Punjabi Moral Story ' ਧੋਖੇਬਾਜ਼ ਸੱਪ' 'Dhokhebaaz Samp' for Kids and Students of class 6, 7, 8, 9, 10.

 ਧੋਖੇਬਾਜ਼ ਸੱਪ

ਨੰਦਨ ਜੰਗਲ 'ਚ ਇਕ ਖ਼ਤਰਨਾਕ ਕਾਲਾ ਸੱਪ ਰਹਿੰਦਾ ਸੀ। ਜਵਾਨੀ ਦੀ ਉਮਰ `ਚ ਉਹਨੇ ਸਾਰੇ ਜੰਗਲ 'ਚ ਆਤੰਕ ਮਚਾ ਰੱਖਿਆ ਸੀ। ਪਰ ਹੁਣ ਉਹ ਬੁੱਢਾ ਹੋ ਚੁੱਕਾ ਸੀ। ਉਹਦੀ ਹਾਲਤ ਦਿਨੋ-ਦਿਨ ਵਿਗੜਦੀ ਗਈ। ਇਥੋਂ ਤਕ ਕਿ ਕਮਜ਼ੋਰੀ ਕਾਰਨ ਹੁਣ ਉਹਦੇ ਕੋਲੋਂ ਸ਼ਿਕਾਰ ਵੀ ਨਹੀਂ ਸੀ ਹੁੰਦਾ। ਬੁੱਢਾ ਹੋਣ ਦੇ ਬਾਵਜੂਦ ਵੀ ਉਹ ਬੜਾ ਧੋਖੇਬਾਜ਼ ਤੇ ਚਲਾਕ ਸੀ। ਕੱਲ੍ਹ ਹੀ ਉਹਨੇ ਆਪਣਾ ਢਿੱਡ ਭਰਨ ਲਈ ਇਕ ਨਵੀਂ ਯੋਜਨਾ ਬਣਾਈ ਸੀ, ਜੀਹਦੇ ’ਤੇ ਅਮਲ ਕਰਨ ਲਈ ਉਹ ਆਪਣੀ ਖੁੱਡ 'ਚੋਂ ਬਾਹਰ ਨਿਕਲ ਕੇ ਹੌਲੀ-ਹੌਲੀ ਰੀਂਗਣ ਲੱਗਾ।

ਹੁਣ ਉਹਦੇ ਖੁੱਡ ’ਚੋਂ ਬਾਹਰ ਨਿਕਲਣ ਉੱਤੇ ਕੋਈ ਹਲਚਲ ਨਹੀਂ ਸੀ ਹੁੰਦੀ। ਜਿਹੜੇ ਜਾਨਵਰ ਉਹਦੀ ਸ਼ਕਲ ਵੇਖ ਕੇ ਡਰਦੇ ਜਾਂਦੇ ਸਨ, ਹੁਣ ਉਨ੍ਹਾਂ ਨਾਲ ਦੋਸਤੀ ਕਰਕੇ ਹੀ ਸਮਾਂ ਗੁਜ਼ਾਰਿਆ ਜਾਂਦਾ ਸੀ।

ਉਹਨੇ ਵੱਡੇ ਤੇ ਬਜ਼ੁਰਗਾਂ ਨੂੰ ਇਹੋ ਪਾਠ ਪੜ੍ਹਾਇਆ ਸੀ ਕਿ ਵੇਲੇ ਨਾਲ ਬਦਲ ਜਾਣਾ ਹੀ ਬੁੱਧੀਮਾਨੀ ਹੈ।

