Punjabi Moral Story “Raje te Rani da Jhagda ”, "ਰਾਜੇ ਰਾਣੀ ਦਾ ਝਗੜਾ" Tenali Rama Story for Students of Class 5, 6, 7, 8, 9, 10 in Punjabi Language.

ਰਾਜੇ ਰਾਣੀ ਦਾ ਝਗੜਾ 
Raje te Rani da Jhagda 



ਰਾਜਾ ਕ੍ਰਿਸ਼ਨਦੇਵ ਰਾਇ ਦੇ ਦਿਲ ਵਿਚ ਤੈਨਾਲੀ ਰਾਮ ਲਈ ਬੜਾ ਪਿਆਰ ਤੇ ਸਤਿਕਾਰ ਸੀ। ਇਹ ਗੱਲ ਰਾਜ ਦਰਬਾਰ ਦੇ ਦੂਜੇ ਲੋਕਾਂ ਨੂੰ ਬੜੀ ਚੁੱਭਦੀ ਸੀ ਕਿਉਂਕਿ ਤੈਨਾਲੀ ਰਾਮ ਦੇ ਕਾਰਣ ਦਰਬਾਰ ਵਿਚ ਕਿਸੇ ਇਕ ਦੀ ਵੀ ਨਹੀਂ ਚਲਦੀ ਸੀ।

ਰਾਜਗੁਰੂ ਜਿਸ ਨੂੰ ਤੈਨਾਲੀ ਰਾਮ ਕਈ ਵਾਰ ਪਛਾੜ ਚੁੱਕਾ ਸੀ, ਉਹ ਹਮੇਸ਼ਾ ਇਸ ਤਾਕ ਵਿਚ ਰਹਿੰਦਾ ਕਿ ਕਿਸੇ ਤਰੀਕੇ ਤੈਨਾਲੀ ਰਾਮ ਤੋਂ ਆਪਣੀ ਬੇਇਜ਼ਤੀ ਦਾ ਬਦਲਾ ਲਵੇ। ਅਖੀਰ ਰਾਜਗੁਰੂ ਨੂੰ ਇਕ ਢੰਗ ਲੱਭ ਹੀ ਗਿਆ।

ਉਸ ਨੇ ਮਹਾਰਾਣੀ ਦੇ ਨਿਕੰਮੇ ਤੇ ਮੂਰਖ ਭਰਾ ਨੂੰ ਭੜਕਾਇਆ ਕਿ ਤੈਨਾਲੀ ਰਾਮ ਐਵੇਂ ਹੀ ਰਾਜੇ ਦੀਆਂ ਨਜ਼ਰਾਂ ਵਿਚ ਐਨਾ ਚੜਿਆ ਹੋਇਆ ਹੈ। ਨਾ ਤਾਂ ਉਸ ਵਿਚ ਯੋਗਤਾ ਹੈ ਤੇ ਨਾ ਹੀ ਕੋਈ ਗੁਣ। ਤੈਨਾਲੀ ਰਾਮ ਦੀ ਥਾਂ ਤੇ ਉਸ ਨੂੰ ਹੋਣਾ ਚਾਹੀਦਾ ਹੈ।

ਰਾਣੀ ਦਾ ਭਰਾ ਮੂਰਖ ਤਾਂ ਸੀ ਹੀ। ਉਹ ਰਾਜਗੁਰੂ ਦੀਆਂ ਗੱਲਾਂ ਵਿਚ ਆ ਕੇ ਸਿੱਧਾ ਆਪਣੀ ਭੈਣ ਕੋਲ ਗਿਆ।

ਰਾਣੀ ਨੇ ਉਸ ਨੂੰ ਬੜਾ ਸਮਝਾਇਆ ਕਿ ਤੈਨਾਲੀ ਰਾਮ ਆਪਣੀ ਸਿਆਣਪ ਕਰਕੇ ਹੀ ਐਨੇ ਵੱਡੇ ਅਹੁਦੇ 'ਤੇ ਪਹੁੰਚਿਆ ਹੈ ਪਰ ਉਸ ਉਪਰ ਕੋਈ ਅਸਰ ਨਾ ਹੋਇਆ।

