ਬੇਇੱਜਤੀ ਦਾ ਬਦਲਾ
Bejti da Badla
ਤੈਨਾਲੀ ਰਾਮ ਨੇ ਸੁਣਿਆ ਸੀ ਕਿ ਰਾਜਾ ਕ੍ਰਿਸ਼ਨਦੇਵ ਰਾਇ ਅਕਲਮੰਦਾਂ ਤੇ ਗੁਣਵਾਨਾਂ ਦੀ ਬੜੀ ਇੱਜ਼ਤ ਕਰਦਾ ਹੈ। ਉਸ ਨੇ ਸੋਚਿਆ ਕਿ ਕਿਉਂ ਨਾ ਉਥੇ ਜਾ ਕੇ ਆਪਣੀ ਕਿਸਮਤ ਅਜ਼ਮਾਈ ਜਾਵੇ। ਪਰ ਕਿਸੇ ਸਿਫਾਰਸ਼ ਤੋਂ ਬਿਨਾਂ ਰਾਜੇ ਤਕ ਪਹੁੰਚਣਾ ਟੇਢੀ ਖੀਰ ਸੀ। ਉਹ ਕਿਸੇ ਐਸੇ ਮੌਕੇ ਦੀ ਭਾਲ ਵਿਚ ਰਹਿਣ ਲੱਗਾ ਕਿ ਉਸ ਦੀ ਮੁਲਾਕਾਤ ਕਿਸੇ ਖਾਸ ਬੰਦੇ ਨਾਲ ਹੋਵੇ।
ਇਸੇ ਦੌਰਾਨ ਤੈਨਾਲੀ ਰਾਮ ਦਾ ਵਿਆਹ ਦੂਰ ਦੇ ਰਿਸ਼ਤੇ ਦੀ ਇਕ ਕੁੜੀ ਮਗੱਮਾ ਨਾਲ ਹੋ ਗਿਆ। ਇਕ ਸਾਲ ਮਗਰੋਂ ਉਸ ਦੇ ਘਰ ਮੁੰਡਾ ਹੋਇਆ।
ਇਨੀ ਦਿਨੀਂ ਰਾਜਾ ਕ੍ਰਿਸ਼ਨਦੇਵ ਰਾਇ ਦਾ ਰਾਜਗੁਰੁ ਤਾਤਾਚਾਰੀ ਤੈਨਾਲੀ ਰਾਮ ਕੋਲ ਮੰਗਲਗਿਰੀ ਨਾਮੀ ਸਥਾਨ ਤੋਂ ਆਇਆ। ਉਥੇ ਜਾ ਕੇ ਰਾਮਲਿੰਗ ਨੇ ਉਸ ਦੀ ਬੜੀ ਸੇਵਾ ਕੀਤੀ ਅਤੇ ਉਸ ਨੂੰ ਆਪਣੀ ਸਮੱਸਿਆ ਦੱਸੀ।
ਰਾਜਗੁਰੂ ਬੜਾ ਚਲਾਕ ਸੀ। ਉਸ ਨੇ ਰਾਮਲਿੰਗ ਤੋਂ ਬੜੀ ਸੇਵਾ ਕਰਵਾਈ ਅਤੇ ਲੰਬੇ ਚੌੜੇ ਵਾਅਦੇ ਕਰਦਾ ਰਿਹਾ। ਰਾਮਲਿੰਗ ਉਰਫ ਤੈਨਾਲੀ ਰਾਮ ਨੇ ਉਸ ਦੀਆਂ ਗੱਲਾਂ ਉਪਰ ਵਿਸ਼ਵਾਸ ਕਰ ਲਿਆ ਅਤੇ ਰਾਜਗੁਰੂ ਨੂੰ ਖੁਸ਼ ਰੱਖਣ ਲਈ ਦਿਨ ਰਾਤ ਇਕ ਕਰ ਦਿੱਤਾ। ਰਾਜਗੁਰੂ ਉਪਰੋਂ ਤਾਂ ਚਿਕਨੀਆਂ-ਚੋਪੜੀਆਂ ਗੱਲਾਂ ਕਰਦਾ ਰਿਹਾ ਪਰ ਅੰਦਰੋਂ ਤੈਨਾਲੀ ਰਾਮ ਤੋਂ ਸੜਨ ਲੱਗਾ। ਉਸ ਨੇ ਸੋਚਿਆ ਕਿ ਐਨਾ ਅਕਲਮੰਦ ਤੇ ਵਿਦਵਾਨ ਬੰਦਾ ਜੇਕਰ ਰਾਜੇ ਦੇ ਦਰਬਾਰ ਵਿਚ ਆ ਗਿਆ ਤਾਂ ਉਸ ਦੀ ਆਪ ਦੀ ਕੀਮਤ ਘੱਟ ਜਾਵੇਗੀ। ਪਰ ਜਾਣ ਵੇਲੇ ਉਸ ਨੇ ਵਾਅਦਾ ਕੀਤਾ ਕਿ ਜਦੋਂ ਵੀ ਮੈਨੂੰ ਉਚਿਤ ਮੌਕਾ ਲੱਗਾ, ਮੈਂ ਰਾਜੇ ਨਾਲ ਤੇਰੀ ਪਛਾਣ ਕਰਾਉਣ ਲਈ ਬੁਲਾ ਲਵਾਂਗਾ।”
ਤੈਨਾਲੀ ਰਾਮ ਰਾਜਗੁਰੂ ਦੇ ਬੁਲਾਵੇ ਨੂੰ ਬੜੀ ਉਤਸੁਕਤਾ ਨਾਲ ਉਡੀਕਣ ਲੱਗਾ, ਪਰ ਬੁਲਾਵਾ ਨਾ ਆਉਣਾ ਸੀ ਤੇ ਨਾ ਹੀ ਆਇਆ। ਲੋਕ ਉਸ ਨੂੰ ਹੱਸ ਕੇ ਪੁੱਛਦੇ, "ਕਿਉਂ ਬਈ ਰਾਮਲਿੰਗ ਜਾਣ ਲਈ ਸਮਾਨ ਬੰਨ੍ਹ ਲਿਆ ?"
ਕੋਈ ਕਹਿੰਦਾ 'ਮੈਂ ਤਾਂ ਸੁਣਿਆ ਹੈ ਕਿ ਤੈਨੂੰ ਵਿਜੈਨਗਰ ਬੁਲਾਉਣ ਲਈ ਰਾਜੇ ਨੇ ਖਾਸ ਦੂਤ ਭੇਜਿਆ ਹੈ।"
ਤੇਨਾਲੀ ਰਾਮ ਜਵਾਬ ਦਿੰਦਾ, "ਸਮਾਂ ਆਉਣ ਤੇ ਸਭ ਕੁਝ ਹੋਵੇਗਾ। ਪਰ ਦਿਲ ਹੀ ਦਿਲ ਵਿੱਚ ਉਸ ਦਾ ਵਿਸ਼ਵਾਸ ਰਾਜਗੁਰੂ ਤੋਂ ਟੁੱਟ ਗਿਆ।
ਤੈਨਾਲੀ ਰਾਮ ਨੇ ਬਹੁਤ ਦਿਨ ਇਸ ਆਸ ਨਾਲ ਉਡੀਕ ਕੀਤੀ ਕਿ ਰਾਜਗੁਰੂ ਉਸ ਵਿਜੈਨਗਰ ਬੁਲਾ ਲਵੇਗਾ। ਅਖੀਰ ਨਿਰਾਸ਼ ਹੋ ਕੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪ ਹੀ ਵਿਜੈਨਗਰ ਜਾਵੇਗਾ। ਉਸ ਨੇ ਆਪਣਾ ਘਰ ਤੇ ਘਰ ਦਾ ਸਾਰਾ ਸਮਾਨ ਵੇਚ ਕੇ ਸਫਰ ਦਾ ਖਰਚਾ ਇਕੱਠਾ ਕੀਤਾ ਅਤੇ ਮਾਂ, ਪਤਨੀ ਤੇ ਬੱਚੇ ਨੂੰ ਲੈ ਕੇ ਵਿਜੈਨਗਰ ਲਈ ਤੁਰ ਪਿਆ। ਸਫਰ ਵਿਚ ਜਿਥੇ ਕਿਧਰੇ ਰੁਕਾਵਟ ਆਉਂਦੀ ਤੈਨਾਲੀ ਰਾਮ ਰਾਜਗੁਰੂ ਦਾ ਨਾਂ ਲੈ ਕੇ ਕਹਿੰਦਾ ਕਿ ਮੈਂ ਉਨ੍ਹਾਂ ਦਾ ਚੇਲਾ ਹਾਂ।”
