Punjabi Moral Story “Rani di Udasi”, "ਰਾਣੀ ਦੀ ਉਦਾਸੀ" Tenali Rama Story for Students of Class 5, 6, 7, 8, 9, 10 in Punjabi Language.

ਰਾਣੀ ਦੀ ਉਦਾਸੀ 
Rani di Udasi



ਇਕ ਦਿਨ ਤੈਨਾਲੀ ਰਾਮ ਨੂੰ ਸੁਨੇਹਾ ਮਿਲਿਆ ਕਿ ਰਾਣੀ ਤਿਰੂਮਲਾਦੇਵੀ ਬੜੀ ਮੁਸੀਬਤ ਵਿਚ ਹੈ ਅਤੇ ਉਸ ਨੂੰ ਮਿਲਣਾ ਚਾਹੁੰਦੀ ਹੈ। ਉਹ ਰਾਣੀ ਕੋਲ ਗਿਆ। ਉਸ ਨੂੰ ਪਤਾ ਲੱਗਾ ਕਿ ਇਕ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਰਾਣੀ ਨੂੰ ਆਪਣਾ ਲਿਖਿਆ ਨਾਟਕ ਸੁਣਾ ਰਿਹਾ ਸੀ ਕਿ ਰਾਣੀ ਨੂੰ ਉਬਾਸੀ ਆ ਗਈ। ਰਾਜਾ ਐਸਾ ਨਾਰਾਜ਼ ਹੋਇਆ ਕਿ ਉਸੇ ਵੇਲੇ ਉਠ ਕੇ ਚਲਾ ਗਿਆ ਤੇ ਉਦੋਂ ਤੋਂ ਦੁਬਾਰਾ ਇਸ ਪਾਸੇ ਨਹੀਂ ਆਇਆ।

ਰਾਣੀ ਨੇ ਕਿਹਾ, “ਇਸ ਵਿਚ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਮੁਆਫੀ ਮੰਗੀ ਪਰ ਕੋਈ ਅਸਰ ਨਾ ਹੋਇਆ। ਤੈਨਾਲੀ ਰਾਮ ਹੁਣ ਤੁਸੀਂ ਹੀ ਇਸ ਸਮੱਸਿਆ ਨੂੰ ਸੁਲਝਾ ਸਕਦੇ ਹੋ।

ਤੁਸੀਂ ਫਿਕਰ ਨਾ ਕਰੋ ਮਹਾਰਾਣੀ, ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗਾ। ਤੈਨਾਲੀ ਰਾਮ ਨੇ ਰਾਣੀ ਨੂੰ ਧੀਰਜ ਦਿੱਤਾ।

ਉਥੇ ਤੈਨਾਲੀ ਰਾਮ ਸਿੱਧਾ ਦਰਬਾਰ ਪਹੁੰਚਿਆ। ਰਾਜਾ ਆਪਣੇ ਰਾਜ ਵਿਚ ਚੌਲਾਂ ਦੀ ਹਾਲਤ ਬਾਰੇ ਮੰਤਰੀਆਂ ਨਾਲ ਸਲਾਹ ਕਰ ਰਹੇ ਸਨ। "ਚੌਲਾਂ ਦੀ ਪੈਦਾਵਾਰ ਵਧਾਉਣਾ ਬੜਾ ਜ਼ਰੂਰੀ ਹੈ। ਰਾਜੇ ਨੇ ਕਿਹਾ, “ਅਸੀਂ ਹੁਣ ਤਕ ਬਹੁਤ ਕੋਸ਼ਿਸ਼ ਕੀਤੀ ਹੈ, ਇਸ ਨਾਲ ਫਾਇਦਾ ਹੋਇਆ ਹੈ ਪਰ ਹਾਲੇ ਸਮੀਖਿਆ ਪੂਰੀ ਤਰ੍ਹਾਂ ਸੁਲਝੀ ਨਹੀਂ।”

ਮਹਾਰਾਜ।" ਤੈਨਾਲੀ ਰਾਮ ਨੇ ਚੌਲ ਦਾ ਇਕ ਬੀਜ ਰਾਜੇ ਨੂੰ ਦਿਖਾਉਂਦਿਆਂ ਕਿਹਾ, "ਜੇ ਇਹ ਬੀਜ ਬੀਜਿਆ ਜਾਵੇ ਤਾਂ ਪੈਦਾਵਾਰ ਇਸ ਸਾਲ ਨਾਲੋਂ ਤਿੰਨ ਗੁਣਾਂ ਵੱਧ ਹੋਵੇਗੀ।”

