ਮੁੱਲਵਾਨ ਤੋਹਫਾ
Multyawaan Tohfa
ਇਕ ਲੜਾਈ ਜਿੱਤ ਕੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਜਿੱਤ ਦਾ ਉਤਸਵ ਮਨਾਇਆ। ਜਸ਼ਨ ਦੀ ਸਮਾਪਤੀ ਹੋਈ ਤਾਂ ਰਾਜੇ ਨੇ ਕਿਹਾ, “ਲੜਾਈ ਦੀ ਜਿੱਤ ਸਿਰਫ ਮੇਰੀ ਜਿੱਤ ਨਹੀਂ ਮੇਰੇ ਸਾਰੇ ਸਾਥੀਆਂ ਤੇ ਸਹਿਕਰਮੀਆਂ ਦੀ ਵੀ ਜਿੱਤ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਮੰਤਰੀਮੰਡਲ ਦੇ ਮੈਂਬਰ ਇਸ ਮੌਕੇ ਤੇ ਇਨਾਮ ਪ੍ਰਾਪਤ ਕਰਨ। ਤੁਸੀਂ ਸਾਰੇ ਆਪੋ-ਆਪਣੀ ਪਸੰਦ ਦਾ ਇਨਾਮ ਲਵੋ। ਪਰ ਇਕ ਸ਼ਰਤ ਹੈ ਕਿ ਸਾਰਿਆਂ ਨੂੰ ਵੱਖੋ-ਵੱਖਰੇ ਇਨਾਮ ਲੈਣੇ ਪੈਣਗੇ। ਇਕ ਹੀ ਵਸਤੂ ਦਾ ਇਨਾਮ ਦੋ ਬੰਦੇ ਨਹੀਂ ਲੈ ਸਕਦੇ।
ਇਹ ਐਲਾਨ ਕਰਨ ਮਗਰੋਂ ਰਾਜੇ ਨੇ ਉਸ ਮੰਡਪ ਦਾ ਪਰਦਾ ਖਿਚਵਾ ਦਿੱਤਾ ਜਿਥੇ ਸਾਰੇ ਇਨਾਮ ਸਜਾ ਕੇ ਰੱਖੇ ਗਏ ਸਨ।
ਫਿਰ ਕੀ ਸੀ. ਸਾਰੇ ਲੋਕ ਚੰਗੇ ਤੋਂ ਚੰਗਾ ਇਨਾਮ ਪ੍ਰਾਪਤ ਕਰਨ ਦੀ ਪਹਿਲ ਕਰਨ ਲੱਗੇ। ਇਨਾਮ ਸਾਰੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਰੱਖੇ ਗਏ ਸਨ। ਅਖੀਰ ਥੋੜੀ ਧੱਕਾ-ਮੁਕੀ ਤੇ ਖੋਹਾ-ਖੋਹੀ ਮਗਰੋਂ ਸਾਰਿਆਂ ਨੂੰ ਇਕ ਇਕ ਇਨਾਮ ਮਿਲ ਗਿਆ। ਸਾਰੇ ਇਨਾਮ ਕੀਮਤੀ ਸਨ। ਆਪੋ ਆਪਣਾ ਤੋਹਫਾ ਲੈ ਕੇ ਸਾਰੇ ਖੁਸ਼ ਹੋ ਗਏ।
ਅਖੀਰ ਵਿਚ ਸਾਰਿਆਂ ਤੋਂ ਘੱਟ ਮੁੱਲ ਦਾ ਤੋਹਫਾ ਬਚਿਆ ਇਕ ਚਾਂਦੀ ਦੀ ਥਾਲੀ।
ਇਹ ਇਨਾਮ ਉਸ ਬੰਦੇ ਨੂੰ ਮਿਲਣਾ ਸੀ ਜਿਹੜਾ ਦਰਬਾਰ ਵਿਚ ਸਾਰਿਆਂ ਤੋਂ ਮਗਰੋਂ ਪਹੁੰਚੇ। ਭਾਵ ਦੇਰ ਨਾਲ ਪਹੁੰਚਣ ਦੀ ਸਜ਼ਾ।