ਉਸ ਨੇ ਮਾਂ ਨੂੰ ਕਿਹਾ, "ਦੇਖਿਆ ? ਜਿਥੇ ਵੀ ਰਾਜਗੁਰੂ ਦਾ ਨਾਂ ਲਿਆ, ਮੁਸ਼ਕਲ ਹਲ ਹੋ ਗਈ। ਬੰਦਾ ਭਾਵੇਂ ਕਿਹੋ ਜਿਹਾ ਵੀ ਹੋਵੇ, ਉਸ ਦਾ ਨਾਂ ਉੱਚਾ ਹੋਵੇ ਤਾਂ ਸਾਰੀਆਂ ਰੁਕਾਵਟਾਂ ਆਪਣੇ ਆਪ ਦੂਰ ਹੋਣ ਲੱਗਦੀਆਂ ਹਨ। ਮੈਨੂੰ ਵੀ ਆਪਣਾ ਨਾਂ ਬਦਲਣਾ ਹੀ ਪਵੇਗਾ। ਰਾਜਾ ਕ੍ਰਿਸ਼ਨਦੇਵ ਰਾਇ ਪ੍ਰਤੀ ਸਤਿਕਾਰ ਦਿਖਾਉਣ ਲਈ ਮੈਨੂੰ ਵੀ ਆਪਣੇ ਨਾਂ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਦਾ ਕ੍ਰਿਸ਼ਨ ਸ਼ਬਦ ਜੋੜ ਲੈਣਾ ਚਾਹੀਦਾ ਹੈ। ਅੱਜ ਤੋਂ ਮੇਰਾ ਨਾਂ ਰਾਮਲਿੰਗ ਦੀ ਥਾਂ ਰਾਮਕ੍ਰਿਸ਼ਨ ਹੈ।”
"ਪੁੱਤਰ ਮੇਰੇ ਲਈ ਤਾਂ ਦੋਵੇਂ ਨਾਂ ਹੀ ਬਰਾਬਰ ਹਨ। ਮੈਂ ਤਾਂ ਪਹਿਲਾਂ ਹੀ ਤੈਨੂੰ ਰਾਮ ਕਹਿ ਕੇ ਬੁਲਾਉਂਦੀ ਹਾਂ, ਫਿਰ ਵੀ ਇਸੇ ਨਾਮ ਨਾਲ ਹੀ ਬਲਾਵਾਂਗੀ। ਮਾਂ ਨੇ ਕਿਹਾ।
ਕੋਡਵੀੜ ਨਾਮੀ ਸਥਾਨ ਤੇ ਤੈਨਾਲੀ ਰਾਮ ਦੀ ਮੁਲਾਕਾਤ ਉਥੋਂ ਦੇ ਰਾਜ-ਪ੍ਰਮੁੱਖ ਨਾਲ ਹੋਈ, ਜਿਹੜਾ ਵਿਜੈਨਗਰ ਦੇ ਪ੍ਰਧਾਨ ਮੰਤਰੀ ਦਾ ਰਿਸ਼ਤੇਦਾਰ ਸੀ। ਉਸ ਨੇ ਦੱਸਿਆ ਕਿ ਮਹਾਰਾਜ ਬੜੇ ਗੁਣਵਾਨ, ਵਿਦਵਾਨ ਤੇ ਉਦਾਰ ਹਨ ਪਰ ਉਨ੍ਹਾਂ ਨੂੰ ਕਦੀ ਕਦੀ ਜਦੋਂ ਗੁੱਸਾ ਆਉਦਾ ਹੈ ਤਾਂ ਦੇਖਦਿਆਂ ਹੀ ਦੇਖਦਿਆਂ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਜਾਂਦੇ ਹਨ।
"ਜਦੋਂ ਤਕ ਮਨੁੱਖ ਖਤਰਾ ਮੁੱਲ ਨਾ ਲਵੇ ਉਹ ਸਫਲ ਨਹੀਂ ਹੋ ਸਕਦਾ। ਮੈਂ ਆਪਣਾ ਸਿਰ ਬਚਾ ਸਕਦਾ ਹਾਂ। ਤੈਨਾਲੀ ਰਾਮ ਦੀ ਆਵਾਜ਼ ਵਿਚ ਆਤਮ ਵਿਸ਼ਵਾਸ ਸੀ।
