ਹਿਸਾਬ-ਕਿਤਾਬ
Hisab-Kitab
ਤੇਨਾਲੀ ਰਾਮ ਰਾਜਗੁਰੂ ਦੇ ਵਰਤਾਉ ਨੂੰ ਭੁੱਲਿਆ ਨਹੀਂ ਸੀ। ਉਹ ਦਿਲ ਵਿਚ ਪੱਕਾ ਨਿਸ਼ਚਾ ਕਰ ਚੁੱਕਾ ਸੀ ਕਿ ਇਕ ਦਿਨ ਰਾਜਗੁਰੂ ਨਾਲ ਹਿਸਾਬ-ਕਿਤਾਬ ਜ਼ਰੂਰ ਬਰਾਬਰ ਕਰੇਗਾ। ਉਹ ਮੌਕੇ ਦੀ ਭਾਲ ਵਿਚ ਰਹਿਣ ਲੱਗਾ।
ਉਸ ਨੂੰ ਪਤਾ ਲੱਗਾ ਕਿ ਰਾਜਗੁਰੂ ਹਰ ਰੋਜ਼ ਸਵੇਰੇ ਚਾਰ ਵਜੇ ਨਗਰ ਤੋਂ ਤਿੰਨ ਮੀਲ ਦੂਰ ਤੁੰਗਭਦਰਾ ਨਦੀ ਤੇ ਨਹਾਉਣ ਜਾਂਦੇ ਹਨ। ਇਕ ਦਿਨ ਸਵੇਰੇ ਤੈਨਾਲੀ ਰਾਮ ਉਥੇ ਹੀ ਪਹੁੰਚ ਗਿਆ। ਰਾਜਗੁਰੂ ਨਦੀ ਵਿਚ ਇਸ਼ਨਾਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਕਪੜੇ ਲੁਕਾ ਦਿੱਤੇ। ਨਹਾਉਣ ਮਗਰੋਂ ਜਦੋਂ ਰਾਜਗੁਰੂ ਬਾਹਰ ਨਿਕਲੇ ਤਾਂ ਦੇਖਿਆ ਕਿ ਕਪੜੇ ਨਹੀਂ ਹਨ ਅਤੇ ਨੇੜੇ ਹੀ ਤੈਨਾਲੀ ਰਾਮ ਖੜਾ ਹੈ। ਉਸ ਤੋਂ ਪੁੱਛਿਆ, “ਰਾਮਲਿੰਗ ਮੇਰੇ ਕਪੜੇ ਕਿਥੇ ਹਨ ?"
ਉਹ, ਤੁਹਾਨੂੰ ਮੇਰਾ ਨਾਂ ਯਾਦ ਆ ਗਿਆ ?" ਤੈਨਾਲੀ ਰਾਮ ਨੇ ਕਿਹਾ। "ਮੇਰੇ ਕਪੜੇ..?" “ਕਪੜੇ? ਕਿਹੜੇ ਕਪੜੇ ? ਮੈਨੂੰ ਕੁਝ ਨਹੀਂ ਪਤਾ।” ਤੂੰ ਜੋ ਵੀ ਕਹੇਂਗਾ, ਮੈਂ ਕਰਨ ਲਈ ਤਿਆਰ ਹਾਂ। ਮੈਨੂੰ ਕਪੜੇ ਦੇ ਦੇ।” ਜੋ ਕਹਾਂਗਾ ਕਰੋਗੇ ?" ਹਾਂ ਕਰਾਂਗਾ।
“ਮੈਨੂੰ ਆਪਣੇ ਮੋਢਿਆਂ ਉਪਰ ਬਿਠਾ ਕੇ ਰਾਜ ਮਹੱਲ ਦੇ ਵਿਹੜੇ ਤਕ ਲੈ ਕੇ ਜਾਣਾ ਪਵੇਗਾ। ਬੋਲੋ ਮਨਜ਼ੂਰ ਹੈ ?"
