ਸੁਨਹਿਰੀ ਹਿਰਨ
Sunahari Hiran
ਢਲਦੀ ਠੰਡ ਦਾ ਵਧੀਆ ਮੌਸਮ ਸੀ। ਰਾਜਾ ਕ੍ਰਿਸ਼ਨਦੇਵ ਰਾਇ ਜੰਗਲ ਵਿਚ ਘੁੰਮਣ-ਫਿਰਨ ਨਿਕਲੇ। ਨਾਲ ਕੁਝ ਦਰਬਾਰੀ ਤੇ ਫੌਜੀ ਵੀ ਸਨ। ਸ਼ਹਿਰ ਤੋਂ ਦੂਰ ਜੰਗਲ ਵਿੱਚ ਉਨ੍ਹਾਂ ਨੇ ਡੇਰਾ ਲਾਇਆ। ਕਦੀ ਗੀਤ-ਸੰਗੀਤ ਦੀ ਮਹਿਫਲ ਲਗਦੀ ਤੇ ਕਦੀ ਕਿਸੇ ਕਹਾਣੀਆਂ ਦਾ ਦੌਰ ਚਲਦਾ।
ਇਸੇ ਤਰ੍ਹਾਂ ਮੌਜ-ਮਸਤੀ ਵਿਚ ਕਈ ਦਿਨ ਲੰਘ ਗਏ।
ਇਕ ਦਿਨ ਰਾਜੇ ਨੇ ਆਪਣੇ ਦਰਬਾਰੀਆਂ ਨੂੰ ਕਿਹਾ - ਜੰਗਲ ਵਿਚ ਆਏ ਹਾਂ ਤਾਂ ਸ਼ਿਕਾਰ ਜ਼ਰੂਰ ਕਰਾਂਗੇ।
ਇਕਦਮ ਸ਼ਿਕਾਰ ਦੀਆਂ ਤਿਆਰੀਆਂ ਹੋ ਗਈਆਂ। ਰਾਜਾਂ ਤਲਵਾਰ ਤੇ ਤੀਰਕਮਾਨ ਲੈ ਕੇ ਘੋੜੇ ਉਪਰ ਬੈਠ ਕੇ ਸ਼ਿਕਾਰ ਲਈ ਨਿਕਲ ਪਿਆ। ਮੰਤਰੀ ਤੇ ਦਰਬਾਰੀ ਵੀ ਘੋੜਿਆਂ ਉਪਰ ਉਸ ਦੇ ਨਾਲ ਸਨ।
ਤੈਨਾਲੀ ਰਾਮ ਵੀ ਜਦੋਂ ਉਨ੍ਹਾਂ ਸਾਰਿਆਂ ਨਾਲ ਤੁਰਨ ਲੱਗਾ ਤਾਂ ਮੰਤਰੀ ਨੇ ਕਿਹਾ - "ਮਹਾਰਾਜ ਤੈਨਾਲੀ ਰਾਮ ਨੂੰ ਆਪਣੇ ਨਾਲ ਲਿਜਾ ਕੇ ਕੀ ਕਰਾਂਗੇ ? ਇਹ ਤਾਂ ਹੁਣ ਬੁੱਢਾ ਹੋ ਗਿਆ ਹੈ। ਇਸ ਨੂੰ ਇਥੇ ਹੀ ਰਹਿਣ ਦਿੱਤਾ ਜਾਵੇ। ਸਾਡੇ ਨਾਲ ਗਏ ਤਾਂ ਬੇਕਾਰ ਥੱਕ ਜਾਣਗੇ।”
ਇਸ ਗੱਲ ਨੂੰ ਸੁਣ ਕੇ ਸਾਰੇ ਦਰਬਾਰੀ ਹੱਸ ਪਏ ਪਰ ਤੈਨਾਲੀ ਰਾਮ ਕਿਉਂਕਿ ਰਾਜੇ ਨੂੰ ਬੜਾ ਪਿਆਰਾ ਸੀ ਇਸ ਲਈ ਉਸ ਨੂੰ ਨਾਲ ਲੈ ਲਿਆ ਗਿਆ।