ਰਾਜਪ੍ਰਮੁੱਖ ਨੇ ਉਸ ਨੂੰ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਵੀ ਗੁਣੀ ਬੰਦੇ ਦਾ ਆਦਰ ਕਰਦੇ ਹਨ ਪਰ ਇਹੋ ਜਿਹੇ ਲੋਕਾਂ ਲਈ ਉਨ੍ਹਾਂ ਕੋਲ ਕੋਈ ਥਾਂ ਨਹੀਂ ਹੈ ਜਿਹੜੇ ਆਪਣੀ ਸਹਾਇਤਾ ਆਪ ਨਹੀਂ ਕਰ ਸਕਦੇ।
ਚਾਰ ਮਹੀਨਿਆਂ ਦੇ ਲੰਮੇ ਸਫਰ ਮਗਰੋਂ ਤੈਨਾਲੀ ਰਾਮ ਆਪਣੇ ਪਰਿਵਾਰ ਦੇ ਨਾਲ ਵਿਜੇਨਗਰ ਪਹੁੰਚਿਆ। ਉਥੋਂ ਦੀ ਚਮਕ-ਦਮਕ ਦੇਖ ਕੇ ਤਾਂ ਉਹ ਹੈਰਾਨ ਹੀ ਰਹਿ ਗਿਆ। ਚੌੜੀਆਂ-ਚੌੜੀਆਂ ਸੜਕਾਂ, ਭੀੜ, ਹਾਥੀ ਘੋੜੇ, ਸਜੀਆਂ ਦੁਕਾਨਾਂ ਅਤੇ ਸ਼ਾਨਦਾਰ ਇਮਾਰਤਾਂ ਇਹ ਸਾਰੀਆਂ ਉਸ ਵਾਸਤੇ ਨਵੀਆਂ ਚੀਜ਼ਾਂ ਸਨ।
ਉਸ ਨੇ ਕੁਝ ਦਿਨ ਠਹਿਰਨ ਲਈ ਉਥੇ ਇਕ ਪਰਿਵਾਰ ਨੂੰ ਬੇਨਤੀ ਕੀਤੀ। ਉਥੇ ਆਪਣੀ ਮਾਂ, ਪਤਨੀ ਤੇ ਬੱਚੇ ਨੂੰ ਛੱਡ ਕੇ ਉਹ ਰਾਜਗੁਰੂ ਕੋਲ ਪਹੁੰਚਿਆ। ਉਥੇ ਤਾਂ ਭੀੜ ਦਾ ਕੋਈ ਅੰਤ ਹੀ ਨਹੀਂ ਸੀ। ਰਾਜ ਮਹੱਲ ਦੇ ਵੱਡੇ ਤੋਂ ਵੱਡੇ ਕਰਮਚਾਰੀਆਂ ਤੋਂ ਲੈ ਕੇ ਰਸੋਈਏ ਤਕ ਉਥੇ ਇਕੱਠੇ ਸਨ। ਨੌਕਰ-ਚਾਕਰ ਵੀ ਕੋਈ ਘੱਟ ਨਹੀਂ ਸਨ। ਤੈਨਾਲੀ ਰਾਮ ਨੇ ਇਕ ਨੌਕਰ ਨੂੰ ਸੁਨੇਹਾ ਦੇ ਕੇ ਭੇਜਿਆ ਕਿ ਉਨ੍ਹਾਂ ਨੂੰ ਕਹੋ ਕਿ ਤੈਨਾਲੀ ਰਾਮ ਪਿੰਡ ਤੋਂ ਰਾਮ ਆਇਆ ਹੈ।
ਨੌਕਰ ਨੇ ਵਾਪਸ ਆ ਕੇ ਕਿਹਾ, “ਰਾਜਗੁਰੂ ਨੇ ਕਿਹਾ ਹੈ ਕਿ ਉਹ ਇਸ ਨਾਂ ਦੇ ਕਿਸੇ ਬੰਦੇ ਨੂੰ ਨਹੀਂ ਜਾਣਦੇ।”