"ਮਨਜ਼ੂਰ ਹੈ।” ਮਰੀ ਜਿਹੀ ਆਵਾਜ਼ ਵਿਚ ਰਾਜਗੁਰੂ ਨੇ ਕਿਹਾ।
ਤੈਨਾਲੀ ਰਾਮ ਨੇ ਉਸ ਦੇ ਕਪੜੇ ਵਾਪਸ ਕਰ ਦਿੱਤੇ। ਕਪੜੇ ਪਾ ਕੇ ਰਾਜਗੁਰੂ ਨੇ ਵਾਅਦੇ ਅਨੁਸਾਰ ਤੈਨਾਲੀ ਰਾਮ ਨੂੰ ਮੋਢਿਆਂ ਉਪਰ ਬਿਠਾਇਆ ਤੇ ਤੁਰ ਪਿਆ। ਜਦੋਂ ਰਾਜਗੁਰੂ ਨਗਰ ਵਿਚ ਪਹੁੰਚਿਆ ਤਾਂ ਇਹ ਅਨੋਖਾ ਨਜ਼ਾਰਾ ਦੇਖ ਕੇ ਲੋਕ ਹੱਸਦੇ ਤੇ ਤਾੜੀਆਂ ਮਾਰਦੇ ਉਨ੍ਹਾਂ ਦੇ ਪਿੱਛੇ ਪਿੱਛੇ ਤੁਰਨ ਲੱਗੇ। ਜਦੋਂ ਇਹ ਅਨੋਖਾ ਜਲੁਸ ਰਾਜ ਮਹੌਲ ਨੇੜੇ ਪਹੁੰਚਿਆ ਤਾਂ ਸ਼ੋਰ ਸੁਣ ਕੇ ਰਾਜਾ ਆਪਣੇ ਕਮਰੇ ਤੋਂ ਬਾਹਰ ਛੰਜੇ ਉਪਰ ਆ ਗਿਆ। ਉਸ ਨੇ ਦੇਖਿਆ ਕਿ ਰਾਜਗੁਰੁ ਤੈਨਾਲੀ ਰਾਮ ਨੂੰ ਮੋਢਿਆਂ ਉਪਰ ਬਿਠਾ ਕੇ ਲਿਆ ਰਿਹਾ ਹੈ। ਸ਼ਰਮ ਨਾਲ ਉਸ ਦਾ ਸਿਰ ਝੁਕਿਆ ਹੋਇਆ ਅਤੇ ਥਕਾਵਟ ਨਾਲ ਪਸੀਪਸੀਨਾ ਹੋ ਰਿਹਾ ਹੈ। ਮੋਢਿਆਂ ਤੇ ਬੈਠਾ ਤੈਨਾਲੀ ਰਾਮ ਖਿੜਖਿੜਾ ਕੇ ਹੱਸ ਰਿਹਾ ਸੀ।
ਰਾਜਗੁਰੂ ਦੀ ਇਸ ਬੇਇਜ਼ਤੀ ਨੂੰ ਦੇਖ ਕੇ ਰਾਜੇ ਨੂੰ ਬੜਾ ਗੁੱਸਾ ਆਇਆ। ਉਸ ਨੇ ਆਪਣੇ ਦੋ ਅੰਗ-ਰੱਖਿਅਕਾਂ ਨੂੰ ਕਿਹਾ, “ਹੇਠਾਂ ਵਿਹੜੇ ਵਿਚ ਜਾਵੋ। ਉਥੇ ਇਕ ਆਦਮੀ ਦੂਜੇ ਦੇ ਮੋਢਿਆਂ ਉਪਰ ਚੜਿਆ ਹੋਇਆ ਹੈ। ਮੋਢਿਆਂ ਤੇ ਚੜ੍ਹੇ ਹੋਏ ਆਦਮੀ ਨੂੰ ਹੇਠ ਸੁਟ ਦਿਓ ਅਤੇ ਲੱਤਾਂ ਮੁੱਕੇ ਮਾਰ ਮਾਰ ਕੇ ਉਸ ਦੀ ਚੰਗੀ ਤਰ੍ਹਾਂ ਮੁਰੰਮਤ ਕਰੋ। ਜਿਸ ਨੇ ਚੁੱਕਿਆ ਹੋਇਆ ਹੈ ਉਸ ਨੂੰ ਮੇਰੇ ਕੋਲ ਲੈ ਆਵੋ।