ਇਹ ਤਾਂ ਬੜਾ ਚੰਗਾ ਹੋਵੇਗਾ, ਪਰ ਇਸ ਲਈ ਸ਼ਾਇਦ ਖਾਸ ਤਰ੍ਹਾਂ ਦੀ ਜ਼ਮੀਨ ਤੇ ਖਾਦ ਦੀ ਲੋੜ ਹੋਵੇਗੀ। ਰਾਜੇ ਨੇ ਕਿਹਾ।

"ਨਹੀਂ ਮਹਾਰਾਜ, ਇਸ ਵਾਸਤੇ ਸਿਰਫ ਇਸ ਗੱਲ ਦੀ ਲੋੜ ਹੈ ਕਿ ਇਸ ਨੂੰ ਬੀਜਣ, ਸਿੰਜਣ ਤੇ ਕੱਟਣ ਵਾਲਾ ਬੰਦਾ ਐਸਾ ਹੋਵੇ ਜਿਸ ਨੂੰ ਨਾ ਕਦੀ ਉਬਾਸੀ ਆਈ ਹੋਵੇ ਤੇ ਨਾ ਹੀ ਕਦੀ ਆਵੇ।" ਤੈਨਾਲੀ ਰਾਮ ਨੇ ਕਿਹਾ।

ਤੇਰੇ ਵਰਗਾ ਮੂਰਖ ਮੈਂ ਕਦੀ ਨਹੀਂ ਦੇਖਿਆ।" ਰਾਜੇ ਨੇ ਕਿਹਾ, "ਕੀ ਸੰਸਾਰ ਵਿਚ ਕੋਈ ਐਸਾ ਬੰਦਾ ਹੈ ਜਿਸ ਨੂੰ ਕਦੀ ਉਬਾਸੀ ਨਾ ਆਈ ਹੋਵੇ ?"

"ਮੈਂ ਤਾਂ ਭੁੱਲ ਹੀ ਗਿਆ ਸਾਂ। ਸਚਮੁੱਚ ਮੈਂ ਮੂਰਖ ਹਾਂ।" ਤੈਨਾਲੀ ਰਾਮ ਬੋਲਿਆ, "ਚੰਗਾ ਹੋਇਆ ਕਿ ਮਹਾਰਾਜ ਨੂੰ ਯਾਦ ਆ ਗਿਆ। ਮੈਂ ਹੁਣੇ ਜਾ ਕੇ ਮਹਾਰਾਣੀ ਤਿਰੂਮਲਾਦੇਵੀ ਨੂੰ ਆਪਣੀ ਇਸ ਮੂਰਖਤਾ ਬਾਰੇ ਦੱਸਦਾ ਹਾਂ।”

"ਨਹੀਂ, ਨਹੀਂ, ਮੈਂ ਆਪ ਜਾ ਕੇ ਉਨ੍ਹਾਂ ਨੂੰ ਦੱਸ ਦੇਵਾਂਗਾ।” ਰਾਜੇ ਨੇ ਕਿਹਾ। ਦਰਬਾਰ ਵਿਚ ਚੁਫੇਰੇ ਹਾਸਾ ਗੁੰਜ ਪਿਆ।

ਦਰਬਾਰ ਤੋਂ ਮਗਰੋਂ ਰਾਜਾ ਮਹਾਰਾਣੀ ਦੇ ਮਹੱਲ ਵਿਚ ਗਿਆ। ਦੋਹਾਂ ਵਿਚ ਸਮਝੌਤਾ ਹੋ ਗਿਆ ਸੀ। ਰਾਜੇ ਨੇ ਤੈਨਾਲੀ ਰਾਮ ਨੂੰ ਸੋਨੇ ਦੀ ਇਕ ਥੈਲੀ ਭੇਟ ਕੀਤੀ ਅਤੇ ਰਾਣੀ ਨੇ ਵੀ ਤੈਨਾਲੀ ਰਾਮ ਨੂੰ ਬਹੁਤ ਸਾਰੇ ਤੋਹਫੇ ਦਿੱਤੇ।


Post a Comment

0 Comments