ਕੁੱਤੇ ਦੀ ਪੂਛ
Kutte di Pooch
ਇਕ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਇਸ ਗੱਲ ਬਾਰੇ ਗਰਮਾ-ਗਰਮ ਬਹਿਸ ਹੋ ਰਹੀ ਸੀ ਕਿ ਮਨੁੱਖ ਦਾ ਸੁਭਾਅ ਬਦਲਿਆ ਜਾ ਸਕਦਾ ਹੈ ਕਿ ਨਹੀਂ। ਕੁਝ ਕਹਿ ਰਹੇ ਸਨ ਕਿ ਮਨੁੱਖ ਦਾ ਸੁਭਾਅ ਬਦਲਿਆ ਜਾ ਸਕਦਾ ਹੈ। ਕੁਝ ਦਾ ਵਿਚਾਰ ਸੀ ਕਿ ਇਹ ਨਹੀਂ ਹੋ ਸਕਦਾ, ਜਿਵੇਂ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੋ ਸਕਦੀ।
ਰਾਜੇ ਨੂੰ ਇਕ ਮਜ਼ਾਕ ਸੁਝਿਆ।
ਉਨ੍ਹਾਂ ਨੇ ਕਿਹਾ, “ਗੱਲ ਇਥੇ ਹੀ ਮੁਕਦੀ ਹੈ ਕਿ ਜੇ ਕੁੱਤੇ ਦੀ ਪੂਛ ਸਿੱਧੀ ਕੀਤੀ ਜਾ ਸਕਦੀ ਹੈ ਤਾਂ ਮਨੁੱਖ ਦਾ ਸੁਭਾਅ ਵੀ ਬਦਲਿਆ ਜਾ ਸਕਦਾ ਹੈ, ਨਹੀਂ ਤਾਂ ਨਹੀਂ ਬਦਲਿਆ ਜਾ ਸਕਦਾ।"
ਜਿਸ ਸਜਣ ਦਾ ਇਹ ਵਿਚਾਰ ਸੀ ਕਿ ਮਨੁੱਖ ਦਾ ਸੁਭਾਅ ਬਦਲਿਆ ਜਾ ਸਕਦਾ ਹੈ, ਉਹ ਕਹਿਣ ਲੱਗੇ, 'ਮੇਰਾ ਖ਼ਿਆਲ ਹੈ ਕਿ ਜੇ ਠੀਕ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਵੇ ਤਾਂ ਕੁੱਤੇ ਦੀ ਪੂਛ ਵੀ ਸਿੱਧੀ ਕੀਤੀ ਜਾ ਸਕਦੀ ਹੈ।”
ਰਾਜੇ ਨੇ ਹਾਸੇ ਨੂੰ ਅੱਗੇ ਵਧਾਉਂਦਿਆਂ ਕਿਹਾ - "ਠੀਕ ਹੈ, ਤੁਸੀਂ ਠੀਕ ਢੰਗ ਨਾਲ ਕੋਸ਼ਿਸ਼ ਕਰ ਕੇ ਦੇਖ ਲਵੋ।”
ਰਾਜੇ ਨੇ ਦਸ ਚੁਣੇ ਹੋਏ ਬੰਦਿਆਂ ਨੂੰ ਕੁੱਤੇ ਦਾ ਇਕ ਇਕ ਪਿੱਲਾ (ਕਤੂਰਾ) ਦੁਆਇਆ ਅਤੇ ਛੇ ਮਹੀਨੇ ਲਈ ਹਰ ਮਹੀਨੇ ਸੋਨੇ ਦੀਆਂ ਦਸ ਮੋਹਰਾਂ ਦੇਣਾ ਤੈਅ ਕੀਤਾ। ਇਨ੍ਹਾਂ ਸਾਰੇ ਲੋਕਾਂ ਨੇ ਕੁੱਤਿਆਂ ਦੀ ਪੂਛ ਸਿੱਧੀ ਕਰਨ ਦੀ ਕੋਸ਼ਿਸ਼ ਕਰਨੀ ਸੀ।
ਇਨ੍ਹਾਂ ਦਸਾਂ ਵਿਚੋਂ ਇਕ ਤੈਨਾਲੀ ਰਾਮ ਵੀ ਸੀ।
ਬਾਕੀ ਦੇ ਨੌ ਲੋਕਾਂ ਨੇ ਤਾਂ ਕੁੱਤੇ ਦੀ ਪੂਛ ਸਿੱਧੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਇਕ ਨੇ ਤਾਂ ਕੁੱਤੇ ਦੀ ਪੂਛ ਦੇ ਸਿਰ ਤੇ ਭਾਰੀ ਵਜ਼ਨ ਵੀ ਬੰਨ੍ਹ ਦਿੱਤਾ ਤਾਂ ਜੋ ਪੁਛ ਸਿੱਧੀ ਹੋ ਜਾਵੇ। ਦੂਜੇ ਨੇ ਪਿੱਲੇ ਦੀ ਪੂਛ ਨੂੰ ਇਕ ਸਿੱਧੀ ਨਲਕੀ ਵਿਚ ਪਾਈ ਰਖਿਆ।