ਸਾਰਿਆਂ ਨੇ ਜਦੋਂ ਹਿਸਾਬ ਲਗਾਇਆ ਤਾਂ ਪਤਾ ਲੱਗਾ ਕਿ ਸੀਮਾਨ ਤੈਨਾਲੀ ਰਾਮ ਹਾਲੇ ਤਕ ਨਹੀਂ ਪਹੁੰਚੇ ਸਨ।
ਇਹ ਜਾਣ ਕੇ ਸਾਰੇ ਖੁਸ਼ ਸਨ। ਸਾਰਿਆਂ ਨੇ ਸੋਚਿਆ ਕਿ ਇਸ ਬੇਤੁਕੇ, ਬੇਢੰਗੇ ਤੇ ਸਸਤੇ ਤੋਹਫੇ ਨੂੰ ਦੇਂਦਿਆਂ ਅਸੀਂ ਸਾਰੇ ਤੈਨਾਲੀ ਰਾਮ ਨੂੰ ਛੇੜਾਂਗੇ। ਬੜਾ ਮਜ਼ਾ ਆਵੇਗਾ।
ਉਸੇ ਵੇਲੇ ਅਚਾਨਕ ਤੈਨਾਲੀ ਰਾਮ ਆ ਪਹੁੰਚੇ। ਸਾਰੇ ਇਕੋ ਸੁਰ ਵਿਚ ਬੋਲ ਪਏ -"ਆਵੇ ਤੈਨਾਲੀ ਰਾਮ ਜੀ, ਤੁਹਾਡਾ ਅਨੋਖਾ ਤੋਹਫਾ ਤੁਹਾਡੀ ਉਡੀਕ ਕਰ ਰਿਹਾ ਹੈ।
ਤੈਨਾਲੀ ਰਾਮ ਨੇ ਸਾਰੇ ਦਰਬਾਰੀਆਂ ਉਪਰ ਇਕ ਨਜ਼ਰ ਮਾਰੀ। ਸਾਰਿਆਂ ਦੇ ਹੱਥਾਂ ਵਿਚ ਆਪੋ-ਆਪਣੇ ਇਨਾਮ ਸਨ। ਕਿਸੇ ਦੇ ਗਲੇ ਵਿਚ ਸੋਨੇ ਦੀ ਮਾਲਾ ਸੀ ਤਾਂ ਕਿਸੇ ਦੇ ਹੱਥਾਂ ਵਿਚ ਸੋਨੇ ਦਾ ਭਾਲਾ, ਕਿਸੇ ਦੇ ਸਿਰ ਉਪਰ ਸੋਨੇ ਦੀ ਕਢਾਈ ਵਾਲੀ ਪਗੜੀ ਸੀ ਤੇ ਕਿਸੇ ਦੇ ਹੱਥ ਵਿਚ ਹੀਰੇ ਦੀ ਅੰਗੁਠੀ।
ਤੈਨਾਲੀ ਰਾਮ ਇਹ ਸਾਰੀਆਂ ਚੀਜਾਂ ਦੇਖ ਕੇ ਅਸਲੀ ਗੱਲ ਸਮਝ ਗਿਆ। ਉਸ ਨੇ ਚੁੱਪਚਾਪ ਚਾਂਦੀ ਦੀ ਥਾਲੀ ਚੁੱਕ ਲਈ। ਤੈਨਾਲੀ ਰਾਮ ਨੇ ਚਾਂਦੀ ਦੀ ਉਸ ਥਾਲੀ ਨੂੰ ਮੱਥੇ ਉਪਰ ਲਗਾਇਆ ਅਤੇ ਉਸ ਨੂੰ ਦੁਪੱਟੇ ਨਾਲ ਢੱਕ ਦਿੱਤਾ ਜਿਵੇਂ ਕਿ ਉਸ ਥਾਲੀ ਵਿਚ ਕੁਝ ਪਿਆ ਹੋਵੇ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਦੁਪੱਟੇ ਨਾਲ ਢੱਕਦਿਆਂ ਤੈਨਾਲੀ ਰਾਮ ਨੂੰ ਦੇਖਿਆ ਤਾਂ ਬੋਲੇ, "ਤੈਨਾਲੀ ਰਾਮ, ਥਾਲੀ ਨੂੰ ਇਸ ਤਰ੍ਹਾਂ ਦੁਪੱਟੇ ਨਾਲ ਕਿਉਂ ਢੱਕ ਰਹੇ ਹੋ ?
