ਭਟਕਦੀ ਆਤਮਾ
Bhatakdi Aatma
ਤੈਨਾਲੀ ਰਾਮ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਹ ਖ਼ਬਰ ਅੱਗ ਵਾਂਗ ਸਾਰੇ ਸ਼ਹਿਰ ਵਿਚ ਫੈਲ ਗਈ। ਕੋਈ ਨਹੀਂ ਸੀ ਜਾਣਦਾ ਕਿ ਤੈਨਾਲੀ ਰਾਮ ਜੀਉਂਦਾ ਹੈ ਅਤੇ ਆਪਣੇ ਹੀ ਘਰ ਵਿਚ ਲੁਕਿਆ ਹੋਇਆ ਹੈ। ਲੋਕਾਂ ਵਿਚ ਘੁਸਰ-ਮੁਸਰ ਹੋਣ ਲੱਗੀ, ਛੋਟੇ ਜਿਹੇ ਅਪਰਾਧ ਦੀ ਐਨੀ ਵੱਡੀ ਸਜ਼ਾ ? ਅੰਧਵਿਸ਼ਵਾਸੀਆਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਬ੍ਰਾਹਮਣ ਦੀ ਆਤਮਾ ਭਟਕਦੀ ਰਹਿੰਦੀ ਹੈ। ਇਸ ਪਾਪ ਦਾ ਪਛਤਾਵਾ ਹੋਣਾ ਚਾਹੀਦਾ ਹੈ।
ਰਾਜੇ ਦੀਆਂ ਦੋਹਾਂ ਰਾਣੀਆਂ ਨੇ ਜਦੋਂ ਇਹ ਸੁਣਿਆਂ ਤਾਂ ਉਨਾਂ ਨੇ ਰਾਜੇ ਨੂੰ ਕਿਹਾ ਕਿ ਇਸ ਪਾਪ ਤੋਂ ਮੁਕਤੀ ਲਈ ਕੁਝ ਉਪਾਅ ਕਰੋ। ਮਜਬੂਰ ਹੋ ਕੇ ਰਾਜੇ ਨੇ ਆਪਣੇ ਰਾਜਗੁਰੂ ਅਤੇ ਰਾਜ ਦੇ ਚੁਣੇ ਹੋਏ ਇਕ ਸੌ ਅੱਠ ਬਾਹਮਣਾਂ ਨੂੰ ਪੂਜਾ ਕਰਨ ਦਾ ਹੁਕਮ ਦਿੱਤਾ ਤਾਂ ਜੋ ਤੈਨਾਲੀ ਰਾਮ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਪੂਜਾ ਸ਼ਹਿਰ ਤੋਂ ਬਾਹਰ ਬੋਹੜ ਦੇ ਉਸ ਰੁੱਖ ਹੇਠਾਂ ਕਰਨੀ ਨਿਸਚਿਤ ਹੋਈ ਜਿਥੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।
ਇਹ ਖ਼ਬਰ ਤੈਨਾਲੀ ਰਾਮ ਤਕ ਵੀ ਪਹੁੰਚ ਗਈ। ਰਾਤ ਹੋਣ ਤੋਂ ਪਹਿਲਾਂ ਹੀ ਉਹ ਉਸ ਬੋਹੜ ਦੇ ਰੁੱਖ ਉਪਰ ਜਾ ਬੈਠਾ। ਉਸ ਨੇ ਸਾਰਾ ਸਰੀਰ ਲਾਲ ਮਿੱਟੀ ਨਾਲ ਰੰਗ ਲਿਆ ਅਤੇ ਚਿਹਰੇ ਉਪਰ ਕਾਲਖ ਮਲ ਲਈ। ਇਸ ਤਰ੍ਹਾਂ ਉਸ ਨੇ ਭਟਕ ਰਹੀ ਆਤਮਾ ਦਾ ਰੂਪ ਬਣਾ ਲਿਆ। ਰਾਤ ਵੇਲੇ ਬ੍ਰਾਹਮਣਾਂ ਨੇ ਛੋਟੀਆਂ-ਛੋਟੀਆਂ ਲੱਕੜਾਂ ਦੀ ਅੱਗ ਬਾਲੀ। ਉਸ ਦੇ ਸਾਹਮਣੇ ਬੈਠ ਕੇ ਪਤਾ ਨਹੀਂ ਕਿਹੜੇ ਕਿਹੜੇ ਮੰਤਰ ਪੜ੍ਹਨ ਲੱਗੇ। ਉਹ ਛੇਤੀ ਨਾਲ ਪੂਜਾ ਖਤਮ ਕਰਕੇ ਘਰ ਜਾ ਕੇ ਆਪਣੇ ਸੁਖਦਾਈ ਬਿਸਤਰਿਆਂ ਉਪਰ ਸੋਣਾ ਚਾਹੁੰਦੇ ਸਨ।
ਛੇਤੀ-ਛੇਤੀ ਮੰਤਰ ਪੜ ਕੇ ਉਨ੍ਹਾਂ ਨੇ ਤੈਨਾਲੀ ਰਾਮ ਦੀ ਭਟਕਦੀ ਆਤਮਾ ਨੂੰ ਬੁਲਾਇਆ, "ਤੈਨਾਲੀ ਰਾਮ ਦੀ ਭਟਕਦੀ ਆਤਮਾ !