ਤੀਜੇ ਨੇ ਹਰ ਰੋਜ਼ ਪੂਛ ਦੀ ਮਾਲਸ਼ ਕਰਵਾਈ।
ਚੌਥੇ ਨੇ ਇਕ ਬਾਹਮਣ ਨੂੰ ਆਪਣੇ ਘਰ ਰੱਖ ਲਿਆ ਜਿਹੜਾ ਕਿ ਹਰ ਰੋਜ਼ ਕੁੱਤੇ ਦੀ ਪੁਛ ਸਿੱਧੀ ਕਰਨ ਲਈ ਅਰਦਾਸ ਕਰਦਾ ਸੀ। ਪੰਜਵੇਂ ਨੇ ਕੋਈ ਦਵਾਈ ਦਿੱਤੀ।
ਛੇਵੇਂ ਨੇ ਕਿਸੇ ਤਾਂਤਰਿਕ ਨੂੰ ਫੜ ਲਿਆ ਜਿਹੜਾ ਕਈ ਊਜਲੂਲ ਵਾਕ ਬੋਲ ਕੇ ਅਤੇ ਮੰਤਰ ਪੜ੍ਹ ਕੇ ਕੋਸ਼ਿਸ਼ ਕਰਦਾ ਰਿਹਾ।
ਸੱਤਵੇਂ ਨੇ ਆਪਣੇ ਪਿੰਲੇ ਦਾ ਅਪਰੇਸ਼ਨ ਕਰਵਾਇਆ।
ਔਠਵਾਂ ਪਿੰਲੇ ਨੂੰ ਸਾਹਮਣੇ ਬਿਠਾ ਕੇ ਹਰ ਰੋਜ਼ ਭਾਸ਼ਣ ਦਿੰਦਾ ਰਿਹਾ ਕਿ ਭਰਾਵਾ ਪੁਛ ਸਿੰਧੀ ਰਖਿਆ ਕਰ।
ਨੌਵਾਂ ਪਿੰਲੇ ਨੂੰ ਮਠਿਆਈਆਂ ਖੁਆਉਂਦਾ ਰਿਹਾ ਕਿ ਸ਼ਾਇਦ ਇਸ ਨਾਲ ਇਹ ਮੰਨ ਜਾਵੇ ਅਤੇ ਆਪਣੀ ਪੂਛ ਸਿੱਧੀ ਕਰ ਲਵੇ।
ਪਰ ਤੈਨਾਲੀ ਰਾਮ ਪਿੱਲੇ ਨੂੰ ਬਹੁਤ ਥੋੜ੍ਹਾ ਖਾਣਾ ਦਿੰਦਾ ਜਿਸ ਨਾਲ ਕਿ ਉਹ ਜੀਉਂਦਾ ਰਹਿ ਸਕੇ। ਭੁੱਖਾ ਰਹਿ ਕੇ ਪਿਲਾ ਐਨਾ ਕਮਜ਼ੋਰ ਹੋ ਗਿਆ ਕਿ ਉਸ ਦੇ ਸਰੀਰ ਦੇ ਸਾਰੇ ਅੰਗ ਨਿਰਜੀਵ ਹੋ ਗਏ। ਉਹ ਪੁਛ ਵੀ ਬੇਜਾਨ ਜਿਹੀ ਲਮਕ ਗਈ ਜੋ ਦੇਖਣ ਵਾਲੇ ਨੂੰ ਸਿੱਧੀ ਹੀ ਲੱਗਦੀ ਸੀ।
ਛੇ ਮਹੀਨੇ ਲੰਘ ਜਾਣ ਮਗਰੋਂ ਰਾਜੇ ਨੇ ਸਾਂ ਕਤੂਰਿਆਂ ਨੂੰ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿੱਤਾ। ਨੌਂ ਬੰਦਿਆਂ ਨੇ ਤਾਂ ਹੱਟੇ-ਕੱਟੇ ਤੇ ਤੰਦਰੁਸਤ ਕਤੂਰੇ ਪੇਸ਼ ਕੀਤੇ।
ਜਦੋਂ ਪਹਿਲੇ ਕਤੂਰੇ ਦੀ ਪੂਛ ਤੋਂ ਵਜ਼ਨ ਹਟਾਇਆ ਗਿਆ ਤਾਂ ਉਹ ਫਿਰ ਟੇਢੀ ਹੋ ਕੇ ਉਪਰ ਹੋ ਗਈ। ਦੂਜੇ ਦੀ ਪੂਛ ਜਦੋਂ ਨਲਕੀ ਵਿਚੋਂ ਕੱਢੀ ਗਈ ਤਾਂ ਉਹ ਵੀ ਉਸੇ ਵੇਲੇ ਟੇਢੀ ਹੋ ਗਈ। ਬਾਕੀ ਸੱਤਾਂ ਦੀਆਂ ਪੂਛਾਂ ਵੀ ਟੇਢੀਆਂ ਹੀ ਰਹੀਆਂ। ਮਾਲਸ਼, ਦਵਾਈਆਂ, ਪੁਜਾ, ਪਾਠ ਤੇ ਮੰਤਰਾਂ ਆਦਿ ਦਾ ਕੋਈ ਲਾਭ ਨਾ ਹੋਇਆ। ਨਾ ਹੀ ਅਪਰੇਸ਼ਨ, ਉਪਦੇਸ਼, ਮਠਿਆਈ ਨਾਲ ਕੋਈ ਗੱਲ ਬਣੀ।
ਰਾਜੇ ਨੇ ਤੈਨਾਲੀ ਰਾਮ ਨੂੰ ਕਿਹਾ, “ਤੇਰਾ ਕਤੂਰਾ ਕਿਥੇ ਹੈ ? ਲਿਆ ਉਸ ਨੂੰ ਵੀ ਦੇਖੀਏ !