ਉਸ ਨੇ ਕਿਹਾ, "ਜਿਵੇਂ ਵੀ ਹੋਵੇ, ਤੈਨਾਲੀ ਰਾਮ ਨੂੰ ਦਰਬਾਰ ਵਿਚੋਂ ਕੱਢਣਾ ਹੀ ਪਵੇਗਾ। ਇਸ ਕੰਮ ਲਈ ਮਹਾਰਾਜ ਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਮਜਬੂਰ ਨਹੀਂ ਕਰ ਸਕਦਾ।”

ਰਾਣੀ ਤੈਨਾਲੀ ਰਾਮ ਦੀ ਇੱਜ਼ਤ ਕਰਦੀ ਸੀ ਪਰ ਭਰਾ ਤਾਂ ਭਰਾ ਸੀ, ਉਸ ਦਾ ਕਹਿਣਾ ਵੀ ਕਿਵੇਂ ਟਾਲ ਸਕਦੀ ਸੀ।

ਸ਼ਾਮ ਨੂੰ ਰਾਜਾ ਜਦੋਂ ਮਹਿਲਾਂ ਵਿਚ ਆਇਆ ਤਾਂ ਰਾਣੀ ਨੇ ਉਸ ਨੂੰ ਤੈਨਾਲੀ ਰਾਮ ਨੂੰ ਕੱਢਣ ਦੀ ਗੱਲ ਕਹੀ। ਰਾਜਾ ਹੈਰਾਨ ਤਾਂ ਹੋਇਆ ਪਰ ਉਸ ਨੇ ਉਸ ਦੀ ਸੁਣੀ ਅਣਸੁਣੀ ਕਰ ਦਿੱਤੀ। ਜਦੋਂ ਰਾਣੀ ਨੇ ਦੇਖਿਆ ਕਿ ਰਾਜੇ ਤੋਂ ਆਪਣੀ ਗੱਲ ਮਨਵਾਉਣਾ ਐਨਾ ਸੌਖਾ ਕੰਮ ਨਹੀਂ ਤਾਂ ਉਸ ਨੇ ਦੂਜੇ ਤਰੀਕੇ ਤੋਂ ਕੰਮ ਲਿਆ। ਉਹ ਰਾਜੇ ਨਾਲ ਰੁਸ ਗਈ।

ਅਖੀਰ ਰਾਜੇ ਨੇ ਪੁੱਛਿਆ, "ਤੂੰ ਐਨੀ ਉਦਾਸ ਤੇ ਚੁੱਪ ਕਿਉਂ ਹੈ ? ਕਿਸ ਗੱਲੋਂ ਤੇਰਾ ਦਿਲ ਦੁੱਖੀ ਹੈ ?"

ਅੱਖਾਂ ਵਿਚ ਹੰਝੂ ਲਿਆ ਕੇ ਰਾਣੀ ਬੋਲੀ, 'ਤੁਸੀਂ ਤਾਂ ਮੇਰੇ ਲਈ ਐਨਾ ਵੀ ਨਾ ਕਰ ਸਕੇ ਕਿ ਤੈਨਾਲੀ ਰਾਮ ਨੂੰ ਕੱਢ ਕੇ ਉਸ ਦੀ ਥਾਂ ਮੇਰੇ ਭਰਾ ਨੂੰ ਦੇ ਦਿਉ।"

ਰਾਜਾ ਰਾਣੀ ਦੇ ਭਰਾ ਦੀ ਮੂਰਖਤਾ ਤੋਂ ਚੰਗੀ ਤਰ੍ਹਾਂ ਵਾਕਫ ਸੀ ਪਰ ਰਾਣੀ ਨੂੰ ਮਨਾਉਣਾ ਵੀ ਔਖਾ ਸੀ।


ਕੁਛ ਦੇਰ ਸੋਚਣ ਮਗਰੋਂ ਉਸ ਨੇ ਰਾਣੀ ਨੂੰ ਕਿਹਾ, "ਇਸ ਤਰ੍ਹਾਂ ਤੈਨਾਲੀ ਰਾਮ ਨੂ ਕੱਢਣ ਨਾਲ ਪਰਜਾ ਵਿਚ ਅਸੰਤੋਖ ਦੀ ਭਾਵਨਾ ਵੇਲ ਜਾਵੇਗੀ। ਉਸ ਨੂੰ ਕੱਢਣ ਲਈ ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕਿ ਤੈਨਾਲੀ ਰਾਮ ਅਪਰਾਧੀ ਹੈ।

