ਉਤਸਵ
Utsav
ਇਕ ਵਾਰੀ ਰਾਜਾ ਕ੍ਰਿਸ਼ਨਦੇਵ ਰਾਇ ਨੇ ਆਪਣੇ ਦਰਬਾਰ ਵਿਚ ਕਿਹਾ, ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਮੈਂ ਚਾਹੁੰਦਾ ਹਾਂ ਕਿ ਨਵੇਂ ਸਾਲ ਦੇ ਮੌਕੇ ਪਰਜਾ ਨੂੰ ਕੋਈ ਨਵੀ ਭੇਟ ਦਤੀ ਜਾਵੇ, ਨਵਾਂ ਤੋਹਫਾ ਦਿੱਤਾ ਜਾਵੇ। ਤੁਸੀਂ ਦੱਸੋ, ਉਹ ਭੇਟ ਕੀ ਹੋਵੇ ? ਉਹ ਤੋਹਫ਼ਾ ਕੀ ਹੋਵੇ ?"
ਮਹਾਰਾਜ ਦੀ ਇਹ ਗੱਲ ਸੁਣ ਕੇ ਸਾਰੇ ਦਰਬਾਰੀ ਸੋਚਾਂ ਵਿੱਚ ਪੈ ਗਏ। ਮੰਤਰੀ ਜੀ ਕੁਝ ਸੋਚ ਕੇ ਬੋਲੇ, 'ਮਹਾਰਾਜ ਨਵੇਂ ਸਾਲ ਦੇ ਮੌਕੇ ਤੇ ਰਾਜਧਾਨੀ ਵਿਚ ਇਕ ਸ਼ਾਨਦਾਰ ਉਤਸਵ ਮਨਾਇਆ ਜਾਵੇ। ਸਾਰੇ ਦੇਸ਼ ਵਿਚੋਂ ਸੰਗੀਤਕਾਰ, ਨਾਟਕ-ਮੰਡਲੀਆਂ ਤੇ ਦੂਜੇ ਕਲਾਕਾਰ ਬੁਲਾਏ ਜਾਣ ਤੇ ਉਹ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ। ਪਰਜਾ ਲਈ ਇਸ ਤੋਂ ਵੱਡਾ ਨਵੇਂ ਸਾਲ ਦਾ ਤੋਹਫਾ ਹੋਰ ਕੀ ਹੋ ਸਕਦਾ ਹੈ ?"
ਰਾਜਾ ਕ੍ਰਿਸ਼ਨਦੇਵ ਰਾਇ ਨੂੰ ਮੰਤਰੀ ਦਾ ਇਹ ਸੁਝਾਅ ਚੰਗਾ ਲਗਿਆ। ਉਨ੍ਹਾਂ ਨੇ ਮੰਤਰੀ ਨੂੰ ਪੁੱਛਿਆ, 'ਇਸ ਸਮਾਗਮ ਤੇ ਕਿੰਨਾ ਕੁ ਖਰਚਾ ਹੋ ਜਾਵੇਗਾ ?"
'ਮਹਾਰਾਜ ਕੋਈ ਬਹੁਤ ਜ਼ਿਆਦਾ ਨਹੀਂ, ਸਿਰਫ ਦਸ-ਵੀਹ ਲੱਖ ਸੋਨੇ ਦੀਆਂ ਮੋਹਰਾਂ ਹੀ ਖਰਚ ਹੋਣਗੀਆਂ।” ਮੰਤਰੀ ਨੇ ਜਵਾਬ ਦਿੱਤਾ।
"ਐਨਾ ਖਰਚ.., ਕਿਵੇਂ ?" ਰਾਜਾ ਕ੍ਰਿਸ਼ਨਦੇਵ ਰਾਇ ਆਪਣੇ ਮੰਤਰੀ ਦਾ ਜਵਾਬ ਸੁਣ ਕੇ ਹੈਰਾਨ ਹੋਏ।
ਫਿਰ ਮੰਤਰੀ ਜੀ ਨੇ ਖਰਚੇ ਦਾ ਵੇਰਵਾ ਦੱਸਦਿਆਂ ਕਿਹਾ, “ਮਹਾਰਾਜ ਹਜ਼ਾਰਾਂ ਕਲਾਕਾਰਾਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਕਰਨਾ ਹੋਵੇਗਾ। ਨਵੇਂ ਰੰਗਮੰਚ ਬਣਾਏ ਜਾਣਗੇ। ਪੁਰਾਣੇ ਰੰਗਮੰਚਾਂ ਦੀ ਮੁਰੰਮਤ ਕਰਾਉਣੀ ਪਵੇਗੀ। ਸਾਰੇ ਸ਼ਹਿਰ ਵਿਚ ਰੌਸ਼ਨੀ ਤੇ ਸਜਾਵਟ ਹੋਵੇਗੀ। ਇਨ੍ਹਾਂ ਸਾਰੇ ਕੰਮਾਂ ਉਪਰ ਐਨਾ ਕੁ ਖਰਚ ਤਾਂ ਹੋ ਹੀ ਜਾਵੇਗਾ।"
ਮੰਤਰੀ ਦੇ ਇਸ ਵੇਰਵੇ ਉਪਰ ਰਾਜ ਪੁਰੋਹਿਤ ਅਤੇ ਹੋਰ ਸਭਾ ਦੇ ਮੈਂਬਰਾਂ ਨੇ ਹਾਂ ਵਿਚ ਹਾਂ ਮਿਲਾਈ।
ਰਾਜਾ ਕ੍ਰਿਸ਼ਨਦੇਵ ਰਾਇ ਐਨੇ ਖਰਚੇ ਦੀ ਗੱਲ ਸੁਣ ਕੇ ਸੋਚ ਵਿਚ ਪੈ ਗਏ।
