Punjabi Moral Story “Tohfa”, "ਤੋਹਫਾ " Tenali Rama Story for Students of Class 5, 6, 7, 8, 9, 10 in Punjabi Language.

ਤੋਹਫਾ 
Tohfa



ਵਿਜੇਨਗਰ ਦੇ ਰਾਜਾ ਕਿਸ਼ਨਦੇਵ ਰਾਇ ਦੇ ਦਰਬਾਰ ਵਿਚ ਇਕ ਦਿਨ ਗੁਆਂਢੀ ਦੇਸ਼ ਦਾ ਦੂਤ ਆਇਆ। ਇਹ ਰਾਜੇ ਲਈ ਕਈ ਤੋਹਫੇ ਵੀ ਲਿਆਇਆ ਸੀ।

ਵਿਜੇਨਗਰ ਦੇ ਰਾਜ ਦਰਬਾਰੀਆਂ ਨੇ ਦੂਤ ਦਾ ਨਿੱਘਾ ਸਵਾਗਤ ਕੀਤਾ। ਤੀਜੇ ਦਿਨ ਜਦੋਂ ਦੂਤ ਆਪਣੇ ਦੇਸ਼ ਜਾਣ ਲੱਗਾ ਤਾਂ ਰਾਜਾ ਕਿਸ਼ਨਦੇਵ ਰਾਇ ਨੇ ਵੀ ਆਪਣੇ ਗੁਆਂਢੀ ਦੇਸ਼ ਦੇ ਰਾਜੇ ਲਈ ਕੀਮਤੀ ਤੋਹਫੇ ਭੇਜੇ।

ਰਾਜਾ ਕ੍ਰਿਸ਼ਨਦੇਵ ਰਾਇ ਉਸ ਦੂਤ ਨੂੰ ਵੀ ਤੋਹਫੇ ਦੇਣੇ ਚਾਹੁੰਦੇ ਸਨ। ਇਸ ਵਾਸਤੇ ਉਨਾਂ ਨੇ ਦੂਤ ਨੂੰ ਕਿਹਾ, "ਅਸੀਂ ਤੁਹਾਨੂੰ ਵੀ ਤੋਹਫੇ ਦੇਣਾ ਚਾਹੁੰਦੇ ਹਾਂ। ਸੋਨਾ, ਚਾਂਦੀ, ਹੀਰੇ, ਰਤਨ, ਜੋ ਵੀ ਤੁਹਾਡਾ ਦਿਲ ਕਰੇ ਮੰਗ ਲਵੋ।“

"ਮਹਾਰਾਜ, ਮੈਨੂੰ ਐਸਾ ਤੋਹਫਾ ਦਿਓ ਜਿਹੜਾ ਦੁੱਖ-ਸੁੱਖ ਵਿਚ ਹਮੇਸ਼ਾ ਮੇਰੇ ਨਾਲ ਰਹੇ ਅਤੇ ਜਿਸ ਨੂੰ ਮੇਰੇ ਤੋਂ ਕੋਈ ਖੋਹ ਨਾ ਸਕੇ।”

ਇਹ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਇ ਚਕਰਾ ਗਏ। ਉਨ੍ਹਾਂ ਨੇ ਉਤਸੁਕ ਨਜ਼ਰਾਂ ਨਾਲ ਦਰਬਾਰੀਆਂ ਵੱਲ ਦੇਖਿਆ। ਸਾਰਿਆਂ ਦੇ ਚਿਹਰਿਆਂ ਉਪਰ ਪਰੇਸ਼ਾਨੀ ਦਿਸ ਰਹੀ ਸੀ। ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹੋ ਜਿਹਾ ਤੋਹਫਾ ਕਿਹੜਾ ਹੋ ਸਕਦਾ ਹੈ।

ਉਸ ਵੇਲੇ ਰਾਜੇ ਨੂੰ ਤੈਨਾਲੀ ਰਾਮ ਦੀ ਯਾਦ ਆਈ। ਉਹ ਦਰਬਾਰ ਵਿਚ ਹੀ ਹਾਜ਼ਰ ਸੀ। ਰਾਜੇ ਨੇ ਤੈਨਾਲੀ ਰਾਮ ਨੂੰ ਪੁੱਛਿਆ, "ਕੀ ਤੁਸੀਂ ਲਿਆ ਸਕਦੇ ਹੋ ਇਹੋ ਜਿਹਾ ਤੋਹਫਾ ਜਿਹੋ ਜਿਹਾ ਦੁਤ ਨੇ ਮੰਗਿਆ ਹੈ ?"

