ਕੁੱਬਾ ਧੋਬੀ
Kuba Dhobi
ਤੈਨਾਲੀ ਰਾਮ ਨੇ ਕਿਤਿਉਂ ਸੁਣਿਆ ਸੀ ਕਿ ਇਕ ਨੀਚ ਆਦਮੀ ਸਾਧੁ ਦਾ ਭੇਸ ਬਣਾ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ। ਉਨ੍ਹਾਂ ਨੂੰ ਪਰਸ਼ਾਦ ਵਿਚ ਧਤੂਰਾ ਖੁਆ ਦਿੰਦਾ ਹੈ। ਇਹ ਕੰਮ ਉਹ ਉਨ੍ਹਾਂ ਦੇ ਦੁਸ਼ਮਣਾ ਦੇ ਕਹਿਣ ਤੇ ਪੈਸੇ ਦੇ ਲਾਲਚ ਵਿਚ ਆ ਕੇ ਕਰਦਾ ਸੀ। ਧਤੂਰਾ ਖਾ ਕੇ ਕੋਈ ਮਰ ਜਾਂਦਾ ਤੇ ਕੋਈ ਪਾਗਲ ਹੋ ਜਾਂਦਾ।
ਉਨ੍ਹਾਂ ਦਿਨਾਂ ਵਿਚ ਹੀ ਇਕ ਬੰਦਾ ਧਤੂਰਾ ਖਾਣ ਕਰਕੇ ਪਾਗਲਾਂ ਵਾਂਗ ਸੜਕਾਂ ਉਪਰ ਘੁੰਮਦਾ ਸੀ। ਪਰ ਧਤੂਰਾ ਖੁਆਣ ਵਾਲੇ ਬੰਦੇ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਸੀ। ਇਸ ਵਾਸਤੇ ਉਹ ਸ਼ਰੇਆਮ ਛਾਤੀ ਤਾਣ ਕੇ ਤੁਰਦਾ ਸੀ। ਤੈਨਾਲੀ ਰਾਮ ਨੇ ਸੋਚਿਆ ਕਿ ਐਸੇ ਬੰਦੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਇਕ ਦਿਨ ਜਦੋਂ ਉਹ ਨੀਚ ਬੰਦਾ ਸ਼ਹਿਰ ਦੀਆਂ ਸੜਕਾਂ ਉਪਰ ਅਵਾਰਾ ਘੁੰਮ ਰਿਹਾ ਸੀ ਤਾਂ ਤੈਨਾਲੀ ਰਾਮ ਉਸ ਕੋਲ ਗਿਆ ਅਤੇ ਉਸ ਨੂੰ ਗੱਲਾਂ ਵਿਚ ਉਲਝਾਈ ਰਖਿਆ ਅਤੇ ਉਸ ਪਾਗਲ ਕੋਲ ਲੈ ਗਿਆ ਜਿਸ ਨੂੰ ਧਤੂਰਾ ਖੁਆਇਆ ਗਿਆ ਸੀ। ਉਥੇ ਪਹੁੰਚ ਕੇ ਤੈਨਾਲੀ ਰਾਮ ਨੇ ਉਸ ਦਾ ਹੱਥ ਪਾਗਲ ਦੇ ਸਿਰ ਉਪਰ ਮਾਰਿਆ। ਉਸ ਪਾਗਲ ਨੇ ਅੱਗਾ ਦੇਖਿਆ ਨਾ ਪਿੱਛਾ, ਉਸ ਆਦਮੀ ਦੇ ਵਾਲ ਫੜ ਕੇ ਉਸ ਦਾ ਸਿਰ ਪੱਥਰ ਉਪਰ ਮਾਰਿਆ ਤੇ ਮਾਰਦਾ ਹੀ ਗਿਆ। ਪਾਗਲ ਤਾਂ ਸੀ ਹੀ ਉਸ ਨੇ ਉਸ ਨੂੰ ਐਨਾ ਮਾਰਿਆ ਕਿ ਉਹ ਪਾਖੰਡੀ ਸਾਧੂ ਮਰ ਗਿਆ।
