ਜੋਤਸ਼ੀ ਦੀ ਭਵਿੱਖਬਾਣੀ
Jyotish di Bhavishyavani
ਬੀਜਾਪੁਰ ਦੇ ਸੁਲਤਾਨ ਨੂੰ ਪਤਾ ਲੱਗਾ ਕਿ ਉਸ ਦਾ ਭੇਜਿਆ ਜਲੂਸ ਰਾਜਾ ਸਾਹਿਬ ਹੈ। ਉਸ ਨੂੰ ਇਹ ਵੀ ਪਤਾ ਲੱਗਾ ਕਿ ਵਿਜੈਨਗਰ ਦੇ ਰਾਜਾ ਰਾਇਪੁਰ (ਬੀਜਾਪੁਰ) ਉਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਸੁਲਤਾਨ ਘਬਰਾ ਗਿਆ। ਉਹ ਜਾਣਦਾ ਸੀ ਕਿ ਐਨੇ ਕੁਸ਼ਲ ਸੈਨਾਪਤੀ ਦੀ ਅਗਵਾਹੀ ਵਿਚ ਵਿਜੈਨਗਰ ਦੀ ਫੌਜ ਜ਼ਰੂਰ ਜਿੱਤ ਜਾਵੇਗੀ। ਉਸ ਨੇ ਇਕ ਚਾਲ ਖੇਡੀ।
ਉਸ ਨੇ ਵਿਜੈਨਗਰ ਦੇ ਰਾਜ ਜੋਤਸ਼ੀ ਨੂੰ ਇਕ ਲੱਖ ਰੁਪਏ ਦੇ ਕੇ ਆਪਣੇ ਨਾਲ ਮਿਲਾ ਲਿਆ ਤੇ ਕਿਹਾ ਕਿ ਉਹ ਇਹ ਭਵਿੱਖਬਾਣੀ ਕਰੇ ਕਿ ਰਾਜੇ ਨੇ ਜੇ ਤੁੰਗਭਦਰਾ ਨਦੀ ਇਕ ਸਾਲ ਖ਼ਤਮ ਹੋਣ ਤੋਂ ਪਹਿਲਾਂ ਪਾਰ ਕੀਤੀ ਤਾਂ ਉਹ ਮਰ ਜਾਵੇਗਾ।
ਜੋਤਸ਼ੀ ਨੇ ਇਕ ਲੱਖ ਰੁਪਏ ਲੈ ਕੇ ਇਹ ਭਵਿੱਖਬਾਣੀ ਕਰ ਦਿੱਤੀ। ਰਾਜੇ ਨੇ ਸੁਣਿਆ ਤਾਂ ਹੱਸ ਪਿਆ, "ਮੈਂ ਇਹ ਨਹੀਂ ਮੰਨਦਾ ਕਿ ਇਸ ਵੇਲੇ ਹਮਲਾ ਕਰਨ ਵਿਚ ਕੋਈ ਖ਼ਤਰਾ ਹੈ।”
ਦਰਬਾਰੀਆਂ ਤੇ ਫੌਜੀਆਂ ਨੂੰ ਜ਼ਰੂਰ ਰਾਜੇ ਦੀ ਜਾਨ ਦਾ ਫਿਕਰ ਸੀ। ਉਨ੍ਹਾਂ ਨੇ ਰਾਜੇ ਨੂੰ ਕਿਹਾ, “ਮਹਾਰਾਜ ਕਰੋੜਾਂ ਲੋਕਾਂ ਦੀ ਸੁਰੱਖਿਆ ਤੁਹਾਡੇ ਉਪਰ ਨਿਰਭਰ ਹੈ। ਘੱਟੋ-ਘਟ ਉਨ੍ਹਾਂ ਦਾ ਧਿਆਨ ਰੱਖ ਕੇ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਾ ਪਾਵੋ। ਜੇ ਤੁਸੀਂ ਇਕ ਸਾਲ ਉਡੀਕ ਕਰ ਲਵੋ ਤਾਂ ਕੋਈ ਫ਼ਰਕ ਨਹੀਂ ਪੈਣ ਲੱਗਾ। ਤੁਹਾਡੀ ਤਾਕਤ ਅੱਗੇ ਬੀਜਾਪੁਰ ਟਿਕ ਨਹੀਂ ਸਕੇਗਾ। ਤੁਸੀਂ ਹਾਲੇ ਹਮਲਾ ਨਾ ਹੀ ਕਰੋ ਤਾਂ ਚੰਗਾ ਹੈ।