ਤੈਨਾਲੀ ਰਾਮ ਨੇ ਆਪਣਾ ਅੱਧਮੋਇਆ ਜਿਹਾ ਕਤੂਰਾ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ। ਉਸ ਦੇ ਸਾਰੇ ਅੰਗ ਢਿਲਕ ਰਹੇ ਸਨ। ਪੁਛ ਵੀ ਨਿਰਜਿੰਦ ਜਿਹੀ ਲਮਕ ਰਹੀ ਸੀ।
ਤੈਨਾਲੀ ਰਾਮ ਨੇ ਕਿਹਾ, "ਮਹਾਰਾਜ ਮੈਂ ਕੁੱਤੇ ਦੀ ਪੂਛ ਸਿੱਧੀ ਕਰ ਦਿੱਤੀ ਹੈ।
“ਨੀਚ ਕਿਸੇ ਥਾਂ ਦਾ !" ਰਾਜੇ ਨੇ ਕਿਹਾ - "ਵਿਚਾਰੇ ਬੇਜ਼ੁਬਾਨ ਜਾਨਵਰ ਉਪਰ ਤੈਨੂੰ ਦਇਆ ਨਾ ਆਈ ? ਤੂੰ ਤਾਂ ਇਸ ਨੂੰ ਭੁੱਖਿਆਂ ਹੀ ਮਾਰ ਦਿੱਤਾ ਹੈ। ਇਸ ਵਿਚ ਤਾਂ ਪੂਛ ਹਿਲਾਉਣ ਜਿੰਨੀ ਤਾਕਤ ਵੀ ਨਹੀਂ ਰਹੀ।
"ਮਹਾਰਾਜ ਜੇ ਤੁਸੀਂ ਕਿਹਾ ਹੁੰਦਾ ਕਿ ਇਸ ਨੂੰ ਚੰਗੀ ਤਰ੍ਹਾਂ ਖੁਆਇਆ-ਪਿਆਇਆ ਜਾਵੇ ਤਾਂ ਮੈਂ ਕੋਈ ਕਸਰ ਨਾ ਛੱਡਦਾ। ਪਰ ਤੁਹਾਡਾ ਹੁਕਮ ਤਾਂ ਪੂਛ ਨੂੰ ਸੁਭਾਅ ਦੇ ਵਿਰੁੱਧ ਸਿੱਧ ਕਰਨ ਦਾ ਸੀ ਜਿਹੜਾ ਕਿ ਇਸ ਨੂੰ ਭੁੱਖਾ ਰੱਖ ਕੇ ਹੀ ਹੋ ਸਕਦਾ ਸੀ। ਬਿਲਕੁਲ ਇਉਂ ਹੀ ਮਨੁੱਖ ਦਾ ਸੁਭਾਅ ਵੀ ਅਸਲ ਵਿਚ ਬਦਲਿਆ ਨਹੀਂ ਜਾ ਸਕਦਾ। ਹਾਂ, ਤੁਸੀਂ ਉਸ ਨੂੰ ਕਾਲ-ਕੋਠੜੀ ਵਿਚ ਬੰਦ ਕਰ ਕੇ, ਉਸ ਨੂੰ ਭੁੱਖਾ ਰਖ ਕੇ ਉਸ ਦਾ ਸੁਭਾਅ ਮੁਰਦਾ ਬਣਾ ਸਕਦੇ ਹੋ।”
0 Comments