Punjabi Moral Story “Sap vi mar giya te lathi vi na tuti”, "ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੀ " Tenali Rama Story for Students of Class 5, 6, 7, 8, 9, 10 in Punjabi Language.

ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੀ 
Sap vi mar giya te lathi vi na tuti



ਰਾਜਾ ਕ੍ਰਿਸ਼ਨਦੇਵ ਰਾਇ ਦਾ ਦਰਬਾਰੀ ਗੁਣਸੁੰਦਰ ਤੈਨਾਲੀ ਰਾਮ ਨਾਲ ਬੜਾ ਗੁੱਸੇ ਸੀ। ਹਾਸੇ-ਹਾਸੇ ਵਿਚ ਤੈਨਾਲੀ ਰਾਮ ਨੇ ਕੋਈ ਐਸੀ ਗੱਲ ਕਹਿ ਦਿੱਤੀ ਸੀ ਜਿਹੜੀ ਉਸ ਨੂੰ ਬੁਰੀ ਲੱਗੀ ਸੀ। ਉਹ ਦਿਲ ਵਿਚ ਹਮੇਸ਼ਾ ਤੈਨਾਲੀ ਰਾਮ ਤੋਂ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਸੀ।

ਰਾਜਗੁਰੂ ਨਾਲ ਤਾਂ ਤੈਨਾਲੀ ਰਾਮ ਦੀ ਬਣਦੀ ਹੀ ਨਹੀਂ ਸੀ। ਗੁਣਸੁੰਦਰ ਤੇ ਰਾਜਗੁਰੂ ਦੀ ਦੋਸਤੀ ਹੋ ਗਈ। ਦੋਸਤੀ ਦਾ ਕਾਰਣ ਇਹ ਹੀ ਸੀ ਕਿ ਉਨ੍ਹਾਂ ਦੋਹਾਂ ਦਾ ਇਕ ਹੀ ਦੁਸ਼ਮਣ ਸੀ ਤੈਨਾਲੀ ਰਾਮ। 

ਗੁਣਸੁੰਦਰ ਨੂੰ ਇਹ ਗੱਲ ਬੜੀ ਮਾੜੀ ਲੱਗਦੀ ਕਿ ਰਾਜਾ ਵੀ ਹਰ ਵੇਲੇ ਤੈਨਾਲੀ ਰਾਮ ਦੀ ਹੀ ਵਡਿਆਈ ਕਰਦਾ ਰਹਿੰਦਾ ਸੀ। ਉਹ ਰਾਜੇ ਨੂੰ ਵੀ ਮਾੜਾ ਕਹਿੰਦਾ ਰਹਿੰਦਾ ਸੀ। ਤੈਨਾਲੀ ਰਾਮ ਨੂੰ ਇਸ ਗੱਲ ਦਾ ਪਤਾ ਸੀ।

ਇਕ ਵਾਰੀ ਗੁਣਸੁੰਦਰ ਤੇ ਰਾਜਗੁਰੂ ਦੋਹਾਂ ਨੇ ਮਿਲ ਕੇ ਰਾਜੇ ਅਤੇ ਤੈਨਾਲੀ ਰਾਮ ਦੀ ਬੜੀ ਨਿੰਦਾ ਕੀਤੀ ਅਤੇ ਕਿਹਾ, “ਮਹਾਰਾਜ ਤੈਨਾਲੀ ਰਾਮ ਪਿੱਠ ਪਿੱਛੇ ਤੁਹਾਡੀ ਨਿੰਦਿਆ ਕਰਦਾ ਰਹਿੰਦਾ ਹੈ।”

ਮਹਾਰਾਜ ਨੂੰ ਵਿਸ਼ਵਾਸ ਤਾਂ ਨਾ ਹੋਇਆ ਪਰ ਫਿਰ ਵੀ ਉਨ੍ਹਾਂ ਨੇ ਤੈਨਾਲੀ ਰਾਮ ਨੂੰ ਪੁੱਛਿਆ, “ਕੀ ਤੁਸੀਂ ਸਚਮੁੱਚ ਮੇਰੀ ਨਿੰਦਿਆ-ਚੁਗਲੀ ਕਰਦੇ ਰਹਿੰਦੇ ਹੋ ?"

