Punjabi Moral Story “Sab to Vada Bachha”, "ਸਭ ਤੋਂ ਵੱਡਾ ਬੱਚਾ" Tenali Rama Story for Students of Class 5, 6, 7, 8, 9, 10 in Punjabi Language.

ਸਭ ਤੋਂ ਵੱਡਾ ਬੱਚਾ 
Sab to Vada Bachha



ਦੀਵਾਲੀ ਨੇੜੇ ਆ ਰਹੀ ਸੀ। ਰਾਜਾ ਕ੍ਰਿਸ਼ਨਦੇਵ ਰਾਇ ਨੇ ਰਾਜ ਦਰਬਾਰ ਵਿਚ ਕਿਹਾ, ਕਉਂ ਨਾ ਇਸ ਵਾਰ ਦੀਵਾਲੀ ਕੁਝ ਵੱਖਰੇ ਤਰੀਕੇ ਨਾਲ ਮਨਾਈ ਜਾਵੇ ? ਕੋਈ ਐਸਾ ਸਮਾਗਮ ਹੋਵੇ ਕਿ ਉਸ ਵਿਚ ਵੱਡੇ-ਛੋਟੇ ਸਾਰੇ ਮਿਲ ਕੇ ਹਿੱਸਾ ਲੈਣ।

"ਵਿਚਾਰ ਤਾਂ ਬਹੁਤ ਵਧੀਆ ਹੈ, ਮਹਾਰਾਜ!" ਮੰਤਰੀ ਨੇ ਖੁਸ਼ ਹੋ ਕੇ ਕਿਹਾ। ਸਾਰਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ।

ਪੁਰੋਹਿਤ ਜੀ ਨੇ ਇਕ ਵਿਸ਼ਾਲ ਯੱਗ ਕਰਨ ਦਾ ਸੁਝਾਅ ਦਿੱਤਾ ਤੇ ਮੰਤਰੀ ਜੀ ਨੇ ਦੂਰ ਦੇਸੋਂ ਜਾਦੂਗਰਾਂ ਨੂੰ ਬੁਲਾਉਣ ਦੀ ਗੱਲ ਕਹੀ।

ਹੋਰ ਵੀ ਦਰਬਾਰੀਆਂ ਨੇ ਆਪੋ ਆਪਣੇ ਸੁਝਾਅ ਦਿੱਤੇ।

ਪਰ ਕ੍ਰਿਸ਼ਨਦੇਵ ਰਾਇ ਨੂੰ ਕਿਸੇ ਦਾ ਵੀ ਸੁਝਾਅ ਨਾ ਜਚਿਆ। ਉਨ੍ਹਾਂ ਨੇ ਸੁਝਾਅ ਦੇਣ ਲਈ ਤੈਨਾਲੀ ਰਾਮ ਨੂੰ ਕਿਹਾ।

ਤੈਨਾਲੀ ਰਾਮ ਮੁਸਕਰਾਇਆ। ਫਿਰ ਬੋਲਿਆ, "ਮੁਆਫ਼ ਕਰਨਾ ਮਹਾਰਾਜ, ਦੀਵਾਲੀ ਤਾਂ ਦੀਵਿਆਂ ਦਾ ਤਿਉਹਾਰ ਹੈ। ਜੇ ਵੱਖਰੇ ਤਰੀਕੇ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਇਉਂ ਕਰੀਏ ਰਾਤੀ ਤਾਂ ਹਰ ਸਾਲ ਦੀਵੇ ਹੀ ਜਗਾਏ ਜਾਂਦੇ ਹਨ। ਇਉਂ ਕਰਦੇ ਹਾਂ ਇਸ ਵਾਰੀ ਦਿਨੇ ਵੀ ਦੀਵੇ ਜਗਾਉਂਦੇ ਹਾਂ।”

ਇਹ ਸੁਣ ਕੇ ਸਾਰੇ ਦਰਬਾਰੀ ਠਹਾਕਾ ਮਾਰ ਕੇ ਹੱਸ ਪਏ।

ਮੰਤਰੀ ਟਕੋਰ ਕਰਦਿਆਂ ਬੋਲਿਆ, “ਸ਼ਾਇਦ ਬੁਢਾਪੇ ਕਾਰਣ ਤੈਨਾਲੀ ਰਾਮ ਨੂੰ ਘੱਟ ਦਿਸਣ ਲੱਗਾ ਹੈ, ਇਸ ਵਾਸਤੇ ਇਨ੍ਹਾਂ ਨੂੰ ਦਿਨੇ ਵੀ ਦੀਵੇ ਚਾਹੀਦੇ ਹਨ।”

ਰਾਜਾ ਕ੍ਰਿਸ਼ਨਦੇਵ ਰਾਇ ਵੀ ਤੈਨਾਲੀ ਰਾਮ ਦੇ ਇਸ ਸੁਝਾਅ ਤੋਂ ਖਿਝੇ ਹੋਏ ਸਨ, ਬੋਲੇ, ਤੈਨਾਲੀ ਰਾਮ ਸਾਡੀ ਸਮਝ ਵਿਚ ਤੇਰੀ ਇਹ ਗੱਲ ਨਹੀਂ ਆਈ।“