ਇਧਰ ਤੇਨਾਲੀ ਰਾਮ ਨੇ ਦੇਖ ਲਿਆ ਸੀ ਕਿ ਰਾਜੇ ਨੇ ਆਪਣੇ ਅੰਗ-ਰੱਖਿਅਕਾਂ ਨੂੰ ਕੋਈ ਹੁਕਮ ਦਿੱਤਾ ਹੈ। ਉਹ ਸਮਝ ਗਿਆ ਕਿ ਰਾਜੇ ਨੇ ਕੀ ਕਿਹਾ ਹੋਵੇਗਾ। ਉਹ ਕਦਮ ਰਾਜਗੁਰੂ ਦੇ ਮੋਢਿਆਂ ਤੋਂ ਉਤਰ ਕੇ ਪੈਰਾਂ ਵਿਚ ਡਿੱਗ ਪਿਆ।
"ਰਾਜਗੁਰੁ ਇਹ ਮੈਂ ਤੁਹਾਡੇ ਨਾਲ ਕੀ ਕੀਤਾ ? ਪਤਾ ਨਹੀਂ ਮੇਰੀ ਅਕਲ ਨੂੰ ਕੀ ਹੋ ਗਿਆ ਸੀ ? ਤੁਹਾਡੇ ਜਿਹੇ ਮਹਾਂਪੁਰਖ ਨਾਲ ਇਹੋ ਜਿਹਾ ਵਰਤਾਉ ! ਮੈਨੂੰ ਮੁਆਫ਼ ਕਰ ਦਿਓ ਰਾਜਗੁਰੂ ਜੀ ! ਤੁਸੀਂ ਤਾਂ ਬੜੇ ਉਦਾਰ ਹੋ। ਹੁਣ ਤਾਂ ਇਕ ਹੀ ਪਛਤਾਵਾ ਹੈ ਕਿ ਮੈਂ ਤੁਹਾਨੂੰ ਆਪਣੇ ਮੋਢਿਆਂ ਉਪਰ ਚੁੱਕ ਕੇ ਤੁਰਾਂ।” ਇਹ ਕਹਿ ਕੇ ਤੈਨਾਲੀ ਰਾਮ ਨੇ ਰਾਜਗੁਰੂ ਨੂੰ ਆਪਣੇ ਮੋਢਿਆਂ ਉਪਰ ਬਿਠਾ ਲਿਆ।
ਤੈਨਾਲੀ ਰਾਮ ਹਾਲੇ ਕੁਝ ਹੀ ਕਦਮ ਤੁਰਿਆ ਸੀ ਕਿ ਰਾਜੇ ਦੇ ਅੰਗ-ਰੱਖਿਅਕ ਆ ਪਹੁੰਚੇ। ਉਨ੍ਹਾਂ ਨੇ ਬਿਨਾਂ ਕੁਝ ਕਹੇ-ਸੁਣੇ ਹੀ ਰਾਜਗੁਰੂ ਨੂੰ ਹੇਠਾਂ ਸੁੱਟ ਦਿੱਤਾ ਅਤੇ ਲੱਤਾਂ ਤੇ ਮੁੱਕਿਆਂ ਨਾਲ ਉਸ ਦੀ ਬੜੀ ਮੁਰੰਮਤ ਕੀਤੀ। ਤੈਨਾਲੀ ਰਾਮ ਨੂੰ ਫੜ ਕੇ ਉਹ ਰਾਜੇ ਕੋਲ ਲੈ ਗਏ।
ਜ਼ਖ਼ਮੀ ਰਾਜਗੁਰੂ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਰਿਹਾ ਹੈ ਤੇ ਕਿਵੇਂ ਹੋ ਰਿਹਾ ਹੈ ?