ਇਧਰ ਰਾਣੀਆਂ ਨੇ ਵੀ ਰਾਜੇ ਦੀ ਮਿੰਨਤ ਕੀਤੀ ਕਿ ਬੀਜਾਪੁਰ ਦਾ ਹਮਲਾ ਇਕ ਸਾਲ ਲਈ ਰੁਕ ਜਾਵੇ।
ਰਾਜੇ ਨੇ ਤੈਨਾਲੀ ਰਾਮ ਨੂੰ ਕਿਹਾ, “ਮੈਂ ਬੀਜਾਪੁਰ ਉਪਰ ਹੁਣੇ ਹੀ ਹਮਲਾ ਕਰਨਾ ਚਾਹੁੰਦਾ ਹਾਂ, ਪਰ ਰਾਣੀਆਂ ਤੇ ਦਰਬਾਰੀਆਂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ।”
ਤੈਨਾਲੀ ਰਾਮ ਵੀ ਰਾਜੇ ਨਾਲ ਸਹਿਮਤ ਸੀ। ਉਸ ਨੇ ਕਿਹਾ, “ਹਰ ਇਕ ਭਵਿੱਖਬਾਣੀ ਸੱਚੀ ਨਹੀਂ ਹੁੰਦੀ। ਉਸ ਉਪਰ ਭਰੋਸਾ ਨਹੀਂ ਕਰਨਾ ਚਾਹੀਦਾ।"
“ਮੈਂ ਚਾਹੁੰਦਾ ਹਾਂ ਕਿ ਕੋਈ ਇਸ ਜੋਤਸ਼ੀ ਦੀ ਭਵਿੱਖਬਾਣੀ ਨੂੰ ਗਲਤ ਸਿੱਧ ਕਰੇ।
ਜੇ ਕੋਈ ਇਉਂ ਕਰੇ ਤਾਂ ਮੈਂ ਉਸ ਨੂੰ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦਿਆਂਗਾ।” ਰਾਜੇ ਨੇ ਕਿਹਾ।
“ਇਹ ਕੰਮ ਤੁਸੀਂ ਮੈਨੂੰ ਸੌਂਪ ਦਿਉ ਪਰ ਇਕ ਸ਼ਰਤ ਹੈ। ਜੋਤਸ਼ੀ ਨੂੰ ਗਲਤ ਸਿੰਧ ਕਰਨ ਲਈ ਜੇ ਕੋਈ ਸਜ਼ਾ ਦੇਣੀ ਪਵੇ ਤਾਂ ਇਸ ਲਈ ਮਹਾਰਾਜ ਮੈਨੂੰ ਮੁਆਫ ਕਰਨ। ਤੈਨਾਲੀ ਰਾਮ ਨੇ ਕਿਹਾ।
"ਜੇ ਉਹ ਝੂਠ ਬੋਲ ਰਿਹਾ ਹੈ ਤਾਂ ਤੁਹਾਨੂੰ ਹੱਕ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਵੀ ਦੇ ਸਕਦੇ ਹੋ।" ਰਾਜੇ ਨੇ ਕਿਹਾ।
ਤੈਨਾਲੀ ਰਾਮ ਨੇ ਆਪਣੇ ਦੋਸਤ ਸੈਨਾਪਤੀ ਨਾਲ ਮਿਲ ਕੇ ਇਕ ਯੋਜਨਾ ਬਣਾਈ। ਅਗਲੇ ਦਿਨ ਤੈਨਾਲੀ ਰਾਮ ਨੇ ਰਾਜੇ ਦੇ ਸਾਹਮਣੇ ਜੋਤਸ਼ੀ ਨੂੰ ਪੁੱਛਿਆ, "ਜੋਤਸ਼ੀ ਜੀ, ਕੀ ਤੁਹਾਡੀਆਂ ਸਾਰੀਆਂ ਭਵਿੱਖਬਾਣੀਆਂ ਸੱਚ ਹੁੰਦੀਆਂ ਹਨ ?"