ਰਾਣੀ ਨੇ ਤਰੀਕਾ ਦੱਸਿਆ, "ਤੁਸੀਂ ਮੇਰੇ ਨਾਲ ਰੁੱਸੇ ਹੋਣ ਦਾ ਨਾਟਕ ਕਰਕੇ ਚਲੇ ਜਾਵੋ ਅਤੇ ਤੈਨਾਲੀ ਰਾਮ ਨੂੰ ਕਹੋ ਕਿ ਰਾਣੀ ਨੂੰ ਮੇਰੇ ਕੋਲ ਲਿਆਵੇ। ਜੇ ਐਸਾ ਨਾ ਕਰ ਸਕਿਆ ਤਾਂ ਅਹੁਦੇ ਤੋਂ ਹਟਾ ਦਿਤੇ ਜਾਵੋਗੇ। ਮੈਂ ਜਾਵਾਂਗੀ ਨਹੀਂ ਤੇ ਤੁਹਾਨੂੰ ਕੱਢਣ ਦਾ ਮੌਕਾ ਵੀ ਮਿਲ ਜਾਵੇਗਾ।”

ਰਾਜੇ ਨੇ ਰਾਣੀ ਦੀ ਗੱਲ ਮੰਨ ਲਈ।

ਦੂਜੇ ਦਿਨ ਰਾਜੇ ਦੇ ਰੁਸੇ ਹੋਣ ਦੀ ਖ਼ਬਰ ਚਾਰੇ ਪਾਸੇ ਫੈਲ ਗਈ। ਤੈਨਾਲੀ ਰਾਮ ਜਦੋਂ ਰਾਜੇ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਉਹੀ ਕਿਹਾ ਜਿਵੇਂ ਰਾਣੀ ਨੇ ਸਮਝਾਇਆ ਸੀ।

ਤੈਨਾਲੀ ਰਾਮ ਦਾ ਮੱਥਾ ਠਣਕਿਆ। ਉਸ ਨੂੰ ਲੱਗਾ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ। ਉਸ ਨੇ ਆਪਣੇ ਇਕ ਆਦਮੀ ਨੂੰ ਕੁਝ ਸਮਝਾਇਆ ਅਤੇ ਫਿਰ ਰਾਣੀ ਨੂੰ ਮਿਲਣ ਲਈ ਰਾਜ ਮਹੱਲ ਵਿਚ ਚਲਾ ਗਿਆ।

ਉਥੇ ਉਹ ਹਾਲੇ ਰਾਣੀ ਦੀ ਸੁਖ ਸਾਂਦ ਪੁੱਛ ਹੀ ਰਿਹਾ ਸੀ ਕਿ ਉਹ ਸਿਖਾਇਆ ਬੰਦਾ ਉਥੇ ਆ ਪਹੁੰਚਿਆ ਅਤੇ ਤੈਨਾਲੀ ਰਾਮ ਨੂੰ ਕਹਿਣ ਲੱਗਾ, “ਤੁਸੀਂ ਤਾਂ ਐਵੇ ਹੀ ਝਗੜਾ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਰਾਜਾ ਤਾਂ ਆਪਣੀ ਗੱਲ ਉਪਰ ਅੜਿਆ ਹੋਇਆ ਹੈ। ਉਨ੍ਹਾਂ ਨੇ ਨਿਸਚਾ ਕਰ ਲਿਆ ਹੈ ਕਿ ਨਵੀਂ ਰਾਣੀ ਲਿਆ ਕੇ ਹੀ ਰਹੇਗਾ। ਉਹ ਆਪਣੇ ਇਸ ਨਿਸਚੇ ਤੇ ਅਟਲ ਹੈ।”