ਜਦੋਂ ਅੰਗ-ਰੱਖਿਅਕ ਤੈਨਾਲੀ ਰਾਮ ਨੂੰ ਲੈ ਕੇ ਰਾਜੇ ਕੋਲ ਪਹੁੰਚੇ ਤਾਂ ਉਹ ਬੜਾ ਹੈਰਾਨ ਹੋਇਆ।
ਉਸ ਨੇ ਪੁੱਛਿਆ, "ਇਸ ਨੂੰ ਇਥੇ ਕਿਉਂ ਲੈ ਆਏ ਹੋ ? ਮੈਂ ਤਾਂ ਇਸ ਦੀ ਮੁਰੰਮਤ ਕਰਨ ਦਾ ਹੁਕਮ ਦਿੱਤਾ ਸੀ। ਦੂਜਾ ਬੰਦਾ ਕਿਥੇ ਹੈ ਜਿਸ ਨੇ ਇਸ ਨੂੰ ਮੋਢਿਆਂ ਉਪਰ ਚੁੱਕਿਆ ਸੀ।”
"ਮਹਾਰਾਜ ਤੁਹਾਡਾ ਹੁਕਮ ਸੀ ਕਿ ਮੋਢਿਆਂ ਉਪਰ ਚੜੇ ਬੰਦੇ ਦੀ ਮੁਰੰਮਤ ਕੀਤੀ ਜਾਵੇ ਅਤੇ ਚੁੱਕਣ ਵਾਲੇ ਨੂੰ ਤੁਹਾਡੀ ਸੇਵਾ ਵਿਚ ਪੇਸ਼ ਕੀਤਾ ਜਾਵੇ। ਅਸੀਂ ਤਾਂ ਤੁਹਾਡੇ ਹੁਕਮ ਨੂੰ ਹੀ ਪੂਰਾ ਕੀਤਾ ਹੈ। ਇਕ ਅੰਗ-ਰੱਖਿਅਕ ਨੇ ਸਿਰ ਝੁਕਾ ਕੇ ਕਿਹਾ।
“ਕੀ ਮਤਲਬ ? ਇਸ ਆਦਮੀ ਨੇ ਦੂਜੇ ਨੂੰ ਚੁੱਕਿਆ ਸੀ ? ਤੁਸੀਂ ਉਸ ਦੀ ਮੁਰੰਮਤ ਕੀਤੀ ਅਤੇ ਇਸ ਨੂੰ ਇਥੇ ਲੈ ਆਏ ?" ਰਾਜੇ ਨੇ ਹੈਰਾਨੀ ਨਾਲ ਪੁੱਛਿਆ।
"ਜੀ ਮਹਾਰਾਜ ! ਅੰਗ-ਰੱਖਿਅਕ ਨੇ ਜਵਾਬ ਦਿੱਤਾ।
"ਉਹ, ਇਹ ਬੰਦਾ ਬੜਾ ਚਲਾਕ ਹੈ। ਇਸ ਨੇ ਮੇਰੇ ਹੁਕਮ ਦਾ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਹੋਵੇਗਾ। ਰਾਜਾ ਕ੍ਰਿਸ਼ਨਦੇਵ ਰਾਇ ਨੇ ਗੁੱਸੇ ਨਾਲ ਲਾਲ ਪੀਲੇ ਹੁੰਦਿਆਂ ਕਿਹਾ, “ਇਸ ਨੂੰ ਲੈ ਜਾਵੋ ਅਤੇ ਮੌਤ ਦੇ ਘਾਟ ਉਤਾਰ ਦਿਓ। ਨਤੀਜੇ ਵਜੋਂ ਖੂਨ ਨਾਲ ਲਿਬੜੀ ਤਲਵਾਰ ਅੰਗ-ਰੱਖਿਅਕਾਂ ਦੇ ਸਰਦਾਰ ਨੂੰ ਦਿਖਾ ਦੇਣਾ। ਇਸ ਨੇ ਰਾਜਗੁਰੂ ਦੇ ਮੋਢਿਆਂ ਉਪਰ ਬੈਠ ਕੇ ਉਸ ਦੀ ਬੇਇੱਜ਼ਤੀ ਹੀ ਨਹੀਂ ਕੀਤੀ ਸਗੋਂ ਉਸ ਨੂੰ ਲੱਤਾਂ ਤੇ ਮੁੱਕੇ ਵੀ ਖਾਣੇ ਪਏ। ਲੈ ਜਾਵੋ ਇਸ ਨੂੰ।”
