ਮਰੀਅਲ ਘੋੜਾ
Mariyal Ghoda
ਇਕ ਦਿਨ ਰਾਜਾ ਤੇ ਤੈਨਾਲੀ ਰਾਮ ਆਪੋ ਆਪਣੇ ਘੋੜੇ ਉਪਰ ਸਵਾਰ ਹੋ ਕੇ ਸੈਰ ਲਈ ਨਿਕਲੇ। ਰਾਜੇ ਦਾ ਘੋੜਾ ਅਰਬੀ ਨਸਲ ਦਾ ਸੀ। ਹਜ਼ਾਰਾਂ ਸੋਨੇ ਦੀਆਂ ਮੋਹਰਾਂ ਉਸ ਦਾ ਮੁੱਲ ਸੀ।
ਤੈਨਾਲੀ ਰਾਮ ਦਾ ਘੋੜਾ ਬਿਲਕੁਲ ਮਰੀਅਲ ਜਿਹਾ ਸੀ। ਢਿੱਲੜ ਜਿਹੀ ਤੋਰ ਤੁਰਦਾ ਜਾ ਰਿਹਾ ਸੀ। ਜੇ ਤੈਨਾਲੀ ਰਾਮ ਆਪਣਾ ਘੋੜਾ ਵੇਚਣਾ ਚਾਹੁੰਦਾ ਤਾਂ 50 ਸੋਨੇ ਦੀਆਂ ਮੋਹਰਾਂ ਵੀ ਨਾ ਮਿਲਦੀਆਂ।
ਰਾਜੇ ਨੇ ਕਿਹਾ, “ਕਿਹੋ ਜਿਹਾ ਮਰੀਅਲ ਘੋੜਾ ਹੈ ਤੇਰਾ, ਜਿਹੜੇ ਕਮਾਲ ਮੈਂ ਆਪਣੇ ਘੋੜੇ ਨਾਲ ਦਿਖਾ ਸਕਦਾ ਹਾਂ, ਤੂੰ ਆਪਣੇ ਘੋੜੇ ਨਾਲ ਵੀ ਕਰ ਸਕਦਾ ਹੈਂ ?"
ਤੈਨਾਲੀ ਰਾਮ ਨੇ ਜਵਾਬ ਦਿੱਤਾ, ਜੋ ਮੈਂ ਆਪਣੇ ਘੋੜੇ ਨਾਲ ਕਰ ਸਕਦਾ ਹਾਂ ਮਹਾਰਾਜ, ਉਹ ਤੁਸੀਂ ਆਪਣੇ ਘੋੜੇ ਨਾਲ ਕਦੀ ਵੀ ਨਹੀਂ ਕਰ ਸਕਦੇ।
"ਲੱਗ ਗਈ ਸੌ-ਸੌ ਮੋਹਰਾਂ ਦੀ ਸ਼ਰਤ।" ਰਾਜੇ ਨੇ ਕਿਹਾ। "ਲੱਗ ਗਈ। ਤੈਨਾਲੀ ਰਾਮ ਨੇ ਕਿਹਾ।
ਉਸ ਦੇਵੇਂ ਤੁੰਗਗਭਦਰਾ ਨਦੀ ਉਪਰ ਬਣੇ ਨਵੇਂ ਪੁਲ ਉਪਰੋਂ ਲੰਘ ਰਹੇ ਸਨ। ਨਦੀ ਵਿਚ ਹੜ੍ਹ ਆਇਆ ਸੀ। ਪਾਣੀ ਬੜਾ ਡੂੰਘਾ ਤੇ ਤੇਜ਼ ਸੀ ਅਤੇ ਉਸ ਵਿਚ ਕਈ ਥਾਈਂ ਘੁੰਮਣ-ਘੇਰ ਦਿਸ ਰਹੇ ਸਨ।
ਤੈਨਾਲੀ ਰਾਮ ਇਕਦਮ ਆਪਣੇ ਘੋੜੇ ਤੋਂ ਉਤਰਿਆ ਅਤੇ ਉਸ ਨੇ ਆਪਣੇ ਘੋੜੇ ਨੂੰ ਪੁਲ ਹੇਠਾਂ ਤੇਜ਼ ਵਹਿੰਦੇ ਪਾਣੀ ਵਿਚ ਧੱਕਾ ਮਾਰਿਆ।
"ਹੁਣ ਤੁਸੀਂ ਵੀ ਆਪਣੇ ਘੋੜੇ ਨਾਲ ਇਸੇ ਤਰ੍ਹਾਂ ਹੀ ਕਰਕੇ ਦਿਖਾਓ।" ਤੇਨਾਲੀ ਰਾਮ ਨੇ ਕਿਹਾ।
ਆਪਣੇ ਕੀਮਤੀ ਤੇ ਵਧੀਆ ਘੋੜੇ ਨੂੰ ਰਾਜਾ ਕਿਵੇਂ ਨਦੀ ਵਿਚ ਧੱਕਾ ਦਿੰਦਾ ?
"ਨਾ ਬਾਬਾ ਨਾ, ਮੰਨ ਗਿਆ ਕਿ ਮੈਂ ਆਪਣੇ ਘੋੜੇ ਨਾਲ ਇਹ ਕਰਾਮਾਤ ਨਹੀਂ ਦਿਖਾ ਸਕਦਾ ਜਿਹੜੀ ਤੂੰ ਦਿਖਾ ਸਕਦਾ ਹੈ? ਰਾਜੇ ਨੇ ਇਹ ਕਹਿ ਕੇ ਤੈਨਾਲੀ ਰਾਮ ਨੂੰ ਸੋਨੇ ਦੀਆਂ ਸੌ ਮੋਹਰਾਂ ਦੇ ਦਿੱਤੀਆਂ।
"ਪਰ ਤੈਨੂੰ ਇਹ ਅਜੀਬ ਗੱਲ ਸੁਝੀ ਕਿਵੇਂ?" ਰਾਜੇ ਨੇ ਪੁੱਛਿਆ।
"ਮਹਾਰਾਜ ਮੈਂ ਇਕ ਕਿਤਾਬ ਵਿਚ ਇਕ ਵਾਰੀ ਪੜਿਆ ਸੀ ਕਿ ਬੇਕਾਰ ਤੇ ਨਿਕੰਮੇ ਦੋਸਤ ਦਾ ਫਾਇਦਾ ਇਹੀ ਹੁੰਦਾ ਹੈ ਕਿ ਜਦੋਂ ਉਹ ਨਾ ਵੀ ਰਹੇ ਤਾਂ ਵੀ ਦੁੱਖ ਨਹੀਂ ਹੁੰਦਾ।” ਤੈਨਾਲੀ ਰਾਮ ਨੇ ਕਿਹਾ।
ਰਾਜਾ ਠਹਾਕਾ ਮਾਰ ਕੇ ਹੱਸਿਆ।
0 Comments