“ਆਹਾ !" ਉਨ੍ਹਾਂ ਨੂੰ ਜਵਾਬ ਮਿਲਿਆ। ਬ੍ਰਾਹਮਣਾਂ ਦੀ ਹੋਸ਼ ਗੁੰਮ ਹੋ ਗਈ। ਉਨ੍ਹਾਂ ਦੇ ਪੈਰ ਡਰ ਕਾਰਣ ਜਿਵੇਂ ਜਮੀਨ ਨਾਲ ਹੀ ਚਿਪਕ ਗਏ ਸਨ। ਉਨ੍ਹਾਂ ਵਿਚ ਘੁਸਰ-ਮੁਸਰ ਹੋਣ ਲੱਗੀ - "ਭਟਕ ਰਹੀ ਆਤਮਾ ਨੇ ਸਚਮੁੱਚ ਜਵਾਬ ਦਿੱਤਾ ਹੈ। ਸਾਨੂੰ ਤਾਂ ਇਸ ਦੀ ਬਿਲਕੁਲ ਉਮੀਦ ਨਹੀਂ ਸੀ।”
ਅਸਲ ਵਿਚ ਤਾਂ ਉਹ ਲੋਕ ਪੁਜਾ ਦੀ ਖ਼ਾਨਾਪੂਰੀ ਕਰਕੇ ਰਾਜੇ ਤੋਂ ਕੁਝ ਰੁਪਏ ਝਾੜਨ ਦੇ ਚੱਕਰ ਵਿਚ ਸਨ। ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਤੈਨਾਲੀ ਰਾਮ ਸਚਮੁੱਚ ਭਟਕਦੀ ਆਤਮਾ ਬਣ ਗਿਆ ਹੋਵੇਗਾ।
ਅਚਾਨਕ ਅਜੀਬ ਜਿਹੀ ਆਵਾਜ਼ ਕਰਦਾ ਤੈਨਾਲੀ ਰਾਮ ਰੁੱਖ ਤੋਂ ਹੇਠਾਂ ਕੁੱਦਿਆ। ਬ੍ਰਾਹਮਣਾਂ ਨੇ ਉਸ ਦੀ ਡਰਾਉਣੀ ਸ਼ਕਲ ਦੇਖੀ ਤਾਂ ਡਰ ਦੇ ਮਾਰੇ ਚੀਕਦੇ-ਚਲਾਂਦੇ ਸਿਰ ਤੇ ਪੈਰ ਰੱਖ ਕੇ ਦੌੜੇ। ਅੱਗੇ-ਅੱਗੇ ਰਾਜਗੁਰੂ ਤੇ ਪਿੱਛੇ-ਪਿੱਛੇ ਬ੍ਰਾਹਮਣ।
ਰਾਜੇ ਨੇ ਜਦੋਂ ਉਨ੍ਹਾਂ ਤੋਂ ਇਹ ਕਹਾਣੀ ਸੁਣੀ ਤਾਂ ਉਹ ਬੜਾ ਹੱਸਿਆ - ਤੁਸੀਂ ਤਾਂ ਵੱਡੀਆਂ-ਵੱਡੀਆਂ ਫੜਾਂ ਮਾਰਨੀਆਂ ਹੀ ਜਾਣਦੇ ਹੋ। ਜਿਸ ਭਟਕਦੀ ਆਤਮਾ ਨੂੰ ਸ਼ਾਂਤ ਕਰਨ ਵਾਸਤੇ ਤੁਹਾਨੂੰ ਭੇਜਿਆ ਸੀ, ਉਸੇ ਤੋਂ ਡਰ ਕੇ ਦੌੜ ਆਏ ਹੋ ?