ਇਹੋ ਕਾਰਨ ਸੀ ਕਿ ਇਸ ਸੱਪ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਸੀ। ਅੱਜ ਜਦੋਂ ਉਹ ਆਪਣੀ ਖੁੱਡ 'ਚੋਂ ਬਾਹਰ ਨਿਕਲਿਆ ਤਾਂ ਸਾਹਮਣੇ ਬੈਠੇ ਕੁਝ ਡੱਡੂਆਂ ਨੂੰ ਪ੍ਰਣਾਮ ਕੀਤਾ। ਜਮਨਾਪਾਲ “ਨਾਗਰਾਜ, ਤੁਸੀਂ ਤਾਂ ਮਾਣਯੋਗ ਹੋ, ਵੱਡੇ ਹੋ, ਸਾਡਾ ਫ਼ਰਜ਼ ਹੈ ਕਿ ਤੁਹਾਨੂੰ ਪ੍ਰਣਾਮ ਕਰੀਏ। ਤੁਸੀਂ ਸਾਨੂੰ ਪ੍ਰਣਾਮ ਕਰਕੇ ਕਿਉਂ ਪਾਪ ਦਾ ਭਾਗੀ ਬਣਾ ਰਹੇ ਹੋ।

“ਬੱਚਿਓ, ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਂਦਾ ਹੈ। ਤੁਸੀਂ ਵੱਡੇ ਹੋ ਗਏ ਹੋ ਇਸ ਕਰਕੇ ਸਾਡਾ ਤੁਹਾਡਾ ਰਿਸ਼ਤਾ ਮਿੱਤਰਾਂ ਵਾਲਾ ਹੈ। ਸਾਡੇ 'ਚ ਕੋਈ ਛੋਟਾ-ਵੱਡਾ ਨਹੀਂ ਹੈ।”

“ਨਾਗਰਾਜ, ਇਹ ਤਾਂ ਤੁਹਾਡੀ ਵਡਿਆਈ ਹੈ ਕਿ ਤੁਸੀਂ ਸਾਨੂੰ ਬਰਾਬਰੀ ਦਾ ਦਰਜਾ ਦੇ ਰਹੇ ਹੋ।” ਡੱਡੂਆਂ ਦੇ ਸਰਦਾਰ ਨੇ ਆਖਿਆ।

“ਇਹ ਨਾ ਭੁੱਲੋ ਕਿ ਸੰਤਾਨ ਹੀ ਬੁਢਾਪੇ ਦਾ ਸਹਾਰਾ ਹੁੰਦੀ ਹੈ। ਹੁਣ ਤਾਂ ਸਾਨੂੰ ਬੁੱਢਿਆਂ ਨੂੰ ਆਪਣੇ ਖਾਣ ਦੀ ਚਿੰਤਾ ਲੱਗੀ ਰਹਿੰਦੀ ਹੈ। ਸੋਚਦਾ ਹਾਂ ਕਿ ਤੁਹਾਡੇ ਵਰਗੇ ਜਵਾਨ ਰਲ ਜਾਣ ਤਾਂ ਥੋੜ੍ਹੀ ਚਿੰਤਾ ਘਟ ਜਾਵੇ।” “ਅਸੀਂ ਤੁਹਾਡੀ ਸੇਵਾ ਲਈ ਹਰ ਵੇਲੇ ਹਾਜ਼ਰ ਹਾਂ। ਦੱਸੋ ਤੁਹਾਡੇ ਕਿਹੜੇ ਕੰਮ ਆ ਸਕਦੇ ਹਾਂ ?''