ਤੈਨਾਲੀ ਰਾਮ ਸਾਰੀ ਗੱਲ ਸਮਝ ਗਿਆ। ਉਸ ਨੇ ਕਿਹਾ, “ਮਹਾਰਾਜ ਮੈਂ ਤੁਹਾਨੂੰ ਇਸ ਪ੍ਰਸ਼ਨ ਦਾ ਜਵਾਬ ਅੱਜ ਰਾਤੀਂ ਦੇਵਾਂਗਾ, ਪਰ ਤੁਹਾਨੂੰ ਮੇਰੇ ਨਾਲ ਚੱਲਣਾ ਪਵੇਗਾ।”

ਹਨੇਰਾ ਹੋਣ ਤਕ ਤੈਨਾਲੀ ਰਾਮ ਰਾਜੇ ਨੂੰ ਲੈ ਕੇ ਰਾਜਗੁਰੂ ਦੇ ਘਰ ਦੇ ਪਿਛਲੇ ਪਾਸੇ ਪਹੁੰਚਿਆ। ਉਹ ਦੋਵੇਂ ਬਾਰੀ ਨੇੜੇ ਖੜੇ ਹੋ ਗਏ। ਅੰਦਰ ਰਾਜਗੁਰੂ ਤੇ ਗੁਣਸੁੰਦਰ ਗੱਲਾਂ ਕਰ ਰਹੇ ਸਨ।

ਸਾਡੇ ਮਹਾਰਾਜ ਵੀ ਕੰਨਾਂ ਦੇ ਕੰਚੇ ਹਨ। ਹੁਣ ਤਕ ਤੈਨਾਲੀ ਰਾਮ ਜੋ ਵੀ ਕਹਿੰਦਾ ਸੀ ਉਸ ਨੂੰ ਹੀ ਸੱਚ ਮੰਨ ਲੈਂਦੇ ਸਨ ਅਤੇ ਅੱਜ ਸਾਡੇ ਦੇਹਾਂ ਦੀ ਗੱਲ ਸੱਚ ਮੰਨ ਲਈ।" ਕਹਿ ਕੇ ਗੁਣਸੁੰਦਰ ਹੱਸ ਪਿਆ।

ਉਸ ਨੇ ਰਾਜੇ ਬਾਰੇ ਹੋਰ ਵੀ ਪੁੱਠੀਆਂ ਸਿੱਧੀਆਂ ਗੱਲਾਂ ਕਹੀਆਂ। ਰਾਜਗੁਰੂ ਕੁਝ ਨਾ ਬੋਲਿਆ ਪਰ ਆਪਣੇ ਦੋਸਤ ਦੀ ਗੱਲ ਨੂੰ ਕਟਿਆ ਵੀ ਨਾ।

ਰਾਜਾ ਕਿਸ਼ਨਦੇਵ ਰਾਇ ਨੇ ਆਪਣੇ ਕੰਨਾਂ ਨਾਲ ਸਾਰਾ ਕੁਝ ਸੁਣਿਆ।

ਤੈਨਾਲੀ ਰਾਮ ਨੇ ਕਿਹਾ, 'ਮਹਾਰਾਜ ਹੁਣ ਤਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ?"