ਥੋੜੀ ਦੇਰ ਮਗਰੋਂ ਸਾਰੇ ਜੰਗਲ ਵਿਚਕਾਰ ਪਹੁੰਚ ਗਏ ਤਾਂ ਰਾਜੇ ਨੂੰ ਇਕ ਸੁਨਹਿਰੀ ਹਿਰਨ ਦਿਸਿਆ। ਰਾਜੇ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੱਛਾ ਕਰਦਿਆਂ-ਕਰਦਿਆਂ ਉਹ ਸੰਘਣੇ ਜੰਗਲਾਂ ਵਿਚ ਪਹੁੰਚ ਗਏ। ਰਾਜਾ ਸੰਘਣੀਆਂ ਝਾੜੀਆਂ ਵਿਚ ਅੱਗੇ ਵਧਦਾ ਜਾ ਰਿਹਾ ਸੀ।
ਇਕ ਥਾਂ ਪਹੁੰਚ ਕੇ ਉਨ੍ਹਾਂ ਨੂੰ ਸੁਨਹਿਰੀ ਹਿਰਨ ਆਪਣੇ ਬਹੁਤ ਨੇੜੇ ਲਗਿਆ ਤਾਂ ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਘੋੜਾ ਹਾਲੇ ਵੀ ਦੌੜਦਾ ਜਾ ਰਿਹਾ ਸੀ।
ਰਾਜਾ ਜਿਉਂ ਹੀ ਤੀਰ ਚਲਾਉਣ ਲੱਗਾ ਤਾਂ ਤੈਨਾਲੀ ਰਾਮ ਚੀਕਿਆ - ਰੁਕ ਜਾਓ ਮਹਾਰਾਜ, ਇਸ ਤੋਂ ਅੱਗੇ ਜਾਣਾ ਠੀਕ ਨਹੀਂ।”
ਰਾਜੇ ਨੇ ਇਕਦਮ ਘੋੜਾ ਰੋਕਿਆ। ਐਨੀ ਦੇਰ ਵਿਚ ਹਿਰਨ ਨਿਕਲ ਗਿਆ। ਰਾਜੇ ਨੂੰ ਬੜਾ ਗੁੱਸਾ ਆਇਆ। ਉਹ ਤੈਨਾਲੀ ਰਾਮ ਉਪਰ ਗਰਜਿਆ, "ਤੈਨਾਲੀ ਰਾਮ ਤੇਰੇ ਕਾਰਣ ਹੱਥ ਆਇਆ ਸ਼ਿਕਾਰ ਨਿਕਲ ਗਿਆ। ਤੂੰ ਸਾਨੂੰ ਕਿਉਂ ਰੋਕਿਆ ?"
ਮੰਤਰੀ ਤੇ ਹੋਰ ਦਰਬਾਰੀਆਂ ਨੇ ਵੀ ਵਿਅੰਗ ਕੀਤਾ, 'ਮਹਾਰਾਜ ਤੈਨਾਲੀ ਰਾਮ ਡਰਦੇ ਹਨ, ਉਹ ਡਰਪੋਕ ਹਨ, ਇਸ ਲਈ ਤਾਂ ਉਨ੍ਹਾਂ ਨੂੰ ਨਾਲ ਨਾ ਲਿਆਉਣ ਲਈ ਤੁਹਾਨੂੰ ਕਿਹਾ ਸੀ।
ਉਸ ਵੇਲੇ ਤੈਨਾਲੀ ਰਾਮ ਨੂੰ ਪਤਾ ਨਹੀਂ ਕੀ ਸੁਝਿਆ, ਉਹ ਕਹਿਣ ਲੱਗਾ, 'ਮਹਾਰਾਜ ਜ਼ਰਾ ਮੰਤਰੀ ਜੀ ਇਸ ਰੁੱਖ ਉਪਰ ਚੜ੍ਹ ਕੇ ਉਸ ਹਿਰਨ ਨੂੰ ਦੇਖਣ ਤਾਂ ਹੀ ਕੁਝ ਕਹਾਂਗਾ ਜਾਂ ਦੱਸਾਂਗਾ।”
ਰਾਜੇ ਨੇ ਮੰਤਰੀ ਨੂੰ ਰੁੱਖ ਉਪਰ ਚੜ੍ਹ ਕੇ ਹਿਰਨ ਨੂੰ ਦੇਖਣ ਦਾ ਹੁਕਮ ਦਿੱਤਾ। ਮੰਤਰੀ ਜੀ ਨੇ ਰੁੱਖ ਉਪਰ ਚੜ੍ਹ ਕੇ ਇਕ ਅਨੋਖਾ ਨਜ਼ਾਰਾ ਦੇਖਿਆ।
