ਤੈਨਾਲੀ ਰਾਮ ਦਾ ਸ਼ਕ
Tenali Rama da Shak
ਰਾਜਾ ਕ੍ਰਿਸ਼ਨਦੇਵ ਰਾਇ ਇਨੀ ਦਿਨੀਂ ਰਾਇਚੂਰ, ਬੀਜਾਪੁਰ ਤੇ ਗੁਲਬਰਗ ਉਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਰਾਜਪਾਲ ਨੂੰ ਕਿਹਾ ਕਿ ਉਹ ਫੌਜ ਲਈ ਆਦਮੀ ਤੇ ਪੈਸਾ ਇਕੱਠਾ ਕਰਕੇ ਭੇਜਣ ਤਾਂ ਕਿ ਦੁਸ਼ਮਣ ਦਾ ਸਿਰ ਪੂਰੀ ਤਰ੍ਹਾਂ ਕੁਚਲ ਦਿੱਤਾ ਜਾਵੇ।
ਉੜੀਸਾ ਦੇ ਰਾਜੇ ਨੂੰ ਤਾਂ ਉਹ ਹਰਾ ਹੋ ਚੁੱਕੇ ਸਨ। ਹੁਣ ਉਤਰ ਦੇ ਮੁਸਲਮਾਨ ਰਾਜਾਂ ਦੀ ਵਾਰੀ ਸੀ। ਉਨ੍ਹਾਂ ਦੀਆਂ ਤਿਆਰੀਆਂ ਤੇ ਫੌਜੀ ਤਾਕਤ ਦੇਖ ਕੇ ਬੀਜਾਪੁਰ ਦਾ ਸੁਲਤਾਨ ਫਿਕਰਮੰਦ ਹੋ ਗਿਆ। ਜੇ ਕ੍ਰਿਸ਼ਨਦੇਵ ਰਾਇ ਨੇ ਹਮਲਾ ਕਰ ਦਿੱਤਾ ਤਾਂ ਰਾਜ ਬਚਾਉਣਾ ਅਸੰਭਵ ਹੋ ਜਾਵੇਗਾ। ਉਸ ਨੇ ਇਕ ਮੁਸਲਮਾਨ ਜਸੂਸ ਨੂੰ ਬਾਹਮਣ ਦੇ ਭੇਸ ਵਿਚ ਰਾਜਾ ਅੱਯਰ ਬਣਾ ਕੇ ਵਿਜੈਨਗਰ ਭੇਜਿਆ ਤਾਂ ਜੋ ਉਹ ਰਾਜੇ ਦਾ ਭਰੋਸਾ ਜਿੱਤ ਲਵੇ ਅਤੇ ਮੌਕਾ ਮਿਲਦਿਆਂ ਹੀ ਰਾਜੇ ਨੂੰ ਮਾਰ ਦਵੇ।
ਸੁਲਤਾਨ ਨੇ ਸੋਚਿਆ ਕਿ ਜੇ ਰਾਜੇ ਨੂੰ ਮਾਰ ਦਿੱਤਾ ਤਾਂ ਇਸ ਨਾਲ ਹਮਲਾ ਨਹੀਂ ਹੋ ਸਕੇਗਾ ਅਤੇ ਰਾਜੇ ਦੀ ਮੌਤ ਨਾਲ ਜਿਹੜੀ ਹਫੜਾ-ਦਫੜੀ ਮਚੇਗੀ, ਉਸ ਤੋਂ ਲਾਭ ਉਠਾ ਕੇ ਵਿਜੈਨਗਰ ਉਪਰ ਹੱਲਾ ਬੋਲਿਆ ਜਾ ਸਕਦਾ ਹੈ।
ਰਾਜਾ ਸਾਹਿਬ ਅਸਲ ਵਿਚ ਮਥਰਾ ਦਾ ਰਹਿਣ ਵਾਲਾ ਅਤੇ ਕਾਫੀ ਪੜ੍ਹਿਆ ਲਿਖਿਆ ਸੀ। ਉਹ ਮਥਰਾ ਦੇ ਸੁਲਤਾਨਾਂ ਦੀ ਵੰਸ਼ ਵਿਚੋਂ ਸੀ ਜਿਨਾਂ ਨੂੰ ਵਿਜੈਨਗਰ ਦੇ ਰਾਜਿਆਂ ਨੇ ਖਦੇੜਿਆ ਸੀ। ਰਾਜਾ ਸਾਹਿਬ ਨੇ ਆਪਣੇ ਬਜ਼ੁਰਗਾਂ ਦੀ ਹਾਰ ਦਾ ਬਦਲਾ ਲੈਣ ਦਾ ਇਹ ਚੰਗਾ ਮੌਕਾ ਦੇਖਿਆ। ਉਹ ਕੱਟੜ ਮੁਸਲਮਾਨ ਸੀ। ਉਸ ਦਾ ਰੰਗ ਕਾਲਾ ਸੀ ਅਤੇ ਉਹ ਤਮਿਲ ਬਾਹਮਣਾਂ ਦੇ ਰੀਤੀ ਰਿਵਾਜਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਤਮਿਲ ਬਾਹਮਣ ਦਾ ਭੇਸ ਬਣਾ ਕੇ ਉਹ ਵਿਜੈਨਗਰ ਦੇ ਦਰਬਾਰ ਵਿਚ ਪਹੁੰਚਿਆ। ਉਥੇ ਉਹ ਸ਼ੁਧ ਸੰਸਕ੍ਰਿਤ ਬੋਲਦਾ, ਵੇਦਾਂ ਦਾ ਪਾਠ ਕਰਦਾ, ਸ਼ਾਸਤਰਾਂ, ਪੁਰਾਣਾਂ ਤੇ ਨਾਟਕਾਂ ਦੇ ਅੰਸ਼ ਸੁਣਾਉਂਦਾ। ਰਾਜਾ ਕ੍ਰਿਸ਼ਨਦੇਵ ਰਾਇ ਵਿਦਵਾਨਾਂ ਦੀ ਇਜ਼ਤ ਤਾਂ ਕਰਦੇ ਹੀ ਸਨ। ਨਕਲੀ ਰਾਜਾ ਅੱਯਰ ਨੇ ਦਰਬਾਰ ਵਿਚ ਇਕ ਖਾਸ ਥਾਂ ਬਣਾ ਲਈ। ਉਸ ਨੂੰ ਦਿਨੇ-ਰਾਤੀ ਕਿਸੇ ਵੀ ਵੇਲੇ ਰਾਜੇ ਦੇ ਮਹਿਲਾਂ ਵਿਚ ਜਾਣ ਦੀ ਆਗਿਆ ਵੀ ਮਿਲ ਗਈ।
ਸ਼ੁਰੂ ਵਿਚ ਤਾਂ ਉਹ ਸਾਵਧਾਨ ਰਿਹਾ, ਪਰ ਹੌਲੀ ਹੌਲੀ ਉਹ ਮਹੱਲ ਦੇ ਅੰਦਰਲੇ ਕਮਰਿਆਂ ਵਿਚ ਬੇਝਿਜਕ ਆਉਣ-ਜਾਣ ਲੱਗਾ। ਉਹ ਇਹੋ ਜਿਹੇ ਸਥਾਨ ਦੀ ਭਾਲ ਵਿਚ ਸੀ, ਜਿਥੇ ਮੌਕਾ ਮਿਲਣ ਤੇ ਉਹ ਰਾਜੇ ਉਪਰ ਵਾਰ ਕਰ ਸਕੇ। ਇਕ ਸਮੱਸਿਆ ਇਹ ਵੀ ਸੀ ਕਿ ਰਾਜਾ ਜਿਥੇ ਵੀ ਆਉਂਦਾ ਜਾਂਦਾ, ਕੁਝ ਲੋਕ ਹਮੇਸ਼ਾ ਉਸ ਦੇ ਨਾਲ ਹੀ ਰਹਿੰਦੇ ਸਨ। ਐਸੇ ਮੌਕੇ ਤੇ ਫੜੇ ਜਾਣ ਦਾ ਖ਼ਤਰਾ ਸੀ। ਤੈਲਾਲੀ ਰਾਮ ਹਰ ਵੇਲੇ ਰਾਜੇ ਦੇ ਨਾਲ ਰਹਿੰਦਾ ਸੀ ਇਸ ਲਈ ਅੱਯਰ ਨੂੰ ਉਸ ਨਾਲ ਬੜੀ ਦਿੜ੍ਹ ਸੀ। ਤੈਨਾਲੀ ਰਾਮ ਨੂੰ ਵੀ ਇਹ ਚੰਗਾ ਨਹੀਂ ਲੱਗਦਾ ਸੀ। ਉਸ ਨੂੰ ਸ਼ਕ ਹੋ ਗਿਆ ਕਿ ਇਹ ਜ਼ਰੂਰ ਮੁਸਲਮਾਨ ਜਸੂਸ ਹੈ। ਉਹ ਉਸ ਨੂੰ ਫਸਾਉਣ ਦੀ ਚਾਲ ਸੋਚਣ ਲੱਗਾ।
ਇਕ ਦਿਨ ਅਚਾਨਕ ਤੈਨਾਲੀ ਰਾਮ ਨੇ ਰਾਜੇ ਦੇ ਸਾਹਮਣੇ ਹੀ ਉਸ ਨੂੰ ਪੁੱਛ ਲਿਆ "ਤੁਹਾਡਾ ਵੇਦ ਤੇ ਗੋਤਰ ਕਿਹੜਾ ਹੈ...?"
