ਬੱਚਿਆਂ ਦਾ ਭਵਿੱਖ
Bachiya da Bhavishya
ਇਕ ਦਿਨ ਤੈਨਾਲੀ ਰਾਮ ਨੇ ਰਾਜੇ ਦੀ ਪਰੀਖਿਆ ਲੈਣ ਬਾਰੇ ਸੋਚਿਆ। ਉਹ ਜਾਣਨਾ ਚਾਹੁੰਦਾ ਸੀ ਕਿ ਕੀ ਮੁਸੀਬਤ ਵੇਲੇ ਰਾਜਾ ਉਸ ਦੇ ਪਰਿਵਾਰ ਦੇ ਕੰਮ ਆਉਣਗੇ।
ਇਕ ਦਿਨ ਤੈਨਾਲੀ ਰਾਮ ਨੂੰ ਚੁੱਪ ਤੇ ਉਦਾਸ ਦੇਖ ਕੇ ਰਾਜੇ ਨੇ ਪੁੱਛਿਆ, "ਕੀ ਗੱਲ ਹੈ, ਐਨਾ ਉਦਾਸ ਕਿਉਂ ਹੈ ?
"ਮਹਾਰਾਜ ਮੈਨੂੰ ਇਕ ਹਕੀਮ ਨੇ ਦੱਸਿਆ ਹੈ ਕਿ ਮੈਨੂੰ ਕੋਈ ਗੁਪਤ ਬਿਮਾਰੀ ਹੈ ਅਤੇ ਮੈਂ ਦਸ ਦਿਨਾਂ ਵਿਚ ਹੀ ਇਸ ਦੁਨੀਆ ਤੋਂ ਕੂਚ ਕਰ ਜਾਵਾਂਗਾ। ਮੈਂ ਇਹ ਸੋਚ ਕੇ ਦੁੱਖੀ ਹਾਂ ਕਿ ਮੇਰੇ ਮਗਰੋਂ ਮੇਰੀ ਪਤਨੀ ਤੇ ਬੱਚਿਆਂ ਦੀ ਦੇਖ-ਭਾਲ ਕੌਣ ਕਰੇਗਾ? ਤੈਨਾਲੀ ਰਾਮ ਨੇ ਕਿਹਾ।
"ਤੂੰ ਚਿੰਤਾ ਨਾ ਕਰ। ਇਨ੍ਹਾਂ ਹਕੀਮਾਂ ਦੀਆਂ ਗੱਲਾਂ ਦਾ ਕੋਈ ਭਰੋਸਾ ਨਹੀਂ। ਜੇ ਐਸੀ ਗੱਲ ਹੋ ਵੀ ਜਾਵੇ ਤਾਂ ਮੈਂ ਤੇਰੀ ਪਤਨੀ ਤੇ ਬੱਚਿਆਂ ਦੀ ਦੇਖ-ਭਾਲ ਲਈ ਸਾਰਾ ਪ੍ਰਬੰਧ ਕਰਾਂਗਾ। ਰਾਜੇ ਨੇ ਕਿਹਾ।
"ਕਹਿੰਦੇ ਹਨ ਕਿ ਰਾਜਿਆਂ, ਮਹਾਰਾਜਿਆਂ ਦੀ ਗੱਲ ਦਾ ਭਰੋਸਾ ਨਹੀਂ ਕਰਨਾ ਚਾਹੀਦਾ।” ਤੈਨਾਲੀ ਰਾਮ ਨੇ ਕਿਹਾ।
"ਇਹ ਬੇਕਾਰ ਦੀਆਂ ਗੱਲਾਂ ਨੇ।" ਰਾਜੇ ਨੇ ਕਿਹਾ। ਤੈਨਾਲੀ ਰਾਮ ਕੁਝ ਨਾ ਬੋਲਿਆ।
ਅਗਲੇ ਦਿਨ ਤੋਂ ਤੈਨਾਲੀ ਰਾਮ ਨੇ ਦਰਬਾਰ ਵਿਚ ਜਾਣਾ ਛੱਡ ਦਿੱਤਾ ਅਤੇ ਇਹ ਖ਼ਬਰ ਫੈਲਾ ਦਿੱਤੀ ਕਿ ਤੈਨਾਲੀ ਰਾਮ ਸਖਤ ਬਿਮਾਰ ਹੈ।
