ਸੰਨਿਆਸੀ
Sanyasi
ਇਕ ਵਾਰ ਤੈਨਾਲੀ ਰਾਮ ਦੇ ਪਿੰਡ ਵਿਚ ਭਿਆਨਕ ਸੋਕਾ ਪਿਆ। ਪੀਣ ਵਾਸਤੇ ਪਾਣੀ ਮਿਲਣਾ ਔਖਾ ਹੋ ਗਿਆ। ਲੋਕ ਬੜੇ ਦੁੱਖੀ ਸਨ। ਜਦੋਂ ਸੋਕਾ ਪੂਰੇ ਜ਼ੋਰਾਂ ਤੇ ਸੀ ਤਾਂ ਇਕ ਦਿਨ ਇਕ ਸੰਨਿਆਸੀ ਪਿੰਡ ਵਿਚ ਆ ਪਹੁੰਚਿਆ। ਹਾਲੇ ਉਸ ਸੰਨਿਆਸੀ ਨੇ ਪਿੰਡ ਵਿਚ ਪੈਰ ਹੀ ਰਖਿਆ ਸੀ ਕਿ ਮੋਹਲੇਧਾਰ ਮੀਂਹ ਪੈਣ ਲੱਗਾ। ਅੰਧਵਿਸ਼ਵਾਸੀ ਭਗਤਾਂ ਨੇ ਸਮਝਿਆ ਕਿ ਇਹ ਸੰਨਿਆਸੀ ਦੇ ਆਉਣ ਕਰਕੇ ਹੀ ਹੋਇਆ ਹੈ।
ਬਸ ਫਿਰ ਕੀ ਸੀ ! ਲੋਕ ਸੰਨਿਆਸੀ ਕੋਲ ਆਉਣ ਲੱਗੇ। ਲੋਕ ਉਸ ਨੂੰ ਚੜ੍ਹਾਵੇ ਚੜਾਉਣ ਲੱਗੇ ਤੇ ਉਸ ਦੇ ਗੁਣ ਗਾਉਣ ਲੱਗੇ। ਤੈਨਾਲੀ ਰਾਮ ਜੀ ਨੇ ਸੰਨਿਆਸੀ ਦੇ ਕੋਲ ਜਾ ਕੇ ਪੁੱਛਿਆ, "ਦੱਸੋ ਮਹਾਰਾਜ ਜੀ, ਉਸ ਬੁੱਢੀ ਖਜੂਰ ਦਾ ਕੀ ਹਾਲ ਹੈ?"
ਸੰਨਿਆਸੀ ਗੱਲ ਸਮਝ ਕੇ ਹੌਲੀ ਜਿਹੀ ਮੁਸਕਰਾਇਆ। ਨਗਰ ਦੇ ਜਿਹੜੇ ਲੋਕ ਉਥੇ ਇਕੱਠੇ ਸਨ ਉਹ ਹੱਕੇ-ਬੱਕੇ ਹੋ ਕੇ ਤੇਨਾਲੀ ਰਾਮ ਤੇ ਸੰਨਿਆਸੀ ਦਾ ਮੂੰਹ ਦੇਖਣ ਲੱਗੇ। ਉਹਨਾਂ ਵਿਚੋਂ ਇਕ ਨੇ ਕਿਹਾ ਤੇਨਾਲੀ ਰਾਮ ਜੀ ਤੁਹਾਡੀ ਗੱਲ ਦਾ ਭੇਤ ਸਾਨੂੰ ਸਮਝ ਨਹੀਂ ਆਇਆ।”
ਤੇਨਾਲਿ ਰਾਮ ਨੇ ਹੱਸ ਕੇ ਕਿਹਾ ਕਿ ਇਕ ਵਾਰੀ ਇਕ ਕਾਂ ਖਜੂਰ ਦੇ ਰੁੱਖ ਤੇ ਜਾਂ ਬੈਠਾ। ਉਸ ਦੇ ਬੈਠਦਿਆਂ ਹੀ ਖਜੂਰ ਦਾ ਇਕ ਫਲ ਹੇਠਾਂ ਡਿਗਿਆ। ਜਿਸ ਨੇ ਵੀ ਦੇਖਿਆ ਉਸ ਨੇ ਕਿਹਾ ਕਿ ਇਹ ਖਜੂਰ ਕਾਂ ਨੇ ਹੇਠਾਂ ਸੁੱਟੀ ਹੈ। ਇਸ ਤਰ੍ਹਾਂ ਜਦੋਂ ਇਕ ਸੰਨਿਆਸੀ ਪਿੰਡ ਵਿਚ ਪਹੁੰਚਿਆ ਤਾਂ ਅਚਾਨਕ ਵਰਖਾ ਹੋਣ ਲੱਗ ਪਈ ਤਾਂ ਸਾਰਿਆਂ ਨੇ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਹੀ ਵਰਖਾ ਹੋਈ ਹੈ। ਇਸੇ ਲਈ ਮੈਂ ਪੁੱਛਿਆ ਹੈ ਕਿ ਉਸ ਬੁੱਢੀ ਖਜੂਰ ਦਾ ਕੀ ਹਾਲ ਹੈ ?"
ਤੇਨਾਲੀ ਰਾਮ ਦੀ ਗੱਲ ਸੁਣ ਕੇ ਲੋਕ ਹੱਸ ਪਏ। ਸੰਨਿਆਸੀ ਨੇ ਤੈਨਾਲੀ ਰਾਮ ਨੂ ਕਿਹਾ ਤੁਸੀਂ ਬੜੇ ਸਿਆਣੇ ਹੋ ਤੇ ਯੋਗ ਵੀ। ਹਿੰਮਤ ਨਾਲ ਕੰਮ ਕਰੋਗੇ ਤਾਂ ਇਕ ਦਿਨ ਐਸੀ ਥਾਂ ਪਹੁੰਚ ਜਾਵੋਗੇ ਜਿਥੇ ਤੁਹਾਨੂੰ ਨਾ ਸੁੱਖ ਦੀ ਘਾਟ ਰਹੇਗੀ ਅਤੇ ਨਾ ਹੀ ਧਨ ਦੀ।
0 Comments