Punjabi Moral Story “Mahamurakh”, "ਮਹਾਮੂਰਖ" Tenali Rama Story for Students of Class 5, 6, 7, 8, 9, 10 in Punjabi Language.

ਮਹਾਮੂਰਖ 
Mahamurakh



ਰਾਜਾ ਕ੍ਰਿਸ਼ਨਦੇਵ ਰਾਇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਸਨ। ਹੋਲੀ ਦੇ ਦਿਨ ਮਨੋਰੰਜਨ ਨਾਲ ਭਰਪੂਰ ਕਈ ਸਮਾਗਮ ਵਿਜੈਨਗਰ ਵਿਚ ਹੁੰਦੇ ਸਨ। ਹਰ ਸਮਾਗਮ ਦੇ ਸਫਲ ਕਲਾਕਾਰ ਨੂੰ ਇਨਾਮ ਦੇਣ ਦਾ ਪ੍ਰਬੰਧ ਵੀ ਹੁੰਦਾ ਸੀ। ਸਭ ਤੋਂ ਵੱਡਾ ਤੇ ਸਭ ਤੋਂ ਮੁੱਲਵਾਨ ਇਨਾਮ ਮਹਾਮੂਰਖ ਦੀ ਪਦਵੀ ਪ੍ਰਾਪਤੀ ਕਰਨ ਵਾਲੇ ਨੂੰ ਦਿੱਤਾ ਜਾਂਦਾ ਸੀ। ਤੈਨਾਲੀ ਰਾਮ ਨੂੰ ਹਰ ਸਾਲ ਸਭ ਤੋਂ ਚੰਗੇ ਹਸਾਉਣ-ਕਲਾਕਾਰ ਦਾ ਇਨਾਮ ਤਾਂ ਮਿਲਦਾ ਹੀ ਸੀ, ਆਪਣੀ ਚਲਾਕੀ ਤੇ ਅਕਲਮੰਦੀ ਦੇ ਜੋਰ ਨਾਲ ਹਰ ਸਾਲ ਮਹਾਮੂਰਖ ਵੀ ਉਹੀ ਚੁਣਿਆ ਜਾਂਦਾ ਸੀ।

ਇਉਂ ਤੈਨਾਲੀ ਰਾਮ ਹਰ ਸਾਲ ਦੋ-ਦੋ ਇਨਾਮ ਇਕੱਲਾ ਹੀ ਲੈ ਜਾਂਦਾ ਸੀ।

ਇਸੇ ਕਾਰਣ ਕਈ ਹੋਰ ਦਰਬਾਰੀਆਂ ਨੂੰ ਹਰ ਸਾਲ ਈਰਖਾ ਦੀ ਅੱਗ ਵਿਚ ਸੜਨਾ ਪੈਂਦਾ ਸੀ।

ਇਸ ਸਾਲ ਹੋਰ ਦਰਬਾਰੀਆਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਇਸ ਵਾਰ ਹੋਲੀ ਦੇ ਤਿਉਹਾਰ 'ਤੇ ਤੈਨਾਲੀ ਰਾਮ ਦਾ ਪੱਤਾ ਸਾਫ਼ ਕਰ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ ਇਕ ਢੰਗ ਵੀ ਲੱਭ ਲਿਆ ਸੀ।

ਤੈਨਾਲੀ ਰਾਮ ਦੇ ਮੁੱਖ ਸੇਵਕ ਨੂੰ ਸਿਖਾ ਕੇ ਉਸ ਰਾਹੀਂ ਤੈਨਾਲੀ ਰਾਮ ਨੂੰ ਬਹੁਤ ਭੰਗ ਪਿਲਾਈ ਗਈ। ਹੋਲੀ ਦੇ ਦਿਨ ਇਸੇ ਕਾਰਣ ਤੈਨਾਲੀ ਰਾਮ ਨਸ਼ੇ ਦੀ ਹਾਲਤ ਵਿਚ ਘਰ ਹੀ ਪਿਆ ਰਿਹਾ।

ਦੁਪਹਿਰ ਤੋਂ ਮਗਰੋਂ ਜਦੋਂ ਤੈਨਾਲੀ ਰਾਮ ਦੀ ਅੱਖ ਖੁੱਲੀ ਤਾਂ ਉਹ ਘਬਰਾ ਗਿਆ ਅਤੇ ਇਸੇ ਘਬਰਾਹਟ ਵਿਚ ਦੌੜਦਾ ਦੌੜਦਾ ਦਰਬਾਰ ਵਿਚ ਪਹੁੰਚ ਗਿਆ।