ਤੈਨਾਲੀ ਰਾਮ ਬੜਾ ਹੈਰਾਨ ਹੋਇਆ। ਉਹ ਨੌਕਰਾਂ ਨੂੰ ਪਿੱਛੇ ਹਟਾਉਂਦਾ ਹੋਇਆ ਸਿੱਧਾ ਰਾਜਗੁਰੂ ਕੋਲ ਪਹੁੰਚ ਗਿਆ, “ਰਾਜਗੁਰੂ ਤੁਸੀ ਮੈਨੂੰ ਪਛਾਣਿਆ ਨਹੀਂ ? ਮੈਂ ਰਾਮਲਿੰਗ ਹਾਂ ਜਿਸ ਨੇ ਮੰਗਲਗਿਰੀ ਵਿਚ ਤੁਹਾਡੀ ਸੇਵਾ ਕੀਤੀ ਸੀ।
ਰਾਜਗੁਰੂ ਉਸ ਨੂੰ ਕਿਥੇ ਪਛਾਣਨਾ ਚਾਹੁੰਦਾ ਸੀ। ਉਸ ਨੇ ਨੌਕਰਾਂ ਨੂੰ ਚੀਕਦਿਆਂ ਕਿਹਾ, "ਮੈਂ ਨਹੀਂ ਜਾਣਦਾ ਇਹ ਕੌਣ ਹੈ। ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਉ।"
ਨੌਕਰਾਂ ਨੇ ਤੈਨਾਲੀ ਰਾਮ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਚੁਫੇਰੇ ਖੜੇ ਲੋਕ ਇਹ ਨਜ਼ਾਰਾ ਦੇਖ ਕੇ ਠਹਾਕੇ ਲਗਾ ਰਹੇ ਸਨ। ਉਸ ਦੀ ਕਦੀ ਇਉਂ ਬੇਇਜ਼ਤੀ ਨਹੀਂ ਹੋਈ ਸੀ। ਉਸ ਨੇ ਦਿਲ ਵਿਚ ਫੈਸਲਾ ਕੀਤਾ ਕਿ ਰਾਜਗੁਰੂ ਤੋਂ ਉਹ ਆਪਣੀ ਬੇਇਜ਼ਤੀ ਦਾ ਬਦਲਾ ਜ਼ਰੂਰ ਲਵੇਗਾ। ਪਰ ਇਸ ਤੋਂ ਪਹਿਲਾਂ ਰਾਜੇ ਦਾ ਦਿਲ ਜਿੱਤਣਾ ਜ਼ਰੂਰੀ ਸੀ।
ਦੂਜੇ ਦਿਨ ਉਹ ਰਾਜ ਦਰਬਾਰ ਵਿਚ ਜਾ ਪਹੁੰਚਿਆ। ਉਸ ਨੇ ਦੇਖਿਆ ਕਿ ਉਥੇ ਬੜਾ ਤਿੱਖਾ ਵਾਦ-ਵਿਵਾਦ ਹੋ ਰਿਹਾ ਹੈ। ਸੰਸਾਰ ਕੀ ਹੈ ? ਜੀਵਨ ਕੀ ਹੈ ? ਐਸੀਆਂ ਵੱਡੀਆਂ ਵੱਡੀਆਂ ਗੱਲਾਂ ਬਾਰੇ ਬਹਿਸ ਹੋ ਰਹੀ ਸੀ। ਇਕ ਪੰਡਤ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ, "ਇਹ ਸੰਸਾਰ ਇਕ ਧੋਖਾ ਹੈ। ਅਸੀਂ ਜੋ ਦੇਖਦੇ ਸੁਣਦੇ ਹਾਂ, ਮਹਿਸੂਸ ਕਰਦੇ ਹਾਂ, ਖਾਂਦੇ ਜਾਂ ਸੁੰਘਦੇ ਹਾਂ, ਸਿਰਫ ਸਾਡੇ ਵਿਚਾਰ ਵਿਚ ਹੈ। ਅਸਲ ਵਿਚ ਇਹ ਸਾਰਾ ਕੁਝ ਨਹੀਂ ਹੁੰਦਾ। ਪਰ ਅਸੀਂ ਸੋਚਦੇ ਹਾਂ ਕਿ ਹੁੰਦਾ ਹੈ।"
