ਠੰਡ ਦੀ ਮਠਿਆਈ
Thand di Mithiyai
ਇਕ ਵਾਰੀ ਰਾਜ ਮਹੱਲ ਵਿਚ ਰਾਜਾ ਕ੍ਰਿਸ਼ਨਦੇਵ ਰਾਇ ਦੇ ਨਾਲ ਤੈਨਾਲੀ ਰਾਮ ਅਤੇ ਰਾਜ ਪੁਰੋਹਿਤ ਬੈਠੇ ਸਨ। ਠੰਡ ਦੇ ਦਿਨ ਸਨ। ਸਵੇਰ ਦੀ ਧੁੱਪ ਸੇਕਦਿਆਂ ਤਿੰਨੋਂ ਗੱਲਾਂ ਵਿਚ ਰੁੱਝੇ ਹੋਏ ਸਨ ਤਾਂ ਅਚਾਨਕ ਰਾਜੇ ਨੇ ਕਿਹਾ, "ਠੰਡ ਦਾ ਮੌਸਮ ਸਾਰਿਆਂ ਤੋਂ ਵਧੀਆ ਹੁੰਦਾ ਹੈ। ਖੂਬ ਖਾਓ ਤੇ ਸਿਹਤ ਬਣਾਓ।"
ਖਾਣ ਦੀ ਗੱਲ ਸੁਣ ਕੇ ਪੁਰੋਹਿਤ ਦੇ ਮੂੰਹ ਵਿਚ ਪਾਣੀ ਆਉਣ ਲੱਗਾ। ਬੋਲਿਆ, 'ਮਹਾਰਾਜ, ਠੰਡ ਵਿਚ ਤਾਂ ਮੇਵਾ ਤੇ ਮਠਿਆਈ ਖਾਣ ਦਾ ਆਪਣਾ ਹੀ ਮਜ਼ਾ ਹੈ - ਆਪਣਾ ਹੀ ਆਨੰਦ ਹੈ।"
"ਚੰਗਾ, ਦੱਸੋ ਠੰਡ ਦੀ ਸਭ ਤੋਂ ਚੰਗੀ ਮਠਿਆਈ ਕਿਹੜੀ ਹੈ?" ਰਾਜਾ ਕ੍ਰਿਸ਼ਨਦੇਵ ਰਾਇ ਨੇ ਪੁੱਛਿਆ।
ਪੁਰੋਹਿਤ ਨੇ ਹਲਵਾ, ਮਾਲ ਪੂੜੇ, ਪਿਸਤੇ ਦੀ ਬਰਫ਼ੀ ਆਦਿ ਬਹੁਤ ਸਾਰੇ ਨਾਂ ਗਿਣਵਾ ਦਿੱਤੇ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਸਾਰੀਆਂ ਮਠਿਆਈਆਂ ਮੰਗਵਾ ਕਿ ਪੁਰੋਹਿਤ ਨੂੰ ਕਿਹਾ ਕਿ ਜ਼ਰਾ ਖਾ ਕੇ ਦੱਸੋ ਕਿ ਇਨ੍ਹਾਂ ਵਿਚੋਂ ਸਾਰਿਆਂ ਤੋਂ ਚੰਗੀ ਮਠਿਆਈ ਕਿਹੜੀ ਹੈ ?"
ਪੁਰੋਹਿਤ ਨੂੰ ਸਾਰੀਆਂ ਮਠਿਆਈਆਂ ਚੰਗੀਆਂ ਲੱਗਦੀਆਂ ਸਨ। ਕਿਹੜੀ ਮਠਿਆਈ ਨੂੰ ਸਾਰਿਆਂ ਤੋਂ ਵਧੀਆ ਕਹਿੰਦਾ ?
ਰਾਜੇ ਨੇ ਤੈਨਾਲੀ ਰਾਮ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ, 'ਮਹਾਰਾਜ ਇਕ ਐਸੀ ਮਠਿਆਈ ਵੀ ਹੈ ਜਿਹੜੀ ਇਨ੍ਹਾਂ ਸਾਰੀਆਂ ਨਾਲੋਂ ਚੰਗੀ ਹੈ, ਪਰ ਉਹ ਮਠਿਆਈ ਇਥੇ ਨਹੀਂ ਮਿਲੇਗੀ।”
“ਤਾਂ ਫਿਰ ਕਿਥੇ ਮਿਲੇਗੀ?" ਰਾਜਾ ਕ੍ਰਿਸ਼ਨਦੇਵ ਰਾਇ ਨੇ ਉਤਸੁਕਤਾ ਨਾਲ ਪੁੱਛਿਆ, "ਤੇ ਉਸ ਮਠਿਆਈ ਦਾ ਕੀ ਨਾਂ ਹੈ?"
