ਤਾਂ ਮੈਂ ਖੇਤ ਤੋਂ ਬਾਹਰ ਖੜ੍ਹਾ ਉਸ ਨੂੰ ਸੁਣਦਾ ਰਹਾਂਗਾ। ਇਸ ਗਾਣੇ ਲਈ ਮੈਂ ਆਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾ ਸਕਦਾ।” ਕਹਿ ਕੇ ਗਿੱਦੜ ਉਸ ਖੇਤ 'ਚੋਂ ਬਾਹਰ ਜਾ ਕੇ ਖੜ੍ਹਾ ਹੋ ਗਿਆ।

ਪਰੰਤੂ ਗਧਾ ਆਪਣੀ ਧੁਨ ਵਿਚ ਮਸਤ ਸੀ।

ਉਸਦੀ ਬੇਸੁਰੀ ਆਵਾਜ਼ ਸੁਣ ਕੇ ਖੇਤ ਦੇ ਮਾਲਕ ਦੀ ਅੱਖ ਖੁੱਲ੍ਹ ਗਈ। ਉਹਨੇ ਵੇਖਿਆ ਕਿ ਗਧਾ ਉਹਦੇ ਖੇਤ ਵਿਚ ਵੜ ਆਇਆ ਹੈ ਤੇ ਪੱਕੇ ਹੋਏ ਖ਼ਰਬੂਜ਼ਿਆਂ ਨੂੰ ਖਾ ਕੇ ਖੇਤ ਉਜਾੜ ਦਿੱਤਾ ਹੈ। ਤਾ ਤਾਪ ਉਹਨੇ ਲਾਠੀ ਚੁੱਕੀ ਤੇ ਉਸ ਗਧੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਗਧਾ ਜਾਨ ਬਚਾ ਕੇ ਭੱਜਿਆ...ਉਹਦੇ ਸਰੀਰ 'ਚੋਂ ਕਈ ਥਾਵਾਂ ਤੋਂ ਖ਼ੂਨ ਵਗਣ ਲੱਗ ਪਿਆ।

ਰਸਤੇ ਵਿਚ ਖਲੋਤੇ ਗਿੱਦੜ ਨੇ ਗਧੇ ਨੂੰ ਆਖਿਆ—“ਕਿਉਂ ਭਰਾ ? ਆਇਆ ਗਾਣੇ ਦਾ ਮਜ਼ਾ ?"

ਗਧਾ ਵਿਚਾਰਾ ਕੀ ਜਵਾਬ ਦਿੰਦਾ। ਉਹ ਤਾਂ ਦਰਦ ਕਰਕੇ ਹਾਏ-ਹਾਏ ਕਰ ਰਿਹਾ ਸੀ।



Post a Comment

0 Comments