"ਹਾਂ, ਤੈਨਾਲੀ ਰਾਮ, ਪਰ ਰਾਜਗੁਰੂ ਲਈ ਸਾਡੇ ਦਿਲ ਵਿਚ ਹਾਲੇ ਵੀ ਇੱਜ਼ਤ ਹੈ। ਲੱਗਦਾ ਹੈ ਤੇਰੇ ਨਾਲ ਈਰਖਾ ਰੱਖਣ ਕਾਰਣ ਰਾਜਗੁਰੁ ਭਟਕ ਗਿਆ ਹੈ ਅਤੇ ਉਹ ਗਲਤ ਆਦਮੀ ਨਾਲ ਦੋਸਤੀ ਵਿਚ ਫਸ ਗਿਆ ਹੈ। ਜਿਵੇਂ ਵੀ ਹੋਵੇ, ਇਸ ਨੀਚ ਗੁਣਸੁੰਦਰ ਦੇ ਜਾਲ ਵਿਚੋਂ ਰਾਜ ਗੁਰੂ ਨੂੰ ਕਢਵਾ ਦੇਣਾ ਤੇਰਾ ਕੰਮ ਹੈ।" ਰਾਜੇ ਨੇ ਕਿਹਾ।

"ਤੁਸੀਂ ਫਿਕਰ ਨਾ ਕਰੋ। ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਬਸ ਕੁਝ ਦਿਨ ਉਡੀਕਣਾ ਪਵੇਗਾ। ਤੈਨਾਲੀ ਰਾਮ ਨੇ ਕਿਹਾ।

ਕੁਝ ਦਿਨਾਂ ਮਗਰੋਂ ਤੈਨਾਲੀ ਰਾਮ ਨੇ ਇਕ ਦਾਅਵਤ ਦਿੱਤੀ। ਉਸ ਵਿਚ ਰਾਜਾ ਕਿਸ਼ਨਦੇਵ ਰਾਇ ਵੀ ਪਹੁੰਚੇ। ਸਾਰੇ ਦਰਬਾਰੀ ਵੀ ਸਨ। ਰਾਜਗੁਰੂ ਵੀ ਤੇ ਗੁਣਸੁੰਦਰ ਵੀ। ਤੈਨਾਲੀ ਰਾਮ ਨੇ ਗੁਣਸੁੰਦਰ ਤੇ ਰਾਜਗੁਰੂ ਦੀ ਖਾਸ ਸੇਵਾ ਕੀਤੀ। ਬੜੀ ਦੇਰ ਤਕ  ਗੱਪਾਂ ਚਲਦੀਆਂ ਰਹੀਆਂ।

ਅਚਾਨਕ ਤੈਨਾਲੀ ਰਾਮ ਨੇ ਆਪਣਾ ਮੂੰਹ ਗੁਣਸੁੰਦਰ ਦੇ ਕੰਨ ਨੇੜੇ ਲਿਜਾ ਕੇ ਕੁਝ ਕਿਹਾ। ਉਸ ਵੇਲੇ ਤੈਨਾਲੀ ਰਾਮ ਦੀ ਨਜ਼ਰ ਰਾਜਗੁਰੂ ਵੱਲ ਸੀ। ਤੈਨਾਲੀ ਰਾਮ ਨੇ ਕੀ ਕਿਹਾ ਇਹ ਗੁਣਸੁੰਦਰ ਨੂੰ ਸਮਝ ਨਾ ਆਇਆ ਕਿਉਂਕਿ ਅਸਲ ਵਿਚ ਤੈਨਾਲੀ ਰਾਮ ਨੇ ਐਵੇਂ ਕੁਝ ਊਲਜਲੂਜ ਜਿਹੇ ਸ਼ਬਦ ਹੀ ਕਹੇ ਸਨ।

ਫਿਰ ਤੈਨਾਲੀ ਰਾਮ ਨੇ ਉਚੀ ਆਵਾਜ਼ ਵਿਚ ਕਿਹਾ, “ਮੈਂ ਤੈਨੂੰ ਜੋ ਕਿਹਾ ਹੈ ਉਹ ਕਿਸੇ ਨੂੰ ਨਾ ਦੱਸੀਂ।”

ਗੁਣਸੁੰਦਰ ਹੈਰਾਨੀ ਨਾਲ ਤੈਨਾਲੀ ਰਾਮ ਵੱਲ ਦੇਖ ਰਿਹਾ ਸੀ। ਇਧਰ ਰਾਜਗੁਰੂ ਦੇ ਦਿਲ ਵਿਚ ਸ਼ਕ ਪੈਂਦਾ ਹੋਇਆ।

