ਵਿਦੇਸ਼ੀ ਦੀ ਮਾਤ-ਭਾਸ਼ਾ
Videshi di Maat-Bhasha
ਇਕ ਵਾਰ ਅਕਬਰ ਦੇ ਦਰਬਾਰ ਵਿਚ ਇਕ ਵਿਦੇਸ਼ੀ ਆਇਆ। ਉਸ ਨੇ ਬਾਦਸ਼ਾਹ ਅਕਬਰ ਦੇ ਸਾਹਮਣੇ ਇਕ ਚੁਨੌਤੀ ਰੱਖੀ, “ਤੁਸੀਂ ਲੋਕ ਮੇਰੀ ਮਾਤ-ਭਾਸ਼ਾ ਦੱਸੋ ਜਾਂ ਫਿਰ ਸਵੀਕਾਰ ਕਰ ਲਉ ਕਿ ਤੁਹਾਡੇ ਇਥੇ ਸਭ ਮੂਰਖ ਹਨ।
ਦਰਬਾਰੀਆਂ ਨੇ ਉਸ ਤੋਂ ਅਲੱਗ-ਅਲੱਗ ਭਾਸ਼ਾਵਾਂ ਵਿਚ ਪ੍ਰਸ਼ਨ ਪੁੱਛੇ। ਹਰ ਭਾਸ਼ਾ ਵਿਚ ਉਸ ਨੇ ਉੱਤਰ ਦਿੱਤਾ।
ਉਹ ਹਰ ਭਾਸ਼ਾ ਇੰਨੀ ਚੰਗੀ ਬੋਲਦਾ ਸੀ ਕਿ ਜਿਵੇਂ ਉਹ ਉਸ ਦੀ ਮਾਤ-ਭਾਸ਼ਾ ਹੋਵੇ। ਇਸ ਲਈ ਕੋਈ ਵੀ ਦਰਬਾਰੀ ਉਸ ਦੀ ਮਾਤ-ਭਾਸ਼ਾ ਦਾ ਪਤਾ ਨਹੀਂ ਲਗਾ ਸਕਿਆ।
ਅੰਤ ਵਿਚ ਉਸ ਨੇ ਅਕਬਰ ਬਾਦਸ਼ਾਹ ਨੂੰ ਕਿਹਾ, “ਮੈਂ ਆਪਣੀ ਮਾਤ-ਭਾਸ਼ਾ ਨੂੰ ਪਤਾ ਕਰਨ ਲਈ ਤੁਹਾਨੂੰ ਸੱਤ ਦਿਨ ਦਾ ਸਮਾਂ ਦਿੰਦਾ ਹਾਂ। ਕਹੋ ਸਵੀਕਾਰ ਹੈ।
ਅਕਬਰ ਨੇ ਬੀਰਬਲ ਦੇ ਵੱਲ ਦੇਖਿਆ। ਬੀਰਬਲ ਨੇ ਇਸ਼ਾਰੇ ਨਾਲ ਹਾਮੀ ਭਰ ਦਿੱਤੀ। ਅਕਬਰ ਨੇ ਵਿਦੇਸ਼ੀ ਨੂੰ ਕਿਹਾ, "ਸਾਨੂੰ ਤੁਹਾਡੀ ਗੱਲ ਸਵੀਕਾਰ ਹੈ।
ਵਿਦੇਸ਼ੀ ਇਕ ਧਰਮਸ਼ਾਲਾ ਵਿਚ ਠਹਿਰਾ ਦਿੱਤਾ ਗਿਆ। ਰਾਤ ਨੂੰ ਜਦੋਂ ਉਹ ਸੌਂ ਗਿਆ ਤਾਂ ਬੀਰਬਲ ਉਥੇ ਪਹੁੰਚੇ। ਬੀਰਬਲ ਨੇ ਇਕ ਤਿਨਕਾ ਲੈ ਕੇ ਵਿਦੇਸ਼ੀ ਦੇ ਕੰਨ ਵਿਚ ਘੁਮਾਇਆ। ਵਿਦੇਸ਼ੀ ਨੇ ਸਿਰ ਝਟਕਿਆ ਅਤੇ ਕੰਨ ਤੇ ਹੱਥ ਫੇਰਿਆ। ਫਿਰ ਉਹ ਕਰਵਟ ਬਦਲ ਕੇ ਸੌਂ ਗਿਆ। ਬੀਰਬਲ ਨੇ ਉਸ ਨੇ ਦੂਸਰੇ ਕੰਨ ਵਿਚ ਤਿਨਕਾ ਘੁਮਾਇਆ। ਵਿਦੇਸ਼ੀ ਘਬਰਾ ਕੇ ਉੱਠ ਬੈਠਿਆ ਅਤੇ ਚਿਲਾਉਂਦੇ ਹੋਏ ਬੋਲਿਆ, “ਅਰੇ ਕੋਣ ਹੈ, ਜੋ ਮੈਨੂੰ ਨੀਂਦ ਤੋਂ ਪਰੇਸ਼ਾਨ ਕਰ ਰਿਹਾ ਹੈ ??
