ਲਾਲ ਮੋਰ
Lal Mor
ਵਿਜੈਨਗਰ ਦੇ ਰਾਜੇ ਕ੍ਰਿਸ਼ਨਦੇਵ ਰਾਇ ਨੂੰ ਅਨੋਖੀਆਂ ਤੇ ਵਿਲੱਖਣ ਚੀਜ਼ਾਂ ਇਕੱਠੀਆਂ ਕਰਨ ਦਾ ਚਾਅ ਸੀ।
ਹਰ ਦਰਬਾਰੀ ਉਨ੍ਹਾਂ ਨੂੰ ਖੁਸ਼ ਰੱਖਣ ਵਾਸਤੇ ਐਸੀਆਂ ਦੁਰਲੱਭ ਵਸਤਾਂ ਭਾਲਦਾ ਰਹਿੰਦਾ ਸੀ ਤਾਂ ਜੋ ਉਹ ਵਸਤੂ ਮਹਾਰਾਜ ਨੂੰ ਦੇ ਕੇ ਉਸ ਦਾ ਸੁਭਚਿੰਤਕ ਬਣ ਜਾਵੇ ਅਤੇ ਕੁਝ ਰੁਪਏ ਵੀ ਵਸੂਲ ਸਕੇ।
ਇਕ ਵਾਰੀ ਇਕ ਦਰਬਾਰੀ ਨੇ ਅਨੋਖੀ ਚਾਲ ਚਲੀ। ਉਸ ਨੇ ਇਕ ਮੋਰ ਨੂੰ ਇਕ ਰੰਗਾਂ ਦੇ ਮਾਹਿਰ ਤੋਂ ਲਾਲ ਰੰਗ ਕਰਵਾ ਲਿਆ ਅਤੇ ਉਸ ਮੋਰ ਨੂੰ ਰਾਜੇ ਦੇ ਦਰਬਾਰ ਵਿਚ ਲੈ ਗਿਆ ਤੇ ਰਾਜਾ ਨੂੰ ਕਹਿਣ ਲੱਗਾ, “ਮਹਾਰਾਜ ! ਮੈਂ ਮੱਧ ਪ੍ਰਦੇਸ਼ ਦੇ ਸੰਘਣੇ ਜੰਗਲਾਂ ਵਿਚੋਂ ਤੁਹਾਡੇ ਲਈ ਇਕ ਦੁਰਲੱਭ ਮੋਰ ਮੰਗਵਾਇਆ ਹੈ।”
ਰਾਜਾ ਕ੍ਰਿਸ਼ਨਦੇਵ ਰਾਇ ਨੇ ਉਸ ਮੋਰ ਵੱਲ ਧਿਆਨ ਨਾਲ ਦੇਖਿਆ। ਉਸ ਨੂੰ ਬੜੀ ਹੈਰਾਨੀ ਹੋ ਰਹੀ ਸੀ... "ਲਾਲ ਮੋਰ...ਸਚਮੁੱਚ ਹੀ ਤੁਸੀਂ ਸਾਡੇ ਵਾਸਤੇ ਅਨੋਖੀ ਚੀਜ਼ ਮੰਗਵਾਈ ਹੈ। ਅਸੀਂ ਇਸ ਨੂੰ ਕੌਮੀ ਬਗੀਚੇ ਵਿਚ ਸਖਤ ਨਿਗਰਾਨੀ ਹੇਠ ਰੱਖਾਂਗੇ। ਚੰਗਾ...ਇਹ ਦੱਸੋ ਕਿ ਇਸ ਮੋਰ ਨੂੰ ਮੰਗਵਾਉਣ ਲਈ ਤੁਹਾਨੂੰ ਕਿੰਨੇ ਰੁਪਏ ਖਰਚ ਕਰਨੇ ਪਏ ?"
