Punjabi Moral Story 'Gufa di Awaz' 'ਗੁਫ਼ਾ ਦੀ ਆਵਾਜ਼' for Kids and Students of class 6, 7, 8, 9, 10.

ਗੁਫ਼ਾ ਦੀ ਆਵਾਜ਼

ਇਕ ਬੁੱਢਾ ਸ਼ੇਰ ਜੰਗਲ ਵਿਚ ਇਧਰ-ਉਧਰ ਭਟਕ ਰਿਹਾ ਸੀ। ਕਈ ਦਿਨਾਂ ਤੋਂ ਉਹਨੂੰ ਖਾਣਾ ਨਸੀਬ ਨਹੀਂ ਸੀ ਹੋਇਆ। ਦਰਅਸਲ ਬੁਢਾਪੇ ਕਰਕੇ ਉਹਦੇ ਕੋਲੋਂ ਹੁਣ ਸ਼ਿਕਾਰ ਨਹੀਂ ਹੁੰਦਾ। ਛੋਟੇ-ਛੋਟੇ ਜਾਨਵਰ ਵੀ ਉਹਨੂੰ ਧੋਖਾ ਦੇ ਕੇ ਭੱਜ ਜਾਂਦੇ ਸਨ। ਜਦੋਂ ਭਟਕਦਿਆਂ ਭਟਕਦਿਆਂ ਉਹ ਕਾਫ਼ੀ ਥੱਕ ਗਿਆ ਤਾਂ ਇਕ ਥਾਂ 'ਤੇ ਖਲੋ ਕੇ ਸੋਚਣ ਲੱਗਾ ਕਿ ਕੀ ਕਰਾਂ, ਕਿਧਰ ਜਾਵਾਂ ? ਕਿਸ ਤਰ੍ਹਾਂ ਬੁਝਾਵਾਂ ਇਸ ਢਿੱਡ ਦੀ ਅੱਗ ? ਕਾਸ਼ ! ਅਸੀਂ ਵੀ ਦੂਸਰੇ ਸ਼ਾਕਾਹਾਰੀ ਜਾਨਵਰਾਂ ਵਾਂਗ ਘਾਹ-ਪੱਤੇ, ਫਲ-ਫੁੱਲ ਖਾ ਲੈਂਦੇ ਤਾਂ ਅੱਜ ਮੈਨੂੰ ਇਸ ਤਰ੍ਹਾਂ ਭੁੱਖਿਆਂ ਨਾ ਮਰਨਾ ਪੈਂਦਾ।

ਅਚਾਨਕ ਉਸਦੀ ਨਜ਼ਰ ਇਕ ਗੁਫ਼ਾ 'ਤੇ ਪਈ। ਉਸਨੇ ਸੋਚਿਆ ਕਿ

ਵਿਚ ਜ਼ਰੂਰ ਕੋਈ ਜੰਗਲੀ ਜਾਨਵਰ ਰਹਿੰਦਾ ਹੋਵੇਗਾ। ਮੈਂ ਇਸ ਇਸ ਗੁਫ਼ਾ ਗੁਫ਼ਾ ਵਿਚ ਜਾ ਕੇ ਬੈਠ ਜਾਂਦਾ ਹਾਂ। ਜਿਵੇਂ ਹੀ ਉਹ ਜਾਨਵਰ ਆਵੇਗਾ, ਮੈਂ ਉਸ ਨੂੰ ਖਾ ਕੇ ਆਪਣਾ ਢਿੱਡ ਭਰ ਲਵਾਂਗਾ। ਸ਼ੇਰ ਉਸ ਗੁਫ਼ਾ ਅੰਦਰ ਜਾ ਕੇ ਬਹਿ ਗਿਆ ਤੇ ਆਪਣੇ ਸ਼ਿਕਾਰ ਨੂੰ ਉਡੀਕਣ ਲੱਗਾ।

ਉਸ ਗੁਫ਼ਾ ਵਿਚ ਇਕ ਗਿੱਦੜ ਰਹਿੰਦਾ ਸੀ। ਗਿੱਦੜ ਨੇ ਗੁਫ਼ਾ ਨੇੜੇ ਆ ਕੇ ਗੁਫ਼ਾ ਵਿਚ ਗਏ ਸ਼ੇਰ ਦੇ ਪੰਜਿਆਂ ਦੇ ਨਿਸ਼ਾਨ ਨੂੰ ਵੇਖਿਆ ਤੇ ਉਹ ਤੁਰੰਤ ਖ਼ਤਰੇ ਨੂੰ ਭਾਂਪ ਗਿਆ। ਪਰ ਸੰਕਟ ਸਾਹਮਣੇ ਵੇਖ ਕੇ ਉਹਨੇ ਆਪਣਾ ਸੰਜਮ ਨਾ ਗਵਾਇਆ ਸਗੋਂ ਉਸਦੀ ਬੁੱਧੀ ਤੇਜ਼ੀ ਨਾਲ ਕੰਮ ਕਰਨ ਲੱਗੀ ਕਿ ਇਸ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ?