ਵਿਦੇਸ਼ੀ ਦੇ ਕੰਨ ਵਿਚ ਤਿਨਕਾ ਘੁਮਾ ਕੇ ਬੀਰਬਲ ਲੁਕ ਗਏ ਸੀ। ਇਸ ਲਈ ਵਿਦੇਸ਼ੀ ਉਸ ਨੂੰ ਦੇਖ ਨਹੀਂ ਸਕਿਆ। ਉਹ ਫਿਰ ਗਹਿਰੀ ਨੀਂਦ ਵਿਚ ਸੌਂ ਗਿਆ। ਬੀਰਬਲ ਉਥੋਂ ਸਿੱਧਾ ਆਪਣੇ ਘਰ ਆ ਗਏ।
ਸੱਤਵੇਂ ਦਿਨ ਵਿਦੇਸ਼ੀ ਦਰਬਾਰ ਵਿਚ ਹਾਜ਼ਰ ਹੋਇਆ। ਬੀਰਬਲ ਨੇ ਅਲੱਗ-ਅਲੱਗ ਭਾਸ਼ਾਵਾਂ ਵਿਚ ਉਸ ਨਾਲ ਗੱਲ ਕੀਤੀ। ਫਿਰ ਉਸ ਨੇ ਅਕਬਰ ਨੂੰ ਕਿਹਾ, “ਬਾਦਸ਼ਾਹ ਸਲਾਮਤ! ਇਸ ਸੱਜਣ ਦੀ ਮਾ-ਭਾਸ਼ਾ ਗੁਜਰਾਤੀ ਹੈ। ਇਹ ਸੁਣ ਕੇ ਵਿਦੇਸ਼ੀ ਹੈਰਾਨੀ ਵਿਚ ਪੈ ਗਿਆ। ਅੱਜ ਪਹਿਲੀ ਵਾਰ ਕੋਈ ਉਸ ਦੀ ਮਾਤ-ਭਾਸ਼ਾ ਦਾ ਸਹੀ ਪਤਾ ਲਗਾ ਸਕਿਆ ਸੀ। ਉਸ ਨੇ ਬੀਰਬਲ ਦੀ ਹਲਕੀ-ਹਲਕੀ ਪ੍ਰਸੰਸਾ ਕੀਤੀ ਅਤੇ ਦਰਬਾਰ ਵਿਚੋਂ ਜਾਣ ਤੋਂ ਪਹਿਲਾਂ ਬੋਲਿਆ, “ਧੰਨ ਹੈ ਭਾਰਤ ਭੂਮੀ, ਜਿਥੇ ਬੀਰਬਲ ਵਰਗੇ ਬੁੱਧੀਮਾਨ ਵੱਸਦੇ ਹਨ।
ਉਸ ਦੇ ਜਾਣ ਤੋਂ ਬਾਅਦ ਅਕਬਰ ਨੇ ਪੁੱਛਿਆ, “ਬੀਰਬਲ ! ਏਨਾ ਕਠਿਨ ਕੰਮ ਤੁਸੀਂ ਕੀਤਾ ਕਿਵੇਂ ??
“ਜਹਾਂ ਪਨਾਹ ! ਬੀਰਬਲ ਬੋਲੇ, “ਜਦੋਂ ਮਨੁੱਖ ਤੇ ਦੁੱਖ ਪੈਂਦਾ ਹੈ। ਜਾਂ ਫਿਰ ਉਹ ਅਚਾਨਕ ਨੀਂਦ ਤੋਂ ਜਾਗਦਾ ਹੈ, ਤਦ ਆਪਣੀ ਮਾਂ-ਭਾਸ਼ਾ ਵਿਚ ਹੀ ਬੋਲਦਾ ਹੈ। ਏਨਾ ਕਹਿ ਕੇ ਬੀਰਬਲ ਨੇ ਰਾਤ ਦੀ ਸਾਰੀ ਘਟਨਾ ਕਹਿ ਸੁਣਾਈ। ਸਾਰਿਆਂ ਨੇ ਬੀਰਬਲ ਦੀ ਪ੍ਰਸੰਸਾ ਕੀਤੀ। ਅਕਬਰ ਨੇ ਬੀਰਬਲ ਨੂੰ ਖ਼ੁਸ਼ੀ ਨਾਲ ਆਪਣੇ ਗਲੇ ਦਾ ਹਾਰ ਭੇਟ ਵਿਚ ਦੇ ਕੇ ਉਸ ਦਾ ਸਨਮਾਨ ਕੀਤਾ।

0 Comments