"ਕਿਸ਼ਨਾ ਯੂਜ਼ਰਵੇਦ ਅਤੇ ਸੰਸਕ੍ਰਿਤ ਗੋਤਰ।" ਰਾਜਾ ਯਰ ਨੇ ਇਕਦਮ ਜਵਾਬ ਦਿੱਤਾ।
ਅੱਯਰ ਦੇ ਜਾਣ ਮਗਰੋਂ ਰਾਜੇ ਨੇ ਤੈਨਾਲੀ ਰਾਮ ਨੂੰ ਪੁੱਛਿਆ, "ਤੂੰ ਉਸ ਨੂੰ ਇਹ ਪ੍ਰਸ਼ਨ ਕਿਉਂ ਕੀਤਾ ?"
'ਮਹਾਰਾਜ ਮੈਨੂੰ ਸ਼ਕ ਹੈ ਕਿ ਇਹ ਆਦਮੀ ਮੁਸਲਮਾਨ ਜਸੂਸ ਹੈ। ਇਸ ਉਪਰ ਭਰੋਸਾ ਕਰਨ ਤੋਂ ਪਹਿਲਾਂ ਇਸ ਨੂੰ ਪਰਖ ਲੈਣਾ ਚਾਹੀਦਾ ਹੈ। ਗਲਤ ਆਦਮੀ ਉਪਰ ਕੀਤੀ ਗਈ ਕਿਰਪਾ ਬੜਾ ਨੁਕਸਾਨ ਪਹੁੰਚਾਉਂਦੀ ਹੈ।"
"ਕੀ ਬਕਵਾਸ ਕਰਦਾ ਹੈਂ ? ਕੀ ਹਾਲੇ ਵੀ ਤੇਰਾ ਸ਼ਕ ਦੂਰ ਨਹੀਂ ਹੋਇਆ ? ਉਹ ਤੇਰੇ ਤੋਂ ਵਧੇਰੇ ਸ਼ੁਧ ਸੰਸਕ੍ਰਿਤ ਬੋਲਦਾ ਹੈ ਅਤੇ ਪੂਜਾ ਪਾਠ ਵੀ ਤੇਰੇ ਨਾਲੋਂ ਵੱਧ ਨੇਮ ਨਾਲ ਕਰਦਾ ਹੈ।” ਰਾਜੇ ਨੇ ਕਿਹਾ।
"ਇਸ ਨਾਲ ਕੀ ਹੁੰਦਾ ਹੈ ?" ਤੈਨਾਲੀ ਰਾਮ ਨੇ ਕਿਹਾ, - "ਬਾਹਰਲਾ ਬੰਦਾ ਹਮੇਸ਼ਾ ਸਾਡੀ ਬੋਲੀ ਵਧੇਰੇ ਸ਼ੁਧ ਬੋਲਣ ਦੀ ਕੋਸ਼ਿਸ਼ ਕਰੇਗਾ। ਪੂਜਾ ਪਾਠ ਦਾ ਵਿਖਾਵਾ ਕਰਨ ਦੀ ਵੀ ਉਸੇ ਨੂੰ ਹੀ ਬਹੁਤੀ ਲੋੜ ਹੈ।
"ਤੇਰੀ ਗੱਲ ਵਿਚ ਵਜ਼ਨ ਤਾਂ ਹੈ ਪਰ ਮੈਨੂੰ ਭਰੋਸਾ ਨਹੀਂ ਹੁੰਦਾ। ਮੈਨੂੰ ਇਕੱਲੇ ਨੂੰ ਮਾਰ ਕੇ ਸੁਲਤਾਨ ਨੂੰ ਕੀ ਮਿਲੇਗਾ ? ਮੇਰੇ ਮਰਨ ਮਗਰੋਂ ਵੀ ਤਾਂ ਮੇਰੇ ਹਜ਼ਾਰਾਂ ਸਿਪਾਹੀ ਜੀਉਂਦੇ ਰਹਿਣਗੇ।” ਰਾਜੇ ਨੇ ਕਿਹਾ।