ਫਿਰ ਉਸਦੇ ਦਿਮਾਗ਼ ਵਿਚ ਇਕ ਨਵੀਂ ਗੱਲ ਆਈ। ਉਹ ਗੁਫ਼ਾ ਦੇ ਬੂਹੇ ਅੱਗੇ ਖੜ੍ਹਾ ਹੋ ਕੇ ਬੋਲਿਆ—“ਓ ਗੁਫ਼ਾ ! ਗੁਫ਼ਾ !”

ਜਦੋਂ ਗੁਫ਼ਾ ਨੇ ਅੰਦਰੋਂ ਕੋਈ ਉੱਤਰ ਨਾ ਦਿੱਤਾ ਤਾਂ ਗਿੱਦੜ ਇਕ ਵਾਰ ਫਿਰ ਬੋਲਿਆ-‘ਸੁਣ ਗੁਫ਼ਾ ! ਤੇਰੀ ਮੇਰੀ ਇਹ ਸੰਧੀ ਹੈ ਕਿ ਜਦੋਂ ਵੀ ਮੈਂ ਬਾਹਰੋਂ ਆਵਾਂਗਾ, ਤੇਰਾ ਨਾਂ ਲੈ ਕੇ ਤੈਨੂੰ ਬੁਲਾਵਾਂਗਾ। ਜਿਸ ਦਿਨ ਤੂੰ ਮੇਰੀ ਗੱਲ ਦਾ ਉੱਤਰ ਨਹੀਂ ਦੇਵੇਂਗੀ, ਮੈਂ ਤੈਨੂੰ ਛੱਡ ਕੇ ਕਿਸੇ ਦੂਜੀ ਗੁਫ਼ਾ ਵਿਚ ਰਹਿਣ ਚਲਾ ਜਾਵਾਂਗਾ।”

ਅੰਦਰ ਬੈਠੇ ਸ਼ੇਰ ਨੇ ਜਿਵੇਂ ਹੀ ਗਿੱਦੜ ਦੀ ਇਹ ਗੱਲ ਸੁਣੀ ਤਾਂ ਉਹ ਇਹ ਸਮਝ ਗਿਆ ਕਿ ਗੁਫ਼ਾ ਗਿੱਦੜ ਦੇ ਆਉਣ 'ਤੇ ਜ਼ਰੂਰ ਬੋਲਦੀ ਹੋਵੇਗੀ। ਸ਼ੇਰ ਨੇ ਆਪਣੀ ਆਵਾਜ਼ ਨੂੰ ਮਧੁਰ ਬਣਾ ਕੇ ਆਖਿਆ–“ਆਓ... ਆਓ ਗਿੱਦੜ ਭਰਾ ! ਤੁਹਾਡਾ ਸਵਾਗਤ ਹੈ।”

“ਸ਼ੇਰ ਮਾਮਾ! ਤੁਸੀਂ ਹੋ। ਬੁਢਾਪੇ ਵਿਚ ਤੁਹਾਡੀ ਬੁੱਧੀ ਏਨਾ ਕੰਮ ਵੀ ਨਹੀਂ ਕਰਦੀ ਕਿ ਗੁਫ਼ਾਵਾਂ ਕਦੇ ਨਹੀਂ ਬੋਲਦੀਆਂ।” ਕਹਿ ਕੇ ਉਹ ਤੇਜ਼ੀ ਨਾਲ ਦੌੜ ਗਿਆ। ਸ਼ੇਰ ਉਸ ਨੂੰ ਫੜਨ ਲਈ ਗੁਫ਼ਾ 'ਚੋਂ ਬਾਹਰ ਆਇਆ ਪਰ ਚਲਾਕ ਗਿੱਦੜ ਨੌਂ ਦੋ ਗਿਆਰਾਂ ਹੋ ਚੁੱਕਿਆ ਸੀ।

ਉਸ ਸਮੇਂ ਸ਼ੇਰ ਨੇ ਇਕ ਜ਼ੋਰਦਾਰ ਦਹਾੜ ਮਾਰੀ, ਉਸਦੀ ਦਹਾੜ ਨਾਲ ਗੁਫ਼ਾ ਤਾਂ ਕੀ ਪੂਰਾ ਜੰਗਲ ਹੀ ਗੂੰਜ ਉੱਠਿਆ ਸੀ। ਇਸੇ ਡਰ ਨਾਲ ਜੰਗਲੀ ਜਾਨਵਰ ਆਪਣੇ-ਆਪਣੇ ਘਰਾਂ ਤੋਂ ਨਿਕਲ ਕੇ ਦੌੜ ਪਏ।



Post a Comment

0 Comments