ਸਭ ਤੋਂ ਪਿਆਰੀ ਚੀਜ਼
Sab to pyari cheej
ਇਕ ਦਿਨ ਬਾਦਸ਼ਾਹ ਆਪਣੀ ਬੇਗਮ ਨਾਲ ਨਰਾਜ਼ ਹੋ ਕੇ ਕਹਿਣ ਲੱਗਾ, “ਜਾਹ, ਤੂੰ ਆਪਣੇ ਫਲਾਣੇ ਮਹਿਲ ਵਿਚ ਜਾ ਰਹੋ, ਮੈਂ ਤੇਰੇ ਪਾਸ ਕਦੀ ਨਹੀਂ ਆਵਾਂਗਾ।”
ਬੇਗਮ ਨੇ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਬਾਦਸ਼ਾਹ ਦਾ ਗੁੱਸਾ ਠੰਢਾ ਨਾ ਹੋਇਆ। ਛੇਕੜ ਬੇਗਮ ਨੇ ਬੀਰਬਲ ਨੂੰ ਆਪਣੇ ਦੀਵਾਨਖ਼ਾਨੇ ਵਿਚ ਸੱਦ ਕੇ ਉਸ ਪਾਸੋਂ ਸਲਾਹ ਪੁੱਛੀ। ਉਸ ਨੇ ਬੇਗਮ ਨੂੰ ਇਕ ਸੋਹਣੀ ਯੁਕਤੀ ਦੱਸ ਦਿੱਤੀ।
ਬੇਗਮ ਨੇ ਸ਼ਾਮ ਵੇਲੇ ਆਪਣਾ ਅਸਬਾਬ ਬੰਨਵਾ ਕੇ ਬਾਦਸ਼ਾਹ ਨੂੰ ਸੱਦਿਆ ਤੇ ਫੇਰ ਮਿੰਨਤ ਖ਼ੁਸ਼ਾਮਦ ਕਰਨ ਲੱਗੀ, ਪਰ ਬਾਦਸ਼ਾਹ ਨੇ ਕੋਈ ਪ੍ਰਵਾਹ ਨਾ ਕੀਤੀ ਤੇ ਇਹੋ ਕਿਹਾ, “ਇਸ ਮਹਿਲ ਵਿਚ ਜਿਹੜੀ-ਜਿਹੜੀ ਚੀਜ਼ ਤੈਨੂੰ ਪਿਆਰੀ ਹੈ, ਉਹ ਲੈ ਜਾਹ ਤੇ ਫੌਰਨ ਚਲੀ ਜਾਹ।”
ਛੇਕੜ ਬੇਗਮ ਨੇ ਹੱਥ ਜੋੜ ਕੇ ਕਿਹਾ, “ਸਵਾਮੀ! ਮੈਂ ਆਪ ਦਾ ਹੁਕਮ ਮੰਨਣ ਵਾਸਤੇ ਤਿਆਰ ਹਾਂ, ਹੁਣ ਖ਼ਬਰੇ ਆਪ ਦੇ ਦਰਸ਼ਨ ਕਦੋਂ ਹੋਣਗੇ। ਇਸ ਵਾਸਤੇ ਜਾਂਦੀ ਵਾਰੀ ਮੇਰੇ ਹੱਥੋਂ ਇਕ ਪਿਆਲਾ ਸ਼ਰਬਤ ਦਾ ਤਾਂ ਪੀ ਲਵੋ।
ਬਾਦਸ਼ਾਹ ਨੇ ਇਸ ਗੱਲ ਵਿਚ ਕੋਈ ਹਰਜ ਨਾ ਦੇਖ ਕੇ ਮੰਨ ਲਿਆ । ਸ਼ਰਬਤ ਪੀਂਦਿਆਂ ਸਾਰ ਬਾਦਸ਼ਾਹ ਨੂੰ ਬੇਹੋਸ਼ੀ ਹੋ ਗਈ ਤੇ ਬੇਗਮ ਉਸ ਨੂੰ ਬੜੇ ਆਰਾਮ ਨਾਲ ਚੁਕਾ ਕੇ ਆਪਣੇ ਮਹਿਲ ਵਿਚ ਲੈ ਗਈ। ਜਦ ਸਵੇਰੇ ਬਾਦਸ਼ਾਹ ਨੂੰ ਹੋਸ਼ ਆਈ ਤਾਂ ਉਹ ਹੈਰਾਨ ਹੋ ਕੇ ਬੇਗਮ ਨੂੰ ਪੁੱਛਣ ਲੱਗੇ ਕਿ ਮੈਂ ਇਥੇ ਕਿਸ ਤਰ੍ਹਾਂ ਆਇਆ ਹਾਂ। ਬੇਗਮ ਨੇ ਕਿਹਾ, “ਜਹਾਂ ਪਨਾਹ ! ਆਪ ਨੇ ਹੁਕਮ ਦਿੱਤਾ ਸੀ ਕਿ ਮੈਂ ਆਪਣੀ ਸਭ ਤੋਂ ਪਿਆਰੀ ਚੀਜ਼ ਇਥੇ ਲੈ ਆਵਾਂ, ਸੋ ਉਹ ਮਹਿਲ ਤਾਂ ਕਿਤੇ ਰਿਹਾ, ਸਾਰੇ ਸੰਸਾਰ ਵਿਚ ਆਪ ਹੀ ਸਭ ਤੋਂ ਪਿਆਰੀ ਚੀਜ਼ ਹੋ। ਇਸੇ ਵਾਸਤੇ ਮੈਂ ਆਪ ਨੂੰ ਲੈ ਆਈ ਹਾਂ।
ਇਸ ਯੁਕਤੀ ’ਤੇ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਬੇਗਮ ਦਾ ਕਸੂਰ ਮਾਫ਼ ਕਰ ਦਿੱਤਾ। ਜਦ ਉਸ ਨੂੰ ਪਤਾ ਲੱਗਾ ਕਿ ਇਹ ਸਾਰੀ ਕਾਰਵਾਈ ਹਜ਼ਰਤ ਬੀਰਬਲ ਦੀ ਸਲਾਹ ਤੇ ਕੀਤੀ ਗਈ ਹੈ ਤਾਂ ਉਸ ਨੂੰ ਵੀ ਚੋਖਾ ਇਨਾਮ ਦਿੱਤਾ।
0 Comments