Punjabi Moral Story “Khunkhar Ghoda”, "ਖੂੰਖਾਰ ਘੋੜਾ " Tenali Rama Story for Students of Class 5, 6, 7, 8, 9, 10 in Punjabi Language.

ਖੂੰਖਾਰ ਘੋੜਾ 
Khunkhar Ghoda

 


ਵਿਜੈਨਗਰ ਦੇ ਗੁਆਂਢੀ ਮੁਸਲਮਾਨ ਰਾਜਾਂ ਕੋਲ ਬੜੀਆਂ ਮਜ਼ਬੂਤ ਫੌਜਾਂ ਸਨ। ਰਾਜਾ ਕ੍ਰਿਸ਼ਨਦੇਵ ਰਾਇ ਚਾਹੁੰਦੇ ਸਨ ਕਿ ਵਿਜੈਨਗਰ ਦੀ ਘੋੜਸਵਾਰ ਫੌਜ ਵੀ ਮਜ਼ਬੂਤ ਹੋਵੇ ਤਾਂ ਕਿ ਹਮਲਾ ਹੋਣ ਤੇ ਦੁਸ਼ਮਣਾ ਦਾ ਸਾਹਮਣਾ ਮਜ਼ਬੂਤੀ ਨਾਲ ਕੀਤਾ ਜਾ ਸਕੇ। ਉਨ੍ਹਾਂ ਨੇ ਬਹੁਤ ਸਾਰੇ ਅਰਬੀ ਨਸਲ ਦੇ ਘੋੜੇ ਖਰੀਦਣ ਬਾਰੇ ਸੋਚਿਆ।

ਮੰਤਰੀਆਂ ਨੇ ਸਲਾਹ ਦਿੱਤੀ ਕਿ ਘੋੜਿਆਂ ਨੂੰ ਪਾਲਣ ਦਾ ਇਕ ਸੌਖਾ ਢੰਗ ਇਹ ਹੈ ਕਿ ਸ਼ਾਂਤੀ ਵੇਲੇ ਇਹ ਘੋੜੇ ਨਾਗਰਿਕਾਂ ਨੂੰ ਰੱਖਣ ਲਈ ਦਿੱਤੇ ਜਾਣ ਅਤੇ ਜਦੋਂ ਯੁੱਧ ਹੋਵੇ ਤਾਂ ਘੋੜਿਆਂ ਨੂੰ ਇਕੱਠਾ ਕਰ ਲਿਆ ਜਾਵੇ। ਰਾਜੇ ਨੂੰ ਇਹ ਸਲਾਹ ਪਸੰਦ ਆਈ। ਉਨਾਂ ਨੇ ਇਕ ਹਜ਼ਾਰ ਵਧੀਆ ਅਰਬੀ ਨਸਲ ਦੇ ਘੋੜੇ ਖਰੀਦੇ ਅਤੇ ਨਾਗਰਿਕਾਂ ਨੂੰ ਵੰਡ ਦਿੱਤੇ। ਹਰ ਘੋੜੇ ਨਾਲ ਘਾਹ, ਛੋਲੇ, ਦਵਾਈਆਂ ਆਦਿ ਦਿਤੇ ਜਾਣਾ ਵੀ ਤੈਅ ਹੋਇਆ। ਇਹ ਫੈਸਲਾ ਕੀਤਾ ਗਿਆ ਕਿ ਹਰ ਤਿੰਨ ਮਹੀਨੇ ਪਿੱਛੋਂ ਘੋੜਿਆਂ ਦੀ ਜਾਂਚ ਕੀਤੀ ਜਾਵੇਗੀ।