ਦਰਬਾਰੀ ਆਪਣੀ ਪ੍ਰਸੰਸਾ ਸੁਣ ਕੇ ਖੁਸ਼ ਹੋ ਗਿਆ। ਬੜੀ ਨਿਮਰਤਾ ਨਾਲ ਉਹ ਰਾਜੇ ਨੂੰ ਕਹਿਣ ਲੱਗਾ, “ਮਹਾਰਾਜ ਤੁਹਾਡੇ ਲਈ ਇਹ ਅਨੋਖੀ ਵਸਤੁ ਮੰਗਵਾਉਣ ਲਈ ਮੈਂ ਆਪਣੇ ਦੇ ਸੇਵਕਾਂ ਨੂੰ ਸਾਰੇ ਦੇਸ਼ ਦਾ ਸਫ਼ਰ ਕਰਨ ਲਈ ਭੇਜਿਆ ਸੀ ਤਾਂ ਕਿਤੇ ਜਾ ਕੇ ਮੱਧ ਪ੍ਰਦੇਸ਼ ਦੇ ਜੰਗਲਾਂ ਵਿਚੋਂ ਇਹ ਅਨੋਖਾ ਲਾਲ ਮੋਰ ਮਿਲਿਆ ਹੈ। ਮੈਂ ਆਪਣੇ ਉਨ੍ਹਾਂ ਸੇਵਕਾਂ ਉਪਰ ਪੰਝੀ ਹਜ਼ਾਰ ਰੁਪਏ ਖਰਚ ਕੀਤੇ ਹਨ।
ਉਸ ਰਾਜ ਦਰਬਾਰੀ ਦੀ ਗੱਲ ਸੁਣ ਕੇ ਰਾਜਾ ਕਿਸ਼ਨਦੇਵ ਰਾਇ ਨੇ ਇਕਦਮ ਆਪਣੇ ਮੰਤਰੀ ਨੂੰ ਹੁਕਮ ਦਿੱਤਾ, "ਮੰਤਰੀ ਜੀ ਇਨ੍ਹਾਂ ਨੂੰ ਰਾਜ ਦੇ ਖ਼ਜ਼ਾਨੇ ਵਿਚੋਂ ਪੰਝੀ ਹਜ਼ਾਰ ਰੁਪਏ ਦਿੱਤੇ ਜਾਣ।
ਮੰਤਰੀ ਨੂੰ ਹੁਕਮ ਦੇ ਕੇ ਰਾਜੇ ਨੇ ਫਿਰ ਉਸ ਦਰਬਾਰੀ ਨੂੰ ਕਿਹਾ, 'ਇਹ ਤਾਂ ਤੁਹਾਨੂੰ ਉਹ ਰੁਪਿਆ ਦਿੱਤਾ ਜਾਂਦਾ ਹੈ ਜਿਹੜਾ ਤੁਸੀ ਖਰਚ ਕੀਤਾ। ਇਸ ਤੋਂ ਬਿਨਾਂ ਇਕ ਹਫ਼ਤੇ ਮਗਰੋਂ ਤੁਹਾਨੂੰ ਯੋਗ ਇਨਾਮ ਵੀ ਦਿੱਤਾ ਜਾਵੇਗਾ।"
ਦਰਬਾਰੀ ਨੂੰ ਹੋਰ ਕੀ ਚਾਹੀਦਾ ਸੀ ? ਉਹ ਤੈਨਾਲੀ ਰਾਮ ਵੱਲ ਵਿਅੰਗ ਨਾਲ ਦੇਖ ਕੇ ਮੁਸਕਰਾਉਣ ਲੱਗਾ।
ਤੈਨਾਲੀ ਰਾਮ ਉਸ ਦੇ ਮੁਸਕਰਾਉਣ ਦਾ ਅਰਥ ਸਮਝ ਗਿਆ ਪਰ ਉਸ ਨੇ ਉਸ ਵੇਲੇ ਚੁੱਪ ਰਹਿਣਾ ਹੀ ਠੀਕ ਸਮਝਿਆ।
ਤੈਨਾਲੀ ਰਾਮ ਇਹ ਵੀ ਸਮਝ ਗਿਆ ਕਿ ਲਾਲ ਰੰਗ ਦਾ ਮੋਰ ਕਿਸੇ ਵੀ ਦੇਸ਼ ਵਿਚ ਨਹੀਂ ਹੁੰਦਾ। ਕਿਧਰੇ ਵੀ ਨਹੀਂ ਮਿਲਦਾ।
ਉਸ ਨੂੰ ਲੱਗਿਆ ਕਿ ਇਹ ਸਾਰੀ ਇਸ ਦਰਬਾਰੀ ਦੀ ਹੀ ਚਾਲ ਹੈ।
ਫਿਰ ਕੀ ਸੀ। ਤੈਨਾਲੀ ਰਾਮ ਨੇ ਦੂਜੇ ਹੀ ਦਿਨ ਉਸ ਰੰਗਾਂ ਦੇ ਮਾਹਿਰ ਨੂੰ ਲੱਭ ਲਿਆ ਜਿਸ ਨੇ ਲਾਲ ਮੋਰ ਤਿਆਰ ਕੀਤਾ ਸੀ।
