ਰਾਜੇ ਦਾ ਉਧਾਰ
Raje da Uphar
ਇੱਕ ਵਾਰ ਤੈਨਾਲੀ ਰਾਮ ਦੀ ਪਤਨੀ ਬਿਮਾਰ ਪੈ ਗਈ। ਉਸ ਨੇ ਰਾਜ ਕ੍ਰਿਸ਼ਨਦੇਵ ਰਾਇ ਤੋਂ ਸੌ ਸੋਨੇ ਦੀਆਂ ਮੋਹਰਾਂ ਉਧਾਰ ਲਈਆਂ। ਜਦੋਂ ਪਤਨੀ ਠੀਕ ਹੋ ਗਈ ਤਾਂ ਤੇਨਾਲੀ ਰਾਮ ਨੂੰ ਰਾਜੇ ਨੇ ਉਧਾਰ ਵਾਪਸ ਕਰਨ ਲਈ ਕਿਹਾ। ਤੈਨਾਲੀ ਰਾਮ ਨੇ ਗੱਲ ਟਾਲ ਦਿੱਤੀ।
ਰਾਜੇ ਨੇ ਸੋਚਿਆ ਕਿ ਤੈਨਾਲੀ ਰਾਮ ਦੀ ਨੀਅਤ ਠੀਕ ਨਹੀਂ। ਉਸ ਦੇ ਘਰ ਜਾ ਕੇ ਹੀ ਉਧਾਰ ਵਸੂਲ ਕੀਤਾ ਜਾਵੇ। ਜਦੋਂ ਰਾਜਾ ਘਰ ਪਹੁੰਚਿਆ ਤਾਂ ਦੇਖਿਆ ਕਿ ਤੇਨਾਲੀ ਰਾਮ ਬਿਸਤਰੇ ਉਪਰ ਪਿਆ ਹੈ ਅਤੇ ਉਸ ਦੀ ਮਾਂ ਤੇ ਪਤਨੀ ਉਚੀ-ਉਚੀ ਰੋ ਰਹੀਆਂ ਹਨ।
"ਇਸ ਨੂੰ ਕੀ ਹੋਇਆ ਹੈ ?" ਰਾਜੇ ਨੇ ਪੁੱਛਿਆ।
“ਮਹਾਰਾਜ, ਹੁਣ ਇਹ ਨਹੀਂ ਬਚਣਗੇ, ਇਹ ਬੜੀ ਤਕਲੀਫ ਵਿਚ ਹਨ। ਕਹਿੰਦੇ ਹਨ ਕਿ ਜਦੋਂ ਤਕ ਮੇਰੇ ਉਪਰ ਰਾਜੇ ਦਾ ਉਧਾਰ ਹੈ ਉਦੋਂ ਤਕ ਮੇਰੀ ਜਾਨ ਸ਼ਾਂਤੀ ਨਾਲ ਨਹੀਂ ਨਿਕਲੇਗੀ।" ਤੈਨਾਲੀ ਰਾਮ ਦੀ ਪਤਨੀ ਨੇ ਕਿਹਾ।
ਰਾਜਾ ਕਹਿਣ ਲੱਗਾ, “ਮੈਂ ਉਧਾਰ ਛੱਡ ਦਿਤਾ ਤੈਨਾਲੀ ਰਾਮ। ਸੱਚ ਤਾਂ ਇਹ ਹੈ ਕਿ ਮੈਂ ਇਹ ਮੋਹਰਾਂ ਵਾਪਸ ਲੈਣੀਆਂ ਹੀ ਨਹੀਂ ਚਾਹੁੰਦਾ।"
ਅਚਾਨਕ ਤੈਨਾਲੀ ਰਾਮ ਬਿਸਤਰੇ ਤੋਂ ਹੇਠਾਂ ਉਤਰ ਆਇਆ ਅਤੇ ਰਾਜੇ ਦੇ ਗਲੇ ਲੱਗ ਗਿਆ।
"ਹੈ... ਹੈਂ...ਇਹ ਕੀ ? ਮੈਂ ਤਾਂ ਸੋਚ ਰਿਹਾ ਸੀ ਕਿ ਤੂੰ ਮਰਨ ਵਾਲਾ ਹੈਂ ?” ਹੈਰਾਨ ਹੋ ਕੇ ਰਾਜੇ ਨੇ ਪੁੱਛਿਆ।
ਸਚਮੁੱਚ ਮਹਾਰਾਜ ਤੁਹਾਡੇ ਉਧਾਰ ਦੇ ਭਾਰ ਹੇਠਾਂ ਦੱਬ ਕੇ ਤਾਂ ਮੈਂ ਮਰ ਹੀ ਗਿਆ ਹੁੰਦਾ। ਇਹ ਤਾਂ ਮੈਨੂੰ ਤੁਸੀਂ ਬਚਾ ਲਿਆ ਹੈ। ਤੁਸੀਂ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਤੁਹਾਡੇ ਜਿਹੇ ਦਿਆਲੂ ਰਾਜੇ ਦੀ ਸੇਵਾ ਕਰ ਸਕਾਂ। ਤੈਨਾਲੀ ਰਾਮ ਨੇ ਕਿਹਾ। ਇਹ ਸਭ ਦੇਖ ਕੇ ਰਾਜਾ ਹੱਸਦਾ ਨਾ ਤਾਂ ਕੀ ਕਰਦਾ ?
0 Comments