ਦਸਵੇਂ ਦਿਨ ਉਸ ਨੇ ਇਹ ਖ਼ਬਰ ਫੈਲਾਈ ਕਿ ਤੈਨਾਲੀ ਰਾਮ ਮਰ ਗਿਆ ਹੈ। ਤੈਨਾਲੀ ਰਾਮ ਨੇ ਆਪਣੇ ਘਰ ਦੇ ਟਰੰਕਾਂ ਵਿਚੋਂ ਸਾਰਾ ਕੀਮਤੀ ਸਮਾਨ ਕੱਢ ਕੇ ਦੂਜੀਆਂ ਥਾਵਾਂ ਉਪਰ ਰਖਵਾ ਦਿੱਤਾ ਅਤੇ ਆਪ ਟਰੰਕ ਵਿਚ ਬਹਿ ਗਿਆ। ਪਤਨੀ ਨੂੰ ਉਸ ਨੇ ਕਹਿ ਦਿੱਤਾ ਸੀ ਕਿ ਰਾਜੇ ਦੇ ਸੇਵਕ ਜੇ ਟਰੰਕ ਲਿਜਾਣਾ ਚਾਹੁਣ ਤਾਂ ਲੈ ਜਾਣ ਦੇਣਾ।
ਰਾਜੇ ਕੋਲ ਵੀ ਤੈਨਾਲੀ ਰਾਮ ਦੀ ਮੌਤ ਦੀ ਖ਼ਬਰ ਪਹੁੰਚ ਗਈ। ਦਰਬਾਰੀਆਂ ਨੇ ਕਿਹਾ ਕਿ ਤੈਨਾਲੀ ਰਾਮ ਕੋਲ ਬੜਾ ਖ਼ਜ਼ਾਨਾ ਸੀ। ਉਸ ਨੂੰ ਹਮੇਸ਼ਾ ਰਾਜੇ ਤੋਂ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਮਿਲਦੀਆਂ ਸਨ। ਮਹਾਰਾਜ ਉਸ ਦਾ ਸਾਰਾ ਖ਼ਜ਼ਾਨਾ ਆਪਣੇ ਕਬਜ਼ੇ ਵਿਚ ਲੈ ਲੈਣ।
ਰਾਜੇ ਨੂੰ ਉਨੀ ਦਿਨੀਂ ਪੈਸੇ ਦੀ ਸਖਤ ਲੋੜ ਵੀ ਸੀ। ਉਸ ਨੇ ਆਪਣੇ ਸੇਵਕਾਂ ਨੂੰ ਤੈਨਾਲੀ ਰਾਮ ਦੇ ਖ਼ਜ਼ਾਨੇ ਵਾਲਾ ਟਰੰਕ ਲਿਆਉਣ ਦਾ ਹੁਕਮ ਦਿੱਤਾ।
ਉਹ ਸਾਰੇ ਤੈਨਾਲੀ ਰਾਮ ਦੇ ਘਰੋਂ ਖ਼ਜ਼ਾਨੇ ਵਾਲਾ ਟਰੰਕ ਚੁੱਕ ਲਿਆਏ। ਰਾਜੇ ਨੇ ਟਰੰਕ ਖੋਲਣ ਦਾ ਹੁਕਮ ਦਿੱਤਾ। ਟਰੰਕ ਖੋਲਿਆ ਤਾਂ ਉਸ ਵਿਚੋਂ ਤੈਨਾਲੀ ਰਾਮ ਉਠ ਕੇ ਖੜਾ ਹੋ ਗਿਆ।
ਉਹ ਬੋਲਿਆ, “ਰਾਜਿਆਂ ਮਹਾਰਾਜਿਆਂ ਦੀਆਂ ਗੱਲਾਂ ਉਪਰ ਭਰੋਸਾ ਨਹੀਂ ਕਰਨ ਚਾਹੀਦਾ।"
ਤਾਂ ਤੂੰ ਹਾਲੇ ਜੀਉਂਦਾ ਹੈ ?" ਰਾਜੇ ਨੇ ਕਿਹਾ।
“ਮਹਾਰਾਜ ਮੈਂ ਆਪਣੀ ਪਤਨੀ ਤੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥਾਂ ਵਿਚ ਛੱਡ ਕੇ ਕਿਵੇਂ ਜਾ ਸਕਦਾ ਹਾਂ?" ਤੈਨਾਲੀ ਰਾਮ ਨੇ ਜਵਾਬ ਦਿੱਤਾ।
0 Comments