ਮੁੰਹ ਨਾ ਦਿਖਾਉਣਾ
Muh na Dikhauna
ਰਾਜਾ ਕਿਸ਼ਨਦੇਵ ਰਾਇ ਕਿਸੇ ਗੱਲੋਂ ਤੈਨਾਲੀ ਰਾਮ ਨਾਲ ਨਾਰਾਜ਼ ਹੋ ਗਏ। ਉਨ੍ਹਾਂ ਨੇ ਤੈਨਾਲੀ ਰਾਮ ਨੂੰ ਕਿਹਾ - "ਕੱਲ੍ਹ ਦਰਬਾਰ ਵਿਚ ਮੂੰਹ ਨਾ ਦਿਖਾਈਂ। ਜੈ ਐਸਾ ਕੀਤਾ ਤਾਂ ਤੈਨੂੰ ਭਰੇ ਦਰਬਾਰ ਵਿਚ ਕੋੜੇ ਮਾਰੇ ਜਾਣਗੇ।”
ਦੂਜੇ ਦਿਨ ਰਾਜੇ ਨੂੰ ਦਰਬਾਰ ਜਾਂਦਿਆਂ ਪਤਾ ਲੱਗਾ ਕਿ ਤੈਨਾਲੀ ਰਾਮ ਦਰਬਾਰ ਵਿਚ ਆਇਆ ਹੋਇਆ ਹੈ ਅਤੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਕੇ ਤੇ ਮਖੌਲ ਕਰਦਿਆਂ ਸਾਰਿਆਂ ਨੂੰ ਹਸਾ ਰਿਹਾ ਹੈ। ਰਾਜੇ ਨੂੰ ਬੜੀ ਹੈਰਾਨੀ ਹੋਈ। ਕਿਹੋ ਜਿਹਾ ਅਜੀਬ ਮੁਰਖ ਬੰਦਾ ਹੈ ? ਇਹ ਜਾਣਦਿਆਂ ਵੀ ਦਰਬਾਰ ਵਿਚ ਆ ਗਿਆ ਕਿ ਕੋੜੇ ਖਾਣੇ ਪੈਣਗੇ। ਖੈਰ, ਅੱਜ ਤਾਂ ਇਸ ਨੂੰ ਸਜ਼ਾ ਦੇਣੀ ਹੀ ਪਵੇਗੀ।
ਜਦੋਂ ਰਾਜਾ ਦਰਬਾਰ ਵਿਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤੈਨਾਲੀ ਰਾਮ ਨੇ ਸਿਰ ਉਪਰ ਮਿੱਟੀ ਦਾ ਇਕ ਵੱਡਾ ਭਾਂਡਾ ਪਾਇਆ ਹੋਇਆ ਹੈ ਜਿਸ ਉਪਰ ਵੇਲਬੂਟੇ ਬਣੇ ਹੋਏ ਹਨ। ਉਸ ਭਾਂਡੇ ਨਾਲ ਤੈਨਾਲੀ ਰਾਮ ਦਾ ਸਾਰਾ ਸਿਰ ਤੇ ਚਿਹਰਾ ਲੁਕਿਆ ਪਿਆ ਸੀ।
"ਇਹ ਕੀ ਮਜ਼ਾਕ ਹੈ ?" ਰਾਜੇ ਨੇ ਕਿਹਾ, “ਅੱਜ ਤੈਨੂੰ ਮੇਰੇ ਹੁਕਮ ਦੀ ਉਲੰਘਣਾ ਕਾਰਣ ਕੋੜੇ ਖਾਣੇ ਪੈਣਗੇ।"
"ਪਰ ਮਹਾਰਾਜ ਮੈਂ ਤੁਹਾਡੇ ਹੁਕਮ ਦੀ ਉਲੰਘਣਾ ਕਦੋਂ ਕੀਤੀ ਹੈ ? ਮੈਂ ਤਾਂ ਤੁਹਾਡੇ ਹੁਕਮ ਦੀ ਪੂਰੀ ਪਾਲਣਾ ਕੀਤੀ ਹੈ। ਤੁਸੀਂ ਕਿਹਾ ਸੀ ਕਿ ਮੈਂ ਦਰਬਾਰ ਵਿਚ ਆਪਣਾ ਮੂੰਹ ਨਾ ਦਿਖਾਵਾਂ। ਮੈਂ ਤਾਂ ਆਪਣਾ ਸਾਰਾ ਚਿਹਰਾ ਇਸ ਭਾਂਡੇ ਨਾਲ ਲੁਕਾ ਲਿਆ ਹੈ।
ਰਾਜਾ ਠਹਾਕਾ ਮਾਰ ਕੇ ਹੱਸਿਆ ਤੇ ਕਹਿਣ ਲੱਗਾ - "ਮਸਖਰਿਆਂ ਤੇ ਪਾਗਲਾਂ ਨਾਲ ਨਾਰਾਜ਼ ਹੋਣ ਦਾ ਕੋਈ ਲਾਭ ਨਹੀਂ।
0 Comments