"ਕੀ ਕਰਾਂ ਮਹਾਰਾਜ ਹੁਣ ਤਕ ਤਾਂ ਮੈਨੂੰ ਤੁਹਾਡੇ ਦਰਬਾਰ ਵਿਚੋਂ ਹਮੇਸ਼ਾ ਅਸ਼ਰਫ਼ੀਆਂ ਦੇ ਭਰੇ ਥਾਲ ਮਿਲਦੇ ਰਹੇ ਹਨ। ਇਹ ਪਹਿਲਾ ਮੌਕਾ ਹੈ ਕਿ ਮੈਨੂੰ ਚਾਂਦੀ ਦੀ ਥਾਲੀ ਮਿਲੀ ਹੈ। ਮੈਂ ਇਸ ਥਾਲੀ ਨੂੰ ਇਸ ਲਈ ਢੱਕ ਰਿਹਾ ਹਾਂ ਕਿ ਤੁਹਾਡੀ ਇਜ਼ਤ ਬਣੀ ਰਹੇ। ਸਾਰੇ ਇਹੀ ਸਮਝਣ ਕਿ ਇਸ ਵਾਰੀ ਵੀ ਮਹਾਰਾਜ ਨੇ ਮੈਨੂੰ ਅਸ਼ਰਫੀਆਂ ਨਾਲ ਭਰੀ ਥਾਲੀ ਦਾ ਤੋਹਫਾ ਦਿੱਤਾ ਹੈ।
ਤੈਨਾਲੀ ਰਾਮ ਦੀਆਂ ਚਲਾਕੀਆਂ ਭਰੀਆਂ ਗੱਲਾਂ ਤੋਂ ਖੁਸ਼ ਹੋ ਕੇ ਰਾਜਾ ਕ੍ਰਿਸ਼ਨਦੇਵ ਰਾਇ ਨੇ ਗਲੇ ਤੋਂ ਆਪਣਾ ਕੀਮਤੀ ਰਤਨਾਂ ਨਾਲ ਜੁੜਿਆ ਹਾਰ ਉਤਾਰ ਕੇ ਕਿਹਾ, "ਤੈਨਾਲੀ ਰਾਮ ਤੇਰੀ ਥਾਲੀ ਅੱਜ ਵੀ ਖਾਲੀ ਨਹੀਂ ਰਹੇਗੀ... ਅੱਜ ਉਸ ਵਿਚ ਸਾਰਿਆਂ ਤੋਂ ਕੀਮਤੀ ਤੋਹਫਾ ਹੋਵੇਗਾ... ਥਾਲੀ ਅੱਗੇ ਵਧਾਓ, ਤੈਨਾਲੀ ਰਾਮ।
ਤੈਨਾਲੀ ਰਾਮ ਨੇ ਥਾਲੀ ਰਾਜਾ ਕਿਸ਼ਨਦੇਵ ਰਾਇ ਦੇ ਸਾਹਮਣੇ ਕਰ ਦਿੱਤੀ। ਰਾਜੇ ਨੇ ਉਸ ਵਿਚ ਕੀਮਤੀ ਹਾਰ ਪਾਇਆ।
ਤੈਨਾਲੀ ਰਾਮ ਦੀ ਅਕਲਮੰਦੀ ਦਾ ਸਾਰੇ ਲੋਹਾ ਮੰਨ ਗਏ। ਥੋੜੀ ਦੇਰ ਪਹਿਲਾਂ ਜਿਹੜੇ ਦਰਬਾਰੀ ਉਸ ਦਾ ਮਜ਼ਾਕ ਉਡਾ ਰਹੇ ਸਨ...ਉਹ ਭਿੱਜੀ ਖਿੱਲੀ ਬਣੇ ਇਕ ਦੂਜੇ ਦਾ ਮੂੰਹ ਦੇਖਣ ਲੱਗੇ ਕਿਉਂਕਿ ਸਾਰਿਆਂ ਤੋਂ ਕੀਮਤੀ ਤੋਹਫਾ ਤਾਂ ਤੈਨਾਲੀ ਰਾਮ ਨੂੰ ਹੀ ਮਿਲਿਆ ਸੀ।
0 Comments