Akbar-Birbal Story "Gau Da Malik", "ਗਾਂ ਦਾ ਮਾਲਕ" Punjabi Story for Students of Class 5, 6, 7, 8, 9, 10 in Punjabi Language.

ਗਾਂ ਦਾ ਮਾਲਕ 
Gau Da Malik



ਸ਼ਾਮ ਦੇ ਸਮੇਂ ਇਕ ਗਵਾਲਾ ਆਪਣੀ ਗਾਂ ਚਰਾ ਕੇ ਜੰਗਲ ਤੋਂ ਵਾਪਸ ਪਰਤ ਰਿਹਾ ਸੀ। ਉਸ ਨੂੰ ਰਸਤੇ ਵਿਚ ਇਕ ਬਦਮਾਸ਼ ਮਿਲਿਆ, ਜਿਸ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦੀ ਗਾਂ ਖੋਹ ਲਈ। ਇਸ ਤੋਂ ਵਿਚਾਰਾ ਗਵਾਲਾ ਬਹੁਤ ਦੁਖੀ ਹੋਇਆ। ਉਹ ਉਸ ਗਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।

ਉਹ ਫ਼ਰਿਆਦ ਕਰਨ ਦੇ ਲਈ ਅਕਬਰ ਦੇ ਦਰਬਾਰ ਵਿਚ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਬੀਰਬਲ ਮਿਲ ਗਏ। ਉਸ ਨੇ ਬੀਰਬਲ ਨੂੰ ਸਾਰਾ ਕਿੱਸਾ ਸੁਣਾਇਆ।

ਦੂਸਰੇ ਦਿਨ ਬੀਰਬਲ ਨੇ ਗਵਾਲੇ ਅਤੇ ਉਸ ਬਦਮਾਸ਼ ਨੂੰ ਦਰਬਾਰ ਵਿਚ ਬੁਲਾਇਆ। ਗਵਾਲੇ ਦੀ ਸ਼ਿਕਾਇਤ 'ਤੇ ਗਾਂ ਰਾਤ ਹੀ ਜ਼ਬਤ ਕਰ ਲਈ ਗਈ ਸੀ।

ਬੀਰਬਲ ਨੇ ਦੋਵਾਂ ਤੋਂ ਪੁੱਛਿਆ, “ਸੱਚ-ਸੱਚ ਦੱਸੋ, ਇਹ ਗਾਂ ਕਿਸ ਦੀ ਹੈ ??

“ਇਹ ਗਾਂ ਮੇਰੀ ਹੈ ਸ੍ਰੀਮਾਨ। ਦੋਵਾਂ ਨੇ ਇਕੱਠਿਆਂ ਕਿਹਾ।

ਬੀਰਬਲ ਬੋਲੇ, “ਠੀਕ ਹੈ, ਜੇਕਰ ਗਾਂ ਤੁਹਾਡੀ ਹੈ ਤਾਂ ਤੁਹਾਨੂੰ ਇਸ ਦਾ ਨਾਮ ਵੀ ਪਤਾ ਹੋਵੇਗਾ। ਤੁਸੀਂ ਦੋਨੋਂ ਵਾਰੀ-ਵਾਰੀ ਮੇਰੇ ਕੋਲ ਆਉ ਅਤੇ ਮੇਰੇ ਕੰਨ ਵਿਚ ਗਾਂ ਦਾ ਨਾਮ ਦੱਸੋ। ਫਿਰ ਮੈਂ ਤੁਹਾਡਾ ਨਿਆਂ ਕਰਾਂਗਾ।”

ਦੋਵਾਂ ਨੇ ਵਾਰੀ-ਵਾਰੀ ਬੀਰਬਲ ਦੇ ਕੰਨ ਵਿਚ ਗਾਂ ਦਾ ਨਾਮ ਦੱਸਿਆ। ਬੀਰਬਲ ਨੇ ਪਹਿਲਾਂ ਉਸ ਬਦਮਾਸ਼ ਨੂੰ ਕਿਹਾ, “ਤੁਸੀਂ ਮੈਨੂੰ ਗਾਂ ਦਾ ਜੋ ਨਾਮ ਦੱਸਿਆ ਹੈ, ਹੁਣ ਉਸੇ ਨਾਮ ਨਾਲ ਗਾਂ ਨੂੰ ਪੁਕਾਰ ਕੇ ਆਪਣੇ ਕੋਲ ਬੁਲਾਉ।