“ਜੇ ਤੁਸਾਂ ਮੇਰਾ ਦੁੱਖ ਪੁੱਛ ਹੀ ਲਿਆ ਹੈ ਤਾਂ ਸੁਣੋ...ਪਿਛਲੇ ਜਨਮ 'ਚ ਮੈਂ ਇਕ ਬ੍ਰਾਹਮਣ ਦੇ ਮੁੰਡੇ ਨੂੰ ਡੱਸਿਆ ਸੀ। ਉਹ ਆਪਣੇ ਪਿਉ ਦੇ ਸਾਹਮਣੇ ਤੜਪ ਤੜਪ ਕੇ ਮਰ ਗਿਆ ਤਾਂ ਬ੍ਰਾਹਮਣ ਨੇ ਮੈਨੂੰ ਸਰਾਪ ਦਿੱਤਾ—ਹੇ ਪ੍ਰਾਣੀ, ਤੂੰ ਮੇਰੇ ਮੁੰਡੇ ਨੂੰ ਡੱਸਿਆ ਏ...ਜਾ, ਆਪਣੇ ਇਸ ਪਾਪ ਬਦਲੇ ਤੂੰ ਅਗਲੇ ਜਨਮ 'ਚ ਬੁੱਢਾ ਹੋ ਕੇ ਡੱਡੂਆਂ ਨੂੰ ਆਪਣੀ ਪਿੱਠ 'ਤੇ ਬਿਠਾ ਕੇ ਘੁਮਾਇਆ ਕਰੇਂਗਾ ਤਾਂ ਹੀ ਤੈਨੂੰ ਭੋਜਨ ਨਸੀਬ ਹੋਵੇਗਾ। ਪੁੱਤਰੋ, ਹੁਣ ਤੁਸੀਂ ਹੀ ਸੋਚੋ ਕਿ ਮੈਂ ਕੀ ਕਰਾਂ ? ਹੁਣ ਤਾਂ ਮੈਂ ਬਿਲਕੁਲ ਬੁੱਢਾ ਹੋ ਗਿਆ ਹਾਂ। ਮੇਰੇ ਭੋਜਨ ਦਾ ਜੁਗਾੜ ਤਾਂ ਹੀ ਬਣ ਸਕੇਗਾ ਜੇਕਰ ਤੁਸੀਂ ਮੈਨੂੰ ਇਸ ਪਾਪ ਤੋਂ ਮੁਕਤ ਕਰਵਾਉਗੇ।”

“ਨਾਗਰਾਜ ! ਚਿੰਤਾ ਨਾ ਕਰੋ। ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਜੇਕਰ ਅਸੀਂ ਇਕ ਦੂਜੇ ਦੇ ਕੰਮ ਨਾ ਆਏ ਤਾਂ ਕੌਣ ਆਵੇਗਾ।" ਡੱਡੂਆਂ ਦੇ ਸਰਦਾਰ ਨੇ ਮਾਣ ਨਾਲ ਛਾਤੀ ਤਾਣ ਕੇ ਆਖਿਆ। ਉਹਦੇ ਲਈ ਇਹ ਬੜੇ ਮਾਣ ਵਾਲੀ ਗੱਲ ਸੀ ਕਿ ਸੱਪ ਵਰਗਾ ਸ਼ਕਤੀਸ਼ਾਲੀ ਜਾਨਵਰ ਉਹਦਾ ਦੋਸਤ ਬਣਨ ਦਾ ਚਾਹਵਾਨ ਹੈ।

ਸੱਪ ਆਪਣੇ ਮਨ 'ਚ ਬਹੁਤ ਖ਼ੁਸ਼ ਹੋਇਆ ਕਿ ਉਹਦੀ ਚਾਲ ਸਫ਼ਲ ਹੋ ਗਈ ਹੈ, ਹੁਣ ਉਹ ਭੁੱਖਾ ਨਹੀਂ ਮਰੇਗਾ। ਦੂਜੇ ਪਾਸੇ ਡੱਡੂਆਂ ਨੇ ਆਪਣੇ ਮਿੱਤਰਾਂ ਨੂੰ ਇਹ ਖ਼ੁਸ਼ੀ ਭਰੀ ਖ਼ਬਰ ਸੁਣਾਈ ਕਿ ਅੱਜ ਤੋਂ ਸਾਡੀ ਬਰਾਦਰੀ ਸੱਪ ਦੇ ਉਪਰ ਬਹਿ ਕੇ ਘੁੰਮਿਆ ਕਰੇਗੀ। ਕਾਲਾ ਸੱਪ ਸਾਨੂੰ ਵਾਰੀ-ਵਾਰੀ ਆਪਣੀ ਪਿੱਠ 'ਤੇ ਬਿਠਾ ਕੇ ਜੰਗਲ ਦੀ ਸੈਰ ਕਰਾਵੇਗਾ। ਇਹ ਗੱਲ ਸੁਣ ਕੇ ਸਾਰੇ ਡੱਡੂ ਖ਼ੁਸ਼ ਹੋਏ।