“ਕੀ ਸਚਮੁੱਚ ਇਉਂ ਹੈ ?" ਤੈਨਾਲੀ ਰਾਮ ਨੇ ਕਿਹਾ।
“ਇਹੀ ਗੱਲ ਸਾਡੇ ਸ਼ਾਸਤਰਾਂ ਵਿਚ ਵੀ ਕਹੀ ਗਈ ਹੈ।” ਪੰਡਤ ਜੀ ਨੇ ਥੋੜਾ ਰੋਅਬ ਨਾਲ ਕਿਹਾ।
ਬਾਕੀ ਦੇ ਸਾਰੇ ਲੋਕ ਚੁੱਪ ਬੈਠੇ ਸਨ। ਸ਼ਾਸਤਰਾਂ ਨੇ ਜੋ ਕਿਹਾ ਹੈ ਉਹ ਝੂਠ ਕਿਵੇਂ ਹੋ ਸਕਦਾ ਹੈ ! ਪਰ ਤੈਨਾਲੀ ਰਾਮ ਸ਼ਾਸਤਰਾਂ ਨਾਲੋਂ ਵੱਧ ਆਪਣੀ ਅਕਲ ਉਪਰ ਵਿਸ਼ਵਾਸ ਕਰਦਾ ਸੀ। ਉਸ ਨੇ ਉਥੇ ਬੈਠੇ ਸਾਰੇ ਲੋਕਾਂ ਨੂੰ ਕਿਹਾ, "ਜੇ ਐਸੀ ਗੱਲ ਹੈ ਤਾਂ ਅਸੀਂ ਕਿਉਂ ਨਾ ਪੰਡਤ ਜੀ ਦੇ ਇਸ ਵਿਚਾਰ ਦੀ ਸੱਚਾਈ ਅੱਖਾਂ ਨਾਲ ਦੇਖ ਲਈਏ। ਸਾਡੇ ਮਹਾਰਾਜ ਜੀ ਵਲੋਂ ਅੱਜ ਦਾਅਵਤ ਦਿੱਤੀ ਜਾ ਰਹੀ ਹੈ, ਉਸ ਨੂੰ ਅਸੀਂ ਸਾਰੇ ਦਿਲ ਭਰ ਕੇ ਖਾਵਾਂਗੇ। ਪੰਡਤ ਜੀ ਨੂੰ ਬੇਨਤੀ ਹੈ ਕਿ ਉਹ ਬੈਠੇ ਰਹਿਣ ਅਤੇ ਸੋਚਣ ਕਿ ਉਹ ਵੀ ਖਾ ਰਹੇ ਹਨ।"
ਤੈਨਾਲੀ ਰਾਮ ਦੀ ਗੱਲ ਉਪਰ ਜੋਰ ਦਾ ਠਹਾਕਾ ਲੱਗਿਆ। ਪੰਡਤ ਜੀ ਦੀ ਸ਼ਕਲ ਦੇਖਣ ਵਾਲੀ ਸੀ। ਮਹਾਰਾਜ ਤੈਨਾਲੀ ਰਾਮ ਉਪਰ ਐਨੇ ਖੁਸ਼ ਹੋਏ ਕਿ ਉਸ ਨੂੰ ਸੋਨੇ ਦੀਆਂ ਮੋਹਰਾਂ ਦੀ ਥਾਲੀ ਭੇਟ ਕੀਤੀ ਅਤੇ ਉਸੇ ਵੇਲੇ ਤੈਨਾਲੀ ਰਾਮ ਨੂੰ ਰਾਜ ਦਾ ਮਸਖਰਾ ਬਣਾ ਦਿੱਤਾ। ਸਾਰੇ ਲੋਕਾਂ ਨੇ ਤਾੜੀਆਂ ਵਜਾ ਕੇ ਮਹਾਰਾਜ ਦੇ ਇਸ ਐਲਾਨ ਦਾ ਸਵਾਗਤ ਕੀਤਾ, ਉਨ੍ਹਾਂ ਵਿਚ ਰਾਜਗੁਰੂ ਵੀ ਸਨ।
0 Comments