ਜ਼ਰੂਰ ਮਹਾਰਾਜ, ਦੁਪਹਿਰ ਵੇਲੇ ਜਦੋਂ ਇਹ ਸ਼੍ਰੀਮਾਨ ਜੀ ਇਥੋਂ ਜਾਣਗੇ ਤਾਂ ਉਹ ਤੋਹਫਾ ਉਨ੍ਹਾਂ ਦੇ ਨਾਲ ਹੀ ਹੋਵੇਗਾ।"

ਨਿਸਚਿਤ ਸਮੇਂ ਦੁਤ ਆਪਣੇ ਦੇਸ਼ ਨੂੰ ਜਾਣ ਲਈ ਤਿਆਰ ਹੋਇਆ। ਸਾਰੇ ਤੋਹਫੇ ਉਸ ਦੇ ਹੱਥ ਵਿਚ ਰਖਵਾ ਦਿੱਤੇ ਗਏ।

ਜਦੋਂ ਰਾਜਾ ਕ੍ਰਿਸ਼ਨਦੇਵ ਰਾਇ ਦੂਤ ਨੂੰ ਵਿਦਾ ਕਰਨ ਲੱਗਾ ਤਾਂ ਦੂਤ ਬੋਲਿਆ "ਮਹਾਰਾਜ, ਮੈਨੂੰ ਉਹ ਤੋਹਫਾ ਹੀ ਨਹੀਂ ਮਿਲਿਆ, ਜਿਸ ਦਾ ਮੈਨੂੰ ਵਾਅਦਾ ਕੀਤਾ ਸੀ।

ਰਾਜੇ ਨੇ ਤੈਨਾਲੀ ਰਾਮ ਵੱਲ ਦੇਖਿਆ ਤੇ ਕਿਹਾ, "ਤੈਨਾਲੀ ਰਾਮ ਤੂੰ ਲਿਆਂਦਾ ਨਹੀਂ ਉਹ ਤੋਹਫਾ ?"

ਇਸ ਦੇ ਜਵਾਬ ਵਿਚ ਤੈਨਾਲੀ ਰਾਮ ਨੇ ਹੱਸ ਕੇ ਕਿਹਾ - "ਮਹਾਰਾਜ ਉਹ ਤੋਹਫਾ ਤਾਂ ਇਸ ਵੇਲੇ ਵੀ ਇਨ੍ਹਾਂ ਦੇ ਨਾਲ ਹੈ। ਪਰ ਇਹ ਉਸ ਨੂੰ ਦੇਖ ਨਹੀਂ ਰਹੇ। ਇਨ੍ਹਾਂ ਨੂੰ ਕਹੋ ਕਿ ਜ਼ਰਾ ਪਿੱਛੇ ਮੁੜ ਕੇ ਦੇਖਣ।”

ਦੂਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਕੁਝ ਵੀ ਨਜ਼ਰ ਨਾ ਆਇਆ। ਉਸ ਨੇ ਕਿਹਾ, "ਕਿਥੇ ਹੈ ਉਹ ਤੋਹਫਾ ? ਮੈਨੂੰ ਤਾਂ ਦਿਸ ਨਹੀਂ ਰਿਹਾ।"

ਤੈਨਾਲੀ ਰਾਮ ਮੁਸਕਰਾਏ ਤੇ ਬੋਲੇ - “ਜ਼ਰਾ ਧਿਆਨ ਨਾਲ ਦੇਖੋ ਸ਼੍ਰੀਮਾਨ, ਉਹ ਤੋਹਫਾ ਤੁਹਾਡੇ ਪਿੱਛੇ ਹੀ ਹੈ - ਤੁਹਾਡਾ ਪਰਛਾਵਾਂ। ਸੁਖ ਵਿਚ, ਦੁੱਖ ਵਿਚ, ਉਮਰ ਭਰ ਇਹ ਤੁਹਾਡੇ ਨਾਲ ਹੀ ਰਹੇਗਾ ਅਤੇ ਇਸ ਨੂੰ ਕੋਈ ਵੀ ਤੁਹਾਡੇ ਤੋਂ ਖੋਹ ਨਹੀਂ ਸਕੇਗਾ।

ਇਹ ਗੱਲ ਸੁਣਦਿਆਂ ਹੀ ਰਾਜਾ ਕ੍ਰਿਸ਼ਨਦੇਵ ਰਾਇ ਦਾ ਹਾਸਾ ਨਿਕਲ ਗਿਆ। ਦੁਤ ਵੀ ਮੁਸਕਰਾ ਪਿਆ ਅਤੇ ਬੋਲਿਆ - "ਮਹਾਰਾਜ ਮੈਂ ਤੈਨਾਲੀ ਰਾਮ ਦੀ ਬੜੀ ਪ੍ਰਸੰਸਾ ਸੁਣੀ ਸੀ, ਅੱਜ ਸਬੂਤ ਵੀ ਮਿਲ ਗਿਆ ਹੈ। ਤੈਨਾਲੀ ਰਾਮ ਵੀ ਮੁਸਕਰਾ ਪਿਆ।


Post a Comment

0 Comments