ਅਨੋਖਾ ਮਸਖਰਾ
Anokha Maskhra
ਇਕ ਦਿਨ ਤੈਨਾਲੀ ਰਾਮ ਨੂੰ ਇਕ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ। ਉਸ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਸੀ।
ਤੈਨਾਲੀ ਰਾਮ ਆਪਣੇ ਆਖਰੀ ਵੇਲੇ ਆਪਣੇ ਦੋਸਤ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਮਿਲਣਾ ਚਾਹੁੰਦਾ ਸੀ। ਉਸ ਨੇ ਇਕ ਬੰਦੇ ਨੂੰ ਰਾਜੇ ਕੋਲ ਭੇਜਿਆ।
ਉਸ ਬੰਦੇ ਨੇ ਰਾਜੇ ਨੂੰ ਜਾ ਕੇ ਕਿਹਾ, "ਮਹਾਰਾਜ, ਤੈਨਾਲੀ ਰਾਮ ਜੀ ਆਪਣੀ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਣ ਰਹੇ ਹਨ। ਤੁਹਾਨੂੰ ਇਸੇ ਵੇਲੇ ਮਿਲਣਾ ਚਾਹੁੰਦੇ ਹਨ।
ਰਾਜਾ ਹੱਸ ਪਿਆ ਤੇ ਕਹਿਣ ਲੱਗਾ, "ਐਨੀ ਛੇਤੀ ਫਿਰ ਮਰਨ ਦਾ ਸੁਆਂਗ ਕਰ ਰਿਹਾ ਹੈ ਉਹ ! ਮੈਨੂੰ ਕੱਲ੍ਹ ਹੀ ਮੇਰੇ ਰਾਜਪਾਲਾਂ ਨੇ ਕਰ ਦੇ ਰੂਪ ਵਿਚ ਬੜਾ ਪੈਸਾ ਭੇਜਿਆ ਹੈ। ਮੈਨੂੰ ਤੈਨਾਲੀ ਰਾਮ ਦੇ ਪੈਸਿਆਂ ਦੀ ਲੋੜ ਨਹੀਂ। ਉਸ ਨੂੰ ਕਹੇ ਮਖੋਲ ਨਾ ਕਰੇ।
"ਪਰ ਮਹਾਰਾਜ ਇਸ ਵੇਲੇ ਇਹ ਖ਼ਬਰ ਬਿਲਕੁਲ ਸੱਚ ਹੈ। ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਹੈ। ਉਸ ਬੰਦੇ ਨੇ ਕਿਹਾ।
ਤਾਂ ਇਸ ਵਾਰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਹੈ। ਉਸ ਨੂੰ ਪਤਾ ਸੀ ਕਿ ਇਸ ਵਾਰੀ ਰਹੱਸਮਈ ਬਿਮਾਰੀ ਦਾ ਬਹਾਨਾ ਨਹੀਂ ਚਲੇਗਾ। ਬੜਾ ਚਲਾਕ ਹੈ ਤੈਨਾਲੀ ਰਾਮ।" ਰਾਜੇ ਦੇ ਹੱਸਦਿਆਂ ਕਿਹਾ।
ਉਸ ਬੰਦੇ ਨੇ ਵਾਪਸ ਜਾ ਕੇ ਤੈਨਾਲੀ ਰਾਮ ਨੂੰ ਸਾਰੀ ਗੱਲ ਸੁਣਾਈ।