ਸੱਪ ਆਪਣੀ ਚਾਲ ਨੂੰ ਸਫ਼ਲ ਹੋਇਆ ਵੇਖ ਕੇ ਖ਼ੁਸ਼ ਸੀ ਅਤੇ ਭੋਲੇ- ਭਾਲੇ ਸਾਫ਼ ਦਿਲ ਵਾਲੇ ਡੱਡੂ ਸੱਪ 'ਤੇ ਸਵਾਰੀ ਕਰਨ ਦੀ ਉਮੀਦ 'ਚ ਖ਼ੁਸ਼ੀ ਮਨਾ ਰਹੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਸੱਪ ਕਿੰਨਾ ਧੋਖੇਬਾਜ਼ ਹੈ। ਇਹ ਬੁੱਢਾ ਜ਼ਰੂਰ ਹੈ ਪਰ ਧੋਖਾ ਦੇਣ 'ਚ ਅਜੇ ਵੀ ਜਵਾਨ ਸੀ।

ਡੱਡੂ ਸਾਰੀ ਰਾਤ ਖ਼ੁਸ਼ੀ ਮਨਾਉਂਦੇ ਰਹੇ।

ਸਵੇਰ ਹੋਈ ਤਾਂ ਡੱਡੂਆਂ ਦਾ ਸਰਦਾਰ ਆਪਣੇ ਮਿੱਤਰਾਂ ਨਾਲ ਸੱਪ ਕੋਲ ਆਇਆ ਤੇ ਖੁੱਡ ਦੇ ਬਾਹਰ ਖੜ੍ਹਾ ਹੋ ਕੇ ਆਵਾਜ਼ਾਂ ਮਾਰਨ ਲੱਗਾ- “ਨਾਗਰਾਜ ! ਅਸੀਂ ਆ ਗਏ ਹਾਂ। ਤੁਸੀਂ ਵੀ ਆ ਜਾਓ ਤਾਂ ਜੋ ਤੁਹਾਡੇ ਪਾਪ ਦਾ ਪ੍ਰਾਸ਼ਚਿਤ ਕੀਤਾ ਜਾ ਸਕੇ।”

ਨਾਗਰਾਜ ਆਪਣੀ ਖੁੱਡ ਤੋਂ ਬਾਹਰ ਨਿਕਲਿਆ ਤੇ ਬੋਲਿਆ—“ਆਓ ਦੋਸਤੋ। ਤੁਹਾਨੂੰ ਸਾਰਿਆਂ ਨੂੰ ਪ੍ਰਣਾਮ।”

“ਨਾਗਰਾਜ ! ਅਸੀਂ ਵੀ ਤੁਹਾਨੂੰ ਪ੍ਰਣਾਮ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਆਪਣਾ ਕੱਲ੍ਹ ਵਾਲਾ ਵਾਅਦਾ ਯਾਦ ਹੋਵੇਗਾ।”

“ਮੈਂ ਨਾਗ ਹਾਂ, ਨਾਗ ਆਪਣੇ ਵਾਅਦੇ ਕਦੇ ਨਹੀਂ ਭੁੱਲਦੇ। ਅੱਜ ਪਹਿਲੇ ਦਿਨ ਤੂੰ ਹੀ ਮੇਰੀ ਪਿੱਠ 'ਤੇ ਬਹਿ। ਅੱਜ ਮੈਂ ਤੈਨੂੰ ਘੁਮਾਵਾਂਗਾ। ਕੱਲ੍ਹ ਤੋਂ ਤੇਰੀ ਪਰਜਾ ਦਾ ਨੰਬਰ ਲੱਗੇਗਾ।”

