Punjabi Moral Story “Raje de Billi”, "ਰਾਜੇ ਦੀ ਬਿੱਲੀ " Tenali Rama Story for Students of Class 5, 6, 7, 8, 9, 10 in Punjabi Language.

ਰਾਜੇ ਦੀ ਬਿੱਲੀ 
Raje de Billi



ਇਕ ਵਾਰ ਰਾਜੇ ਨੇ ਸੁਣਿਆ ਕਿ ਨਗਰ ਵਿਚ ਚੂਹੇ ਵਧ ਗਏ ਹਨ। ਉਨ੍ਹਾਂ ਨੇ ਚੂਹਿਆਂ ਦੀ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਇਕ ਹਜ਼ਾਰ ਬਿੱਲੀਆਂ ਪਾਲਣ ਦਾ ਫੈਸਲਾ ਕੀਤਾ। ਬਿੱਲੀਆਂ ਮੰਗਵਾਈਆਂ ਗਈਆਂ ਅਤੇ ਉਹ ਨਗਰ ਦੇ ਲੋਕਾਂ ਨੂੰ ਵੰਡ ਦਿੱਤੀਆਂ ਗਈਆਂ। ਜਿਸ ਨੂੰ ਬਿੱਲੀ ਦਿੱਤੀ ਗਈ ਉਸ ਨੂੰ ਇਕ ਗਾਂ ਵੀ ਦਿੱਤੀ ਗਈ ਤਾਂ ਜੋ ਉਸ ਦਾ ਦੁੱਧ ਪਿਆ ਕੇ ਬਿੱਲੀਆਂ ਨੂੰ ਪਾਲਿਆ ਜਾ ਸਕੇ।

ਤੈਨਾਲੀ ਰਾਮ ਵੀ ਇਸ ਮੌਕੇ ਤੇ ਰਾਜੇ ਕੋਲ ਜਾ ਖੜਾ ਹੋਇਆ। ਉਸ ਨੂੰ ਵੀ ਇਕ ਬਿੱਲੀ ਤੇ ਇਕ ਗਾਂ ਦਿੱਤੀ ਗਈ। ਉਸ ਨੇ ਪਹਿਲੇ ਦਿਨ ਬਿੱਲੀ ਦੇ ਸਾਹਮਣੇ ਉਬਲਦੇ ਦੁੱਧ ਦਾ ਕਟੋਰਾ ਰਖਿਆ। ਬਿੱਲੀ ਵਿਚਾਰੀ ਭੁੱਖੀ ਸੀ। ਉਸ ਨੇ ਛੇਤੀ ਨਾਲ ਕਟੋਰੇ ਵਿਚ ਮੂੰਹ ਮਾਰਿਆ। ਉਸ ਦਾ ਮੂੰਹ ਐਨੀ ਬੁਰੀ ਤਰ੍ਹਾਂ ਸੜਿਆ ਕਿ ਹੁਣ ਉਸ ਦੇ ਸਾਹਮਣੇ ਠੰਢਾ ਦੁੱਧ ਰਖਿਆ ਜਾਂਦਾ ਤਾਂ ਵੀ ਉਹ ਦੌੜ ਜਾਂਦੀ। ਤੈਨਾਲੀ ਰਾਮ ਗਾਂ ਦਾ ਸਾਰਾ ਦੁੱਧ ਆਪਣੀ ਮਾਂ, ਪਤਨੀ, ਬੱਚੇ ਤੇ ਆਪਣੇ ਲਈ ਵਰਤਣ ਲੱਗਾ।

ਤਿੰਨ ਮਹੀਨੇ ਪਿਛੋਂ ਸਾਰੀਆਂ ਬਿੱਲੀਆਂ ਦੀ ਜਾਂਚ ਕੀਤੀ ਗਈ। ਗਾਂ ਦਾ ਦੁੱਧ ਪੀ ਪੀ ਕੇ ਸਾਰੀਆਂ ਬਿੱਲੀਆਂ ਮੋਟੀਆਂ ਤਾਜ਼ੀਆਂ ਹੋ ਗਈਆਂ ਸਨ ਪਰ ਤੈਨਾਲੀ ਰਾਮ ਦੀ ਬਿੱਲੀ ਸੁੱਕ ਕੇ ਤੀਲੇ ਵਰਗੀ ਹੋ ਗਈ ਸੀ ਅਤੇ ਉਹ ਬਾਕੀ ਸਾਰੀਆਂ ਬਿੱਲੀਆਂ ਤੋਂ ਵੱਖਰੀ ਹੀ ਦਿਸਦੀ ਸੀ।

ਰਾਜੇ ਨੇ ਉਸ ਨੂੰ ਗੁੱਸੇ ਨਾਲ ਪੁੱਛਿਆ, “ਤੂੰ ਇਸ ਨੂੰ ਗਾਂ ਦਾ ਦੁੱਧ ਨਹੀ ਪਿਲਾਇਆ ?"

“ਮਹਾਰਾਜ ਉਹ ਤਾਂ ਦੁੱਧ ਨੂੰ ਛੂਹਦੀ ਵੀ ਨਹੀਂ।" ਬੜੀ ਭੋਲੀ ਆਵਾਜ਼ ਵਿਚ ਤੈਨਾਲੀ ਰਾਮ ਨੇ ਕਿਹਾ।

“ਕੀ ਕਹਿੰਦਾ ਹੈਂ ? ਬਿੱਲੀ ਦੁੱਧ ਨਹੀਂ ਪੀਂਦੀ ? ਤੂੰ ਕੀ ਸਮਝਦਾ ਹੈਂ ਕਿ ਮੈਂ ਇਨ੍ਹਾਂ ਝੂਠੀਆਂ ਗੱਲਾਂ ਵਿਚ ਆ ਜਾਵਾਂਗਾ ?"

"ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ ਮਹਾਰਾਜ। ਇਹ ਬਿੱਲੀ ਦੁੱਧ ਬਿਲਕੁਲ ਨਹੀਂ ਪੈਂਦੀ।”

ਜੇ ਤੇਰੀ ਗੱਲ ਸੱਚ ਨਿਕਲੀ ਹਾਂ ਮੈਂ ਤੈਨੂੰ ਸੋਨੇ ਦੀਆਂ ਸੋ ਮੋਹਰਾਂ ਦੇਵਾਂਗਾ। ਪਰ ਜੇ ਬਿੱਲੀ ਨੇ ਦੁੱਧ ਪੀ ਲਿਆ ਤਾਂ ਤੈਨੂੰ ਸੌ ਕੋੜੇ ਮਾਰੇ ਜਾਣਗੇ। ਰਾਜੇ ਨੇ ਕਿਹਾ।

ਤੈਨਾਲੀ ਰਾਮ ਨੇ ਰਾਜੇ ਦੀ ਇਹ ਗੱਲ ਮੰਨ ਲਈ।

ਦੁੱਧ ਦਾ ਇਕ ਵੱਡਾ ਕਟੋਰਾ ਮੰਗਵਾਇਆ ਗਿਆ। ਰਾਜੇ ਨੇ ਬਿੱਲੀ ਨੂੰ ਆਪਣੇ ਹੱਥਾਂ ਵਿਚ ਫੜ ਕੇ ਕਿਹਾ, "ਪੀ ਲੈ, ਬਿੱਲੀ ਰਾਣੀ, ਦੁੱਧ ਪੀ ਲੈ।"

ਬਿੱਲੀ ਨੇ ਜਿਉਂ ਹੀ ਦੁੱਧ ਦੇਖਿਆ ਉਹ ਡਰ ਕੇ ਰਾਜੇ ਦੇ ਹੱਥੋਂ ਨਿਕਲ ਕੇ ਮਿਆਉਂ-ਮਿਆਉਂ ਕਰਦੀ ਦੌੜ ਗਈ।

"ਸੌ ਸੋਨੇ ਦੀਆਂ ਮੋਹਰਾਂ ਮੇਰੀਆਂ ਹੋ ਗਈਆਂ।" ਤੈਨਾਲੀ ਰਾਮ ਨੇ ਕਿਹਾ।

"ਉਹ ਤਾਂ ਠੀਕ ਹੈ, ਪਰ ਮੈਂ ਬਿੱਲੀ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੁੰਦਾ ਹਾਂ।" ਰਾਜੇ ਨੇ ਕਿਹਾ।

ਬਿੱਲੀ ਨੂੰ ਚੰਗੀ ਤਰ੍ਹਾਂ ਦੇਖ ਕੇ ਰਾਜੇ ਨੂੰ ਪਤਾ ਲੱਗਾ ਕਿ ਉਸ ਦੇ ਮੂੰਹ ਉਪਰ ਸੜਨ ਦਾ ਇਕ ਵੱਡਾ ਨਿਸ਼ਾਨ ਹੈ।

ਰਾਜੇ ਨੇ ਕਿਹਾ, "ਨੀਚ ਕਿਸੇ ਥਾਂ ਦਾ। ਜਾਣ ਬੁਝ ਕੇ ਇਸ ਵਿਚਾਰੀ ਬਿੱਲੀ ਨੂੰ ਗਰਮ ਦੁੱਧ ਪਿਲਾਇਆ ਤਾਂ ਜੋ ਇਹ ਹਮੇਸ਼ਾ ਲਈ ਦੁੱਧ ਤੋਂ ਡਰ ਜਾਵੇ। ਕੀ ਇਉਂ ਕਰਦਿਆਂ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ?"

"ਮਹਾਰਾਜ ਇਹ ਦੇਖਣਾ ਰਾਜੇ ਦਾ ਫਰਜ਼ ਹੈ ਕਿ ਉਸ ਦੇ ਰਾਜ ਵਿਚ ਮਨੁੱਖਾਂ ਦੇ ਬੱਚਿਆਂ ਨੂੰ ਬਿੱਲੀਆਂ ਤੋਂ ਪਹਿਲਾਂ ਦੁੱਧ ਮਿਲਣਾ ਚਾਹੀਦਾ ਹੈ।”

ਰਾਜਾ ਕ੍ਰਿਸ਼ਨਦੇਵ ਰਾਇ ਆਪਣਾ ਹਾਸਾ ਨਾ ਰੋਕ ਸਕਿਆ ਅਤੇ ਉਨ੍ਹਾਂ ਨੇ ਉਸ ਨੂੰ ਇਕ ਸੌ ਸੋਨੇ ਦੀਆਂ ਮੋਹਰਾਂ ਦੇਦਿਆਂ ਕਿਹਾ, “ਸ਼ਾਇਦ ਤੈਨੂੰ ਇਹ ਅਕਲ ਆ ਜਾਵੇ ਕਿ ਵਿਚਾਰੇ ਜਾਨਵਰਾਂ ਨਾਲ ਨੀਚਤਾ ਵਾਲਾ ਵਰਤਾਉ ਨਹੀਂ ਕਰਨਾ ਚਾਹੀਦਾ।"


Post a Comment

0 Comments