Akbar-Birbal Story "Birbal di Parakh", "ਬੀਰਬਲ ਦੀ ਪਰਖ" Punjabi Story for Students of Class 5, 6, 7, 8, 9, 10 in Punjabi Language.

ਬੀਰਬਲ ਦੀ ਪਰਖ 
Birbal di Parakh



ਇਕ ਦਿਨ ਇਕ ਆਦਮੀ ਕਿਸੇ ਦੀ ਸਿਫ਼ਾਰਸ਼ੀ ਚਿੱਠੀ ਲੈ ਕੇ ਦਰਬਾਰ ਵਿਚ ਨੌਕਰੀ ਮੰਗਣ ਆਇਆ।

ਬਾਦਸ਼ਾਹ ਨੇ ਉਸ ਨੂੰ ਚੁੰਗੀ ਦਾ ਮੁਣਸ਼ੀ ਬਣਾ ਦਿੱਤਾ।

ਉਸ ਆਦਮੀ ਦੇ ਜਾਣ ਤੋਂ ਬਾਅਦ ਬੀਰਬਲ ਬੋਲਿਆ, “ਬਾਦਸ਼ਾਹ ਇਹ ਆਦਮੀ ਚਲਾਕ ਲੱਗਦਾ ਹੈ। ਬੇਈਮਾਨੀ ਕੀਤੇ ਬਿਨਾਂ ਨਹੀਂ ਰਹੇਗਾ।

ਥੋੜ੍ਹੇ ਹੀ ਸਮੇਂ ਦੇ ਬਾਅਦ ਅਕਬਰ ਬਾਦਸ਼ਾਹ ਦੇ ਕੋਲ ਉਸ ਆਦਮੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਕਿ ਉਹ ਰਿਸ਼ਵਤ ਲੈਂਦਾ ਹੈ।

ਅਕਬਰ ਬਾਦਸ਼ਾਹ ਨੇ ਉਸ ਦਾ ਤਬਾਦਲਾ ਅਸਤਬਲ ਵਿਚ ਕਰ ਦਿੱਤਾ। ਜਿਥੇ ਕਿਸੇ ਪ੍ਰਕਾਰ ਦੀ ਬੇਈਮਾਨੀ ਦਾ ਮੌਕਾ ਨਹੀਂ ਸੀ।

ਮੁਣਸ਼ੀ ਨੇ ਉਥੇ ਵੀ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਉਸ ਨੇ ਘੋੜਿਆਂ ਦੀ ਸਾਂਭ-ਸੰਭਾਲ ਉੱਤੇ ਲੱਗੇ ਕਰਮਚਾਰੀਆਂ ਨੂੰ ਕਿਹਾ ਕਿ ਤੁਸੀਂ ਘੋੜਿਆਂ ਨੂੰ ਦਾਣਾ ਘੱਟ ਖਿਲਾਉਂਦੇ ਹੋ, ਮੈਂ ਬਾਦਸ਼ਾਹ ਕੋਲ ਸ਼ਿਕਾਇਤ ਕਰਾਂਗਾ। ਇਸ ਪ੍ਰਕਾਰ ਉਨ੍ਹਾਂ ਨੂੰ ਡਰਾ ਕੇ ਉਨ੍ਹਾਂ ਤੋਂ ਹਰੇਕ ਘੋੜੇ ਦੇ ਹਿਸਾਬ ਨਾਲ ਇਕ ਰੁਪਿਆ ਲੈਣ ਲੱਗ ਪਿਆ।

ਅਕਬਰ ਬਾਦਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਉਸ ਨੂੰ ਜਮਨਾ ਨਦੀ ਦੀਆਂ ਲਹਿਰਾਂ ਗਿਣਨ ਦਾ ਕੰਮ ਦੇ ਦਿੱਤਾ। ਬਾਦਸ਼ਾਹ ਨੇ ਸੋਚਿਆ, ਉਥੇ ਕੋਈ ਰਿਸ਼ਵਤ ਅਤੇ ਬੇਈਮਾਨੀ ਦਾ ਮੌਕਾ ਹੀ ਨਹੀਂ ਹੈ।

ਪਰ ਮੁਨਸ਼ੀ ਨੇ ਉਥੇ ਵੀ ਆਪਣੀ ਅਕਲ ਦੇ ਘੋੜੇ ਦੌੜਾਏ । ਉਸ ਨੇ ਬੇੜੀਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਕਿ ਬੇੜੀ ਰੋਕੇ, ਅਸੀਂ ਲਹਿਰਾਂ ਗਿਣ ਰਹੇ ਹਾਂ। ਇਸ ਤਰ੍ਹਾਂ ਬੇੜੀਆਂ ਨੂੰ ਦੋ-ਤਿੰਨ ਦਿਨ ਰੁਕਣਾ ਪੈਂਦਾ ਸੀ।

ਬੇੜੀ ਵਾਲੇ ਵਿਚਾਰੇ ਤੰਗ ਆ ਗਏ ਤਾਂ ਉਹਨਾਂ ਨੇ ਮੁਣਸ਼ੀ ਨੂੰ ਦਸ ਰੁਪਏ ਪ੍ਰਤੀ ਦਿਨ ਦੇਣੇ ਸ਼ੁਰੂ ਕਰ ਦਿੱਤੇ।

ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਣ ਉੱਤੇ ਅੰਤ ਵਿਚ ਤੰਗ ਆ ਕੇ ਅਕਬਰ ਬਾਦਸ਼ਾਹ ਨੇ ਉਸ ਨੂੰ ਮੁਣਸ਼ੀ ਦੀ ਨੌਕਰੀ ਤੋਂ ਹਟਾ ਦਿੱਤਾ ਅਤੇ ਬੀਰਬਲ ਦੀ ਪੇਸ਼ੀਨਗੋਈ ਸੱਚੀ ਸਾਬਤ ਹੋ ਜਾਣ 'ਤੇ ਉਸ ਦੀ ਪ੍ਰਸ਼ੰਸਾ ਕੀਤੀ।


Post a Comment

0 Comments