ਅਸ਼ਰਫੀ ਦੀ ਤਸਵੀਰ
Ashrafi di Tasveer
ਇਕ ਵਾਰੀ ਰਾਜਾ ਕ੍ਰਿਸ਼ਨਦੇਵ ਰਾਇ ਨੇ ਆਪਣੇ ਦਰਬਾਰੀਆਂ ਦੀ ਪਰੀਖਿਆ ਲੈਣ ਦਾ ਫੈਸਲਾ ਕੀਤਾ। ਨਤੀਜੇ ਵਜੋਂ ਰਾਜੇ ਨੇ ਆਪਣੇ ਸਾਰੇ ਦਰਬਾਰੀਆਂ ਨੂੰ ਮਖਮਲ ਦੀਆਂ ਥੈਲੀਆਂ ਵਿਚ ਅਸ਼ਰਫੀਆਂ ਭਰ ਕੇ ਦਿੱਤੀਆਂ। ਸਾਰਿਆਂ ਨੂੰ ਇਕ-ਇਕ ਥੈਲੀ ਦੇਣ ਮਗਰੋਂ ਉਨ੍ਹਾਂ ਨੂੰ ਕਿਹਾ, “ਇਹ ਸਾਡੇ ਵਲੋਂ ਭੇਟ ਹੈ।” ਪਰ ਨਾਲ ਹੀ ਇਕ ਸ਼ਰਤ ਵੀ ਲਾ ਦਿੱਤੀ ਕਿ ਅਸ਼ਰਫੀਆਂ ਨੂੰ ਖਰਚਣ ਵੇਲੇ ਸਾਡਾ ਮੁੰਹ ਦੇਖ ਕੇ ਹੀ ਖਰਚ ਕਰਨਾ ਅਤੇ ਇਕ ਹਫਤੇ ਪਿਛੋਂ ਦੱਸਣਾ ਕਿ ਇਨ੍ਹਾਂ ਅਸ਼ਰਫੀਆਂ ਨਾਲ ਤੁਸੀਂ ਕੀ ਕੀ ਖਰੀਦਿਆ ਹੈ ?
ਹਰ ਦਰਬਾਰੀ ਨੇ ਖੁਸ਼ੀ-ਖੁਸ਼ੀ ਥੈਲੀ ਲੈ ਲਈ। ਜਦੋਂ ਉਹ ਬਾਜ਼ਾਰ ਸਮਾਨ ਖਰੀਦਣ ਗਏ ਤਾਂ ਪਰੇਸ਼ਾਨ ਹੋ ਗਏ। ਰਾਜੇ ਦੀ ਸ਼ਰਤ ਯਾਦ ਆਉਂਦਿਆਂ ਹੀ ਉਨ੍ਹਾਂ ਦੀ ਅਕਲ ਤੇ ਪਰਦੇ ਪੈ ਗਏ। ਰਾਜੇ ਦਾ ਮੂੰਹ ਦੇਖੇ ਬਿਨਾਂ ਅਸ਼ਰਫੀਆਂ ਕਿਵੇਂ ਖਰਚਣ।
ਇਸੇ ਚੱਕਰ ਵਿਚ ਇਕ ਹਫਤਾ ਲੰਘ ਗਿਆ। ਰਾਜੇ ਨੇ ਇਕ ਦਿਨ ਜਦੋਂ ਦਰਬਾਰ ਵਿਚ ਬੜੀ ਭੀੜ ਸੀ ਤਾਂ ਆਪਣੇ ਦਰਬਾਰੀਆਂ ਨੂੰ ਪੁੱਛਿਆ, "ਕੀ ਤੁਸੀਂ ਦੱਸੋਗੇ ਕਿ ਅਸ਼ਰਫੀਆਂ ਨਾਲ ਤੁਸੀਂ ਕੀ ਕੀ ਖਰੀਦਿਆ ?"
