Punjabi Moral Story 'Lobhi da Ant' 'ਲੋਭੀ ਦਾ ਅੰਤ' for Kids and Students.

ਲੋਭੀ ਦਾ ਅੰਤ

ਚਾਰ ਨੌਜਵਾਨ ਬ੍ਰਾਹਮਣ ਸਨ। ਚਾਰੇ ਬੜੇ ਗ਼ਰੀਬ ਸਨ। ਇਨ੍ਹਾਂ ਚਾਰਾਂ ਨੌਜਵਾਨਾਂ ਨੇ ਇਕ ਰਾਤ ਬੈਠੇ-ਬੈਠੇ ਆਪਣੇ ਭਵਿੱਖ ਬਾਰੇ ਬੜੀ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ ਕਿ ਅਸੀਂ ਲੋਕ ਕਦੋਂ ਤਕ ਇਸ ਤਰ੍ਹਾਂ ਮਾਰੇ-ਮਾਰੇ ਫਿਰਦੇ ਰਹਾਂਗੇ ? ਕਦੋਂ ਤਕ ਆਪਣੇ ਮਾਂ-ਬਾਪ 'ਤੇ ਬੋਝ ਬਣੇ ਰਹਾਂਗੇ ? ਸਾਨੂੰ ਸ਼ਹਿਰ ਜਾ ਕੇ ਕੋਈ ਕੰਮ ਕਰਨਾ ਚਾਹੀਦਾ ਹੈ। ਇਕ ਨੌਜਵਾਨ ਨੇ ਉਨ੍ਹਾਂ ਸਾਰਿਆਂ ਨੂੰ ਆਖਿਆ।

ਉਸਦੀ ਗੱਲ ਨਾਲ ਸਾਰੇ ਸਹਿਮਤ ਹੋ ਗਏ। ਦੂਜੇ ਦਿਨ ਸਵੇਰੇ ਹੀ ਉਹ ਲੋਕ ਸ਼ਹਿਰ ਵੱਲ ਚੱਲ ਪਏ। ਰਸਤਾ ਬੜਾ ਲੰਬਾ ਸੀ, ਇਸ ਲਈ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਰਾਤ ਪੈ ਗਈ ਤੇ ਉਹ ਇਕ ਸਾਧੂ ਦੀ ਕੁਟੀਆ 'ਚ ਰੁਕ ਗਏ। ਉਹ ਸਾਧੂ ਕਾਫ਼ੀ ਬੁੱਢਾ ਸੀ ਤੇ ਪਤਾ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਬੈਠਾ ਤਪੱਸਿਆ ਕਰ ਰਿਹਾ ਸੀ।

ਉਸਨੇ ਆਪਣੀ ਤਪੱਸਿਆ ਦੀ ਤਾਕਤ ਨਾਲ ਹੀ ਉਨ੍ਹਾਂ ਬਾਰੇ ਸਭ ਕੁਝ ਜਾਣ ਲਿਆ ਸੀ। ਉਸ ਨੂੰ ਉਨ੍ਹਾਂ 'ਤੇ ਤਰਸ ਆ ਗਿਆ ਤੇ ਉਹ ਬੋਲਿਆ-“ਬਿਨਾਂ ਮਿਹਨਤ ਕੀਤਿਆਂ ਸੰਸਾਰ ਵਿਚ ਕੁਝ ਨਹੀਂ ਮਿਲਦਾ। ਮੈਂ ਤੁਹਾਡੇ ਬਾਰੇ ਸਭ ਕੁਝ ਜਾਣ ਚੁੱਕਿਆ ਹਾਂ।"