ਜਦੋਂ ਉਹ ਦਰਬਾਰ ਵਿਚ ਪਹੁੰਚਿਆ ਤਾਂ ਉਦੋਂ ਤਕ ਤਿਉਹਾਰ ਵਿਚ ਅੱਧੇ ਤੋਂ ਵੱਧ ਪ੍ਰੋਗਰਾਮ ਪੂਰੇ ਹੋ ਗਏ ਸਨ।

ਰਾਜਾ ਕ੍ਰਿਸ਼ਨਦੇਵ ਰਾਇ ਉਸ ਨੂੰ ਦੇਖਦਿਆਂ ਹੀ ਝਾੜਦਿਆਂ ਬੋਲਿਆ-'ਮੁਰਖ ਤੈਨਾਲੀ ਰਾਮ ਜੀ, ਅੱਜ ਦੇ ਦਿਨ ਵੀ ਭੰਗ ਪੀ ਕੇ ਸੁੱਤੇ ਰਹੇ ?"

ਰਾਜੇ ਨੇ ਤੈਨਾਲੀ ਰਾਮ ਨੂੰ ਮੂਰਖ ਕਿਹਾ ਤਾਂ ਸਾਰੇ ਦਰਬਾਰੀ ਹੱਸ ਪਏ। ਉਨ੍ਹਾਂ ਨੇ ਰਾਜੇ ਦੀ ਹਾਂ ਵਿਚ ਹਾਂ ਮਿਲਾਈ ਤੇ ਬੋਲੇ- ਤੁਸੀਂ ਬਿਲਕੁਲ ਸੱਚ ਹੀ ਕਿਹਾ ਹੈ ਮਹਾਰਾਜ। ਤੈਨਾਲੀ ਰਾਮ ਮੂਰਖ ਹੀ ਨਹੀਂ ਸਗੋਂ ਮਹਾਮੂਰਖ ਹੈ।"

ਜਦੋਂ ਤੈਨਾਲੀ ਰਾਮ ਨੇ ਸਾਰਿਆਂ ਦੇ ਮੂੰਹੋਂ ਇਹ ਸੁਣਿਆ ਤਾਂ ਮੁਸਕਰਾਉਂਦਿਆਂ ਮਹਾਰਾਜ ਨੂੰ ਕਿਹਾ, "ਧੰਨਵਾਦ ਮਹਾਰਾਜ, ਤੁਸੀਂ ਆਪਣੇ ਮੂੰਹੋਂ ਮੈਨੂੰ ਮਹਾਮੂਰਖ ਕਹਿ ਕੇ ਅੱਜ ਦੇ ਦਿਨ ਦਾ ਸਭ ਤੋਂ ਵੱਡਾ ਇਨਾਮ ਤਾਂ ਮੇਰੀ ਝੋਲੀ ਵਿਚ ਪਾ ਹੀ ਦਿੱਤਾ ਹੈ।

ਤੈਨਾਲੀ ਰਾਮ ਦੇ ਮੂੰਹੋਂ ਇਹ ਸੁਣਦਿਆਂ ਹੀ ਦਰਬਾਰੀਆਂ ਨੂੰ ਆਪਣੀ ਭੁੱਲ ਦਾ ਪਤਾ ਲੱਗਾ। ਪਰ ਉਹ ਹੁਣ ਕੀ ਕਰ ਸਕਦੇ ਸਨ ? ਕਿਉਂਕਿ ਉਹ ਆਪਣੇ ਹੀ ਮੰਹੋਂ ਤੈਨਾਲੀ ਰਾਮ ਨੂੰ ਮਹਾਮੂਰਖ ਕਹਿ ਚੁੱਕੇ ਸਨ।

ਹੋਲੀ ਦੇ ਮੌਕੇ ਤੇ ਮਹਾਮੂਰਖ ਦੀ ਪਦਵੀ ਹਰ ਸਾਲ ਵਾਂਗ ਇਸ ਵਾਰ ਫਿਰ ਤੈਨਾਲੀ ਰਾਮ ਹੀ ਲੈ ਗਿਆ।


Post a Comment

0 Comments