ਕੰਜੂਸ ਸੇਠ
Kanjoos Seth
ਰਾਜਾ ਕ੍ਰਿਸ਼ਨਦੇਵ ਰਾਇ ਦੇ ਰਾਜ ਵਿਚ ਇਕ ਕੰਜੂਸ ਸੇਠ ਰਹਿੰਦਾ ਸੀ। ਉਸ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ ਪਰ ਇਕ ਵੀ ਪੈਸਾ ਜੇਬ ਵਿਚੋਂ ਕੱਢਣ 'ਤੇ ਉਸ ਦੀ ਨਾਨੀ ਮਰ ਜਾਂਦੀ ਸੀ। ਇਕ ਵਾਰ ਉਸ ਦੇ ਕੁਝ ਦੋਸਤਾਂ ਨੇ ਹਾਸੇ-ਹਾਸੇ ਵਿਚ ਇਕ ਕਲਾਕਾਰ ਤੋਂ ਆਪਣੀ ਤਸਵੀਰ ਬਣਵਾਉਣ ਲਈ ਉਸ ਨੂੰ ਰਾਜੀ ਕਰ ਲਿਆ। ਦੋਸਤਾਂ ਦੇ ਸਾਹਮਣੇ ਉਹ ਮੰਨ ਤਾਂ ਗਿਆ ਪਰ ਜਦੋਂ ਚਿੱਤਰਕਾਰ ਉਸ ਦੀ ਤਸਵੀਰ ਬਣਾ ਕੇ ਲਿਆਇਆ ਤਾਂ ਸੇਠ ਦੀ ਹਿੰਮਤ ਨਾ ਪਈ ਕਿ ਤਸਵੀਰ ਦਾ ਮੁੱਲ ਸੌ ਸੋਨੇ ਦੀਆਂ ਮੋਹਰਾਂ ਚਿੱਤਰਕਾਰ ਨੂੰ ਦਵੇ।
ਵੈਸੇ ਤਾਂ ਸੇਠ ਵੀ ਇਕ ਤਰ੍ਹਾਂ ਦਾ ਕਲਾਕਾਰ ਹੀ ਸੀ। ਉਸ ਨੂੰ ਆਪਣੇ ਚਿਹਰੇ ਦਾ ਸਰੂਪ ਬਦਲਣ ਦੀ ਕਲਾ ਆਉਂਦੀ ਸੀ। ਚਿੱਤਰਕਾਰ ਨੂੰ ਦੇਖ ਕੇ ਸੇਠ ਇਕਦਮ ਅੰਦਰ ਗਿਆ ਅਤੇ ਕੁਝ ਹੀ ਪਲਾਂ ਵਿਚ ਆਪਣਾ ਚਿਹਰਾ ਬਦਲ ਕੇ ਬਾਹਰ ਨਿਕਲਿਆ।
ਉਸ ਨੇ ਚਿੱਤਰਕਾਰ ਨੂੰ ਕਿਹਾ, “ਤੁਹਾਡੀ ਬਣਾਈ ਤਸਵੀਰ ਬਿਲਕੁਲ ਗਲਤ ਹੈ। ਤੁਸੀਂ ਆਪ ਹੀ ਦੱਸੋ ਕਿ ਇਹ ਚਿਹਰਾ ਮੇਰੇ ਚਿਹਰੇ ਨਾਲ ਜ਼ਰਾ ਜਿਹਾ ਵੀ ਮਿਲਦਾ ਹੈ ?"
ਚਿੱਤਰਕਾਰ ਨੇ ਦੇਖਿਆ ਕਿ ਸਚਮੁੱਚ ਚਿਹਰਾ ਸੇਠ ਦੇ ਚਿਹਰੇ ਨਾਲ ਜਰਾ ਵੀ ਨਹੀਂ ਸੀ ਮਿਲਦਾ।
ਸੇਠ ਨੇ ਕਿਹਾ, "ਜਦੋਂ ਤੁਸੀਂ ਐਸੀ ਤਸਵੀਰ ਬਣਾ ਕੇ ਲਿਆਵੋਗੇ ਜਿਹੜੀ ਮੇਰੀ ਸ਼ਕਲ ਨਾਲ ਹੂਬਹੂ ਮਿਲਦੀ ਹੋਵੇਗੀ, ਤਾਂ ਹੀ ਮੈਂ ਉਸ ਨੂੰ ਖਰੀਦਾਂਗਾ।”
ਦੂਜੇ ਦਿਨ ਚਿੱਤਰਕਾਰ ਨੇ ਇਕ ਹੋਰ ਤਸਵੀਰ ਬਣਾ ਲਿਆਂਦੀ ਜਿਹੜੀ ਬਿਲਕੁਲ ਸੇਠ ਦੇ ਉਸ ਚਿਹਰੇ ਨਾਲ ਮਿਲਦੀ ਸੀ ਜਿਹੜਾ ਸੇਠ ਨੇ ਪਹਿਲੇ ਦਿਨ ਬਣਾਇਆ ਸੀ। ਇਸ ਵਾਰੀ ਫਿਰ ਸੇਠ ਨੇ ਆਪਣਾ ਚਿਹਰਾ ਬਦਲ ਲਿਆ ਅਤੇ ਚਿੱਤਰਕਾਰ ਦੀ ਬਣਾਈ ਤਸਵੀਰ ਵਿਚ ਗਲਤੀਆਂ ਕੱਢਣ ਲੱਗਾ।
ਚਿੱਤਰਕਾਰ ਬੜਾ ਸ਼ਰਮਿੰਦਾ ਹੋਇਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਤਰ੍ਹਾਂ ਦੀ ਗਲਤੀ ਉਸ ਤੋਂ ਕਿਉਂ ਹੋ ਰਹੀ ਹੈ।
ਅਗਲੇ ਦਿਨ ਉਹ ਇਕ ਹੋਰ ਤਸਵੀਰ ਬਣਾ ਕੇ ਲੈ ਗਿਆ ਪਰ ਉਸ ਦਾ ਹਸ਼ਰ ਵੀ ਉਹੀ ਹੋਇਆ ਜਿਹੜਾ ਪਹਿਲਾਂ ਦੋ ਵਾਰੀ ਹੋ ਚੁੱਕਾ ਸੀ। ਚਿੱਤਰਕਾਰ ਨੇ ਉਸ ਮਗਰੋਂ ਸੇਠ ਦੀਆਂ ਦੋ-ਤਿੰਨ ਤਸਵੀਰਾਂ ਹੋਰ ਬਣਾਈਆਂ ਪਰ ਹਰ ਵਾਰੀ ਨਿਰਾਸ਼ ਹੀ ਹੋਣਾ ਪਿਆ। ਹੁਣ ਤਕ ਉਸ ਦੀ ਸਮਝ ਵਿਚ ਸੇਠ ਜੀ ਦੀ ਗੱਲ ਆ ਚੁੱਕੀ ਸੀ। ਉਹ ਜਾਣਦਾ ਸੀ ਕਿ ਕੰਜੂਸ ਸੇਠ ਅਸਲ ਵਿਚ ਪੈਸੇ ਹੀ ਨਹੀਂ ਦੇਣੇ ਚਾਹੁੰਦਾ। ਉਧਰ ਚਿੱਤਰਕਾਰ ਆਪਣੀ ਕਈ ਦਿਨਾਂ ਦੀ ਮਿਹਨਤ ਵੀ ਬੇਕਾਰ ਨਹੀਂ ਸੀ ਜਾਣ ਦੇਣੀ ਚਾਹੁੰਦਾ।
ਬਹੁਤ ਸੋਚਣ ਮਗਰੋਂ ਉਹ ਤੈਨਾਲੀ ਰਾਮ ਕੋਲ ਗਿਆ ਤੇ ਆਪਣੀ ਸਮੱਸਿਆ ਉਸ ਨੂੰ ਦੱਸੀ। ਕੁਝ ਸਮਾਂ ਸੋਚਣ ਮਗਰੋਂ ਤੈਨਾਲੀ ਰਾਮ ਨੇ ਕਿਹਾ - ਕੱਲ਼ ਤੁਸੀਂ ਉਸ ਕੋਲ ਇਕ ਸ਼ੀਸ਼ਾ ਲੈ ਜਾਣਾ ਤੇ ਕਹਿਣਾ ਬਿਲਕੁਲ ਤੁਹਾਡੀ ਤਸਵੀਰ ਲਿਆਇਆ ਹਾਂ। ਚੰਗੀ ਤਰ੍ਹਾਂ ਮੂੰਹ ਮਿਲਾ ਕੇ ਦੇਖ ਲਵੋ। ਤੁਹਾਨੂੰ ਬਿਲਕੁਲ ਫ਼ਰਕ ਨਹੀਂ ਦਿਸੇਗਾ। ਬਸ, ਫਿਰ ਤੁਹਾਡਾ ਕੰਮ ਹੋਇਆ ਹੀ ਸਮਝੋ।” .
