ਹੜ੍ਹ ਪੀੜਤਾਂ ਦੀ ਮਦਦ
Harh Pidita di Madad
ਇਕ ਵਾਰੀ ਵਿਜੈਨਗਰ ਰਾਜ ਵਿਚ ਬਹੁਤ ਮੀਂਹ ਪਿਆ। ਚੁਫੇਰੇ ਤਬਾਹੀ ਮਚ ਗਈ। ਕਈ ਘਰ ਰੁੜ੍ਹ ਗਏ। ਬਹੁਤ ਸਾਰੇ ਪਸ਼ੂ ਵੀ ਹੜ੍ਹ ਦੀ ਭੇਟ ਚੜ੍ਹ ਗਏ।
ਇਸ ਬਿਪਤਾ ਦੀ ਖ਼ਬਰ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਮਿਲੀ। ਰਾਜੇ ਨੇ ਇਕਦਮ ਮੰਤਰੀ ਨੂੰ ਬੁਲਾ ਕੇ ਹੁਕਮ ਦਿੱਤਾ, ਜਿੰਨੀ ਛੇਤੀ ਹੋ ਸਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ। ਖ਼ਜ਼ਾਨੇ 'ਚੋਂ ਪੈਸਾ ਕਢਾ ਕੇ ਹੜ੍ਹ ਨਾਲ ਘਿਰੇ ਲੋਕਾਂ ਵਿਚ ਕੱਢਿਆ ਜਾਵੇ। ਉਨ੍ਹਾਂ ਦੇ ਰਹਿਣ, ਖਾਣ ਤੇ ਇਲਾਜ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਨਦੀ ਨਾਲਿਆਂ ਉਪਰ ਪੁਲ ਬਣਾ ਦਿੱਤੇ ਜਾਣ।
ਮੰਤਰੀ ਨੇ ਇਕਦਮ ਹਾਮੀ ਭਰੀ ਅਤੇ ਅਗਲੇ ਦਿਨ ਖ਼ਜ਼ਾਨੇ 'ਚੋਂ ਮੋਟੀ ਰਕਮ ਕਢਾ ਕੇ ਮਦਦ ਦੇ ਕੰਮ ਵਿਚ ਰੁੱਝ ਗਿਆ।
ਕਈ ਮਹੀਨੇ ਤਾਂ ਮੰਤਰੀ ਦਾ ਰਾਜਧਾਨੀ ਵਿਚ ਪਤਾ ਨਾ ਲੱਗਾ। ਰਾਜਾ ਸਮਝ ਰਿਹਾ ਸੀ ਕਿ ਰਾਹਤ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਉਧਰ ਤੈਨਾਲੀ ਰਾਮ ਵੀ ਬੇਖ਼ਬਰ ਨਹੀਂ ਸੀ।
ਕੁਝ ਦਿਨਾਂ ਮਗਰੋਂ ਮੰਤਰੀ ਦਰਬਾਰ ਵਿਚ ਆਇਆ। ਉਸ ਨੇ ਬਹੁਤ ਵਧਾ ਚੜ੍ਹਾ ਕੇ ਆਪਣੇ ਕੰਮ ਦੀ ਪ੍ਰਸੰਸਾ ਕੀਤੀ। ਦਰਬਾਰ ਖਤਮ ਹੋਇਆ ਤਾਂ ਰਾਜੇ ਨੇ ਤੈਨਾਲੀ ਰਾਮ ਨੂੰ ਕਿਹਾ, "ਦੇਖੋ, ਤੈਨਾਲੀ ਰਾਮ, ਸਾਡੇ ਮੰਤਰੀ ਦਾ ਕਮਾਲ। ਦੋ ਹਫਤਿਆਂ ਵਿੱਚ ਹੱੜ ਪੀੜਤਾਂ ਦੇ ਦੁੱਖ-ਦਰਦ ਦੂਰ ਕਰ ਦਿੱਤੇ।"
'ਮਹਾਰਾਜ ਤੁਹਾਡੀ ਗੱਲ ਤਾਂ ਠੀਕ ਹੈ। ਕਿਉਂ ਨਾ ਤੁਸੀਂ ਵੀ ਚੱਲ ਕੇ ਦੇਖ ਲਵੋ ਕਿ ਮੰਤਰੀ ਜੀ ਨੇ ਹੜ ਵਾਸਤੇ ਕਿਹੋ ਜਿਹੇ ਪ੍ਰਬੰਧ ਕੀਤੇ ਹਨ।" ਤੈਨਾਲੀ ਰਾਮ ਬੋਲਿਆ। ਰਾਜਾ ਤਾਂ ਖੁਸ਼ ਹੀ ਸੀ। ਇਕਦਮ ਹਾਮੀ ਭਰ ਦਿੱਤੀ। ਅਗਲੇ ਦਿਨ ਰਾਜਾ ਤੇ ਤੈਨਾਲੀ ਰਾਮ ਘੋੜਿਆਂ ਉਪਰ ਚੜ੍ਹ ਕੇ ਚਲ ਪਏ। ਰਸਤੇ ਵਿੱਚ ਰਾਜੇ ਦਾ ਬਾਗ ਪੈਂਦਾ ਸੀ। ਰਾਜੇ ਨੇ ਦੇਖਿਆ ਕਿ ਬਾਗ਼ ਦੇ ਬਹੁਤ ਸਾਰੇ ਰੁੱਖ ਕੱਟੇ ਹੋਏ ਹਨ।