ਰਾਜੇ ਦਾ ਪ੍ਰਸ਼ਨ ਸੁਣ ਕੇ ਸਾਰੇ ਦਰਬਾਰੀ ਚੁੱਪ ਰਹੇ ਤਾਂ ਪੁਰੋਹਿਤ ਜੀ ਬੋਲੇ, 'ਮਹਾਰਾਜ ਅਸੀ ਸਮਾਨ ਕਿਵੇਂ ਖਰੀਦ ਸਕਦੇ ਸੀ। ਤੁਹਾਡੀ ਸ਼ਰਤ ਹੀ ਐਸੀ ਸੀ। ਬਾਜ਼ਾਰ ਵਿਚ ਤੁਹਾਡੇ ਦਰਸ਼ਨ ਕਿਵੇਂ ਹੁੰਦੇ ? ਕਿਥੇ ਹੁੰਦੇ ? ਅਤੇ ਅਸੀਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਅਸ਼ਰਫੀਆਂ ਕਿਵੇਂ ਖਰਚਦੇ ?”
ਸਾਰੇ ਦਰਬਾਰੀਆਂ ਨੇ ਪੁਰੋਹਿਤ ਦੀ ਹਾਂ ਵਿਚ ਹਾਂ ਮਿਲਾਈ।
ਰਾਜੇ ਨੇ ਫਿਰ ਤੈਨਾਲੀ ਰਾਮ ਨੂੰ ਪੁੱਛਿਆ, "ਤੈਨਾਲੀ ਰਾਮ ਤੁਸੀ ਦੱਸੋ, ਤੁਸੀ ਅਸ਼ਰਫ਼ੀਆਂ ਨਾਲ ਕੀ ਖਰੀਦਿਆ ?"
“ਮਹਾਰਾਜ ਮੈਂ ਤਾਂ ਦੂਜੇ ਦਿਨ ਹੀ ਅਸ਼ਰਫੀਆਂ ਨਾਲ ਆਪਣੇ ਕੰਮ ਦੀਆਂ ਚੀਜ਼ਾਂ ਖਰੀਦ ਲਈਆਂ ਸਨ। ਇਹ ਨਵੀਂ ਧੋਤੀ, ਤੇ ਰੇਸ਼ਮੀ ਦੁਪੱਟਾ ਜਿਹੜਾ ਮੈਂ ਪਾਇਆ ਹੈ ਅਸ਼ਰਫੀਆਂ ਨਾਲ ਹੀ ਖਰੀਦਿਆ ਹੈ। ਇਹ ਨਵੀਂ ਐਨਕ ਵੀ ਬਣਵਾਈ ਹੈ।”
"ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਮੇਰੀ ਆਗਿਆ ਦੀ ਪਾਲਣਾ ਨਹੀਂ ਕੀਤੀ।" ਰਾਜੇ ਨੇ ਕਿਹਾ।
"ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮਹਾਰਾਜ ! ਮੈਂ ਤੁਹਾਡੀ ਆਗਿਆ ਦੀ ਉਲੰਘਣਾ ਨਹੀਂ ਕੀਤੀ। ਅਸ਼ਰਫੀਆਂ ਉਪਰ ਤੁਹਾਡੀ ਤਸਵੀਰ ਛਪੀ ਹੋਈ ਹੈ। ਸਮਾਨ ਖਰੀਦਣ ਸਮੇਂ ਮੈਂ ਤੁਹਾਡੀ ਤਸਵੀਰ ਬਾਰ-ਬਾਰ ਦੇਖੀ, ਨਮਸਕਾਰ ਕੀਤੀ ਅਤੇ ਫਿਰ ਉਸੇ ਅਸਰਫ਼ੀ ਨਾਲ ਵਸਤਾਂ ਖਰੀਦੀਆਂ।”
ਇਹ ਸੁਣ ਕੇ ਦਰਬਾਰੀ ਸ਼ਰਮ ਨਾਲ ਪਾਣੀ ਪਾਣੀ ਹੋ ਗਏ। ਰਾਜੇ ਨੇ ਤੈਨਾਲੀ ਰਾਮ ਨੂੰ ਉਸ ਦੀ ਸਮਝਦਾਰੀ ਲਈ ਇਨਾਮ ਦਿੱਤਾ।
0 Comments