ਉਨ੍ਹਾਂ ਨੇ ਇਸ ਬਾਰੇ ਤੈਨਾਲੀ ਰਾਮ ਦੀ ਸਲਾਹ ਲਈ। ਤੈਨਾਲੀ ਰਾਮ ਨੇ ਕਿਹਾ, “ਮਹਾਰਾਜ ਉਤਸਵ ਦੀ ਵਿਚਾਰ ਤਾਂ ਠੀਕ ਹੈ ਪਰ ਇਹ ਉਤਸਵ ਰਾਜਧਾਨੀ ਵਿਚ ਨਹੀਂ ਹੋਣਾ ਚਾਹੀਦਾ।
"ਕਿਉਂ ?" ਰਾਜੇ ਨੇ ਪੁੱਛਿਆ। ਦੂਜੇ ਦਰਬਾਰੀ ਵੀ ਤੈਨਾਲੀ ਰਾਮ ਵੱਲ ਚਿੜ੍ਹ ਕੇ ਦੇਖਣ ਲੱਗੇ।
"ਮਹਾਰਾਜ ਉਤਸਵ ਜੇ ਰਾਜਧਾਨੀ ਵਿਚ ਹੋਵੇਗਾ ਤਾਂ ਬਾਕੀ ਰਾਜ ਦੇ ਲੋਕਾਂ ਨੂੰ ਇਸ ਦਾ ਕੀ ਆਨੰਦ ਆਵੇਗਾ ? ਪਿੰਡ ਵਾਲੇ ਆਪਣੇ ਕੰਮ-ਧੰਦੇ ਛੱਡ ਕੇ ਤਾਂ ਉਤਸਵ ਦੇਖਣ ਨਹੀਂ ਆਉਣ ਲੱਗੇ। ਕਲਾਕਾਰਾਂ ਨੂੰ ਹਰੇਕ ਪਿੰਡ ਤੇ ਕਸਬੇ ਵਿਚ ਜਾ ਕੇ ਲੋਕਾਂ ਦਾ ਮਨੋਰੰਜਨ ਕਰਾਉਣਾ ਚਾਹੀਦਾ ਹੈ। ਕਲਾਕਾਰਾਂ ਦੀ ਕਲਾ ਰਾਹੀ ਲੋਕ ਆਪਣੀ ਸੰਸਕ੍ਰਿਤੀ ਤੇ ਆਪਣੇ ਇਤਿਹਾਸ ਨੂੰ ਜਾਣਨਗੇ ਅਤੇ ਕਲਾਕਾਰ ਵੀ ਸੰਸਕ੍ਰਿਤੀ ਦੀ ਵਿਰਾਸਤ ਰੱਖਣ ਵਾਲਿਆਂ ਤੋਂ ਜਾਣੂ ਹੋਣਗੇ। ਇਸ ਦੇ ਨਾਲ ਹੀ ਕਲਾਕਾਰਾਂ ਦਾ ਸਵਾਗਤ ਤੇ ਸਤਿਕਾਰ ਪਿੰਡ ਦੇ ਲੋਕ ਕਰਨਗੇ।”
“ਤੈਨਾਲੀ ਰਾਮ, ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ। ਇਸ ਵਾਸਤੇ ਜਿੰਨਾ ਪੈਸਾ ਚਾਹੀਦਾ ਹੈ ਉਹ ਖਜ਼ਾਨੇ ਤੋਂ ਲੈ ਲਵੋ।”
"ਪੈਸਾ,ਪਰ ਕਿਸ ਵਾਸਤੇ ! ਇਹ ਤਾਂ ਲੋਕ ਆਪ ਖਰਚ ਕਰਨਗੇ। ਉਨ੍ਹਾਂ ਲਈ ਹੀ ਤਾਂ ਉਤਸਵ ਕਰ ਰਹੇ ਹਾਂ। ਇਸ ਉਤਸਵ ਦਾ ਨਾਂਅ ਹੋਵੇਗਾ ‘ਮਿਲਣ ਮੇਲਾ। ਇਸ ਮੇਲੇ ਵਿਚ ਕਲਾਕਾਰ ਜਿਥੇ ਕਿਤੇ ਵੀ ਜਾਣਗੇ, ਉਹਨਾਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਲੋਕ ਬਿਨਾਂ ਕਹੇ ਤੋਂ ਹੀ ਕਰ ਦੇਣਗੇ। ਹਾਂ, ਆਉਣ-ਜਾਣ ਦਾ ਪ੍ਰਬੰਧ ਅਸੀਂ ਕਰ ਦੇਵਾਂਗੇ। ਇਯੂੰ ਬੜਾ ਘੱਟ ਖਰਚਾ ਆਵੇਗਾ, ਮਹਾਰਾਜ, ਪਰ ਇਸ ਉਤਸਵ ਦਾ ਆਨੰਦ ਸਾਰੇ ਲੈਣਗੇ।"
ਰਾਜਾ ਕਿਸ਼ਨਦੇਵ ਰਾਇ ਨੂੰ ਤੈਨਾਲੀ ਰਾਮ ਦੀ ਗੱਲ ਚੰਗੀ ਲੱਗੀ। ਉਨਾਂ ਨੇ ਕੈਨਾਲੀ ਰਾਮ ਨੂੰ ਸਾਰੇ ਕੰਮ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਉਤਸਵ ਦੀ ਆੜ ਹੇਠ ਆਪਣਾ ਸੁਆਰਥ ਸਿੱਧ ਕਰਨ ਵਾਲੇ ਮੰਤਰੀ ਤੇ ਹੋਰ ਸਭਾ ਮੈਂਬਰਾਂ ਦੇ ਚਿਹਰੇ ਇਕਦਮ ਫਿੱਕੇ ਪੈ ਗਏ।
0 Comments