ਉਸ ਵੇਲੇ ਉਥੇ ਰਾਜੇ ਦੇ ਦੋ ਦਰਬਾਰੀ ਵੀ ਖੜੇ ਸਨ। ਹਾਲਾਂ ਕਿ ਉਨ੍ਹਾਂ ਨੇ ਉਪਰੋਂ ਗੰਭੀਰ ਮੂੰਹ ਬਣਾਇਆ ਸੀ ਪਰ ਰਾਜਗੁਰੂ ਨਾਲ ਦਿਲੋਂ ਕਿਸੇ ਨੂੰ ਵੀ ਹਮਦਰਦੀ ਨਹੀਂ ਸੀ।
ਜਦੋਂ ਅੰਗ-ਰੱਖਿਅਕ ਤੈਨਾਲੀ ਰਾਮ ਨੂੰ ਲੈ ਕੇ ਚਲੇ, ਤਾਂ ਦੋਵੇਂ ਦਰਬਾਰੀ ਵੀ ਪਿੱਛੇ ਪਿੱਛੇ ਚਲ ਪਏ। ਉਨ੍ਹਾਂ ਦੇ ਰਾਜਗੁਰੂ ਦੀ ਦੁਰਗਤੀ ਦੀ ਕਹਾਣੀ ਤੈਨਾਲੀ ਰਾਮ ਦੇ ਮੁੰਹੋਂ ਸੁਣੀ। ਤੈਨਾਲੀ ਰਾਮ ਨੇ ਉਨ੍ਹਾਂ ਨਾਲ ਦੋਸਤੀ ਕੀਤੀ ਕਿ ਉਹ ਕਿਸੇ ਢੰਗ ਨਾਲ ਉਸ ਦੀ ਜਾਨ ਬਚਾ ਲੈਣ।
ਉਨਾਂ ਨੇ ਇਸ ਦਾ ਪ੍ਰਬੰਧ ਕਰ ਦਿੱਤਾ। ਤੈਨਾਲੀ ਰਾਮ ਨੇ ਦਸ-ਦਸ ਸੋਨੇ ਦੀਆਂ ਮੋਹਰਾਂ ਅੰਗ-ਰੱਖਿਅਕਾਂ ਨੂੰ ਉਸ ਥੈਲੀ ਵਿਚੋਂ ਦਿੱਤੀਆਂ ਜਿਹੜੀਆ ਜਿਹੜੀਆਂ ਉਸ ਨੂੰ ਰਾਜੇ ਭੇਟ ਕੀਤੀਆਂ ਸਨ। ਉਸ ਨੇ ਦਰਬਾਰੀਆਂ ਅਤੇ ਅੰਗ-ਰੱਖਿਅਕਾਂ ਪੱਕਾ ਕੀਤਾ ਕਿ ਉਹ ਸ਼ਹਿਰ ਛੱਡ ਕੇ ਚਲਾ ਜਾਵੇਗਾ। ਉਥੋਂ ਛੁਟ ਕੇ ਉਹ ਆਪਣੇ ਘਰ ਅੰਦਰ ਲੁਕਿਆ ਰਿਹਾ।
ਇਧਰ ਅੰਗ-ਰੱਖਿਅਕਾਂ ਨੇ ਤਲਵਾਰ ਨਾਲ ਇਕ ਬੱਕਰਾ ਵੱਢ ਦਿੱਤਾ ਅਤੇ ਉਸ ਦੇ ਖੁਨ ਨਾਲ ਭਿੱਜੀ ਤਲਵਾਰ ਲਿਜਾ ਕੇ ਆਪਣੇ ਸਰਦਾਰ ਨੂੰ ਦਿਖਾ ਦਿੱਤੀ ਜਿਸ ਨੇ ਜੇ ਨੂੰ ਖ਼ਬਰ ਪਹੁੰਚਾਈ ਕਿ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰ ਦਿੱਤੀ ਗਈ ਹੈ।