ਬ੍ਰਾਹਮਣ ਸਿਰ ਝੁਕਾਈ ਖੜੇ ਰਹੇ।
ਅਨੋਖੀ ਗੱਲ ਤਾਂ ਇਹ ਹੈ ਕਿ ਇਸ ਭਟਕਦੀ ਆਤਮਾ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ। ਸਿਰਫ਼ ਤੁਹਾਨੂੰ ਹੀ ਦਿਸੀ ਹੈ। ਰਾਜੇ ਨੇ ਕਿਹਾ - "ਜੋ ਹੋ ਗਿਆ ਸੋ ਹੋ ਗਿਆ। ਹੁਣ ਜਿਹੜਾ ਇਸ ਭਟਕਦੀ ਆਤਮਾ ਤੋਂ ਮੁਕਤੀ ਦਿਵਾਏਗਾ ਉਸ ਨੂੰ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ।
ਰਾਜੇ ਦੇ ਐਲਾਨ ਤੋਂ ਤਿੰਨ ਦਿਨ ਪਿਛੋਂ ਇਕ ਬੁੱਢਾ ਸੰਨਿਆਸੀ ਰਾਜ ਦਰਬਾਰ ਵਿਚ ਹਾਜ਼ਰ ਹੋਇਆ। ਉਸ ਦੀ ਦਾੜੀ ਬਗਲੇ ਦੇ ਖੰਭਾਂ ਵਾਂਗ ਚਿੱਟੀ ਸੀ।
ਉਸ ਨੇ ਕਿਹਾ, "ਮਹਾਰਾਜ ਮੈਂ ਇਸ ਭਟਕਦੀ ਆਤਮਾਂ ਤੋਂ ਤੁਹਾਨੂੰ ਮੁਕਤੀ ਦੁਆ ਸਕਦਾ ਹਾਂ। ਸ਼ਰਤ ਇਹ ਹੈ ਕਿ ਜਦੋਂ ਤੁਹਾਡੀ ਤਸੱਲੀ ਹੋ ਜਾਵੇ ਕਿ ਇਹ ਭਟਕਦੀ ਆਤਮਾ ਨਹੀਂ ਤਾਂ ਤੁਸੀਂ ਮੈਨੂੰ ਮੂੰਹ ਮੰਗੀ ਚੀਜ਼ ਦਿਉਗੇ।"
"ਜੇ ਉਹ ਚੀਜ਼ ਸਾਡੀ ਇਜ਼ਤ ਤੇ ਲੋਕਾਂ ਲਈ ਨੁਕਸਾਨ ਵਾਲੀ ਨਾ ਹੋਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ।" ਰਾਜੇ ਨੇ ਕਿਹਾ।
"ਮੈਂ ਐਸੀ ਹੀ ਚੀਜ਼ ਮੰਗਾਂਗਾ ਜਿਹੜੀ ਤੁਹਾਡੀ ਇੱਜ਼ਤ ਤੇ ਲੋਕਾਂ ਲਈ ਨੁਕਸਾਨ ਦੇਣ ਵਾਲੀ ਨਾ ਹੋਵੇ।" ਸੰਨਿਆਸੀ ਨੇ ਕਿਹਾ।
ਠੀਕ ਹੈ ਇਸ ਭਟਕਦੀ ਆਤਮਾ ਤੋਂ ਮੁਕਤੀ ਦਿਵਾਓ ਅਤੇ ਮੈਨੂੰ ਵੀ ਉਸ ਪਾਪ ਤੋਂ ਛੁਟਕਾਰਾ ਦਿਵਾਓ ਜਿਹੜਾ ਬ੍ਰਾਹਮਣ ਦੀ ਹੱਤਿਆ ਕਰਨ ਕਰਕੇ ਮੈਨੂੰ ਲੱਗਾ ਹੈ, ਹਾਲਾਂ ਕਿ ਉਸ ਦਾ ਅਪਰਾਧ ਛੋਟਾ ਜਿਹਾ ਹੀ ਸੀ।" ਰਾਜੇ ਨੇ ਕਿਹਾ।
"ਤੁਸੀਂ ਫਿਕਰ ਨਾ ਕਰੋ, ਮੇਰੇ ਉਪਾਅ ਤੋਂ ਮਗਰੋਂ ਤੁਹਾਨੂੰ ਲੱਗੇਗਾ ਜਿਵੇਂ ਬਾਹਮਣ ਮਰਿਆ ਹੀ ਨਹੀਂ।” ਸੰਨਿਆਸੀ ਨੇ ਕਿਹਾ।
"ਕੀ ? ਰਾਜੇ ਨੇ ਹੈਰਾਨ ਹੋ ਕੇ ਪੁੱਛਿਆ, “ਕੀ ਤੁਸੀਂ ਉਸ ਮਸਖਰੇ ਨੂੰ ਦੁਬਾਰਾ ਜੀਊਂਦਾ ਕਰ ਸਕਦੇ ਹੋ ?"
