ਸਭ ਤੋਂ ਵੱਡਾ ਆਲਸੀ
Sabh to vada Aalasi
ਇਕ ਸ਼ਾਮ ਬਾਦਸ਼ਾਹ ਅਕਬਰ ਅਤੇ ਬੀਰਬਲ ਬਾਹਰ ਨੂੰ ਘੁੰਮਣ ਨਿਕਲੇ। ਗੱਲਾਂ ਹੀ ਗੱਲਾਂ ਵਿਚ ਅਕਬਰ ਨੇ ਬੀਰਬਲ ਨੂੰ ਕਿਹਾ, “ਸਾਡੀ ਰਾਜਧਾਨੀ ਵਿਚ ਬਹੁਤ ਆਲਸੀ ਹੋਣਗੇ। ਉਹਨਾਂ ਵਿਚੋਂ ਜੇ ਤੁਸੀਂ ਸਭ ਤੋਂ ਵੱਡੇ ਆਲਸੀ ਦੀ ਖੋਜ ਕਰੋਗੇ ਤਾਂ ਅਸੀਂ ਤੁਹਾਨੂੰ ਭਾਰੀ ਇਨਾਮ ਦੇਵਾਂਗੇ।”
ਬੀਰਬਲ ਨੇ ਦੂਸਰੇ ਦਿਨ ਹੀ ਜਮਨਾ ਨਦੀ ਦੇ ਕਿਨਾਰੇ ਇਕ ਪੰਡਾਲ ਬਣਾਇਆ ਅਤੇ ਰਾਜਧਾਨੀ ਭਰ ਦੇ ਆਲਸੀਆਂ ਨੂੰ ਭੋਜਨ ਕਰਨ ਦੇ ਲਈ ਸੱਦਾ ਦਿੱਤਾ। ਆਲਸੀਆਂ ਦੀ ਟੋਲੀ ਭੋਜਨ ਕਰਨ ਦੇ ਲਈ ਨਿਕਲੀ।
ਕੁਝ ਲੋਕ ਸਮਾਨ ਲੈਂਦੇ-ਲੈਂਦੇ ਚੱਲ ਰਹੇ ਸਨ, ਕੁਝ ਨੂੰ ਘਸੀਟ-ਘਸੀਟ ਕੇ ਚੱਲਣਾ ਪੈਂਦਾ ਸੀ। ਕਿੰਨੇ ਹੀ ਆਲਸੀ ਦੁਸਰੇ ਦੇ ਧੱਕਿਆਂ ਨਾਲ ਅੱਗੇ ਵਧ ਰਹੇ ਸਨ।
ਸਵੇਰੇ ਦੇ ਨਿਕਲੇ ਹੋਏ ਆਲਸੀ ਦੁਪਹਿਰ ਤਕ ਭੋਜਨ ਦੇ ਪੰਡਾਲ ਵਿਚ ਪਹੁੰਚੇ। ਸਾਰੇ ਆਲਸੀ ਭੋਜਨ ਕਰਨ ਬੈਠ ਗਏ। ਭੋਜਨ ਪਰੋਸਿਆ ਗਿਆ, ਲੇਕਿਨ ਖਾਣ ਨੂੰ ਮਿਹਨਤ ਕੌਣ ਕਰਦਾ ਕਿਸੇ ਨੇ ਇਕ ਰੋਟੀ ਲਈ ਤਾਂ ਰੋਟੀ ਉਠਾਉਣ ਦੇ ਲਈ ਉਸ ਦਾ ਹੱਥ ਹੀ ਨਹੀਂ ਉਠਿਆ। ਕਿਸੇ ਨੇ ਰੋਟੀ ਮੂੰਹ ਵਿਚ ਪਾਈ ਤਾਂ ਵੀ ਉਸ ਨੂੰ ਚਬਾਉਣ ਦੀ ਕੋਈ ਜਲਦੀ ਨਹੀਂ ਸੀ। ਘੰਟੇ ਬੀਤ ਗਏ, ਲੇਕਿਨ ਉਹਨਾਂ ਦਾ ਖਾਣਾ ਸਮਾਪਤ ਨਹੀਂ ਹੋਇਆ।
ਹੌਲੀ-ਹੌਲੀ ਹਨੇਰਾ ਹੋਣ ਲੱਗਾ, ਤਦ ਬੀਰਬਲ ਦੇ ਕਹਿਣ ਉਤੇ ਉਸ ਦੇ ਇਕ ਨੌਕਰ ਨੇ ਮੰਡਪ ਨੂੰ ਅੱਗ ਲਗਾ ਦਿੱਤੀ। ਆਲਸੀ ਲੋਕ ਹੌਲੀ-ਹੌਲੀ ਮੰਡਪ ਤੋਂ ਬਾਹਰ ਨਿਕਲਣ ਲੱਗੇ। ਉਹਨਾਂ ਨੂੰ ਆਪਣੇ ਪ੍ਰਾਣ ਬਚਾਉਣ ਦੀ ਵੀ ਕੋਈ ਕਾਹਲ ਨਹੀਂ ਸੀ।