“ਪ੍ਰਭੂ ਸਾਡੇ ਤੇ ਕਿਰਪਾ ਕਰੋ। ਚਾਰੇ ਨੌਜਵਾਨ ਉਨ੍ਹਾਂ ਦੇ ਚਰਨਾਂ 'ਤੇ ਡਿੱਗ ਪਏ।

“ਵੇਖੋ, ਇਹ ਚਾਰ ਮੋਮਬੱਤੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ। ਇਹ ਚਾਰੇ ਮੋਮਬੱਤੀਆਂ ਲੈ ਕੇ ਤੁਸੀਂ ਹਿਮਾਲਿਆ ਪਰਬਤ 'ਤੇ ਚੜ੍ਹਨਾ ਸ਼ੁਰੂ ਕਰੋ। ਜਿਸ ਨੌਜਵਾਨ ਦੀ ਮੋਮਬੱਤੀ ਜਿਸ ਥਾਂ 'ਤੇ ਆਪਣੇ ਆਪ ਡਿੱਗ ਪਵੇ, ਉਸੇ ਥਾਂ ਤੋਂ ਪੁੱਟਣਾ ਸ਼ੁਰੂ ਕਰ ਦੇਵੇ। ਉਥੋਂ ਤੁਹਾਨੂੰ ਖ਼ਜ਼ਾਨਾ ਮਿਲੇਗਾ। ਉਸ ਖ਼ਜ਼ਾਨੇ ਨੂੰ ਲੈ ਕੇ ਤੁਸੀਂ ਮੇਰੇ ਕੋਲ ਵਾਪਸ ਆ ਜਾਇਓ। ਬਸ ਇਸ ਤੋਂ ਅੱਗੇ ਮੈਂ ਤੁਹਾਨੂੰ ਬਾਅਦ ਵਿਚ ਦੱਸਾਂਗਾ।”

ਸਾਧੂ ਦੀ ਗੱਲ ਮੰਨ ਕੇ ਉਹ ਚਾਰੇ ਨੌਜਵਾਨ ਆਪਣੀ-ਆਪਣੀ ਮੋਮਬੱਤੀ ਲੈ ਕੇ ਹਿਮਾਲਾ ਪਰਬਤ ’ਤੇ ਚੜ੍ਹਨ ਲੱਗ ਪਏ। ਉਹ ਚਾਰੋ ਬੜੇ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੂੰ ਸਾਧੂ ਦੀ ਕ੍ਰਿਪਾ ਨਾਲ ਬਹੁਤ ਵੱਡਾ ਖ਼ਜ਼ਾਨਾ ਮਿਲਣ ਵਾਲਾ ਸੀ।

ਜਿਵੇਂ ਹੀ ਉਹ ਪਰਬਤ ਦੀ ਇਕ ਉੱਚੀ ਚੋਟੀ 'ਤੇ ਪਹੁੰਚੇ ਤਾਂ ਉਨ੍ਹਾਂ ਵਿਚੋਂ ਇਕ ਦੇ ਹੱਥ ਵਿਚੋਂ ਮੋਮਬੱਤੀ ਡਿੱਗ ਪਈ।

“ਲਓ ਭਾਈ, ਹੋ ਗਿਆ ਕਲਿਆਣ ਆਪਣਾ...ਕੰਮ ਸ਼ੁਰੂ ਕਰੋ।” ਉਨ੍ਹਾਂ ਚਾਰਾਂ ਨੇ ਮਿਲ ਕੇ ਉਸ ਪਰਬਤ ਦੀ ਖ਼ੁਦਾਈ ਸ਼ੁਰੂ ਕਰ ਦਿੱਤੀ। ਜਿਉਂ ਹੀ ਉਨ੍ਹਾਂ ਨੇ ਉਸ ਪਰਬਤ ਨੂੰ ਪੁੱਟਿਆ ਤਾਂ ਤਾਂਬੇ ਦਾ ਖ਼ਜ਼ਾਨਾ ਲੱਭਾ।

“ਉਏ ਯਾਰ ਇਹ ਤਾਂ ਤਾਂਬਾ ਹੈ...ਇਸ ਤਾਂਬੇ ਨੂੰ ਲਿਜਾ ਕੇ ਅਸੀਂ ਕੀ ਕਰਾਂਗੇ ?' ਉਹ ਚਾਰੇ ਦੋਬਾਰਾ ਜਗ੍ਹਾ ਪੁੱਟਣ ਲੱਗ ਪਏ। ਇਸ ਵਾਰ ਚਾਂਦੀ ਮਿਲੀ।

“ਵਾਹ...ਵਾਹ...ਹੁਣ ਤਾਂ ਚਾਂਦੀ ਵੀ ਮਿਲ ਗਈ..ਚਲੋ ਹੁਣ ਹੋਰ ਖੋਦੀਏ, ਸ਼ਾਇਦ ਹੁਣ ਸੋਨਾ ਵੀ ਮਿਲ ਜਾਵੇਗਾ...ਫਿਰ ਹੀਰੇ ਮਿਲਣਗੇ।” ਸਭ ਕੁਝ ਮਿਲੂ...ਸਾਧੂ ਨੇ ਅਸ਼ੀਰਵਾਦ ਦਿੱਤਾ ਹੈ। ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ,..ਹੁਣ ਸਾਨੂੰ ਇਸ ਤੋਂ ਅਗਲੇ ਪਹਾੜਾਂ 'ਤੇ ਜਾਣਾ ਚਾਹੀਦਾ। ਸਾਡੇ ਕੋਲ ਦੋ ਮੋਮਬੱਤੀਆਂ ਹੋਰ ਨੇ ਅੱਗੇ ਸਾਨੂੰ ਕਾਫ਼ੀ ਧਨ ਮਿਲ ਸਕਦਾ ਹੈ।”