ਮਾਮਲਾ ਰਾਜੇ ਤਕ ਪਹੁੰਚਿਆ। ਰਾਜੇ ਨੇ ਪਾਗਲ ਨੂੰ ਤਾਂ ਛੱਡ ਦਿੱਤਾ ਪਰ ਗੁੱਸੇ ਵਿੱਚ ਆ ਕੇ ਤੈਨਾਲੀ ਰਾਮ ਨੂੰ ਸਜ਼ਾ ਦਿੱਤੀ ਕਿ ਇਸ ਨੂੰ ਹਾਥੀ ਦੇ ਪੈਰਾਂ ਹੇਠਾਂ ਕੁਚਲਿਆ ਜਾਵੇ ਕਿਉਂਕਿ ਇਸ ਨੇ ਪਾਗਲ ਦੀ ਮਦਦ ਨਾਲ ਸਾਧੂ ਦੀ ਜਾਨ ਲਈ ਹੈ।
ਰਾਜੇ ਦੇ ਸਿਪਾਹੀ ਸ਼ਾਮ ਵੇਲੇ ਤੈਨਾਲੀ ਰਾਮ ਨੂੰ ਇਕ ਸੁੰਨਸਾਨ ਤੇ ਇਕਾਂਤ ਥਾਂ ਲੈ ਗਏ ਅਤੇ ਉਸ ਨੂੰ ਧੋਣ ਤਕ ਜ਼ਮੀਨ ਵਿਚ ਦਬਾ ਦਿੱਤਾ। ਇਸ ਤੋਂ ਮਗਰੋਂ ਉਹ ਹਾਥੀ ਲੈਣ ਚਲੇ ਗਏ। ਉਨ੍ਹਾਂ ਨੇ ਸੋਚਿਆ ਕਿ ਹੁਣ ਇਹ ਕਿਵੇਂ ਬਚ ਸਕਦਾ ਹੈ ?
ਕੁਝ ਦੇਰ ਮਗਰੋਂ ਉਥੋਂ ਇਕ ਕੁੱਬਾ ਧੋਬੀ ਨਿਕਲਿਆ। ਉਸ ਨੇ ਤੈਨਾਲੀ ਰਾਮ ਨੂੰ ਪੁੱਛਿਆ, 'ਕਿਉਂ ਬਈ ਇਹ ਕੀ ਤਮਾਸ਼ਾ ਹੈ? ਤੁਸੀਂ ਇਉਂ ਜ਼ਮੀਨ ਵਿਚ ਕਿਉਂ ਦੱਬੇ ਹੋਏ ਹੋ ?"
ਤੈਨਾਲੀ ਰਾਮ ਨੇ ਕਿਹਾ, "ਕਦੀ ਮੈਂ ਵੀ ਤੇਰੇ ਵਾਂਗ ਕੁੱਬਾ ਸਾਂ, ਪੂਰੇ ਦਸ ਸਾਲ ਮੈਂ ਇਸ ਤਕਲੀਫ ਕਾਰਣ ਦੁੱਖੀ ਰਿਹਾ। ਜਿਹੜਾ ਦੇਖਦਾ ਉਹੀ ਮੇਰੇ ਉਪਰ ਹੱਸਦਾ। ਇਥੋਂ ਤਕ ਕਿ ਮੇਰੀ ਪਤਨੀ ਵੀ। ਅਖੀਰ ਇਕ ਦਿਨ ਅਚਾਨਕ ਮੈਨੂੰ ਇਕ ਮਹਾਤਮਾ ਮਿਲੇ ਅਤੇ ਕਹਿਣ ਲੱਗੇ, ਇਸ ਪਵਿੱਤਰ ਥਾਂ 'ਤੇ ਪੂਰਾ ਇਕ ਦਿਨ ਅੱਖਾਂ ਬੰਦ ਕਰਕੇ ਤੇ ਬਿਨਾਂ ਬੋਲੇ ਧੋਣ ਤਕ ਦੱਬਿਆ ਖੜਾ ਰਹੇਂਗਾ ਤਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ। ਮਿੱਟੀ ਖੋਦ ਕੇ ਮੈਨੂੰ ਬਾਹਰ ਕੱਢ ਕੇ ਤਾਂ ਦੇਖੋ ਕਿ ਮੇਰਾ ਕੁੱਝ ਠੀਕ ਹੋਇਆ ਕਿ ਨਹੀਂ ?"