“ਠੀਕ ਏ ਨਾਗਰਾਜ, ਜਿਵੇਂ ਤੁਹਾਡੀ ਮਰਜ਼ੀ। ਅਸੀਂ ਤਾਂ ਤੁਹਾਡੀ ਖ਼ੁਸ਼ੀ ’ਚ ਹੀ ਖ਼ੁਸ਼ ਹਾਂ।”

“ਸਰਦਾਰ! ਕੀ ਅਸਲ 'ਚ ਤੁਸੀਂ ਮੇਰੀ ਖ਼ੁਸ਼ੀ ਦਾ ਖ਼ਿਆਲ ਰੱਖੋਗੇ।” “ਹਾਂ ਨਾਗਰਾਜ, ਸਮਾਂ ਆਉਣ 'ਤੇ ਤੁਸੀਂ ਮੇਰਾ ਇਮਤਿਹਾਨ ਲੈ ਕੇ ਵੀ ਵੇਖ ਲਿਉ। ਤੁਹਾਡੇ ਵਰਗੇ ਦੋਸਤ 'ਤੇ ਤਾਂ ਮੈਂ ਜਾਨ ਕੁਰਬਾਨ ਕਰ ਦਿਆਂ।” “ਬਸ...ਬਸ...ਦੋਸਤ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਤੂੰ ਮੇਰਾ ਪੂਰਾ ਖ਼ਿਆਲ ਰੱਖੇਂਗਾ। ਹੁਣ ਤੂੰ ਛੇਤੀ ਮੇਰੀ ਪਿੱਠ 'ਤੇ ਬਹਿ ਜਾ। ਘੁੰਮਣ ਦਾ ਮਜ਼ਾ ਤਾਂ ਸਵੇਰੇ ਸਵੇਰੇ ਹੀ ਆਉਂਦਾ ਹੈ।

ਡੱਡੂਆਂ ਦਾ ਸਰਦਾਰ ਬੁੱਢੇ ਸੱਪ ਦੀ ਪਿੱਠ 'ਤੇ ਬਹਿ ਗਿਆ। ਸੱਪ ਮਨ ਹੀ ਮਨ ਖ਼ੁਸ਼ ਹੋ ਰਿਹਾ ਸੀ।

ਸਾਰਾ ਦਿਨ ਉਹ ਧੋਖੇਬਾਜ਼ ਸੱਪ ਡੱਡੂਆਂ ਦੇ ਸਰਦਾਰ ਨੂੰ ਘੁਮਾਉਂਦਾ ਰਿਹਾ ਤੇ ਸ਼ਾਮ ਨੂੰ ਉਸੇ ਜਗ੍ਹਾ 'ਤੇ ਲਿਆ ਕੇ ਛੱਡ ਦਿੱਤਾ। ਇਸ ਮਾਮਲੇ `ਚ ਉਹਨੇ ਏਨੀ ਸਾਵਧਾਨੀ ਵਰਤੀ ਕਿ ਉਹਨੂੰ ਖਰੋਚ ਤਕ ਨਾ ਆਵੇ। ਡੱਡੂ ਦੇ ਸਰਦਾਰ ਨੇ ਸੱਪ ਨੂੰ ਆਖਿਆ–“ਚੰਗਾ ਦੋਸਤ, ਕੱਲ੍ਹ ਸਵੇਰੇ ਮਿਲਾਂਗੇ।” “ਠੀਕ ਏ ਦੋਸਤ, ਜਿਵੇਂ ਤੇਰੀ ਮਰਜ਼ੀ। ਪਰ ਇਕ ਗੱਲ ਤਾਂ ਮੇਰੀ ਸਮਝ 'ਚ ਨਹੀਂ ਆਈ।”

"ਕੀ?"