ਤੈਨਾਲੀ ਰਾਮ ਨੇ ਇਕ ਘੋੜਾ ਮੰਗਿਆ ਤਾਂ ਉਸ ਨੂੰ ਵੀ ਇਕ ਘੋੜਾ ਮਿਲ ਗਿਆ।

ਤੈਨਾਲੀ ਰਾਮ ਘੋੜੇ ਨੂੰ ਮਿਲਣ ਵਾਲਾ ਸਾਰਾ ਖਰਚ ਆਪ ਹਜ਼ਮ ਕਰ ਜਾਂਦਾ। ਘੋੜੇ ਨੂੰ ਉਸ ਨੇ ਇਕ ਛੋਟੀ ਜਿਹੀ ਹਨੇਰੀ ਕੋਠੜੀ ਵਿਚ ਬੰਦ ਕਰ ਦਿੱਤਾ ਜਿਸ ਦੀ ਇਕ ਕੰਧ ਵਿਚ ਜ਼ਮੀਨ ਤੋਂ ਚਾਰ ਫੁੱਟ ਉਚਾਈ ਉਪਰ ਇਕ ਮੋਰੀ ਸੀ। ਉਸ ਵਿਚੋਂ ਮੁੱਠ ਕੁ ਦਾਣੇ ਤੈਨਾਲੀ ਰਾਮ ਆਪਣੇ ਹੱਥਾਂ ਨਾਲ ਹੀ ਘੋੜੇ ਨੂੰ ਖੁਆ ਦਿੰਦਾ। ਭੁੱਖਾ ਘੋੜਾ ਉਸ ਦੇ ਹੱਥ ਉਪਰ ਮੁੰਹ ਮਾਰ-ਮਾਰ ਕੇ ਪਲ ਵਿਚ ਹੀ ਸਾਰਾ ਚਾਰਾ ਖਾ ਜਾਂਦਾ।

ਤਿੰਨ ਮਹੀਨੇ ਬੀਤ ਗਏ ਤਾਂ ਸਾਰਿਆਂ ਨੂੰ ਘੋੜੇ ਦੀ ਜਾਂਚ ਕਰਾਉਣ ਲਈ ਕਿਹਾ ਗਿਆ। ਤੈਨਾਲੀ ਰਾਮ ਨੂੰ ਛੱਡ ਕੇ ਸਾਰਿਆਂ ਨੇ ਆਪਣੇ ਆਪਣੇ ਘੋੜੇ ਦੀ ਜਾਂਚ ਕਰਵਾ ਲਈ।

ਰਾਜੇ ਨੇ ਤੈਨਾਲੀ ਰਾਮ ਨੂੰ ਪੁੱਛਿਆ, "ਤੇਰਾ ਘੋੜਾ ਕਿਥੇ ਹੈ ?"

"ਮਹਾਰਾਜ ਮੇਰਾ ਘੋੜਾ ਐਨਾ ਖੂੰਖਾਰ ਹੋ ਗਿਆ ਹੈ ਕਿ ਮੈਂ ਉਸ ਨੂੰ ਲਿਆ ਨਹੀਂ ਸਕਦਾ। ਤੁਸੀਂ ਘੋੜਿਆਂ ਦੇ ਪ੍ਰਬੰਧਕ ਨੂੰ ਮੇਰੇ ਨਾਲ ਭੇਜ ਦਿਉ। ਉਹੀ ਇਸ ਘੋੜੇ ਨੂੰ ਲਿਆ ਸਕਦਾ ਹੈ।" ਤੈਨਾਲੀ ਰਾਮ ਨੇ ਕਿਹਾ।

ਘੋੜਿਆਂ ਦਾ ਪ੍ਰਬੰਧਕ ਜਿਸ ਦੀ ਦਾੜੀ ਭੂਰੇ ਰੰਗ ਦੀ ਸੀ ਤੈਨਾਲੀ ਰਾਮ ਨਾਲ ਤੁਰ ਪਿਆ। ਕੋਠੜੀ ਦੇ ਨੇੜੇ ਪਹੁੰਚ ਕੇ ਤੈਨਾਲੀ ਰਾਮ ਨੇ ਕਿਹਾ, "ਤੁਸੀਂ ਆਪ ਦੇਖ ਲਵੋ ਕਿ ਇਹ ਘੋੜਾ ਕਿੰਨਾ ਖੂੰਖਾਰ ਹੈ। ਇਸੇ ਲਈ ਮੈਂ ਇਸ ਨੂੰ ਕੋਠੜੀ ਵਿਚ ਬੰਦ ਕਰਕੇ ਰਖਿਆ ਹੈ।