ਧੋਬੀ ਨੇ ਉਸ ਦੇ ਚਾਰੇ ਪਾਸਿਉਂ ਮਿੱਟੀ ਖੋਦੀ। ਜਦੋਂ ਤੈਲਾਲੀ ਰਾਮ ਬਾਹਰ ਨਿਕਲਿਆ ਤਾਂ ਧੋਬੀ ਬੜਾ ਹੈਰਾਨ ਹੋਇਆ। ਸਚਮੁੱਚ ਕੁੱਬ ਦਾ ਨਾਮੋ-ਨਿਸ਼ਾਨ ਨਹੀਂ ਸੀ। ਉਹ ਤੈਨਾਲੀ ਰਾਮ ਨੂੰ ਕਹਿਣ ਲੱਗਾ, “ਕਈ ਸਾਲ ਹੋ ਗਏ ਹਨ ਇਸ ਕੁੱਬ ਦਾ ਭਾਰ ਚੁੱਕਦਿਆਂ। ਮੈਨੂੰ ਕੀ ਪਤਾ ਸੀ ਕਿ ਇਸ ਦਾ ਇਲਾਜ ਐਨਾ ਸੌਖਾ ਹੈ ? ਮੇਰੇ ਉਪਰ ਵੀ ਕਿਰਪਾ ਕਰੋ, ਮੈਨੂੰ ਵੀ ਇਥੇ ਦਬਾ ਦਿਓ। ਮੇਰੇ ਇਹ ਕਪੜੇ ਧੋਬੀ ਮੁਹੱਲੇ ਜਾ ਕੇ ਮੇਰੀ ਪਤਨੀ ਨੂੰ ਦੇ ਦੇਣਾ ਅਤੇ ਉਸ ਨੂੰ ਕਹਿਣਾ ਕਿ ਉਹ ਸਵੇਰੇ ਮੇਰਾ ਨਾਸ਼ਤਾ ਲੈ ਆਵੇ। ਮੈਂ ਤੁਹਾਡਾ ਇਹ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ। ਅਤੇ ਮੇਰੀ ਪਤਨੀ ਨੂੰ ਇਹ ਨਾ ਦੱਸਣਾ ਕਿ ਮੇਰਾ ਕੁੱਬ ਵੀ ਸਵੇਰ ਤਕ ਠੀਕ ਹੋ ਜਾਵੇਗਾ। ਮੈਂ ਕੱਲ੍ਹ ਸਵੇਰੇ ਉਸ ਨੂੰ ਹੈਰਾਨ ਕਰਨਾ ਚਾਹੁੰਦਾ ਹਾਂ।”
"ਬਹੁਤ ਅੱਛਾ।” ਤੈਨਾਲੀ ਰਾਮ ਨੇ ਧੋਬੀ ਨੂੰ ਕਿਹਾ ਅਤੇ ਉਸ ਨੂੰ ਧੋਣ ਤਕ ਦਬਾ ਦਿੱਤਾ। ਫਿਰ ਉਸ ਦੇ ਕਪੜੇ ਚੁੱਕ ਕੇ ਬੋਲਿਆ, “ਚੰਗਾ ਮੈਂ ਚਲਦਾ ਹਾਂ। ਆਪਣੀਆਂ ਅੱਖਾਂ ਤੇ ਮੂੰਹ ਬੰਦ ਰੱਖਣਾ, ਭਾਵੇਂ ਕੁਝ ਵੀ ਹੋਵੇ, ਨਹੀਂ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ ਅਤੇ ਇਹ ਕੁੱਬ ਵਧ ਕੇ ਦੋ ਗੁਣਾ ਹੋ ਜਾਵੇਗਾ।"
“ਚਿੰਤਾ ਨਾ ਕਰੋ, ਮੈਂ ਕੁੱਬ ਕਾਰਣ ਬੜੇ ਦੁੱਖ ਝੱਲੇ ਹਨ। ਇਸ ਨੂੰ ਦੂਰ ਕਰਨ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ।" ਧੋਬੀ ਨੇ ਕਿਹਾ।