“ਤੁਸੀਂ ਚਾਹੋ ਤਾਂ ਇਉਂ ਹੀ ਕਰ ਸਕਦਾ ਹਾਂ।" ਸੰਨਿਆਸੀ ਨੇ ਜਵਾਬ ਦਿੱਤਾ।
"ਇਸ ਤਰ੍ਹਾਂ ਹੋ ਸਕੇ ਤਾਂ ਫਿਰ ਹੋਰ ਕੀ ਚਾਹੀਦਾ ਹੈ। ਰਾਜੇ ਨੇ ਕਿਹਾ, ਹਾਲਾਂ ਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਉਂ ਹੋ ਸਕਦਾ ਹੈ।
ਰਾਜਗੁਰੁ ਨੇੜੇ ਹੀ ਬੈਠਾ ਸੀ, ਬੋਲਿਆ, "ਪਰ ਮਹਾਰਾਜ ਕਦੀ ਮੁਰਦੇ ਵੀ ਜੀਉਂਦੇ ਹੋਏ ਹਨ ? ਅਤੇ ਫਿਰ ਉਸ ਮਸਖ਼ਰੇ ਨੂੰ ਜੀਉਂਦਾ ਕਰਕੇ ਲਾਭ ਹੀ ਕੀ ਹੈ ? ਉਹ ਫਿਰ ਆਪਣੀਆਂ ਸ਼ਰਾਰਤਾਂ ਸ਼ੁਰੂ ਕਰ ਦਵੇਗਾ ਅਤੇ ਤੁਹਾਡੇ ਤੋਂ ਫਿਰ ਮੌਤ ਦੀ ਸਜ਼ਾ ਪ੍ਰਾਪਤ ਕਰੇਗਾ।”
"ਕੁਝ ਵੀ ਹੋਵੇ, ਅਸੀਂ ਇਹ ਚਮਤਕਾਰ ਜ਼ਰੂਰ ਦੇਖਣਾ ਚਾਹੁੰਦੇ ਹਾਂ ਅਤੇ ਫਿਰ ਸਾਡੇ ਦਿਲ ਉਪਰ ਜਿਹੜਾ ਭਾਰ ਹੈ ਉਹ ਵੀ ਤਾਂ ਲਹਿ ਜਾਵੇਗਾ। ਸੰਨਿਆਸੀ ਜੀ ਤੁਸੀਂ ਇਹ ਉਪਾਅ ਕਦੋਂ ਕਰਨਾ ਚਾਹੋਗੇ ?" ਰਾਜੇ ਨੇ ਕਿਹਾ।
ਹੁਣੇ ਤੇ ਇਥੇ ਹੀ।” ਸੰਨਿਆਸੀ ਨੇ ਕਿਹਾ।
ਪਰ ਭਟਕਦੀ ਆਤਮਾ ਇਥੇ ਨਹੀਂ, ਬੋਹੜ ਦੇ ਉਸ ਰੁੱਖ ਉਪਰ ਹੈ। ਮਹਾਰਾਜ, ਮੈਨੂੰ ਤਾਂ ਲੱਗਦਾ ਹੈ ਕਿ ਸੰਨਿਆਸੀ ਸਿਰਫ ਗੱਲਾਂ ਹੀ ਕਰਨੀਆਂ ਜਾਣਦਾ ਹੈ, ਇਸ ਦੇ ਵੱਸ ਦਾ ਕੁਝ ਕਰਨਾ ਨਹੀਂ ਹੈ।” ਰਾਜਗੁਰੂ ਨੇ ਰਾਜੇ ਨੂੰ ਕਿਹਾ।
"ਰਾਜਗੁਰੂ ਜੀ, ਮੈਂ ਜੋ ਕਹਿ ਰਿਹਾ ਹਾਂ ਉਹ ਕਰ ਕੇ ਦਿਖਾ ਸਕਦਾ ਹਾਂ। ਤੁਸੀਂ ਹੀ ਦੱਸੋ, ਜੇ ਮੈਂ ਉਸ ਬਾਹਮਣ ਨੂੰ ਹੀ ਤੁਹਾਡੇ ਸਾਹਮਣੇ ਜੀਉਂਦਾ ਕਰ ਕੇ ਦਿਖਾ ਦੇਵਾਂ ਤਾਂ ਕੀ ਭਟਕਦੀ ਆਤਮਾ ਬਾਕੀ ਰਹਿ ਜਾਵੇਗੀ ?" ਸੰਨਿਆਸੀ ਨੇ ਪੁੱਛਿਆ।