ਹਿਰਨ ਜੰਗਲੀ ਝਾੜੀਆਂ ਵਿਚ ਫਸਿਆ ਬਹੁਤ ਉਛਲ ਰਿਹਾ ਸੀ। ਉਸ ਦਾ ਸਰੀਰ ਲਹੂ-ਲੁਹਾਨ ਹੋ ਗਿਆ ਸੀ। ਇਉਂ ਲਗਦਾ ਸੀ ਜਿਵੇਂ ਜੰਗਲੀ ਝਾੜੀਆਂ ਨੇ ਉਸ ਨੂਂ ਜਕੜ ਲਿਆ ਹੋਵੇ। ਉਹ ਹਿਰਨ ਆਪਣਾ ਸਾਰਾ ਜੋਰ ਲਗਾ ਕੇ ਝਾੜੀਆਂ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਖੀਰ ਬੜੀ ਮੁਸ਼ਕਲ ਨਾਲ ਉਹ ਆਪਣੇ ਆਪ ਨੂਂ ਝਾੜੀਆਂ ਵਿੱਚੋਂ ਕੱਢ ਸਕਿਆ ਜਾਂ ਇਉਂ ਕਹਿ ਲਵੋ ਕਿ ਬੜੀ ਮੁਸ਼ਕਲ ਨਾਲ ਝਾੜੀਆਂ ਚੋਂ ਆਪਣੀ ਜਾਨ ਬਚਾ ਕੇ ਦੌੜਿਆ।
ਮੰਤਰੀ ਨੇ ਸਾਰੀ ਗੱਲ ਰਾਜੇ ਨੂੰ ਸੁਣਾਈ। ਰਾਜਾ ਇਹ ਸੁਣ ਕੇ ਹੈਰਾਨ ਰਹਿ ਗਿਆ ਅਤੇ ਬੋਲਿਆ, "ਤੈਨਾਲੀ ਰਾਮ ਇਹ ਕੀ ਹੈ ?"
"ਮਹਾਰਾਜ ਇਸ ਤੋਂ ਅੱਗੇ ਖ਼ਤਰਨਾਕ ਝਾੜੀਆਂ ਹਨ। ਇਸ ਦੇ ਕੰਡੇ ਸਰੀਰ ਵਿਚ ਚੁੱਭ ਕੇ ਪ੍ਰਾਣੀਆਂ ਦਾ ਖੂਨ ਪੀਣ ਲੱਗਦੇ ਹਨ। ਜਿਹੜਾ ਵੀ ਜੀਵ ਇਨ੍ਹਾਂ ਦੀ ਜਕੜ ਵਿਚ ਆਉਂਦਾ ਹੈ ਉਹ ਅੱਧਮੋਇਆ ਹੋ ਕੇ ਹੀ ਛੁੱਟਦਾ ਹੈ। ਰੁੱਖ ਤੋਂ ਮੰਤਰੀ ਜੀ ਨੇ ਹਿਰਨ ਦੀ ਹਾਲਤ ਦੇਖ ਹੀ ਲਈ ਹੈ। ਮਹਾਰਾਜ ਮੈਂ ਇਸੇ ਲਈ ਤੁਹਾਨੂੰ ਰੋਕਿਆ ਸੀ।"
ਰਾਜਾ ਕਿਸ਼ਨਦੇਵ ਰਾਇ ਨੇ ਹੈਰਾਨੀ ਨਾਲ ਮੰਤਰੀਆਂ ਤੇ ਦਰਬਾਰੀਆਂ ਵੱਲ ਦੇਖਿਆ ਤੇ ਕਿਹਾ, "ਦੇਖਿਆ ਤੁਸੀਂ, ਤੈਨਾਲੀ ਰਾਮ ਨੂੰ ਨਾਲ ਲਿਆਉਣਾ ਕਿਉਂ ਜ਼ਰੂਰੀ ਸੀ ?"
ਮੰਤਰੀ ਤੇ ਦਰਬਾਰੀ ਆਪਣਾ ਛੋਟਾ ਜਿਹਾ ਮੁੰਹ ਲੈ ਕੇ ਰਹਿ ਗਏ ਅਤੇ ਇਕ ਦੂਜੇ ਵੱਲ ਦੇਖਣ ਲੱਗੇ।
0 Comments