ਤੈਨਾਲੀ ਰਾਮ ਉਥੋਂ ਤੁਰ ਪਿਆ।
ਕੁਝ ਦਿਨ ਮਗਰੋਂ ਰਾਜੇ ਦੇ ਸਿਪਾਹੀ ਇਕ ਹਾਥੀ ਲੈ ਕੇ ਪਹੁੰਚੇ ਅਤੇ ਧੋਬੀ ਦਾ ਸਿਰ ਉਸ ਦੇ ਪੈਰਾਂ ਹੇਠਾਂ ਕੁਚਲਵਾ ਦਿੱਤਾ। ਸਿਪਾਹੀਆਂ ਨੂੰ ਪਤਾ ਹੀ ਨਾ ਲੱਗਾ ਕਿ ਇਹ ਕੋਈ ਹੋਰ ਬੰਦਾ ਹੈ।
ਸਿਪਾਹੀ ਤੈਨਾਲੀ ਰਾਮ ਦੀ ਮੌਤ ਦੀ ਖ਼ਬਰ ਲੈ ਕੇ ਰਾਜੇ ਕੋਲ ਪਹੁੰਚੇ। ਉਦੋਂ ਤਕ ਉਸ ਦਾ ਗੁੱਸਾ ਸ਼ਾਂਤ ਹੋ ਗਿਆ ਸੀ ਅਤੇ ਉਹ ਦੁੱਖੀ ਸਨ ਕਿਉਂਕਿ ਉਨ੍ਹਾਂ ਨੇ ਤੈਨਾਲੀ ਰਾਮ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਉਦੋਂ ਤਕ ਉਸ ਪਾਖੰਡੀ ਸਾਧੂ ਦੇ ਬਾਰੇ ਵੀ ਉਨ੍ਹਾਂ ਨੂੰ ਕਾਫੀ ਕੁਝ ਪਤਾ ਲੱਗ ਚੁੱਕਾ ਸੀ।
ਉਹ ਸੋਚ ਰਹੇ ਸਨ, ਵਿਚਾਰੇ ਤੈਨਾਲੀ ਰਾਮ ਨੂੰ ਬੇਕਾਰ ਹੀ ਆਪਣੀ ਜਾਨ ਗੁਆਉਣੀ ਪਈ। ਉਸ ਨੇ ਤਾਂ ਇਕ ਐਸੇ ਅਪਰਾਧੀ ਨੂੰ ਸਜ਼ਾ ਦਿੱਤੀ ਸੀ ਜਿਸ ਨੂੰ ਮੇਰੇ ਪੁਲਸ ਅਫਸਰ ਵੀ ਨਹੀਂ ਸਨ ਫੜ ਸਕੇ।
ਹਾਲੇ ਰਾਜਾ ਸੋਚ ਹੀ ਰਿਹਾ ਸੀ ਕਿ ਤੈਨਾਲੀ ਰਾਮ ਦਰਬਾਰ ਵਿਚ ਆ ਪਹੁੰਚਿਆ ਅਤੇ ਬੋਲਿਆ, 'ਮਹਾਰਾਜ ਦੀ ਜੈ ਹੋਵੇ ।
ਰਾਜਾ ਹੈਰਾਨੀ ਨਾਲ ਉਸ ਦੇ ਚਿਹਰੇ ਵੱਲ ਦੇਖ ਰਹੇ ਸਨ। ਰਾਜੇ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਤੇਨਾਲੀ ਰਾਮ ਨੇ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਸਾਰੀ ਕਹਾਣੀ ਕਹਿ ਸੁਣਾਈ ਅਤੇ ਰਾਜੇ ਨੇ ਉਸ ਨੂ ਮਾਫ ਕਰ ਦਿੱਤਾ।
0 Comments