“ਨਾਂ ਪੁੱਛ ਕੇ ਕੀ ਕਰੋਗੇ ਮਹਾਰਾਜ? ਤੁਸੀਂ ਅੱਜ ਰਾਤੀਂ ਮੇਰੇ ਨਾਲ ਚਲਣਾ; ਮੈਂ ਤੁਹਾਨੂੰ ਉਹ ਮਠਿਆਈ ਖੁਆ ਹੀ ਦਿਆਂਗਾ।”
ਰਾਜਾ ਕ੍ਰਿਸ਼ਨਦੇਵ ਰਾਇ ਮੰਨ ਗਏ। ਰਾਤੀਂ ਉਹ ਸਾਧਾਰਣ ਕਪੜਿਆਂ ਵਿਚ ਪ੍ਰੋਹਿਤ ਤੇ ਤੈਨਾਲੀ ਰਾਮ ਨੂੰ ਨਾਲ ਲੈ ਕੇ ਚਲ ਪਏ।
ਤੁਰਦਿਆਂ ਤੁਰਦਿਆਂ ਦੋਵੇਂ ਬਹੁਤ ਦੂਰ ਨਿਕਲ ਗਏ। ਇਕ ਥਾਂ ਦੋ-ਤਿੰਨ ਬੰਦੇ ਅੱਗ ਬਾਲ ਕੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਸਨ। ਇਹ ਤਿੰਨੋ ਵੀ ਉਥੇ ਹੀ ਰੁਕ ਗਏ। ਇਸ ਭੇਸ ਵਿਚ ਲੋਕ ਰਾਜੇ ਨੂੰ ਪਛਾਣ ਹੀ ਨਾ ਸਕੇ।
ਨੇੜੇ ਹੀ ਵੇਲਣਾ ਚਲ ਰਿਹਾ ਸੀ। ਤੈਨਾਲੀ ਰਾਮ ਉਧਰ ਗਏ ਅਤੇ ਕੁਝ ਪੈਸੇ ਦੇ ਕੇ ਗਰਮ ਗਰਮ ਗੁੜ ਲਿਆਂਦਾ। ਗੁੜ ਲੈ ਕੇ ਉਹ ਪੁਰੋਹਿਤ ਤੇ ਰਾਜੇ ਕੋਲ ਆ ਗਏ। ਹਨੇਰੇ ਵਿਚ ਪੁਰੋਹਿਤ ਤੇ ਰਾਜੇ ਨੂੰ ਥੋੜ੍ਹਾ ਥੋੜ੍ਹਾ ਗੁੜ ਦੇ ਕੇ ਬੋਲੇ, "ਲਉ ਖਾਉ, ਠੰਡ ਦੀ ਅਸਲੀ ਮਠਿਆਈ।
ਰਾਜੇ ਨੇ ਗਰਮ-ਗਰਮ ਗੁੜ ਖਾਧਾ ਤਾਂ ਬੜਾ ਸੁਆਦ ਲੱਗਾ। ਕਹਿਣ ਲੱਗਾ, "ਐਨੀ ਵਧੀਆ ਮਠਿਆਈ, ਇਥੇ ਹਨੇਰੇ ਵਿਚ ਕਿਥੋਂ ਆਈ ?" ਉਸੇ ਵੇਲੇ ਤੈਨਾਲੀ ਰਾਮ ਨੂੰ ਉਥੇ ਹਨੇਰੇ ਵਿਚ ਪਈਆਂ ਪੱਤੀਆਂ ਦਿਸੀਆਂ। ਉਹ ਆਪਣੀ ਥਾਂ ਤੋਂ ਉਠਿਆ ਤੇ ਪੱਤੀਆਂ ਇਕਠੀਆਂ ਕਰਕੇ ਅੱਗ ਬਾਲ ਲਈ। ਫਿਰ ਬੇਲਿਆ : "ਮਹਾਰਾਜ, ਇਹ ਗੁੜ ਹੈ।
“ਗੁੜ... ਤੇ ਐਨਾ ਸੁਆਦ ?"
“ਮਹਾਰਾਜ ਠੰਡ ਵਿਚ ਅਸਲੀ ਸੁਆਦ ਤਾਂ ਗਰਮ ਚੀਜ਼ ਵਿਚ ਹੁੰਦਾ ਹੈ। ਇਹ ਗੁੜ ਗਰਮ ਹੈ, ਇਸੇ ਵਾਸਤੇ ਸੁਆਦ ਹੈ।
ਇਹ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਇ ਮੁਸਕਰਾਏ। ਪੁਰੋਹਿਤ ਹਾਲੇ ਵੀ ਚੁੱਪ ਸੀ।
0 Comments