“ਵੇਖੋ ਦੋਸਤੋ !” ਇਕ ਨੌਜਵਾਨ ਬੋਲਿਆ-“ਜ਼ਿਆਦਾ ਲਾਲਚ ਠੀਕ ਨਹੀਂ ਜੋ ਮਿਲਿਆ ਹੈ ਉਹੀ ਲੈ ਕੇ ਸਾਧੂ ਕੋਲ ਚਲੀਏ।” ਉਸਦਾ ਸਮਰਥਨ ਸਿਰਫ਼ ਇਕੋ ਯੁਵਕ ਨੇ ਕੀਤਾ। ਬਾਕੀ ਦੋਵੇਂ ਹੋਰ ਧਨ ਦੇ ਲਾਲਚ ਵਿਚ ਅੱਗੇ ਵਧ ਗਏ। ਉਹ ਲੋਭ ਵਿਚ ਫਸ ਚੁੱਕੇ ਸਨ।

ਜਿਵੇਂ ਹੀ ਉਹ ਇਕ ਉੱਚੇ ਪਰਬਤ 'ਤੇ ਪਹੁੰਚੇ ਤਾਂ ਤੀਸਰੇ ਦੇ ਹੱਥ ਵਿਚੋਂ ਮੋਮਬੱਤੀ ਡਿੱਗ ਪਈ। ਉਸ ਜਗ੍ਹਾ ਨੂੰ ਪੁੱਟਦਿਆਂ-ਪੁੱਟਦਿਆਂ ਉਹ ਥੱਲੇ ਤਕ ਪਹੁੰਚ ਗਏ। ਉਥੇ ਉਨ੍ਹਾਂ ਨੂੰ ਸੋਨੇ ਦਾ ਖ਼ਜ਼ਾਨਾ ਮਿਲਿਆ।

ਤੀਸਰੇ ਨੇ ਚੌਥੇ ਨੂੰ ਆਖਿਆ–“ਚਲ ਭਰਾ ਹੁਣ ਅਸੀਂ ਵੀ ਵਾਪਸ ਚਲਦੇ ਹਾਂ...ਸਾਨੂੰ ਸਾਡਾ ਖ਼ਜ਼ਾਨਾ ਮਿਲ ਗਿਆ ਹੈ।’

“ਨਹੀਂ ਭਰਾ..ਅਜੇ ਤਾਂ ਚੌਥੀ ਮੋਮਬੱਤੀ ਬਾਕੀ ਹੈ...ਸਾਨੂੰ ਹੋਰ ਅੱਗੇ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਉਸ ਖ਼ਜ਼ਾਨੇ ਵਿਚ ਸਾਨੂੰ ਹੀਰੇ ਮੋਤੀ ਮਿਲ ਜਾਣ।”

“ਨਾ ਭਰਾ..ਹੁਣ ਮੈਂ ਹੋਰ ਅੱਗੇ ਨਹੀਂ ਜਾਣਾ। ਆਪਣੇ ਲਈ ਏਨਾ ਸੋਨਾ ਹੀ ਕਾਫ਼ੀ ਹੈ। ਤੁਸੀਂ ਚਾਹੋ ਤਾਂ ਅੱਗੇ ਜਾਓ ਮੈਂ ਤਾਂ ਵਾਪਿਸ ਚੱਲਿਆਂ।” “ਠੀਕ ਏ...ਹੁਣ ਮੈਂ ਖ਼ਜ਼ਾਨਾ ਲੈ ਕੇ ਹੀ ਜਾਵਾਂਗਾ।” ਚੌਥਾ ਨੌਜਵਾਨ ਜੋ ਬਹੁਤ ਲਾਲਚੀ ਸੀ, ਅੱਗੇ ਵਧਣ ਲੱਗਾ।