ਇਹ ਰੁੱਖ ਕਿਸ ਨੇ ਕੱਟੇ ਹਨ ? ਰਾਜੇ ਨੇ ਪੁੱਛਿਆ।
“ਸ਼ਾਇਦ ਇਹ ਤੇਜ਼ ਹਵਾ ਨਾਲ ਟੁੱਟੇ ਹਨ ਜਾਂ ਹੜ੍ਹ ਦਾ ਪਾਣੀ ਰੋੜ੍ਹ ਕੇ ਲੈ ਗਿਆ ਹੈ। ਤੈਨਾਲੀ ਰਾਮ ਨੇ ਜਵਾਬ ਦਿੱਤਾ।
ਚਲਦਿਆਂ-ਚਲਦਿਆਂ ਦੋਵੇਂ ਇਕ ਨਾਲੇ ਕੋਲ ਪਹੁੰਚੇ। ਇਕ ਥਾਂ ਪੁਲ ਦੇ ਨਾਂਅ ਰੁੱਖਾਂ ਦੇ ਕੱਟੇ ਹੋਏ ਤਣੇ ਰੱਖੇ ਸਨ।
“ਕੀ ਇਹੀ ਪੁਲ ਬਣਾਏ ਹਨ, ਮੰਤਰੀ ਜੀ ਨੇ ? ਇਹ ਤਣੇ ਤਾਂ ਸ਼ਾਹੀ ਬਾਗ਼ ਦੇ ਰੁੱਖਾਂ ਦੇ ਲੱਗਦੇ ਹਨ ?"
“ਹੋ ਸਕਦਾ ਹੈ, ਮਹਾਰਾਜ। ਹੜ੍ਹ ਦੇ ਪਾਣੀ ਵਿਚ ਵਹਿ ਕੇ ਇਹ ਆਪ ਹੀ ਇਥੇ ਆ ਗਏ ਹੋਣ। ਅੱਗੇ ਚਲੋ, ਹੋਰ ਪੁਲ ਦੇਖਦੇ ਹਾਂ।”
ਪਰ ਸਾਰੀਆਂ ਥਾਵਾਂ ਉਪਰ ਉਹੀ ਹਾਲ ਸੀ। ਦੋਵੇਂ ਇਕ ਪਿੰਡ ਵਿਚ ਪਹੁੰਚੇ। ਪਿੰਡ ਦਾ ਵੱਡਾ ਹਿੱਸਾ ਪਾਣੀ ਵਿਚ ਡੁਬਿਆ ਪਿਆ ਸੀ। ਕਈ ਲੋਕ ਰੁੱਖਾਂ ਉਪਰ ਮਚਾਣ ਬਣਾ ਕੇ ਰਹਿ ਰਹੇ ਸਨ।
ਉਨ੍ਹਾਂ ਨੂੰ ਦੇਖਦਿਆਂ ਹੀ ਤੈਨਾਲੀ ਰਾਮ ਹੈਰਾਨੀ ਨਾਲ ਬੋਲਿਆ, “ਦੇਖੋ ਮਹਾਰਾਜ, ਮੰਤਰੀ ਜੀ ਨੇ ਇਨ੍ਹਾਂ ਨੂੰ ਹੜ੍ਹ ਤੋਂ ਬਚਾ ਕੇ ਰੁੱਖਾਂ ਉਪਰ ਟੰਗ ਦਿੱਤਾ ਹੈ। ਇਸ ਤੋਂ ਚੰਗੀ ਮਦਦ ਹੋਰ ਕਿਹੜੀ ਹੋਵੇਗੀ ?"
ਹੁਣ ਰਾਜੇ ਨੂੰ ਪਤਾ ਲੱਗਿਆ ਕਿ ਮਦਦ ਦੇ ਨਾਂਅ ਤੇ ਮੰਤਰੀ ਪੈਸੇ ਖਾ ਗਿਆ ਹੈ।
ਰਾਜੇ ਨੇ ਵਾਪਸ ਆ ਕੇ ਮੰਤਰੀ ਨੂੰ ਦਰਬਾਰ ਵਿਚ ਬੁਲਾਇਆ ਅਤੇ ਉਸ ਨੂੰ ਤਾੜਦਿਆਂ ਕਿਹਾ, "ਜਿਹੜਾ ਪੈਸਾ ਹੜੱਪਿਆ ਹੈ ਜਾਂ ਤਾਂ ਉਸ ਨਾਲ ਹੜ੍ਹ ਪੀੜਤਾਂ ਦੀ ਮਦਦ ਕਰੋ ਅਤੇ ਜਾਂ ਫਿਰ ਜੇਲ੍ਹ ਦੀ ਹਵਾ ਖਾਵੋ। ਹਾਂ, ਇਸ ਵਾਰ ਤੁਸੀਂ ਜੋ ਕੁਝ ਵੀ ਕਰੋਗੇ ਉਸ ਦੀ ਜਾਂਚ ਤੈਨਾਲੀ ਰਾਮ ਕਰਨਗੇ।" ਮੰਤਰੀ ਇਹ ਹੁਕਮ ਸੁਣ ਕੇ ਮੂੰਹ ਲਮਕਾ ਕੇ ਤੁਰ ਗਿਆ।
0 Comments