ਪੰਡਿਤ ਨਹੀਂ ਕਹਿੰਦੇ
Pandit nahi kahinde
ਇਕ ਅਨਪੜ੍ਹ ਬ੍ਰਾਹਮਣ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਨੂੰ ਆਪਣੇ ਆਪ ਨੂੰ ਪੰਡਿਤ ਕਹਾਉਣ ਦੀ ਬੜੀ ਇੱਛਾ ਰਹਿੰਦੀ ਸੀ, ਪਰੰਤੂ ਮੂਰਖ ਤੇ ਅਨਪੜ੍ਹ ਨੂੰ ਭਲਾ ਪੰਡਿਤ ਕੌਣ ਕਹਿੰਦਾ ।
ਇਕ ਦਿਨ ਉਸ ਨੇ ਬੀਰਬਲ ਦਾ ਰਸਤਾ ਰੋਕ ਕੇ ਪੁੱਛਿਆ ਕਿ ਅਜਿਹਾ ਕੋਈ ਉਪਾਅ ਦੱਸੋ ਕਿ ਲੋਕ ਉਸ ਨੂੰ ਪੰਡਿਤ ਕਹਿਣ ਲੱਗ ਜਾਣ।
“ਤੁਸੀਂ ਥੋੜੀ ਦੂਰ ਜਾ ਕੇ ਖੜੇ ਹੋ ਜਾਉ ਅਤੇ ਜੋ ਕੋਈ ਤੁਹਾਨੂੰ ਪੰਡਿਤ ਕਹੇ, ਉਸ ਨੂੰ ਮਾਰਨ ਦੌੜੋ।’’ ਬੀਰਬਲ ਨੇ ਉਸ ਨੂੰ ਉਪਾਅ ਸਮਝਾਇਆ।
ਇਹ ਸੁਣ ਕੇ ਉਹ ਬਾਹਮਣ ਬਹੁਤ ਖ਼ੁਸ਼ ਹੋਇਆ ਅਤੇ ਕੁਝ ਦੂਰ ਜਾ ਕੇ ਖੜਾ ਹੋ ਗਿਆ। ਉਸ ਦੇ ਹਟਦੇ ਹੀ ਬੀਰਬਲ ਨੇ ਇਧਰ-ਉਧਰ ਖੇਡ ਰਹੇ ਮੁੰਡਿਆਂ ਨੂੰ ਕਿਹਾ, “ਇਹ ਆਦਮੀ ਪੰਡਿਤ ਕਹਿਣ ਨਾਲ ਖਿਝਦਾ ਹੈ, ਇਸ ਨੂੰ ਖੂਬ ਖਿਝਾਉ ।”
ਬੱਸ ਫਿਰ ਕੀ ਸੀ, ਮੁੰਡੇ ਉਸ ਨੂੰ ਖਿਝਾਉਣ ਦੇ ਲਈ ‘ਪੰਡਿਤ-ਪੰਡਿਤ ਸੱਦਣ ਲੱਗੇ। ਬਾਹਮਣ ਉਹਨਾਂ ਨੂੰ ਮਾਰਨ ਲਈ ਦੌੜਿਆ।
ਲੜਕਿਆਂ ਦੀ ਦੇਖਾ-ਦੇਖੀ ਹੋਰ ਲੋਕ ਵੀ ਉਸ ਨੂੰ ਖਿਝਾਉਣ ਲੱਗੇ। ਲੋਕ ਉਸ ਨੂੰ ਪੰਡਿਤ’ ਕਹਿੰਦੇ, ਉਹ ਉਹਨਾਂ ਨੂੰ ਮਾਰਨ ਦੇ ਲਈ ਦੌੜ ਪੈਂਦਾ ।
ਇਸ ਪ੍ਰਕਾਰ ਥੋੜ੍ਹੇ ਹੀ ਦਿਨਾਂ ਵਿਚ ਉਸ ਦਾ ਨਾਮ ‘ਪੰਡਿਤ ਸਾਰੇ ਨਗਰ ਵਿਚ ਮਸ਼ਹੂਰ ਹੋ ਗਿਆ।
ਫਿਰ ਬੀਰਬਲ ਦੀ ਸਲਾਹ 'ਤੇ ਹੀ ਉਸ ਨੇ ਖਿਝਣਾ ਛੱਡ ਦਿੱਤਾ, ਪਰ ਲੋਕਾਂ ਨੇ ਉਸ ਨੂੰ “ਪੰਡਿਤ ਕਹਿਣਾ ਨਾ ਛੱਡਿਆ।
0 Comments