ਆਪਣੇ ਤਿੰਨਾਂ ਮਿੱਤਰਾਂ ਨੂੰ ਛੱਡ ਕੇ ਉਹ ਇਕੱਲਾ ਮੋਮਬੱਤੀ ਲੈ ਕੇ ਪਹਾੜ ’ਤੇ ਚੜ੍ਹ ਰਿਹਾ ਸੀ। ਅੱਗੇ ਚਲ ਕੇ ਉਸਨੇ ਵੇਖਿਆ ਕਿ ਇਕ ਆਦਮੀ ਪਹਾੜੀ 'ਤੇ ਖਲੋਤਾ ਸੀ। ਉਸਦੇ ਮੱਥੇ ’ਤੇ ਹੀਰਾ ਚਮਕ ਰਿਹਾ ਸੀ। “ਵਾਹ ਮਿਲ ਗਿਆ...ਮਿਲ ਗਿਆ...ਹੀਰਿਆਂ ਦਾ ਖ਼ਜ਼ਾਨਾ ਮਿਲ ਗਿਆ...।”

ਜਿਉਂ ਹੀ ਉਹ ਨੌਜਵਾਨ ਅੱਗੇ ਵਧਿਆ ਤਾਂ ਉਸ ਆਦਮੀ ਦੇ ਮੱਥੇ 'ਤੇ ਲੱਗਾ ਹੀਰਾ ਚੱਕਰ ਦਾ ਰੂਪ ਧਾਰਨ ਕਰਕੇ ਘੁੰਮਦਾ ਹੋਇਆ ਉਸਦੇ ਮੱਥੇ 'ਤੇ ਆ ਕੇ ਵੱਜਾ। ਡਰ ਕਰਕੇ ਉਸਦਾ ਸਾਰਾ ਸਰੀਰ ਕੰਬਣ ਲੱਗਾ।

“ਉਏ ਆਹ ਕੀ ? ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਮਾਰਿਆ...ਇਨ੍ਹਾਂ ਹੀਰਿਆਂ ਨੂੰ ਲੈਣ ਹੀ ਮੈਂ ਆਇਆ ਹਾਂ।”

“ਓ ਮੂਰਖ, ਲਾਲਚੀ ਇਨਸਾਨ...ਤੂੰ ਸਾਧੂ ਦਾ ਕਹਿਣਾ ਨਹੀਂ ਮੰਨਿਆ, ਫਿਰ ਆਪਣੇ ਮਿੱਤਰਾਂ ਦਾ ਵੀ ਕਹਿਣਾ ਨਹੀਂ ਮੰਨਿਆ..ਇਕ ਦਿਨ ਮੈਂ ਵੀ ਅਜਿਹੀ ਭੁੱਲ ਕੀਤੀ ਸੀ ਅਤੇ ਲਾਲਚ ਵਿਚ ਅੰਨ੍ਹਾ ਹੋ ਕੇ ਇਸ ਖ਼ਜ਼ਾਨੇ ਨੂੰ ਹਾਸਲ ਕਰਨ ਲਈ ਆਇਆ ਸਾਂ। ਇਸ ਨੇ ਮੈਨੂੰ ਇੰਜ ਜਕੜ ਲਿਆ ਸੀ ਕਿ ਮੈਂ ਅੱਜ ਤਕ ਮੁਕਤ ਨਹੀਂ ਹੋ ਸਕਿਆ। ਪਰ ਅੱਜ ਮੈਂ ਮੁਕਤ ਹੋ ਕੇ ਜਾ ਰਿਹਾਂ...ਕਿਉਂਕਿ ਮੇਰੇ ਸਥਾਨ 'ਤੇ ਹੁਣ ਤੁਸੀਂ ਇਸ ਦੇ ਬੰਦੀ ਬਣੋਗੇ।” ਸਬ “ਪਰ ਭਰਾ ਮੈਨੂੰ...।”

“ਤੈਨੂੰ ਤਾਂ ਹੁਣ ਉਹੋ ਆ ਕੇ ਬਚਾਵੇਗਾ ਜਿਹੜਾ ਮੇਰੀ ਤੇ ਤੇਰੀ ਤਰ੍ਹਾਂ ਅਕਲ ਦਾ ਅੰਨ੍ਹਾ ਤੇ ਲਾਲਚੀ ਹੋਵੇਗਾ।” ਇਹ ਕਹਿ ਕੇ ਉਹ ਨੌਜਵਾਨ ਵੀ ਤੁਰਦਾ ਬਣਿਆ।



Post a Comment

0 Comments