ਵਹੁਟੀ ਦਾ ਸਿਰ ਮੁੰਨਣਾ
Vahuti da sir mundna
ਦਿੱਲੀ ਵਿਚ ਇਕ ਬੜਾ ਮਸ਼ਹੂਰ ਤੇ ਪਤਵੰਤਾ ਬਾਹਮਣ ਰਹਿੰਦਾ ਸੀ। ਉਸ ਦੀ ਆਦਤ ਸੀ ਕਿ ਜੋ ਗੱਲ ਇਕ ਵਾਰੀ ਕਹਿ ਦਿੰਦਾ, ਉਸ ਨੂੰ ਜ਼ਰੂਰ ਪੁਰਿਆਂ ਕਰਦਾ। ਇਕ ਵਾਰੀ ਰੋਟੀ ਖਾਣ ਲੱਗਿਆਂ ਉਸ ਦੀ ਰੋਟੀ ਵਿਚੋਂ ਵਾਲ ਨਿਕਲ ਆਇਆ, ਇਸ 'ਤੇ ਉਸ ਨੇ ਆਪਣੀ ਵਹੁਟੀ ਨੂੰ ਕਿਹਾ, “ਜੇ ਕਦੀ ਫਿਰ ਇਸ ਤਰ੍ਹਾਂ ਰੋਟੀ ਵਿਚੋਂ ਤੇਰੇ ਸਿਰ ਦੇ ਵਾਲ ਨਿਕਲਿਆ ਤਾਂ ਮੈਂ ਤੇਰਾ ਸਾਰਾ ਸਿਰ ਮੁੰਨ ਦਿਆਂਗਾ।”
ਰੱਬ ਦੀ ਮਰਜ਼ੀ, ਇਕ ਦਿਨ ਫਿਰ ਉਸੇ ਤਰ੍ਹਾਂ ਰੋਟੀ ਵਿਚੋਂ ਵਾਲ ਨਿਕਲ ਆਇਆ। ਹੁਣ ਤਾਂ ਬ੍ਰਾਹਮਣ ਦੇ ਕੋਧ ਦਾ ਕੋਈ ਅੰਤ ਨਾ ਰਿਹਾ । ਉਸ ਨੇ ਆਪਣੇ ਕਹੇ ਅਨੁਸਾਰ ਫ਼ੌਰਨ ਨਾਈ ਨੂੰ ਸੱਦਣ ਦਾ ਹੁਕਮ ਦਿੱਤਾ। ਵਹੁਟੀ ਨੇ ਬਹੁਤ ਮਿੰਨਤਾਂ ਤਰਲੇ ਕੀਤੇ, ਪਰ ਕਠੋਰ ਬ੍ਰਾਹਮਣ ਨੇ ਇਕ ਨਾ ਮੰਨੀ।
ਉਧਰੋਂ ਬਾਹਮਣੀ ਦੇ ਭਰਾ ਵੀ ਇਸ ਹੋਣੀ ਦੀ ਖ਼ਬਰ ਸੁਣ ਕੇ ਆ ਗਏ । ਉਹਨਾਂ ਨੇ ਬਹੁਤ ਖ਼ੁਸ਼ਾਮਦ ਕਰ ਕੇ ਕ੍ਰੋਧੀ ਬਾਹਮਣ ਨੂੰ ਸ਼ਾਂਤ ਕਰਨ ਤੇ ਅਬਲਾ ਦਾ ਸਿਰ ਮੁੰਨਣ ਤੋਂ ਵਰਜਣ ਦਾ ਯਤਨ ਕੀਤਾ, ਪਰ ਸਭ ਨਿਸਫ਼ਲ। ਬਾਹਮਣ ਆਖੇ ਕਿ ਮੈਂ ਇਸ ਦਾ ਸਿਰ ਮੁੰਨ ਕੇ ਹੀ ਛੱਡਾਂਗਾ।
ਇਹ ਦੇਖ ਕੇ ਉਸ ਤੀਵੀਂ ਦਾ ਇਕ ਭਰਾ ਬੀਰਬਲ ਪਾਸ ਭੱਜਿਆ ਗਿਆ। ਬੀਰਬਲ ਨੇ ਉਸ ਨੂੰ ਕੁਝ ਸਿਖਾ ਕੇ ਵਿਦਾ ਕੀਤਾ ਤੇ ਮਗਰੇ-ਮਗਰ ਆਪ ਵੀ ਜਾ ਪਹੁੰਚਾ। ਤੀਵੀਂ ਦੇ ਭਰਾਵਾਂ ਨੇ ਬੀਰਬਲ ਦੇ ਦੱਸੇ ਅਨੁਸਾਰ ਕਾਠ ਦੀ ਇਕ ਪੌੜੀ ਬਣਾਈ, ਜਿਸ ਉੱਤੇ ਮੁਰਦੇ ਨੂੰ ਲਿਟਾਉਂਦੇ ਹਨ, ਫੇਰ ਮੁਰਦੇ ਦਾ ਸਾਰਾ ਸਾਮਾਨ ਮੰਗਵਾ ਕੇ ਉਸ ਬਾਹਮਣ ਨੂੰ ਬਦੋਬਦੀ ਫੜ ਕੇ ਖੱਫਣ ਬੰਨਣ ਲੱਗੇ। ਉਸ ਨੇ ਹਾਲ-ਦੁਹਾਈ ਮਚਾ ਦਿੱਤੀ ਕਿ ਲੋਕੋ ! ਇਹ ਮੈਨੂੰ ਜੀਉਂਦੇ ਨੂੰ ਹੀ ਖੱਫਣ ਪਾਉਣ ਲੱਗੇ ਹਨ।
ਉਤਨੇ ਚਿਰ ਨੂੰ ਬੀਰਬਲ ਵੀ ਆ ਪਹੁੰਚਾ ਸੀ ਤੇ ਸੈਂਕੜੇ ਹੋਰ ਲੋਕ ਵੀ ਜੁੜ ਗਏ ਸਨ। ਵਹੁਟੀ ਦੇ ਭਰਾਵਾਂ ਨੇ ਕਿਹਾ ਕਿ ਸ਼ਾਸਤਰਾਂ ਅਨੁਸਾਰ ਕਿਸੇ ਇਸਤਰੀ ਦਾ ਮੁੰਡਨ ਉਦੋਂ ਹੀ ਹੁੰਦਾ ਹੈ, ਜਦੋਂ ਉਸ ਦਾ ਪਤੀ ਮਰ ਜਾਵੇ। ਇਸ ਵਾਸਤੇ ਸਾਡੀ ਭੈਣ ਦਾ ਸਿਰ ਮੁੰਨੇ ਜਾਣ ਤੋਂ ਪਹਿਲਾਂ ਉਸ ਦੇ ਪਤੀ ਦਾ ਮਰ ਜਾਣਾ ਜ਼ਰੂਰੀ ਹੈ।”
ਆਖ਼ਰ ਪਤੀ ਦਾ ਬੁਰਾ ਹਾਲ ਵੇਖ ਕੇ ਉਸ ਬਾਹਮਣੀ ਨੇ ਹਰ ਮਿੰਨਤਾਂ ਕਰ ਕੇ ਉਸ ਦੀ ਜਾਨ ਛੁਡਾਈ ਤੇ ਉਸ ਨੇ ਵਹੁਟੀ ਦਾ ਸਿਰ ਮੁੰਨਣ ਤੋਂ ਤੋਬਾ ਕੀਤੀ। ਸਾਰੇ ਲੋਕ ਬੀਰਬਲ ਦਾ ਜੱਸ ਗਾਉਣ ਲੱਗੇ।

0 Comments