ਅਗਲੇ ਦਿਨ ਤੈਨਾਲੀ ਰਾਮ ਨੇ ਆਪਣੀ ਮਾਂ ਤੇ ਪਤਨੀ ਨੂੰ ਰਾਜੇ ਕੋਲ ਭੇਜ ਦਿੱਤਾ। ਦੋਵੇਂ ਰੋਂਦੀਆਂ ਚੀਕਦੀਆਂ ਰਾਜੇ ਕੋਲ ਜਾ ਖੜੀਆਂ ਹੋਈਆਂ।
“ਕੀ ਗੱਲ ਹੈ, ਤੁਸੀਂ ਦੋਵੇਂ ਰੋਂ ਕਿਉਂ ਰਹੀਆਂ ਹੋ ?" ਰਾਜੇ ਨੇ ਪੁੱਛਿਆ।
“ਮਹਾਰਾਜ ਇਕ ਛੋਟੇ ਜਿਹੇ ਅਪਰਾਧ ਬਦਲੇ ਤੁਸੀਂ ਮੇਰੇ ਪੁੱਤਰ ਨੂੰ ਮੌਤ ਦੀ ਸਜਾ ਦੇ ਦਿੱਤੀ। ਉਸ ਦੇ ਦੁਨੀਆ ਤੋਂ ਤੁਰ ਜਾਣ ਨਾਲ ਤਾਂ ਮੇਰਾ ਬੁਢਾਪੇ ਦਾ ਸਹਾਰਾ ਹੀ ਜਾਂਦਾ ਰਿਹਾ।" ਰੋਂਦਿਆਂ ਤੈਨਾਲੀ ਰਾਮ ਦੀ ਮਾਂ ਨੇ ਕਿਹਾ।
“ਮੇਰੇ ਪਤੀ, ਮੇਰੇ ਛੋਟੇ ਜਿਹੇ ਬੱਚੇ ਦੇ ਪਿਤਾ ਹੁਣ ਨਹੀਂ ਰਹੇ। ਹੁਣ ਇਸ ਪਰਦੇਸ ਵਿਚ ਮੇਰਾ ਤੇ ਮੇਰੇ ਬੱਚੇ ਦਾ ਸਹਾਰਾ ਕੌਣ ਹੈ ?" ਤੈਨਾਲੀ ਰਾਮ ਦੀ ਪਤਨੀ ਵੀ ਰੋਰੋ ਕੇ ਕਹਿ ਰਹੀ ਸੀ।
ਰਾਜੇ ਨੂੰ ਉਨ੍ਹਾਂ ਉਪਰ ਤਰਸ ਆ ਗਿਆ ਅਤੇ ਆਗਿਆ ਦਿੱਤੀ, ਇਨ੍ਹਾਂ ਨੂੰ ਹਰ ਮਹੀਨੇ ਦਸ-ਦਸ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣ, ਜਿਸ ਨਾਲ ਇਹ ਆਪਣੀ ਤੇ ਬੱਚੇ ਦੀ ਪਾਲਣਾ ਕਰ ਸਕਣ।
ਵਾਪਸ ਜਾ ਕੇ ਮਾਂ ਤੇ ਪਤਨੀ ਨੇ ਤੈਨਾਲੀ ਰਾਮ ਨੂੰ ਇਹ ਗੱਲ ਦੱਸੀ। ਹੱਸਦਾ-ਹੱਸਦਾ ਤੈਨਾਲੀ ਰਾਮ ਬੋਲਿਆ, "ਮੈਂ ਆਪਣੀ ਜਾਨ ਬਚਾਉਣ ਲਈ ਜਿਹੜੀਆਂ ਵੀਹ ਸੋਨੇ ਦੀਆਂ ਮੋਹਰਾਂ ਅੰਗ-ਰੱਖਿਅਕਾਂ ਨੂੰ ਦਿੱਤੀਆਂ ਸਨ, ਉਹ ਹੁਣ ਦੋ ਮਹੀਨਿਆਂ ਵਿਚ ਵਸੂਲ ਹੋ ਜਾਣਗੀਆਂ।”
ਤੈਨਾਲੀ ਰਾਮ ਨੇ ਆਪਣਾ ਹਿਸਾਬ-ਕਿਤਾਬ ਬਰਾਬਰ ਕਰ ਲਿਆ ਸੀ।
0 Comments