"ਕਿਸਮਤ ਦਾ ਕਿਹੋ ਜਿਹਾ ਵਿਅੰਗ ਹੈ?" ਤੈਨਾਲੀ ਰਾਮ ਨੇ ਕਿਹਾ, "ਝੂਠਾ ਬੰਦਾ ਜਦੋਂ ਸੱਚ ਬੋਲਦਾ ਹੈ ਤਾਂ ਉਸ ਉਪਰ ਕੋਈ ਵਿਸ਼ਵਾਸ ਨਹੀਂ ਕਰਦਾ। ਮੈਂ ਜਾਣਦਾ ਹਾਂ ਕਿ ਜਦੋਂ ਰਾਜੇ ਨੂੰ ਮੇਰੀ ਮੌਤ ਦੀ ਖ਼ਬਰ ਮਿਲੇਗੀ ਤਾਂ ਉਹ ਬੜਾ ਦੁੱਖੀ ਹੋਵੇਗਾ। ਜਿਸ ਨੂੰ ਆਸਰਾ ਦੇਣ ਵਾਲਾ ਇਹੋ ਜਿਹਾ ਰਾਜਾ ਮਿਲੇ ਉਹ ਸਚਮੁੱਚ ਬੜੀ ਕਿਸਮਤ ਵਾਲਾ ਹੁੰਦਾ ਹੈ।
ਕੁਝ ਦੇਰ ਮਗਰੋਂ ਤੈਨਾਲੀ ਰਾਮ ਮਰ ਗਿਆ। ਮਰਨ ਵੇਲੇ ਉਸ ਦੇ ਚਿਹਰੇ ਉਪਰ ਮੁਸਕਰਾਹਟ ਸੀ। ਸ਼ਾਇਦ ਕੋਈ ਹਾਸੇ ਦੀ ਗੱਲ ਸੁੱਝੀ ਸੀ।
ਇਧਰ ਰਾਜੇ ਨੂੰ ਵੀ ਸਕ ਹੋਇਆ ਕਿ ਤੈਨਾਲੀ ਰਾਮ ਦੇ ਮਰਨ ਦੀ ਗੱਲ ਕਿਧਰੇ ਸੱਚ ਹੀ ਨਾ ਹੋਵੇ। ਉਹ ਤੈਨਾਲੀ ਰਾਮ ਦੇ ਘਰ ਵਲ ਤੁਰ ਪਿਆ ਅਤੇ ਉਸ ਦੇ ਮਰਨ ਤੋਂ ਕੁਝ ਪਲ ਮਗਰੋਂ ਹੀ ਉਥੇ ਜਾ ਪਹੁੰਚਿਆ।
ਕੀ ਇਹ ਸਚਮੁੱਚ ਮਰ ਗਿਆ ਹੈ ? ਨਹੀ-ਨਹੀਂ, ਇਹ ਤਾਂ ਨਾਟਕ ਕਰ ਰਿਹਾ ਹੈ। ਦੇਖੋ ਇਸ ਦੇ ਚਿਹਰੇ ਉਪਰ ਮੁਸਕਰਾਹਟ ਹੈ।” ਰਾਜੇ ਨੇ ਕਿਹਾ।
ਫਿਰ ਉਸ ਨੂੰ ਝੰਜੋੜਦਿਆਂ ਰਾਜਾ ਰੋ ਪਿਆ, "ਉਠ ਆਪਣੇ ਦੋਸਤ ਨਾਲ ਗੱਲਾਂ ਕਰ। ਤੂੰ ਮਰਿਆ ਨਹੀਂ। ਇਹੋ ਜਿਹਾ ਜ਼ਿੰਦਾ ਦਿਲ ਬੰਦਾ ਕਿਵੇਂ ਮਰ ਸਕਦਾ ਹੈ ? ਤੂੰ ਜ਼ਿੰਦਗੀ ਭਰ ਮੈਨੂੰ ਹਾਸੇ ਤੇ ਖੁਸ਼ੀ ਦੇ ਅਨਮੋਲ ਪਲ ਦਿੱਤੇ ਹਨ। ਹੁਣ ਤੇਰੇ ਮਗਰੋਂ ਉਹ ਸਾਰਾ ਕੁਝ ਕੌਣ ਕਰੇਗਾ ? ਉਹ ਸ਼ਰਾਰਤਾਂ ਤੇ ਉਹ ਚੁਟਕਲੇ ! ਉਠੇ, ਤੈਨਾਲੀ ਰਾਮ ਉਠੋ।" ਰਾਜੇ ਦਾ ਚਿਹਰਾ ਹੰਝੂਆਂ ਨਾਲ ਭਿੱਜਾ ਹੋਇਆ ਸੀ। ਸਾਰਿਆਂ ਨੇ ਰਾਜੇ ਨੂੰ ਹੌਂਸਲਾ ਦਿੱਤਾ। ਰਾਜੇ ਨੇ ਹੁਕਮ ਦਿੱਤਾ ਕਿ ਤੈਨਾਲੀ ਰਾਮ ਦਾ ਸੰਸਕਾਰ ਚੰਦਨ ਦੀ ਚਿਤਾ ਉਪਰ ਕੀਤਾ ਜਾਵੇ।
ਸੰਸਕਾਰ ਵੇਲੇ ਜਦੋਂ ਤੈਨਾਲੀ ਰਾਮ ਦੀ ਚਿਤਾ ਚੋਂ ਖੁਸ਼ਬੂ ਦੀਆਂ ਲਪਟਾਂ ਉਠੀਆਂ ਤਾਂ ਰਾਜੇ ਨੇ ਭਰੇ ਗਲੇ ਨਾਲ ਕਿਹਾ, ਕਿਹੋ ਜਿਹਾ ਅਨੋਖਾ ਮਸਖਰਾ ਸੀ। ਇਹੋ ਜਿਹਾ ਹੁਣ ਹੋਰ ਕੌਣ ਹੋਵੇਗਾ ?
0 Comments