“ਇਹੋ ਕਿ ਤੂੰ ਸਾਰਾ ਦਿਨ ਮੇਰੇ ਪਿੱਠ 'ਤੇ ਬਹਿ ਕੇ ਘੁੰਮਦਾ ਰਿਹਾਂ ਪਰ ਇਹ ਨਹੀਂ ਪੁੱਛਿਆ ਕਿ ਮੈਂ ਖਾਣਾ ਖਾਧਾ ਏ ਜਾਂ ਨਹੀਂ।”

“ਓਹ, ਮਾਫ਼ ਕਰਿਓ ਨਾਗਰਾਜ ਮੇਰੇ ਕੋਲੋਂ ਗ਼ਲਤੀ ਹੋ ਗਈ,ਮੈਂ ਅਸਲ 'ਚ ਤੁਹਾਡੇ ਅੱਗੇ ਬਹੁਤ ਸ਼ਰਮਿੰਦਾ ਹਾਂ।”

“ਅਜਿਹੀ ਕੋਈ ਗੱਲ ਨਹੀਂ ਦੋਸਤ, ਮੈਂ ਵੀ ਉਵੇਂ ਹੀ ਕਹਿ ਦਿੱਤਾ ਸੀ। ਤੇਰੇ ਵਰਗੇ ਦੋਸਤ ਲਈ ਤਾਂ ਮੈਂ ਭੁੱਖਾ ਰਹਿ ਕੇ ਵੀ ਜੀਵਨ ਗੁਜ਼ਾਰ ਸਕਦਾ ਹਾਂ। ਆਖ਼ਿਰ ਮੇਰੇ ਪਾਪ ਦਾ ਪ੍ਰਾਸ਼ਚਿਤ ਹੀ ਤਾਂ ਹੋ ਰਿਹਾ ਹੈ।”

“ਨਹੀਂ..ਨਾਗਰਾਜ ! ਅਸੀਂ ਤੁਹਾਨੂੰ ਭੁੱਖਾ ਰੱਖ ਕੇ ਪਾਪੀ ਨਹੀਂ ਬਣਨਾ ਚਾਹੁੰਦੇ। ਅਸੀਂ ਤੁਹਾਡੇ ਲਈ ਭੋਜਨ ਦਾ ਇੰਤਜ਼ਾਮ ਕਰਾਂਗੇ। ਕੱਲ੍ਹ ਤੋਂ ਅਸੀਂ ਆਪਣੇ ਆਪ ਛੋਟੇ-ਛੋਟੇ ਡੱਡੂ ਤੁਹਾਡੇ ਖਾਣ ਲਈ ਭੇਜ ਦਿਆਂ ਕਰਾਂਗੇ।” ਨਾਗ ਮਨ ਹੀ ਮਨ ਹੱਸਦਾ ਹੋਇਆ ਸੋਚਣ ਲੱਗਾ-“ਵਾਹ ! ਤੀਰ ਨਿਸ਼ਾਨੇ 'ਤੇ ਲੱਗਾ ਹੈ। ਹੁਣ ਸਾਰੀ ਚਿੰਤਾ ਦੂਰ ਹੋ ਗਈ ਹੈ। ਕਿਸੇ ਛੋਟੇ ਜਾਨਵਰ ਨੂੰ ਥੋੜ੍ਹਾ ਜਿਹਾ ਸਨਮਾਨ ਦੇ ਦਿਉ ਤਾਂ ਉਹ ਜਾਨ ਦੇਣ ਤਕ ਜਾਂਦਾ ਹੈ।” ਅਗਲੇ ਦਿਨ ਸਵੇਰੇ ਹੀ ਸੌਂਪ ਲਈ ਭੋਜਨ ਆ ਗਿਆ। ਸੱਪ ਨੇ ਇਸ ਤੋਂ ਪਹਿਲਾਂ ਏਨੇ ਮਜ਼ੇ ਨਾਲ ਘਰ ਬਹਿ ਕੇ ਭੋਜਨ ਨਹੀਂ ਸੀ ਖਾਧਾ। ਘਰ ਬੈਠਿਆਂ ਭੋਜਨ ਮਿਲੇ, ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ।