ਉਸ ਨੇ ਬੜੇ ਪਿਆਰ ਨਾਲ ਗਾਂ ਨੂੰ ਪੁਕਾਰਿਆ, “ਗੋਰੀ, ਗੋਰੀ ! ਆਓ ਗੋਰੀ। ਮਗਰ ਇਹ ਕੀ, ਗਾਂ ਤਾਂ ਆਪਣੀ ਜਗ੍ਹਾ ਤੋਂ ਟੱਸ ਤੋਂ ਮੱਸ ਵੀ ਨਾ ਹੋਈ।

ਹੁਣ ਗਵਾਲੇ ਦੀ ਵਾਰੀ ਆਈ। ਉਸ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਗਾਂ ਨੂੰ ਪੁਕਾਰਿਆ, “ਕਪਿਲਾ ! ਮੇਰੀ ਗੋਮਾਤਾ! ਆਉ।”

ਆਪਣੇ ਅਸਲੀ ਮਾਲਕ ਦੇ ਪੁਕਾਰੇ ਜਾਂਦੇ ਹੀ ਗਾਂ ਦੇ ਕੰਨ ਖੜੇ ਹੋ ਗਏ ਅਤੇ ਉਹ ਕਿੱਲੇ ਤੋਂ ਖੁੱਲਣ ਦਾ ਯਤਨ ਕਰਨ ਲੱਗੀ। ਗਵਾਲਾ ਅੱਖਾਂ ਵਿਚ ਅੱਥਰੂ ਭਰ ਕੇ ਉਸ ਦੇ ਕਰੀਬ ਗਿਆ ਅਤੇ ਬੜੇ ਪਿਆਰ ਨਾਲ ਉਸ ਦੇ ਸਰੀਰ 'ਤੇ ਹੱਥ ਫੇਰਨ ਲੱਗਾ।

ਬੀਰਬਲ ਨੇ ਉਸ ਬਦਮਾਸ਼ ਨੂੰ ਕਿਹਾ, “ਦੇਖਿਆ, ਗਾਂ ਵਾਲੇ ਦੀ ਹੀ ਹੈ। ਤੂੰ ਡਰਾ-ਧਮਕਾ ਕੇ ਇਸ ਦੀ ਗਾਂ ਖੋਹ ਲਈ ਸੀ। ਉਪਰ ਤੋਂ ਤੂੰ ਝੂਠ ਵੀ ਬੋਲਿਆ ਅਤੇ ਅਦਾਲਤ ਦਾ ਸਮਾਂ ਵੀ ਬਰਬਾਦ ਕੀਤਾ।

ਬਦਮਾਸ਼ ਘਬਰਾ ਗਿਆ ਅਤੇ ਬੀਰਬਲ ਦੇ ਪੈਰ ਪਕੜ ਕੇ ਮਾਫ਼ੀ ਮੰਗਣ ਲੱਗਾ।

ਬੀਰਬਲ ਨੇ ਉਸ ਨੂੰ ਪੰਜਾਹ ਕੋੜੇ ਮਾਰਨ ਦੀ ਸਜ਼ਾ ਸੁਣਾਈ ਅਤੇ ਗਵਾਲੇ ਨੂੰ ਉਸ ਦੀ ਗਾਂ ਸੌਂਪ ਦਿੱਤੀ। ਗਵਾਲਾ ਆਪਣੀ ਗਾਂ ਲੈ ਕੇ ਬੀਰਬਲ ਨੂੰ ਦੁਆਵਾਂ ਦਿੰਦਾ ਖ਼ੁਸ਼ੀ-ਖੁਸ਼ੀ ਆਪਣੇ ਘਰ ਚਲਾ ਗਿਆ ਅਤੇ ਬਾਦਸ਼ਾਹ ਅਕਬਰ ਨੇ ਵੀ ਬੀਰਬਲ ਦੀ ਪ੍ਰਸੰਸਾ ਕੀਤੀ।


Post a Comment

0 Comments