ਅਗਲੇ ਦਿਨ ਚਿੱਤਰਕਾਰ ਨੇ ਇਉਂ ਹੀ ਕੀਤਾ। ਉਹ ਸ਼ੀਸ਼ਾ ਲੈ ਕੇ ਸੇਠ ਕੋਲ ਪਹੁੰਚਿਆ ਅਤੇ ਉਸ ਦੇ ਸਾਹਮਣੇ ਰੱਖ ਦਿੱਤਾ।
"ਲਉ ਸੇਠ ਜੀ, ਬਿਲਕੁਲ ਤੁਹਾਡੀ ਹੀ ਤਸਵੀਰ ਹੈ, ਇਸ ਵਿਚ ਗਲਤੀ ਦੀ ਬਿਲਕੁਲ ਗੁੰਜਾਇਸ਼ ਨਹੀਂ ਹੈ।” ਚਿੱਤਰਕਾਰ ਨੇ ਆਪਣੀ ਮੁਸਕਰਾਹਟ ਨੂੰ ਦਬਾਉਂਦਿਆਂ ਕਿਹਾ।
“ਪਰ ਇਹ ਤਾਂ ਸ਼ੀਸ਼ਾ ਹੈ।“ ਸੇਠ ਨੇ ਝੁੰਝਲਾ ਕੇ ਕਿਹਾ।
'ਪਰ ਤੁਹਾਡੀ ਤਸਵੀਰ ਸ਼ੀਸ਼ੇ ਤੋਂ ਬਿਨਾਂ ਹੋਰ ਕੋਈ ਬਣਾ ਵੀ ਕਿਵੇਂ ਸਕਦਾ ਹੈ? ਛੇਤੀ ਨਾਲ ਮੇਰੀਆਂ ਤਸਵੀਰਾਂ ਦੀ ਕੀਮਤ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਕੱਢੇ। ਚਿੱਤਰਕਾਰ ਨੇ ਕਿਹਾ।
ਸੇਠ ਸਮਝ ਗਿਆ ਕਿ ਇਹ ਸਿਰਫ ਤੈਨਾਲੀ ਰਾਮ ਦੀ ਸਿਆਣਪ ਦਾ ਹੀ ਨਤੀਜਾ ਹੈ। ਉਸ ਨੇ ਇਕਦਮ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਚਿੱਤਰਕਾਰ ਨੂੰ ਦੇ ਦਿੱਤੀਆਂ।
ਤੈਨਾਲੀ ਰਾਮ ਨੇ ਜਦੋਂ ਇਹ ਘਟਨਾ ਮਹਾਰਾਜ ਕ੍ਰਿਸ਼ਨਦੇਵ ਰਾਇ ਨੂੰ ਸੁਣਾਈ ਤਾਂ ਉਹ ਬਹੁਤ ਹੱਸੇ।
0 Comments