ਸਾਰੇ ਆਲਸੀ ਇਕ-ਇਕ ਕਰ ਕੇ ਚਲੇ ਗਏ, ਪਰ ਦੋ ਆਲਸੀ ਮੰਡਪ ਵਿਚ ਅਜੇ ਵੀ ਬੈਠੇ ਸਨ। ਉਨ੍ਹਾਂ ਵਿਚੋਂ ਇਕ ਆਲਸੀ, ਦੂਸਰੇ ਆਲਸੀ ਦਾ ਸਹਾਰਾ ਲੈ ਕੇ ਬੈਠਾ ਸੀ। ਉਸ ਨੇ ਦੂਸਰੇ ਨੂੰ ਕਿਹਾ, “ਚਲੋ, ਹੁਣ ਅਸੀਂ ਵੀ ਚੱਲੀਏ, ਇਥੇ ਸਭ ਕੁਝ ਸੜਨ ਲੱਗਾ ਹੈ।
ਦੁਸਰੇ ਆਲਸੀ ਨੇ ਕਿਹਾ, “ਤੂੰ ਜਾ, ਮੈਂ ਮੰਡਪ ਦੇ ਬਾਹਰ ਆਉਣ ਵਾਲਾ ਨਹੀਂ ਹਾਂ। ਮੇਰਾ ਬੇਟਾ ਮੈਨੂੰ ਮੋਢਿਆਂ 'ਤੇ ਚੁੱਕ ਕੇ ਇਥੇ ਛੱਡ ਗਿਆ ਸੀ, ਹੁਣ ਮੈਂ ਖ਼ੁਦ ਚੱਲ ਕੇ ਮੰਡਪ ਤੋਂ ਬਾਹਰ ਕਿਵੇਂ ਜਾਵਾਂ ?
ਪਹਿਲਾ ਆਲਸੀ ਹੌਲੀ-ਹੌਲੀ ਬਾਹਰ ਨਿਕਲ ਗਿਆ। ਦੂਸਰਾ ਆਲਸੀ ਸੜ ਮਰਨ ਨੂੰ ਤਿਆਰ ਸੀ, ਲੇਕਿਨ ਖ਼ੁਦ ਉੱਠ ਕੇ ਮੰਡਪ ਤੋਂ ਬਾਹਰ ਜਾਣ ਨੂੰ ਤਿਆਰ ਨਹੀਂ ਸੀ।
ਬੀਰਬਲ ਨੇ ਉਸ ਨੂੰ ਨੌਕਰ ਤੋਂ ਉਠਵਾ ਕੇ ਮੰਡਪ ਤੋਂ ਬਾਹਰ ਕੀਤਾ। ਦੂਸਰੇ ਦਿਨ ਬੀਰਬਲ ਨੇ ਇਸ ਆਲਸੀ ਨੂੰ ਅਕਬਰ ਦੇ ਸਾਹਮਣੇ ਹਾਜ਼ਰ ਕੀਤਾ ਅਤੇ ਕਿਹਾ, “ਹਜ਼ੂਰ, ਇਹ ਸਾਡੇ ਰਾਜ ਦਾ ਸਭ ਤੋਂ ਵੱਡਾ ਆਲਸੀ ਹੈ। ਇਹ ਸੜ ਮਰਨ ਲਈ ਤਿਆਰ ਸੀ ਲੇਕਿਨ ਖ਼ੁਦ ਉੱਠ ਕੇ ਮੰਡਪ ਤੋਂ ਬਾਹਰ ਨਿਕਲਣ ਦੇ ਲਈ ਤਿਆਰ ਨਹੀਂ ਸੀ। ਤੁਸੀਂ ਇਸ ਨੂੰ ਸਭ ਤੋਂ ਵੱਡੇ ਆਲਸੀ ਦਾ ਸਨਮਾਨ ਦੇ ਕੇ ਸਨਮਾਨਿਤ ਕਰੋ।
ਇਸ ਤਰਾਂ ਰਾਜਧਾਨੀ ਦੇ ਮਹਾਂ ਆਲਸੀ ਨੂੰ ਲੱਭਣ ਦੇ ਕਾਰਜ ਵਿਚ ਅਕਬਰ ਨੇ ਬੀਰਬਲ ਨੂੰ ਸ਼ਾਬਾਸ਼ ਦਿੱਤੀ ਅਤੇ ਭਾਰੀ ਇਨਾਮ ਵੀ ਦਿੱਤਾ।

0 Comments