ਸਰਹੱਦ ਦੀ ਰਾਖੀ
Sarhad di Rakhi
ਵਿਜੇਨਗਰ ਵਿਚ ਪਿਛਲੇ ਕਈ ਦਿਨਾਂ ਤੋਂ ਤੋੜ ਫੋੜ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਸਨ। ਰਾਜਾ ਕ੍ਰਿਸ਼ਨਦੇਵ ਰਾਇ ਇਨ੍ਹਾਂ ਘਟਨਾਵਾਂ ਤੋਂ ਕਾਫੀ ਫਿਕਰਮੰਦ ਸਨ। ਉਨਾਂ ਨੇ ਮੰਤਰੀ ਮੰਡਲ ਦੀ ਬੈਠਕ ਬੁਲਾਈ ਅਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਦਾ ਢੰਗ ਪੁੱਛਿਆ।
ਗੁਆਂਢੀ ਦੁਸਮਣ ਦੇਸ ਦੇ ਜਸੂਸ ਹੀ ਇਹ ਕੰਮ ਕਰ ਰਹੇ ਹਨ। ਸਾਨੂੰ ਉਨ੍ਹਾਂ ਨਾਲ ਨਰਮੀ ਨਾਲ ਨਹੀਂ ਸਗੋਂ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਸੈਨਾਪਤੀ ਦਾ ਸੁਝਾਅ ਸੀ।
ਸਰਹੱਦ ਉਪਰ ਫੌਜ ਵਧਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਰਹੱਦ ਦੀ ਰਾਖੀ ਠੀਕ ਢੰਗ ਨਾਲ ਕੀਤੀ ਜਾ ਸਕੇ।" ਮੰਤਰੀ ਜੀ ਨੇ ਸੁਝਾਅ ਦਿੱਤਾ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਹੁਣ ਤੈਨਾਲੀ ਰਾਮ ਵੱਲ ਦੇਖਿਆ।
"ਮੇਰੇ ਵਿਚਾਰ ਅਨੁਸਾਰ ਤਾਂ ਸਾਰੀ ਸਰਹੱਦ ਉਪਰ ਇਕ ਮਜ਼ਬੂਤ ਕੰਧ ਬਣਵਾ ਦੇਣੀ ਚਾਹੀਦੀ ਹੈ ਅਤੇ ਉਥੇ ਹਰ ਵੇਲੇ ਫੌਜ ਦੇ ਸਿਪਾਹੀ ਗਸ਼ਤ ਕਰਨ।” ਤੈਨਾਲੀ ਰਾਮ ਨੇ ਆਪਣਾ ਸੁਝਾਅ ਦਿੱਤਾ।
ਮੰਤਰੀ ਜੀ ਦੇ ਵਿਰੋਧ ਦੇ ਬਾਵਜੂਦ ਰਾਜਾ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਦਾ ਸੁਝਾਅ ਮੰਨ ਲਿਆ। ਸਰਹਿੰਦ ਉਪਰ ਕੰਧ ਬਣਾਉਣ ਦਾ ਕੰਮ ਵੀ ਉਨ੍ਹਾਂ ਨੇ ਤੈਨਾਲੀ ਰਾਮ ਨੂੰ ਹੀ ਸੌਪਿਆ ਤੇ ਕਿਹਾ ਕਿ "ਕੰਧ ਛੇ ਮਹੀਨਿਆਂ ਵਿਚ ਬਣ ਜਾਣੀ ਚਾਹੀਦੀ ਹੈ।
ਦੋ ਮਹੀਨੇ ਲੰਘ ਗਏ ਪਰ ਕੰਧ ਦਾ ਕੰਮ ਅੱਗੇ ਨਾ ਵਧਿਆ।
ਰਾਜਾ ਕ੍ਰਿਸ਼ਨਦੇਵ ਰਾਇ ਕੋਲ ਵੀ ਇਹ ਖ਼ਬਰ ਪਹੁੰਚੀ। ਉਨ੍ਹਾਂ ਨੇ ਇਕਦਮ ਤੈਨਾਲੀ ਰਾਮ ਨੂੰ ਬੁਲਾਇਆ ਤੇ ਪੁੱਛਿਆ। ਉਸ ਵੇਲੇ ਮੰਤਰੀ ਵੀ ਹਾਜ਼ਰ ਸੀ।
"ਤੈਨਾਲੀ ਰਾਮ, ਇਹ ਕੰਧ ਦਾ ਕੰਮ ਅੱਗੇ ਕਿਉਂ ਨਹੀਂ ਵਧ ਰਿਹਾ ?