ਤੈਨਾਲੀ ਰਾਮ ਜਿਸ ਵੇਲੇ ਗੁਣਸੁੰਦਰ ਦੇ ਕੰਨ ਵਿਚ ਕੁਝ ਕਹਿ ਰਿਹਾ ਸੀ ਤਾਂ ਉਸ ਦੀ ਨਜ਼ਰ ਰਾਜਗੁਰੂ ਉਪਰ ਹੀ ਸੀ। ਉਸ ਨੇ ਸੋਚਿਆ - ਜਰੂਰ ਮੇਰੇ ਬਾਰੇ ਹੀ ਕੋਈ ਗੱਲ ਕਹੀ ਹੈ।

ਰਾਜਗੁਰੂ ਨੇ ਗੁਣਸੁੰਦਰ ਨੂੰ ਪੁੱਛਿਆ, “ਤੈਨਾਲੀ ਰਾਮ ਕੀ ਕਹਿ ਰਿਹਾ ਸੀ ?

“ਕੁਝ ਨਹੀਂ। ਮੇਰੇ ਕੰਨ ਵਿਚ ਕੁਝ ਕਿਹਾ ਤਾਂ ਸੀ ਪਰ ਮੈਨੂੰ ਕੁਝ ਸਮਝ ਨਹੀਂ ਆਇਆ, ਐਵੇਂ ਹੀ ਕੁਝ ਸ਼ਬਦ ਬੋਲੇ ਸਨ।” ਗੁਣਸੁੰਦਰ ਨੇ ਕਿਹਾ।

ਰਾਜਗੁਰੂ ਨੇ ਸੋਚਿਆ - "ਗੁਣਸੁੰਦਰ ਮੇਰੇ ਤੋਂ ਅਸਲੀ ਗੱਲ ਲੁਕਾ ਰਿਹਾ ਹੈ। ਦੋਸਤ ਹੋ ਕੇ ਵੀ ਜੇ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਐਸੀ ਦੋਸਤੀ ਕਿਸ ਕੰਮ ਦੀ ? ਜ਼ਰੂਰ ਤੈਨਾਲੀ ਰਾਮ ਤੇ ਇਹ ਦੋਵੇਂ ਮਿਲ ਕੇ ਮੇਰਾ ਮਜ਼ਾਕ ਉਡਾਉਂਦੇ ਹੋਣਗੇ। ਮੈਂ ਤਾਂ ਸਮਝਦਾ ਸਾਂ ਕਿ ਗੁਣਸੁੰਦਰ ਮੇਰਾ ਸੱਚਾ ਦੋਸਤ ਹੈ।

ਉਸ ਮਗਰੋਂ ਰਾਜਗੁਰੂ ਨੇ ਗੁਣਮੰਦਰ ਨਾਲ ਗੱਲਬਾਤ ਕਰਨਾ ਤੇ ਮਿਲਣਾ-ਜੁਲਣਾ ਛੱਡ ਦਿੱਤਾ। ਦੋਹਾਂ ਦੀ ਦੋਸਤੀ ਕੁਝ ਹੀ ਦਿਨਾਂ ਵਿਚ ਬੀਤੇ ਦਿਨਾਂ ਦੀ ਗੱਲ ਬਣ ਕੇ ਰਹਿ ਗਈ।

ਰਾਜੇ ਨੇ ਤੈਨਾਲੀ ਰਾਮ ਨੂੰ ਕਿਹਾ, "ਸਚਮੁੱਚ, ਮੁਸ਼ਕਲਾਂ ਦੂਰ ਕਰਨ ਵਿਚ ਤੇਰਾ ਜਵਾਬ ਨਹੀਂ। ਤੂੰ ਐਸਾ ਕੰਮ ਕੀਤਾ ਹੈ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ।


Post a Comment

0 Comments