ਤੈਨਾਲੀ ਰਾਮ ਚਾਰ ਹੋਰ ਮੋਰ ਲੈ ਕੇ ਉਸ ਕਲਾਕਾਰ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਵੀ ਲਾਲ ਰੰਗ ਦਾ ਤਿਆਰ ਕਰਵਾ ਲਿਆ ਅਤੇ ਉਸੇ ਦਿਨ ਉਨ੍ਹਾਂ ਨੂੰ ਦਰਬਾਰ ਵਿਚ ਲਿਜਾ ਕੇ ਕਿਹਾ, 'ਮਹਾਰਾਜ ਸਾਡੇ ਦੋਸਤ ਦਰਬਾਰੀ ਨੇ ਪੰਝੀ ਹਜ਼ਾਰ ਦਾ ਇਕ ਮੋਰ ਮੰਗਵਾਇਆ ਸੀ ਤੇ ਮੈਂ ਸਿਰਫ਼ ਪੰਜਾਹ ਹਜ਼ਾਰ ਵਿਚ ਉਹੋ ਜਿਹੇ ਚਾਰ ਮੋਰ ਲੈ ਆਇਆ ਹਾਂ।”
ਰਾਜੇ ਨੇ ਦੇਖਿਆ ਕਿ ਸਚਮੁੱਚ ਤੈਨਾਲੀ ਰਾਮ ਦੇ ਮੋਰ ਉਸ ਦਰਬਾਰੀ ਦੇ ਮੋਰ ਤੋਂ ਵੱਧ ਸੋਹਣੇ ਤੇ ਲਾਲ ਸੁਰਖ ਰੰਗ ਦੇ ਸਨ।
ਰਾਜੇ ਨੂੰ ਹੁਕਮ ਦੇਣਾ ਪਿਆ ਕਿ, "ਤੈਨਾਲੀ ਰਾਮ ਨੂੰ ਰਾਜ ਦੇ ਖ਼ਜ਼ਾਨੇ ਵਿਚੋਂ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣ।” .
ਰਾਜੇ ਦਾ ਇਹ ਹੁਕਮ ਸੁਣਦਿਆਂ ਹੀ ਤੈਨਾਲੀ ਰਾਮ ਨੇ ਇਕ ਬੰਦੇ ਵੱਲ ਇਸ਼ਾਰਾ ਕੀਤਾ ਤੇ ਕਿਹਾ, 'ਮਹਾਰਾਜ, ਇਨਾਮ ਦਾ ਅਸਲੀ ਹੱਕਦਾਰ ਇਹ ਕਲਾਕਾਰ ਹੈ, ਮੈਂ ਨਹੀਂ। ਇਹ ਅਨੋਖਾ ਚਿੱਤਰਕਾਰ ਹੈ। ਇਹ ਕਿਸੇ ਵੀ ਵਸਤੁ ਦਾ ਰੰਗ ਬਦਲਣ ਦੀ ਕਲਾ ਵਿਚ ਨਿਪੁੰਨ ਹੈ। ਇਸ ਨੇ ਹੀ ਨੀਲੇ ਮੋਰਾਂ ਦਾ ਰੰਗ ਲਾਲ ਕਰਨ ਦੀ ਕਲਾ ਦਿਖਾਈ ਹੈ।”
ਹੁਣ ਰਾਜੇ ਨੂੰ ਸਾਰਾ ਗੋਰਖਧੰਦਾ ਸਮਝਦਿਆਂ ਦੇਰ ਨਾ ਲੱਗੀ। ਉਹ ਸਮਝ ਗਏ ਕਿ ਪਹਿਲੇ ਦਿਨ ਦਰਬਾਰੀ ਨੇ ਉਸ ਨੂੰ ਮੂਰਖ ਬਣਾ ਕੇ ਰੁਪਏ ਠੱਗੇ ਸਨ।
ਰਾਜੇ ਨੇ ਇਕਦਮ ਉਸ ਦਰਬਾਰੀ ਨੂੰ ਪੰਝੀ ਹਜ਼ਾਰ ਰੁਪਏ ਮੋੜਨ ਤੇ ਨਾਲ ਹੀ ਪੰਜ ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਕੀਤਾ ਅਤੇ ਚਿੱਤਰਕਾਰ ਨੂੰ ਇਨਾਮ ਦਿੱਤਾ।
ਦਰਬਾਰੀ ਵਿਚਾਰਾ ਕੀ ਕਰਦਾ ? ਉਹ ਆਪਣਾ ਛੋਟਾ ਜਿਹਾ ਮੁੰਹ ਲੈ ਕੇ ਰਹਿ ਗਿਆ।
ਰਾਜਾ ਕ੍ਰਿਸ਼ਨਦੇਵ ਰਾਇ ਨੂੰ ਖੁਸ਼ ਕਰਨ ਦੇ ਚੱਕਰ ਵਿਚ ਦਰਬਾਰੀ ਨੂੰ ਪੰਜ ਹਜ਼ਾਰ ਰੁਪਏ ਵੀ ਗੁਆਉਣੇ ਪਏ।
0 Comments