ਰਾਣੀ ਨੇ ਸੁਣਿਆ ਤਾਂ ਉਹ ਡਰ ਗਈ। ਕਿਧਰੇ ਰਾਜਾ ਸਚਮੁੱਚ ਹੀ ਮੇਰੇ ਨਾਲ ਰੂਸ ਤਾਂ ਨਹੀਂ ਗਿਆ। ਨਹੀਂ ਤਾਂ ਨਵੀਂ ਰਾਣੀ ਦੀ ਇਹ ਕੇਹੀ ਖ਼ਬਰ ਹੈ ? ਉਸ ਨੇ ਤੈਨਾਲੀ ਰਾਮ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਜਾ ਤੁਹਾਡੇ ਨਾਲ ਬਹੁਤ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ ਰੋਜ਼ ਦੀ ਖਿਟਪਿਟ ਤੋਂ ਤੰਗ ਆ ਗਏ ਹਨ। ਉਨ੍ਹਾਂ ਦੇ ਰਾਜ-ਕਾਜ ਵਿਚ ਤੁਹਾਡਾ ਦਖਲ ਦੇਣਾ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀ, ਇਸੇ ਵਾਸਤੇ ਤਾਂ ਨਵੀਂ ਰਾਣੀ ਲਿਆਉਣ ਦੀ ਗੱਲ ਸੋਚੀ ਜਾ ਰਹੀ ਹੈ।

ਰਾਣੀ ਨੂੰ ਤੈਨਾਲੀ ਰਾਮ ਦੀ ਗੱਲ ਦਾ ਭਰੋਸਾ ਹੋ ਗਿਆ। ਉਹ ਇਕਦਮ ਤਿਆਰ ਹੋ ਕੇ ਰਾਜੇ ਕੋਲ ਬਾਗ਼ ਵਿਚ ਚਲੀ ਗਈ।

ਉਸ ਨੇ ਬਾਰ ਬਾਰ ਰਾਜੇ ਤੋਂ ਮੁਆਫੀ ਮੰਗਦਿਆਂ ਕਿਹਾ, “ਰਾਜ-ਕਾਜ ਦੇ ਕੰਮਾਂ ਵਿਚ ਹੁਣ ਮੈਂ ਦਖਲ ਨਹੀਂ ਦਿਆਂਗੀ।”

ਰਾਜਾ ਹੈਰਾਨ ਸੀ। ਫਿਰ ਗੱਲ ਉਨ੍ਹਾਂ ਨੂੰ ਸਮਝ ਆ ਗਈ। ਉਹ ਬੋਲੇ, "ਲੱਗਦਾ ਹੈ, ਤੈਨਾਲੀ ਰਾਮ ਨੇ ਤੈਨੂੰ ਮੂਰਖ ਬਣਾ ਦਿੱਤਾ ਹੈ।

ਇਉਂ ਨਾ ਕਰੋ। ਉਹ ਤਾਂ ਸਾਡੇ ਦੋਹਾਂ ਦਾ ਝਗੜਾ ਮਿਟਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਸ ਵਿਚਾਰੇ ਨੂੰ ਐਵੇਂ ਹੀ ਨਿਕਲਵਾਣਾ ਚਾਹੁੰਦੀ ਸੀ। ਤੁਸੀਂ ਹੁਣ ਨਵੀਂ ਰਾਣੀ ਤਾਂ ਨਹੀਂ ਲਿਆਵੋਗੇ ਨਾ ?" ਰਾਣੀ ਨੇ ਕਿਹਾ।

ਰਾਜਾ ਹੱਸ-ਹੱਸ ਕੇ ਲੋਟਪੋਟ ਹੋਣ ਲੱਗਾ। ਉਨ੍ਹਾਂ ਨੇ ਰਾਣੀ ਨੂੰ ਦੱਸਿਆ ਕਿ ਤੇਨਾਲੀ ਰਾਮ ਸਚਮੁੱਚ ਅਨੋਖਾ ਆਦਮੀ ਹੈ। ਉਸ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਰਾਣੀ ਨੂੰ ਵੀ ਪਤਾ ਲੱਗਾ ਕਿ ਭਾਵੇਂ ਕੁਝ ਵੀ ਹੋਵੇ, ਤੈਨਾਲੀ ਰਾਮ ਆਖਿਰ ਤੈਨਾਲੀ ਰਾਮ ਹੀ ਹੈ।


Post a Comment

0 Comments