ਭੋਜਨ ਤੋਂ ਬਾਅਦ ਸੱਪ ਨੇ ਕੁਝ ਡੱਡੂਆਂ ਨੂੰ ਉਨ੍ਹਾਂ ਦੇ ਸਰਦਾਰ ਸਾਹਮਣੇ ਪਿੱਠ 'ਤੇ ਬਿਠਾਇਆ ਤੇ ਘੁਮਾਉਣ ਲੈ ਗਿਆ। ਰਸਤੇ 'ਚ ਉਹਦਾ ਪੁਰਾਣਾ ਮਿੱਤਰ ਦੂਸਰਾ ਸੱਪ ਮਿਲਿਆ ਤਾਂ ਉਹਦੀ ਪਿੱਠ 'ਤੇ ਬੈਠੇ ਡੱਡੂਆਂ ਨੂੰ ਵੇਖ ਕੇ ਹੱਸਦਾ ਹੋਇਆ ਬੋਲਿਆ—“ਆਹ ਕੀ ਨਾਟਕ ਏ...ਸੱਪ ਦੀ ਪਿੱਠ 'ਤੇ ਡੱਡੂ।”

“ਆਹੋ ਦੋਸਤ...ਵੇਲੇ ਵੇਲੇ ਦੀ ਗੱਲ ਏ। ਇਨਸਾਨਾਂ 'ਚ ਇਕ ਕਹਾਵਤ ਮਸ਼ਹੂਰ ਹੈ ਕਿ ਲੋੜ ਪੈਣ 'ਤੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਹੈ।” “ਬਹੁਤ ਵਧੀਆ ਲਗਦਾ ਏ ਕੋਈ ਵੱਡੀ ਖੇਡ ਰਿਹਾ ਏਂ।”

“ਆਹੋ, ਪਾਪੀ ਪੇਟ ਦਾ ਸਵਾਲ ਏ ਭਰਾਵਾ। ਬੁਢਾਪੇ 'ਚ ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਤਾਂ ਆਪਣੀ ਅਕਲ ਤੇ ਅਨੁਭਵ ਹੀ ਕੰਮ ਆਉਂਦੇ ਹਨ।”

ਦੋਵੇਂ ਸੱਪ ਇਕ-ਦੂਜੇ ਨਾਲ ਗੱਲਾਂ ਕਰਦੇ ਰਹੇ। ਸੱਪ ਬੜੇ ਮਜ਼ੇ ਨਾਲ ਤੁਰਦਾ ਰਿਹਾ। ਸਵੇਰ ਤੋਂ ਸ਼ਾਮ ਪੈ ਗਈ। ਜਦੋਂ ਉਹ ਵਾਪਸ ਆਪਣੀ ਖੁੱਡ ਦੇ ਕੋਲ ਆਇਆ ਤਾਂ ਡੱਡੂ ਸਰਦਾਰ ਬੜੇ ਠਾਠ ਨਾਲ ਸੱਪ ਦੀ ਪਿੱਠ ਤੋਂ ਉਤਰਿਆ। ਉਸੇ ਵੇਲੇ ਉਸਨੇ ਤਲਾਬ ਵਿਚੋਂ ਥੋੜੇ ਜਿਹੇ ਡੱਡੂ ਨਾਗਰਾਜ ਦੇ ਭੋਜਨ ਲਈ ਘੱਲ ਦਿੱਤੇ। ਸੱਪ ਨੇ ਬੜੇ ਮਜ਼ੇ ਨਾਲ ਭੋਜਨ ਕੀਤਾ ਤੇ ਆਪਣੇ ਦੋਸਤ ਨਾਲ ਗੱਪਾਂ ਮਾਰਦਾ ਰਿਹਾ।