"ਇਸ ਵਿਚ ਕੀ ਸ਼ਕ ਹੈ ? "ਜੋਤਸ਼ੀ ਨੇ ਕਿਹਾ “ਜੇ ਕੋਈ ਮੇਰੀ ਇਕ ਵੀ ਭਵਿੱਖਬਾਣੀ ਝੂਠੀ ਸਾਬਤ ਕਰੇ ਤਾਂ ਮੈਂ ਆਪਣੀ ਜਾਨ ਤਕ ਦੇਣ ਲਈ ਤਿਆਰ ਹਾਂ।"
"ਫਿਰ ਤਾਂ ਤੁਹਾਡੇ ਵਰਗੇ ਮਹਾਨ ਜੋਤਸ਼ੀ ਨੂੰ ਪ੍ਰਾਪਤ ਕਰਕੇ ਸਾਡਾ ਦੇਸ਼ ਧੰਨ ਹੈ। ਕੀ ਮੈਂ ਜਾਣ ਸਕਦਾ ਹਾਂ ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ ? ਅਤੇ ਤੁਸੀਂ ਕਿੰਨੇ ਸਾਲ ਜੀਵੋਗੇ ?" ਤੈਨਾਲੀ ਰਾਮ ਨੇ ਕਿਹਾ।
“ਇਸ ਵੇਲੇ ਮੇਰੀ ਉਮਰ 44 ਸਾਲ ਹੈ ਅਤੇ ਮੈਂ 30 ਸਾਲ ਹੋਰ ਜਾਣਾ ਹੈ। ਕਿਸਮਤ ਅਨੁਸਾਰ ਮੇਰੀ ਉਮਰ ਮਰਨ ਵੇਲੇ 74 ਸਾਲ ਦੀ ਹੋਵੇਗੀ। ਇਸ ਵਿਚ ਇਕ ਵੀ ਪਲ ਦਾ ਘਾਟਾ-ਵਾਧਾ ਨਹੀਂ ਹੋ ਸਕਦਾ।" ਜੋਤਸ਼ੀ ਨੇ ਕਿਹਾ।
ਅਚਾਨਕ ਸੈਨਾਪਤੀ ਦੀ ਤਲਵਾਰ ਚਮਕੀ ਅਤੇ ਉਸ ਨੇ ਜੋਤਸ਼ੀ ਦਾ ਸਿਰ ਸਰੀਰ ਨਾਲੋਂ ਵੱਖ ਕਰ ਦਿੱਤਾ।
ਤੈਨਾਲੀ ਰਾਮ ਨੇ ਕਿਹਾ, "ਜੋਤਸ਼ੀ ਦੀ ਭਵਿੱਖਬਾਣੀ ਗਲਤ ਸਾਬਤ ਹੋ ਗਈ। ਮਾੜਾ ਸੋਚਣ ਵਾਲੇ ਨਾਲ ਮਾੜਾ ਹੀ ਹੁੰਦਾ ਹੈ। ਮੈਂ ਜਾਣਦਾ ਸਾਂ ਕਿ ਇਹ ਆਦਮੀ ਬੇਈਮਾਨ ਹੈ। ਇਹ ਦੂਜਿਆਂ ਦੀ ਕਿਸਮਤ ਬਾਰੇ ਦੱਸ ਰਹੇ ਸਨ ਪਰ ਆਪਣੀ ਹੀ ਕਿਸਮਤ ਪੜ੍ਹ ਨਹੀਂ ਸਕੇ।”
ਮਗਰੋਂ ਜੋਤਸ਼ੀ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਦੁਸ਼ਮਣ ਦੀਆਂ ਕਈ ਚਿੱਠੀਆਂ ਉਸ ਦੇ ਘਰੋਂ ਮਿਲੀਆਂ, ਜਿਨ੍ਹਾਂ ਵਿਚ ਉਸ ਦੀ ਦੇਸ਼ ਨਾਲ ਗਦਾਰੀ ਸਾਬਤ ਹੋ ਗਈ।
ਸਾਰਿਆਂ ਨੇ ਤੈਨਾਲੀ ਰਾਮ ਦੀ ਪ੍ਰਸੰਸਾ ਕੀਤੀ। ਰਾਜੇ ਨੇ ਉਸ ਨੂੰ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਬੀਜਾਪੁਰ ਉਪਰ ਹਮਲਾ ਕਰਕੇ ਉਸ ਨੂੰ ਜਿੱਤ ਲਿਆ। ਜਿੱਤ ਤੋਂ ਮਗਰੋਂ ਜਦੋਂ ਰਾਜਾ ਵਾਪਸ ਆਇਆ ਤਾਂ ਕਹਿਣ ਲੱਗਾ, “ਇਹ ਸਾਰਾ ਤੈਨਾਲੀ ਰਾਮ ਦੀ ਸਿਆਣਪ ਕਾਰਣ ਹੀ ਹੋ ਸਕਿਆ ਹੈ।”
ਉਨ੍ਹਾਂ ਨੇ ਤੈਨਾਲੀ ਰਾਮ ਨੂੰ ਸੋਨੇ ਦੀਆਂ ਮੋਹਰਾਂ ਦੀ ਇਕ ਵੱਡੀ ਸਾਰੀ ਥੈਲੀ ਹੋਰ ਭੇਟ ਕੀਤੀ।
0 Comments