"ਇਕ ਸ਼ੇਰ ਲੱਖਾਂ ਭੇਡਾਂ ਤੋਂ ਵੱਧ ਤਾਕਤਵਰ ਹੁੰਦਾ ਹੈ। ਅਤੇ ਫਿਰ ਜੇ ਤੁਸੀ ਨਾ ਰਹੋਗੇ ਤਾਂ ਫੌਜ ਵਿਚ ਵੀ ਫੁੱਟ ਪੈ ਜਾਵੇਗੀ। ਇਉਂ ਦੁਸ਼ਮਣ ਸਾਨੂੰ ਕੁਚਲ ਸਕੇਗਾ। ਜੇ ਮਹਾਰਾਜ ਆਗਿਆ ਦੇਣ ਤਾਂ ਮੈਂ ਇਹ ਸਿੱਧ ਕਰ ਸਕਦਾ ਹਾਂ ਕਿ ਇਹ ਬੰਦਾ ਦੁਸ਼ਮਣ ਦਾ ਜਸੂਸ ਹੈ।" ਤੈਨਾਲੀ ਰਾਮ ਨੇ ਕਿਹਾ।
“ਉਹ ਕਿਵੇਂ ?" ਰਾਜੇ ਨੇ ਪੁੱਛਿਆ।
"ਇਕ ਬੜਾ ਸੌਖਾ ਢੰਗ ਹੈ ਜਿਸ ਨਾਲ ਉਸ ਦੀ ਪੋਲ ਖੁੱਲ੍ਹ ਸਕਦੀ ਹੈ।" ਤੈਨਾਲੀ ਰਾਮ ਨੇ ਕਿਹਾ।
“ਮੇਰੇ ਵਲੋਂ ਤੈਨੂੰ ਆਗਿਆ ਹੈ ਪਰ ਤੂੰ ਜੋ ਵੀ ਕਰਨਾ ਚਾਹੁੰਦਾ ਹੈਂ ਤੈਨੂੰ ਮੇਰੇ ਸਾਹਮਣੇ ਹੀ ਕਰਨਾ ਪਵੇਗਾ। ਜਦੋਂ ਤਕ ਉਸ ਦਾ ਅਪਰਾਧ ਸਿੱਧ ਨਾ ਹੋ ਜਾਵੇ ਉਸ ਉਪਰ ਆਂਚ ਵੀ ਨਹੀਂ ਆਉਣੀ ਚਾਹੀਦੀ।" ਰਾਜੇ ਨੇ ਕਿਹਾ।
"ਉਸ ਰਾਤ ਜਦੋਂ ਰਾਜਾ ਅੱਯਰ ਆਪਣੇ ਕਮਰੇ ਵਿਚ ਘੋੜੇ ਵੇਚ ਕੇ ਸੁੱਤਾ ਪਿਆ ਸੀ ਤਾਂ ਤੈਨਾਲੀ ਰਾਮ ਰਾਜੇ ਨੂੰ ਨਾਲ ਲੈ ਕੇ ਉਥੇ ਪਹੁੰਚਿਆ ਅਤੇ ਜੋਕਾਂ ਨਾਲ ਭਰੀ ਠੰਡੇ ਪਾਣੀ ਦੀ ਬਾਲਟੀ ਉਸ ਉਪਰ ਉਲਟਾ ਦਿੱਤੀ। ਰਾਜਾ ਅੱਯਰ ਝੱਟ ਉਠ ਬੈਠਾ ਤੇ ਯਾ ਅਲਾਹ ! ਯਾ ਅਲਾਹ !" ਕਹਿਣ ਲੱਗਾ।
ਗੁੱਸੇ ਵਿਚ ਆ ਕੇ ਉਸ ਨੇ ਆਪਣੀ ਤਲਵਾਰ ਕੱਢ ਲਈ। ਉਹ ਤੈਨਾਲੀ ਰਾਮ ਉਪਰ ਹਮਲਾ ਕਰਨਾ ਚਾਹੁੰਦਾ ਸੀ ਪਰ ਰਾਜਾ ਕ੍ਰਿਸ਼ਨਦੇਵ ਰਾਇ ਨੇ ਤਲਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ।
ਇਉਂ ਤੈਨਾਲੀ ਰਾਮ ਨੇ ਆਪਣੀ ਸਮਝਦਾਰੀ ਨਾਲ ਮਹਾਰਾਜਾ ਕ੍ਰਿਸ਼ਨਦੇਵ ਰਾਇ ਦੀ ਜਾਨ ਬਚਾ ਲਈ।
0 Comments