"ਮਹਾਰਾਜ ਮੈਂ ਮਿੱਟੀ ਦੇ ਦੀਵੇ ਨਹੀਂ ਸਗੋਂ ਜੀਉਂਦੇ-ਜਾਗਦੇ ਦੀਵਿਆਂ ਦੀ ਗੱਲ ਕਰ ਰਿਹਾ ਹਾਂ, ਅਤੇ ਉਹ ਹਨ ਸਾਡੇ ਬੱਚੇ। ਜਿਨ੍ਹਾਂ ਦਾ ਹਾਸਾ ਦੀਵਿਆਂ ਦੀ ਲੋਅ ਤੋਂ ਵੀ ਵੱਧ ਉਜਲਾ ਹੈ।” ਤੈਨਾਲੀ ਰਾਮ ਨੇ ਕਿਹਾ।

ਤੇਰਾ ਗੱਲ ਤਾਂ ਠੀਕ ਹੈ ! ਪਰ ਸਮਾਗਮ ਕੀ ਹੋਵੇ ? ਰਾਜੇ ਨੇ ਪੁੱਛਿਆ।

"ਮਹਾਰਾਜ ਇਸ ਵਾਰੀ ਦੀਵਾਲੀ ਤੇ ਬੱਚਿਆਂ ਵਾਸਤੇ ਇਕ ਮੇਲਾ ਰਖਿਆ ਜਾਵੇ। ਬੱਚੇ ਸਾਰਾ ਦਿਨ ਉਛਲਣ-ਕੁੱਦਣ, ਹੱਸਣ-ਹਸਾਉਣ, ਖਿਨ-ਖਿੜਾਉਣ, ਮੁਕਾਬਲਿਆਂ ਵਿਚ ਹਿੱਸਾ ਲੈਣ। ਇਸ ਮੇਲੇ ਦਾ ਪ੍ਰਬੰਧ ਕਰਨ ਵਾਲੇ ਵੀ ਬੱਚੇ ਹੀ ਹੋਣ। ਵੱਡੇ ਵੀ ਦੇ ਮੇਲੇ ਵਿੱਚ ਜਾਣ ਪਰ ਬੱਚੇ ਬਣ ਕੇ। ਉਹ ਕਿਧਰੇ ਵੀ ਕਿਸੇ ਵੀ ਗੱਲ ਵਿਚ ਦਖਲ ਨਾ ਦੇਣ। ਜਿਹੜਾ ਬੱਚਾ ਪਹਿਲੇ ਸਥਾਨ ਤੇ ਆਵੇਗਾ ਉਸ ਨੂੰ ਸਾਰਿਆਂ ਤੋਂ ਵੱਡਾ ਬੱਚਾ ਇਨਾਮ ਦਵੇ...।” ਤੈਨਾਲੀ ਰਾਮ ਨੇ ਆਪਣੀ ਗੱਲ ਪੂਰੀ ਕੀਤੀ।

"ਪਰ ਰਾਜ ਦਾ ਸਾਰਿਆਂ ਤੋਂ ਵੱਡਾ ਬੱਚਾ ਕੌਣ ਹੈ?" ਰਾਜੇ ਨੇ ਪੁੱਛਿਆ।

"ਉਹ ਤਾਂ ਤੁਸੀਂ ਹੀ ਹੋ ਮਹਾਰਾਜ। ਤੁਹਾਡੇ ਤੋਂ ਵਧ ਕੇ ਬੱਚਿਆਂ ਵਰਗਾ ਸਾਫ਼ ਸੁੱਥਰਾ ਸੁਭਾਅ ਹੋਰ ਕਿਸ ਦਾ ਹੋਵੇਗਾ?" ਤੈਨਾਲੀ ਰਾਮ ਮੁਸਕਰਾਇਆ।

ਇਹ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਇ ਦਾ ਹਾਸਾ ਛੁੱਟ ਗਿਆ। ਦਰਬਾਰੀ ਵੀ ਹਲਕਾ-ਹਲਕਾ ਮੁਸਕਰਾਉਣ ਲੱਗੇ।

ਦੀਵਾਲੀ ਦਾ ਦਿਨ ਆਇਆ। ਬੱਚਿਆਂ ਦੇ ਮੇਲੇ ਦੀ ਬੜੀ ਧੂਮਧਾਮ ਸੀ। ਰਾਜਾ ਕ੍ਰਿਸ਼ਨਦੇਵ ਰਾਇ ਬੜੇ ਖੁਸ਼ ਸਨ, ਕਹਿਣ ਲੱਗੇ, 'ਬੱਚਿਆਂ ਨੇ ਤਾਂ ਕਮਾਲ ਕਰ ਦਿੱਤਾ। ਸਚਮੁੱਚ, ਇਨ੍ਹਾਂ ਛੋਟੇ-ਛੋਟੇ ਦੀਵਿਆਂ ਦਾ ਚਾਨਣ ਤਾਂ ਅਜੀਬ ਹੈ, ਅਨੋਖਾ ਹੈ, ਸਭ ਤੋਂ ਵੱਧ ਪਿਆਰਾ ਹੈ।”


Post a Comment

0 Comments