"ਡਰਪੋਕ ਕਿਸੇ ਥਾਂ ਦਾ, ਤੂੰ ਕੀ ਜਾਣੇ ਕਿ ਘੋੜਿਆਂ ਨੂੰ ਕਿਵੇਂ ਕਾਬੂ ਕਰੀ ਦਾ ਹੈ ? ਇਹ ਤਾਂ ਸਾਡੇ ਫੌਜੀਆਂ ਦਾ ਕੰਮ ਹੈ ?" ਕਹਿ ਕੇ ਪ੍ਰਬੰਧਕ ਨੇ ਕੰਧ ਦੀ ਮੋਰੀ ਵਿਚੋਂ ਝਾਕ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਉਸ ਦੀ ਦਾੜੀ ਮੋਰੀ ਅੰਦਰ ਪਹੁੰਚੀ। ਭੁੱਖੇ ਘੋੜੇ ਨੇ ਸਮਝਿਆ ਕਿ ਉਸ ਦਾ ਖਾਣਾ ਆ ਗਿਆ ਹੈ। ਉਸ ਨੇ ਝਪਟਾ ਮਾਰ ਕੇ ਦਾੜੀ ਮੂੰਹ ਵਿਚ ਪਾ ਲਈ। ਪ੍ਰਬੰਧਕ ਦਾ ਬੁਰਾ ਹਾਲ ਸੀ। ਉਹ ਦਾੜੀ ਬਾਹਰ ਖਿਚ ਰਿਹਾ ਸੀ ਪਰ ਘੋੜਾ ਛੱਡਦਾ ਹੀ ਨਹੀਂ ਸੀ।

ਪ੍ਰਬੰਧਕ ਪੀੜ ਕਾਰਣ ਜ਼ੋਰ ਨਾਲ ਚੀਕਿਆ। ਗੱਲ ਰਾਜੇ ਤਕ ਜਾ ਪਹੁੰਚੀ। ਉਹ ਆਪਣੇ ਕਰਮਚਾਰੀਆਂ ਨਾਲ ਦੌੜਦਾ ਆ ਪਹੁੰਚਿਆ। ਉਸ ਵੇਲੇ ਇਕ ਕਰਮਚਾਰੀ ਨੇ ਕੈਂਚੀ ਨਾਲ ਦਾੜੀ ਕੱਟ ਕੇ ਉਸ ਦੀ ਜਾਨ ਛੁਡਾਈ।

ਜਦੋਂ ਸਾਰਿਆਂ ਨੇ ਕੋਠੜੀ ਵਿਚ ਜਾ ਕੇ ਘੋੜੇ ਨੂੰ ਦੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਘੋੜਾ ਤਾਂ ਹੱਡੀਆਂ ਦਾ ਢਾਂਚਾ ਹੀ ਬਣ ਗਿਆ ਸੀ।

ਗੁੱਸੇ ਨਾਲ ਭਰੇ ਰਾਜੇ ਨੇ ਪੁੱਛਿਆ, “ਤੁਸੀਂ ਐਨੇ ਦਿਨਾਂ ਤਕ ਵਿਚਾਰੇ ਪਸ਼ੂ ਨੂੰ ਭੁੱਖਿਆਂ ਮਾਰਦੇ ਰਹੇ ਹੋ ?"

ਮਹਾਰਾਜ ਭੁੱਖਾ ਰਹਿ ਕੇ ਇਸ ਦਾ ਇਹ ਹਾਲ ਹੈ ਕਿ ਇਸ ਨੇ ਪ੍ਰਬੰਧਕ ਦੀ ਦਾੜੀ ਨੋਚ ਲਈ ਹੈ। ਪ੍ਰਬੰਧਕ ਨੂੰ ਇਸ ਘੋੜੇ ਤੋਂ ਛੁਡਾਉਣ ਲਈ ਮਹਾਰਾਜ ਨੂੰ ਆਪ ਇਥੇ ਆਉਣਾ ਪਿਆ ਹੈ। ਜੇ ਬਾਕੀ ਘੋੜਿਆਂ ਵਾਂਗ ਇਸ ਨੂੰ ਵੀ ਢਿੱਡ ਭਰ ਕੇ ਖਾਣਾ ਮਿਲਦਾ ਤਾਂ ਪਤਾ ਨਹੀਂ ਕੀ ਕਰ ਦਿੰਦਾ ?"

ਰਾਜਾ ਹੱਸ ਪਿਆ ਅਤੇ ਉਨ੍ਹਾਂ ਨੇ ਹਮੇਸ਼ਾ ਵਾਂਗ ਤੈਨਾਲੀ ਰਾਮ ਦਾ ਇਹ ਅਪਰਾਧ ਵੀ ਮੁਆਫ ਕਰ ਦਿੱਤਾ।


Post a Comment

0 Comments