"ਮੁਆਫ਼ ਕਰਨਾ ਮਹਾਰਾਜ, ਵਿਚਾਲੇ ਇਕ ਪਹਾੜ ਆ ਗਿਆ ਹੈ ਪਹਿਲਾਂ ਉਸ ਨੂੰ ਹਟਵਾ ਰਿਹਾ ਹਾਂ।
"ਪਹਾੜ,,, ਪਹਾੜ ਤਾਂ ਸਾਡੀ ਹੋਂਦ ਵਿਚ ਹੈ ਹੀ ਨਹੀ। ਰਾਜੇ ਨੇ ਕਿਹਾ। ਮੰਤਰੀ ਵਿਚੋਂ ਹੀ ਬੋਲਿਆ, "ਮਹਾਰਾਜ ਤੈਨਾਲੀ ਰਾਮ ਪਾਗਲ ਹੋ ਗਿਆ ਹੈ।
ਤੈਨਾਲੀ ਰਾਮ ਮੰਤਰੀ ਦੀ ਟਕੋਰ ਸੁਣ ਕੇ ਚੁੱਪ ਹੀ ਰਿਹਾ। ਉਨ੍ਹਾਂ ਨੇ ਹੱਸ ਕੇ ਤਾੜੀ ਵਜਾਈ। ਤਾੜੀ ਵਜਾਉਂਦਿਆਂ ਹੀ ਫੌਜੀਆਂ ਨਾਲ ਘਿਰੇ ਵੀਹ ਬੰਦੇ ਰਾਜੇ ਸਾਹਮਣੇ ਲਿਆਂਦੇ ਗਏ।
ਇਹ ਕੋਣ ਹਨ ?" ਰਾਜਾ ਕਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਤੋਂ ਪੁੱਛਿਆ।
"ਪਹਾੜ !" ਤੈਨਾਲੀ ਰਾਮ ਬੋਲਿਆ, “ਇਹ ਦੁਸ਼ਮਣ ਦੇਸ਼ ਦੇ ਘੁਸਪੈਠੀਏ ਹਨ ਮਹਾਰਾਜ। ਦਿਨ ਵੇਲੇ ਜਿੰਨੀ ਕੰਧ ਬਣਦੀ ਸੀ, ਰਾਤ ਵੇਲੇ ਇਹ ਲੋਕ ਤੋੜ ਦਿੰਦੇ ਸਨ। ਬੜੀ ਮੁਸ਼ਕਲ ਨਾਲ ਇਹ ਲੋਕ ਹੱਥ ਆਏ ਹਨ। ਇਨ੍ਹਾਂ ਤੋਂ ਵੱਡੀ ਗਿਣਤੀ ਵਿਚ ਹਥਿਆਰ ਵੀ ਮਿਲੇ ਹਨ। ਪਿਛਲੇ ਇਕ ਮਹੀਨੇ ਵਿਚ ਇਨਾਂ ਵਿਚੋਂ ਅੱਧੇ ਪੰਜ-ਪੰਜ ਵਾਰੀ ਵੜੇ ਵੀ ਗਏ ਸਨ, ਪਰ... "
ਇਨ੍ਹਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ?" ਇਸ ਦਾ ਕਾਰਣ ਮੰਤਰੀ ਜੀ ਦੱਸਣਗੇ ਕਿਉਂਕਿ ਇਨ੍ਹਾਂ ਦੀ ਸਿਫਾਰਸ਼ ਨਾਲ ਹੀ ਇਨ੍ਹਾਂ ਲੋਕਾਂ ਨੂੰ ਹਰ ਵਾਰ ਛੱਡਿਆ ਗਿਆ।” ਤੈਨਾਲੀ ਰਾਮ ਨੇ ਕਿਹਾ।
ਇਹ ਸੁਣ ਕੇ ਮੰਤਰੀ ਦੇ ਚਿਹਰੇ ਉਪਰ ਹਵਾਈਆਂ ਉਡਣ ਲੱਗੀਆਂ।
ਰਾਜਾ ਕ੍ਰਿਸ਼ਨਦੇਵ ਰਾਇ ਸਾਰੀ ਗੱਲ ਸਮਝ ਗਏ। ਉਨ੍ਹਾਂ ਨੇ ਸਰਹੱਦ ਦੀ ਰਾਖੀ ਦਾ ਸਾਰਾ ਕੰਮ ਰਾਜ ਮੰਤਰੀ ਤੋਂ ਲੈ ਕੇ ਤੈਨਾਲੀ ਰਾਮ ਨੂੰ ਦੇ ਦਿੱਤਾ।
0 Comments