ਪਾਪ ਦਾ ਪਛਤਾਵਾ
Paap da Pachtava
ਤੈਨਾਲੀ ਰਾਮ ਨੇ ਜਿਸ ਕੁੱਤੇ ਦੀ ਪੂਛ ਸਿੱਧੀ ਕਰ ਦਿੱਤੀ ਸੀ, ਉਹ ਵਿਚਾਰਾ ਕਮਜ਼ੋਰੀ ਕਾਰਣ ਇਕ ਦੋ ਦਿਨਾਂ ਵਿੱਚ ਹੀ ਮਰ ਗਿਆ। ਉਸ ਤੋਂ ਮਗਰੋਂ ਅਚਾਨਕ ਤੈਨਾਲੀ ਰਾਮ ਨੂੰ ਜ਼ੋਰ ਦਾ ਬੁਖਾਰ ਚੜ੍ਹ ਗਿਆ।
ਪੰਡਤ ਤਾਂ ਅਹਿਜੇ ਮੋਕਿਆਂ ਦੀ ਭਾਲ ਵਿਚ ਹੀ ਰਹਿੰਦੇ ਹਨ। ਇਕ ਨੇ ਐਲਾਨ ਕਰ ਦਿੱਤਾ ਕਿ ਤੈਨਾਲੀ ਰਾਮ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨਾ ਚਾਹੀਦਾ ਹੈ ਨਹੀਂ ਤਾਂ ਉਸ ਨੂੰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲੇਗਾ।
ਤੈਨਾਲੀ ਰਾਮ ਨੇ ਪੁੱਛਿਆ, "ਇਹ ਸਾਰਾ ਕੁਝ ਕਰਨ ਲਈ ਕਿੰਨਾ ਖਰਚਾ ਆਵੇਗਾ ?
ਇਕ ਸੌ ਸੋਨੇ ਦੀਆਂ ਮੋਹਰਾਂ। ਪੰਡਤ ਜੀ ਨੇ ਕਿਹਾ। “ਪਰ ਐਨੀਆਂ ਸੋਨੇ ਦੀਆਂ ਮੋਹਰਾਂ ਮੈਂ ਕਿਥੋਂ ਲਿਆਵਾਂ।" ਤੈਨਾਲੀ ਰਾਮ ਨੇ ਪੁੱਛਿਆ।
"ਤੁਹਾਡੇ ਕੋਲ ਘੋੜਾ ਹੈ ਉਸ ਨੂੰ ਵੇਚ ਕੇ ਜਿਹੜੀ ਰਕਮ ਮਿਲੇ ਉਹ ਮੈਨੂੰ ਦੇ ਦੇਣਾ। ਪੰਡਤ ਜੀ ਨੇ ਕਿਹਾ।
ਤੈਨਾਲੀ ਰਾਮ ਨੇ ਮੰਨ ਲਿਆ ਕਿ ਘੋੜਾ ਵੇਚ ਕੇ ਜਿਹੜੇ ਪੈਸੇ ਮਿਲਣਗੇ ਉਹ ਪੰਡਤ ਜੀ ਨੂੰ ਦੇ ਦਵੇਗਾ।
ਪੰਡਤ ਜੀ ਨੇ ਪੂਜਾ ਪਾਠ ਕਰਕੇ ਤੈਨਾਲੀ ਰਾਮ ਦੇ ਤੰਦਰੁਸਤ ਹੋਣ ਦੀ ਅਰਦਾਸ ਕੀਤੀ। ਕੁਝ ਦਿਨਾਂ ਮਗਰੋਂ ਤੈਨਾਲੀ ਰਾਮ ਠੀਕ ਹੋ ਗਿਆ।
ਉਹ ਜਾਣਦਾ ਸੀ ਕਿ ਉਹ ਅਰਦਾਸ ਨਾਲ ਨਹੀਂ ਸਗੋਂ ਦਵਾਈਆਂ ਨਾਲ ਠੀਕ ਹੋਇਆ ਹੈ।
ਉਸ ਨੇ ਬਾਜ਼ਾਰ ਵਿਚ ਘੋੜੇ ਦਾ ਮੁੱਲ ਇਕ ਆਨਾ ਦੱਸਿਆ ਪਰ ਨਾਲ ਹੀ ਇਹ ਸ਼ਰਤ ਲਾਈ ਕਿ "ਜਿਹੜਾ ਇਹ ਘੋੜਾ ਖਰੀਦੇਗਾ ਉਸ ਨੂੰ ਇਕ ਟੋਕਰੀ ਵੀ ਲੈਣੀ ਪਵੇਗੀ ਜਿਸ ਦਾ ਮੁੱਲ ਇਕ ਸੋ ਸੋਨੇ ਦੀਆਂ ਮੋਹਰਾਂ ਹੈ।
ਇਸ ਮੁੱਲ ਉਪਰ ਉਹ ਦੋਵੇਂ ਚੀਜ਼ਾਂ ਇਕ ਬੰਦੇ ਨੇ ਝੱਟ ਖਰੀਦ ਲਈਆਂ। ਤੈਨਾਲੀ ਰਾਮ ਨੇ ਪੰਡਤ ਜੀ ਦੀ ਹਥੇਲੀ ਉਪਰ ਇਕ ਆਨਾ ਰਖਿਆ ਜਿਹੜਾ ਘੋੜੇ ਦੇ ਮੁੱਲ ਵਜੋਂ ਉਸ ਨੂੰ ਮਿਲਿਆ ਸੀ। ਇਕ ਸੋ ਸੋਨੇ ਦੀਆਂ ਮੋਹਰਾਂ ਉਸ ਨੇ ਆਪਣੀ ਜੇਬ ਵਿਚ ਰੱਖ ਲਈਆਂ ਤੇ ਤੁਰਦਾ ਬਣਿਆ।
ਪੰਡਤ ਜੀ ਕਦੀ ਆਪਣੇ ਹੱਥ ਉਪਰ ਪਏ ਇਕ ਆਨੇ ਨੂੰ ਦੇਖਦੇ ਤੇ ਕਦੀ ਤੁਰੇ ਜਾਂਦੇ ਤੈਨਾਲੀ ਰਾਮ ਵੱਲ।
0 Comments