ਡੱਡੂ ਸਰਦਾਰ ਸੱਪ ਨਾਲ ਦੋਸਤੀ ਕਰਕੇ ਬੜਾ ਖ਼ੁਸ਼ ਸੀ। ਸੱਪ ਦੀ ਸਵਾਰੀ ਦਾ ਤਾਂ ਮਜ਼ਾ ਹੀ ਵੱਖਰਾ ਸੀ। ਜਿਹੜਾ ਵੀ ਜਾਨਵਰ ਉਹਨੂੰ ਸੱਪ ਦੀ ਪਿੱਠ 'ਤੇ ਬੈਠਾ ਵੇਖਦਾ, ਉਹੋ ਹੈਰਾਨ ਹੁੰਦਾ। ਉਹਦੇ ਮੂੰਹੋਂ ਇਹੋ ਸ਼ਬਦ ਨਿਕਲਦੇ— “ਬੜੀ ਕਿਸਮਤ ਵਾਲਾ ਏ ਸਰਦਾਰ। ਸੱਪ ਤਾਂ ਹਮੇਸ਼ਾ ਸਾਡੀ ਬਰਾਦਰੀ ਦਾ ਦੁਸ਼ਮਣ ਰਿਹਾ ਹੈ। ਤੂੰ ਉਹਨੂੰ ਆਪਣੀ ਅਕਲ ਨਾਲ ਆਪਣਾ ਦਾਸ ਬਣਾ ਲਿਆ।”

“ਭਰਾਵਾ...ਇਹ ਸਭ ਰਾਜਨੀਤੀ ਦੀਆਂ ਖੇਡਾਂ ਨੇ। ਜੇਕਰ ਸਾਰੇ ਅਜਿਹੀਆਂ ਖੇਡਾਂ ਖੇਡਣ ਲੱਗ ਪੈਣ ਤਾਂ ਫਿਰ ਸਾਡੇ ਤੇ ਆਮ ਡੱਡੂਆਂ 'ਚ ਕੀ ਫ਼ਰਕ ਰਿਹਾ।” ਸਰਦਾਰ ਮਾਣ ਨਾਲ ਆਖਦਾ।

ਸਮਾਂ ਲੰਘਦਾ ਗਿਆ। ਨਾਗਰਾਜ ਆਪਣਾ ਬੁਢਾਪਾ ਬੜੇ ਮਜ਼ੇ ਨਾਲ ਕੱਟ ਰਿਹਾ ਸੀ। ਉਹਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਸੀ।

ਹੌਲੀ-ਹੌਲੀ ਉਸ ਸੱਪ ਨੇ ਨਾਲ ਵਾਲੇ ਤਲਾਬ ਦੇ ਸਾਰੇ ਡੱਡੂ ਖਾ ਲਏ। ਹੁਣ ਸਿਰਫ਼ ਸਰਦਾਰ ਹੀ ਬਾਕੀ ਬਚਿਆ ਸੀ।

ਇਕ ਦਿਨ ਸਵੇਰੇ ਸਰਦਾਰ ਉਹਦੇ ਕੋਲ ਘੁੰਮਣ ਲਈ ਆਇਆ ਤਾਂ ਸੱਪ ਨੇ ਸਭ ਤੋਂ ਪਹਿਲਾਂ ਪੁੱਛਿਆ—“ਮੇਰਾ ਭੋਜਨ ਕਿਥੇ ਏ ?” “ਨਾਗਰਾਜ, ਮੈਨੂੰ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੀ ਸਾਰੀ ਪਰਜਾ ਖ਼ਤਮ ਹੋ ਗਈ ਹੈ।

“ਪਰਜਾ ਖ਼ਤਮ ਹੋਈ ਏ...ਤੂੰ ਤਾਂ ਜਿਊਂਦਾ ਏ।”

ਇੰਨਾ ਕਹਿ ਕੇ ਉਸ ਕਾਲੇ ਸੱਪ ਨੇ ਡੱਡੂਆਂ ਦੇ ਸਰਦਾਰ ਨੂੰ ਵੀ ਖਾ ਲਿਆ।



Post a Comment

0 Comments