“ਬਿਲਕੁਲ ਨਹੀਂ।" ਰਾਜਗੁਰੂ ਦਾ ਜਵਾਬ ਸੀ। "ਤਾਂ ਫਿਰ ਚਮਤਕਾਰ ਦੇਖੋ।” ਸੰਨਿਆਸੀ ਨੇ ਆਪਣੇ ਗੇਰੂਏ ਰੰਗ ਦੇ ਕਪੜੇ ਤੇ ਨਕਲੀ ਦਾੜੀ ਉਤਾਰ ਦਿੱਤੀ। ਆਪਣੀ ਹਮੇਸ਼ਾ ਵਾਲੀ ਪੋਸ਼ਾਕ ਵਿਚ ਤੇਨਾਲੀ ਰਾਮ ਰਾਜੇ ਤੇ ਰਾਜਗੁਰੂ ਦੇ ਸਾਹਮਣੇ ਖੜਾ ਸੀ।
ਦੋਵੇਂ ਹੈਰਾਨ ਸਨ। ਉਨ੍ਹਾਂ ਨੂੰ ਆਪਣੀਆਂ ਅੱਖਾਂ ਉਪਰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ। ਤੈਨਾਲੀ ਰਾਮ ਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ। ਉਸ ਨੇ ਰਾਜੇ ਨੂੰ ਯਾਦ ਕਰਾਇਆ, "ਤੁਸੀਂ ਮੈਨੂੰ ਮੂੰਹ ਮੰਗਿਆ ਇਨਾਮ ਦੇਣ ਦਾ ਵਾਅਦਾ ਕੀਤਾ ਹੈ। ਤੁਸੀਂ ਉਨ੍ਹਾਂ ਅੰਗ-ਰਖਿਅਕਾਂ ਨੂੰ ਮੁਆਫ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਮਾਰਨ ਲਈ ਭੇਜਿਆ ਸੀ।
ਰਾਜੇ ਨੇ ਹੱਸਦਿਆਂ ਕਿਹਾ, "ਠੀਕ ਹੈ, ਤੁਹਾਨੂੰ ਵੀ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਜਾਂਦੀਆਂ ਹਨ। ਅਤੇ ਹਾਂ, ਉਹ ਜਿਹੜੀਆਂ ਦਸ ਸੋਨੇ ਦੀਆਂ ਮੋਹਰਾਂ ਤੇਰੀ ਮਾਂ ਤੇ ਪਤਨੀ ਨੂੰ ਦੇਣ ਦਾ ਮੈਂ ਹੁਕਮ ਦਿੱਤਾ ਸੀ, ਉਸ ਨੂੰ ਵਾਪਸ ਲੈਂਦਾ ਹਾਂ ਨਹੀਂ ਤਾਂ ਖ਼ਜ਼ਾਨਚੀ ਮੇਰੇ ਨੱਕ ਵਿਚ ਦਮ ਕਰ ਦਵੇਗਾ।" ਇਹ ਕਹਿ ਕੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਬੜੇ ਜ਼ੋਰ ਦਾ ਠਹਾਕਾ ਲਗਾਇਆ।
0 Comments